20/10/2023
ਕੁੰਡਾ ਖੋਲ੍ਹ ਬਸੰਤਰੀਏ.......!
(ਚਰਨਜੀਤ ਭੁੱਲਰ)
ਚੰਡੀਗੜ੍ਹ : ਕਿਸੇ ਨੇ ਜ਼ਰੂਰ ਗੁਰਪ੍ਰੀਤ ਕਾਂਗੜ ਦੇ ਕੰਨ ’ਚ ਫ਼ੂਕ ਮਾਰੀ ਹੋਊ, ਰੱਬ ਦਿਆ ਬੰਦਿਆ! ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਿਆਣਾ ਸੋਈ ਜੋ ਵਕਤ ਵਿਚਾਰੇ। ਆਸਾ ਪਾਸਾ ਦੇਖ ਕਾਂਗੜ ਨੇ ਮੁੜ ਝੋਲੀ ਅੱਡੀ, ਬਲਵੀਰ ਸਿੱਧੂ ਤੇ ਰਾਜ ਕੁਮਾਰ ਵੇਰਕਾ ਨੇ ਬੇਰਾਂ ਨਾਲ ਝੋਲੀ ਭਰ’ਤੀ। ਜਿਹੜੇ ਸੁਨੀਲ ਜਾਖੜ ਨਾਲ ਚਾਈਂ ਚਾਈਂ ਸਵਖਤੇ ਆਲ਼ੀ ਗੱਡੀ ਭਾਜਪਾ ਦੇ ਘਰ ਪੁੱਜੇ ਸਨ, ਓਹੀ ਤਿੰਨੋਂ ਸ਼ਾਮ ਆਲ਼ੀ ਗੱਡੀ ਮੁੜ ਆਏ। ਟੇਸ਼ਨ ’ਤੇ ਖੜ੍ਹਾ ਜਾਖੜ ਮਨੋਂ ਮਨੀ ਗਾਉਂਦਾ ਜਾਪਿਆ, ‘ਚੱਲ ਅਕੇਲਾ, ਚੱਲ ਅਕੇਲਾ, ਤੇਰਾ ਮੇਲਾ ਪੀਛੇ ਛੂਟਾ, ਰਾਹੀ ਚੱਲ ਅਕੇਲਾ।’
ਅਸਾਂ ਦਾ ਡਾਕਖ਼ਾਨਾ ਖ਼ਾਸ ਹੈ, ਵਾਸੀ ਬੇਸ਼ਰਮਪੁਰਾ ਦੇ ਹਾਂ। ਏਸ ਪਿੰਡ ਦਾ ਮੰਨਣਾ ਹੈ, ਬਈ ! ਬੇਸ਼ਰਮੀ ਤੇ ਠੰਢ ਤਾਂ ਮੰਨਣ ਦੀ ਐ। ਉੱਪਰੋਂ ਚਮੜੀ ਮੋਟੀ ਐ ਤਾਂ ਸੋਨੇ ’ਤੇ ਸੁਹਾਗਾ। ਏਹ ਪਿੰਡ ਹਯਾ ਦਾ ਭੋਗ ਪਾ ਚੁੱਕੈ, ਇਖ਼ਲਾਕ ਨੂੰ ਦਫ਼ਨ ਕਰ ਚੁੱਕੈ। ਜ਼ਮੀਰ ਦਾ ਪਤਾ ਨਹੀਂ, ਆਗੂਆਂ ’ਚ ਟਪੂਸੀ ਵਾਲਾ ਜੀਨ ਹਾਲੇ ਮਰਿਆ ਨਹੀਂ। ਸਦੀਆਂ ਪਹਿਲਾਂ ਡਾਰਵਿਨ ਨੇ ਲੱਖਣ ਲਾਇਆ ਕਿ ਬੰਦੇ, ਬਾਂਦਰ ਤੋਂ ਬਣੇ ਨੇ। ‘ਜੇਹੋ ਜਿਹੀ ਕੋਕੋ, ਉਹੋ ਜਿਹੇ ਬੱਚੇ।’ਕਿਸੇ ਨੂੰ ਚੜ੍ਹੀ ਲੱਥੀ ਦੀ ਨਹੀਂ। ਟਪੂਸੀਪੁਣੇ ਦਾ ਪ੍ਰਤਾਪ ਦੇਖੋ, ਕਦੇ ਇੱਕ ਦਲ ’ਚੋ ਕਦੇ ਦੂਜੇ ’ਚ। ਦਾਲ ਨਾ ਗਲੀ ਤਾਂ ਤੀਜੇ ਦਲ ’ਚ। ਗੱਲ ਫਿਰ ਵੀ ਨਾ ਬਣੇ ਤਾਂ ਘਰ ਵਾਪਸੀ।
ਤੁਸੀਂ ਆਖਦੇ ਪਏ ਹੋ, ‘ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ....’। ਦਾਲ ਨੂੰ ਛੱਡੋ ਜੀ, ਵੇਰਕਾ ਐਂਡ ਪਾਰਟੀ ’ਤੇ ਫੋਕਸ ਕਰੋ। ਮਜਾਲ ਐ, ਇੱਕ ਵੀ ਬੇਰ ਡਿੱਗਣ ਦਿੱਤਾ ਹੋਵੇ। ਅੱਗੇ ਪ੍ਰਤਾਪ ਬਾਜਵਾ ਹਾਰ ਲਈ ਖੜ੍ਹੇ ਸਨ, ਰਾਜਾ ਵੜਿੰਗ ਤੇਲ ਚੋਅ ਰਿਹਾ ਸੀ, ਬਾਕੀ ਢੋਲਕੀਆਂ ਛੈਣੇ ਖੜਕਾ ਰਹੇ ਸੀ। ਗੱਡੀਓਂ ਉੱਤਰੇ ਤਿੰਨੋਂ ਸੱਜਣਾਂ ਨੇ ਇੱਕੋ ਸੁਰ ’ਚ ਹੇਕ ਲਾਈ, ‘ਕੁੰਡਾ ਖੋਲ੍ਹ ਬਸੰਤਰੀਏ.! ’ ਧੰਨ ਭਾਗ ਅਸਾਡੇ ਆਖ ਵੜਿੰਗ ਤੇ ਬਾਜਵਾ ਨੇ ਇੰਜ ਪਲਕਾਂ ਵਿਛਾਈਆਂ, ‘ਕੁੰਡਾ ਨਾ ਖੜਕਾ ਸੋਹਣਿਆ, ਸਿੱਧਾ ਅੰਦਰ ਆ’। ਤੁਸੀਂ ਆਖੋਗੇ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ ਤਾਂ ਸ਼ੁਕਰ ਮਨਾਓ। ਸ਼ਾਮ ਨੂੰ ਤਾਂ ਛੱਡੋ ਜੀ, ਤਿੰਨੋ ਦੁਪਹਿਰ ਤੋਂ ਪਹਿਲਾਂ ਹੀ ਨਵੇਂ ਪ੍ਰਿੰਟਾਂ ’ਚ ਮੁੜ ਆਏ। ਔਹ ਦੇਖੋ, ਚਾਅ ਨੀ ਚੁੱਕਿਆ ਜਾ ਰਿਹਾ, ‘ਛੋੜ ਆਏ ਹਮ, ਵੋ ਗਲੀਆਂ।’
ਬਾਜਵਾ ਸਾਹਬ! ਜ਼ਰਾ ਚੇਤੇ ਕਰੋ, ਜਦ ਬਸੰਤੀ ਦੇ ਤਾਂਘੇ ’ਚ ਬੈਠ ਤੁਹਾਡੇ ਆਲ਼ੇ ਸੱਜਣ ਅਮਿਤ ਸ਼ਾਹ ਦੇ ਵਿਹੜੇ ਪੁੱਜੇ ਸਨ, ਉਦੋਂ ਜਨਾਬ ਤੁਸੀਂ ਫ਼ਰਮਾਏ ਸੀ, ਦੁਕਾਨ ਚੋਂ ਮਾੜਾ ਮਾਲ ਕੱਢ’ਤਾ। ਕਿਤੇ ਗ਼ੁੱਸਾ ਨਾ ਕਰ ਜਾਇਓ, ਵੈਸੇ ਤੁਸੀਂ ਮਝੈਲ ਹੁੰਦੇ ਬਹੁਤ ਚਲਾਕੂ ਮੱਲ ਓ, ਹੁਣ ਆਖਦੇ ਪਏ ਓ, ਸੌਦਾ ਮਾੜਾ ਨਹੀਂ। ਏਸ ਭਾਅ ’ਚ ਸੌਦਾ ਕੀ ਮਾੜੈ, ਇੱਕ ਸਿੱਧੂ ਨਾਲ ਇੱਕ ਸਿੱਧੂ ਮੁਫ਼ਤ ਜੋ ਮਿਲਿਐ। ਭਲਾ ਓਹ ਕਿਵੇਂ, ਮੂਰਖਦਾਸੋ! ਇੱਕ ਤਪੇ ਆਲਾ ਬਲਵੀਰ ਸਿੱਧੂ, ਦੂਜਾ ਸਿੱਧੂਆਂ ਦਾ ਮੁੰਡਾ ਜੀਤ ਮਹਿੰਦਰ। ਪਾਣੀ ਵਗਦੇ ਹੀ ਚੰਗੇ ਲੱਗਦੇ ਨੇ। ਅੱਜ ਦੇ ਜ਼ਮਾਨੇ ’ਚ ਭੁੰਜੇ ਬੈਠ ਮੇਲਾ ਕੌਣ ਦੇਖਦੈ, ਸਭ ਤੁਰ ਫਿਰ ਕੇ ਹੀ ਮੇਲਾ ਲੁੱਟਦੇ ਨੇ।
ਓਧਰ ਜਾਖੜ ਸਫ਼ਾਈ ਦੇਈ ਜਾਂਦੈ। ਅਮਿਤ ਸ਼ਾਹ ਫ਼ੋਨ ’ਤੇ ਘੇਰੀ ਬੈਠੈ, ‘ਤੂ ਇਧਰ ਉਧਰ ਕੀ ਬਾਤ ਮਤ ਕਰ, ਯੇ ਬਤਾ ਕਾਫ਼ਲਾ ਕਿਊਂ ਲੁਟਾ।’ ਅੱਗਿਓਂ ਜਾਖੜ ਨੇ ਦਿਲ ਦੀ ਸੁਣਾ ਦਿੱਤੀ, ‘ਜਦ ਮਿਲ ਕੇ ਬੈਠਾਂਗੇ, ਗੱਲਾਂ ਬਹੁਤ ਕਰਨੀਆਂ ਨੇ।’ ਪੰਜਾਬੀ ਦਾ ਪੁਰਾਣਾ ਗੀਤ ਐ, ‘ਮੋੜੀ ਬਾਬਾ ਡਾਂਗ ਵਾਲਿਆ, ਮੇਰੀ ਰੁੱਸ ਗਈ ਝਾਂਜਰਾਂ ਵਾਲੀ।’ ਓਹ ਵੀ ਦਿਨ ਸਨ, ਜਦੋਂ ਕੈਪਟਨ ਅਮਰਿੰਦਰ ਦੇ ਖੂੰਡੇ ਦੀ ਧੁੰਮ ਪੈਂਦੀ ਸੀ, ਹੁਣ ਭਾਈ ਮੋੜਨ ਦੀ ਹਿੰਮਤ ਕਿਥੇ ਰਹੀ ਐ। ਬਾਜਵਾ ਜਦੋਂ ਹਾਰ ਪਾਉਣ ਲੱਗੇ ਤਾਂ ਕਾਂਗੜ ਨੇ ਹੌਲੀ ਦੇਣੇ ਕਿਹਾ, ‘ਭਾਊ! ਹਾਰ ਹੋਰ ਮੰਗਾ ਛੱਡੋ’। ਦਲ-ਬਦਲੂ ਐਕਸਪ੍ਰੈੱਸ ਛਲਾਂਗਾ ਮਾਰਦੀ ਪਈ ਹੈ।
ਕੇਰਾਂ ਹਰਿਆਣਾ ’ਚ ਗੂੰਜ ਪਈ ਸੀ, ‘ਆਇਆ ਰਾਮ, ਗਯਾ ਰਾਮ’। ਗਯਾ ਰਾਮ ਨੇ ਨੌ ਘੰਟਿਆਂ ਵਿਚ ਤਿੰਨ ਵਾਰੀ ਪਾਰਟੀ ਬਦਲੀ। ਪਰਲੋਕਪੁਰੀ ’ਚ ਬੈਠੇ ਗਯਾਰਾਮ ਨੇ ਜਦੋਂ ਖਿੜਕੀ ਖੋਲ੍ਹੀ, ਅਸਮਾਨੋਂ ਆਵਾਜ਼ ਆਈ, ‘ਗਯਾਰਾਮ ਤੇਰੀ ਸੋਚ ’ਤੇ..। ਜੁਆਬ ’ਚ ਪੂਰਾ ਪੰਜਾਬ ਗੂੰਜ ਉੱਠਿਆ। ਗਯਾਰਾਮ ਦਾ ਮੁੰਡਾ ਉਦੈਭਾਨ ਇੱਕ ਵਾਰ ਗ਼ੁੱਸੇ ਹੋਇਆ, ਅਖੇ ਹੀਰਾਨੰਦ ਨੇ ਇੱਕੋ ਦਿਨ ’ਚ ਸੱਤ ਵਾਰੀ ਦਲ ਬਦਲਿਆ, ਉਸ ’ਤੇ ਕੋਈ ਉਂਗਲ ਵੀ ਨਹੀਂ ਧਰਦਾ। ਦੇਸ਼ ਪੰਜਾਬ ਦੇ ਪਲਟੂਪੁਰੀਏ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ, ਸੱਚੇ ਰੱਬ ਨੇ ਚਾਹਿਆ ਤਾਂ ਹੀਰਾਨੰਦ ਦਾ ਰਿਕਾਰਡ ਵੀ ਤੋੜਨਗੇ। ਆਖੋ ਤਾਂ ਓਲੰਪਿਕ ’ਚ ਨਵੀਂ ਖੇਡ ਚਲਾ ਦਿਆਂਗੇ।
ਪਿੰਡ ਬੇਸ਼ਰਮਪੁਰੇ ਦੀ ਕੋਈ ਹੱਦ ਨਹੀਂ ਹੈ, ਨਾ ਕੋਈ ਕੰਡਿਆਲੀ ਤਾਰ ਹੈ। ਜੋ ਜੀਅ ਆਵੇ, ਬਾਘੀਆਂ ਪਾਵੇ। ਬੱਸ ਆਹ ‘ਘਰ ਵਾਪਸੀ’ ਵਾਲਿਆਂ ਨੂੰ ਕਿਸ਼ੋਰ ਕੁਮਾਰ ਨੇ ਜ਼ਰੂਰ ਧੁੜਕੂ ਲਾ ਰੱਖਿਆ, ‘ਯੇ ਜੋ ਪਬਲਿਕ ਹੈ, ਸਭ ਜਾਨਤੀ ਐ’। ਕਾਸ਼ ! ਬੇਸ਼ਰਮਪੁਰੇ ਕੋਲ ਸੁੰਘਣ ਵਾਲੇ ਕੁੱਤੇ ਹੁੰਦੇ, ਜੋ ਪਹਿਲੋਂ ਸੂਹ ਦੇ ਦਿੰਦੇ ਕਿ ਕਿਹੜੇ ਬਸੰਤੀ ਦੇ ਤਾਂਗੇ ’ਚ ਬੈਠਣਗੇ, ਕੌਣ ਕੌਣ ‘ਘਰ ਵਾਪਸੀ’ ਕਰਨਗੇ। ‘ਜੰਕਸ਼ਨ ਧੂਰੀ ਦਾ, ਸਿੱਧੀ ਰੇਲ ਅੰਬਾਲੇ ਜਾਵੇ’। ਵਿਜੀਲੈਂਸ ਦੁਲੱਤੇ ਮਾਰਨ ਲੱਗੀ, ‘ਦਲ-ਬਦਲੂ ਐਕਸਪ੍ਰੈੱਸ’ ਸਿੱਧੀ ਦਿੱਲੀ ਜਾ ਕੇ ਰੁਕੀ।
ਰਾਜ ਕੁਮਾਰ ਵੇਰਕਾ ਇੰਜ ਫ਼ਰਮਾ ਨੇ, ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ..।’ ਭਾਜਪੁਰੀਏ ਨੇ ਹੱਥ ਜੋੜੇ, ‘ਕਭੀ ਅਲਵਿਦਾ ਨਾ ਕਹਿਣਾ’। ਵੇਰਕਾ ਨੇ ‘ਅਲਵਿਦਾ’ ਆਖ ਕੇ ਸਾਹ ਲਿਆ। ਸਦਕੇ ਜਾਵਾਂ ਮਿਲਕਫੈੱਡ ਆਲ਼ੇ ਵੇਰਕਾ ਦੇ, ਜੀਹਨੇ ਏਨਾ ਜੱਸ ਖੱਟਿਆ, ਨਾ ਕੋਈ ਮਿਲਾਵਟ ਨਾ ਕੋਈ ਖੋਟ। ਸਿਆਸੀ ਵੇਰਕੇ ਤਾਂ ਗਿਰਗਟ ਦੇ ਸ਼ਰੀਕ ਬਣੇ ਹੋਏ ਨੇ। ‘ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ’। ਭਾਜਪਾਈ ਸਿਰ ਜੋੜੀ ਬੈਠੇ ਨੇ, ਅਖੇ! ਆਪਾਂ ਤਾਂ ਪੰਜਾਬ ਨੂੰ ਟਿੱਚ ਜਾਣਦੇ ਸੀ। ਬੜੀ ਜੱਗੋਂ ਤੇਰ੍ਹਵੀਂ ਹੋਈ, ‘ਸੋਨੀਆ ਦਾਸ ਤਾਂ ਲੌਂਗੋਵਾਲ ਵਾਲੇ ਸਾਧ ਦੇ ਵੀ ਗੁਰੂ ਨਿਕਲੇ।’ ਜਦੋਂ ਕਾਂਗਰਸੀਏ ਭੱਜੇ ਭੱਜੇ ਆਏ ਤਾਂ ਪਹਿਲੋਂ ਭਾਜਪਾ ਨੇ ਸਭ ਵਾਸ਼ਿੰਗ ਮਸ਼ੀਨ ’ਚ ਪਾਏ, ਗੰਗਾ-ਜਲ ਨਾਲ ਨੁਆਹੇ, ਮਲ ਮਲ ਦਾਗ਼ ਲਾਹੇ, ਫੇਰ ਭਗਵੇਂ ਕੱਪੜੇ ਪੁਆਏ। ਹੁਣ ਭਾਜਪਾਈਆਂ ਕੋਲ ਇਨ੍ਹਾਂ ਦੇ ‘ਦਾਗ਼ਾਂ’ ਵਾਲਾ ਝੋਲਾ ਬਚਿਆ।
ਬਸੰਤੀ ਤਾਂਗਾ ਲੈ ਸਿੱਧੀ ਬੇਸ਼ਰਮਪੁਰੇ ਪੁੱਜੀ, ਝੋਲਾ ਵਗਾਹ ਮਾਰਿਆ, ਅਖੇ ਸਾਂਭੋ ਆਪਣੇ ‘ਦਾਗ਼’। ‘ਘਰ ਵਾਪਸੀ’ ਵਾਲਿਆਂ ਦੀ ਖੱਬੀ ਅੱਖ ਫਰਕੀ ਹੈ, ਕਿਤੇ ਪਿੱਛੇ ਪਿੱਛੇ ਈਡੀ ਨਾ ਆ ਜਾਏ। ਆਹ ਗੌਣ ਪਾਣੀ ਹੋਰ ਡਰਾ ਰਿਹੈ, ‘ਆਜਾ ਸ਼ਾਮ ਹੋਣੇ ਆਈ, ਮੌਸਮ ਨੇ ਲੀ ਅੰਗੜਾਈ, ਤੋ ਕਿਸ ਬਾਤ ਕੀ ਹੈ ਲੜਾਈ, ਤੂੰ ਚੱਲ, ਮੈਂ ਆਈ।’ ਮਨ ਸਮਝਾਓ, ਗਾਣੇ ਵੀ ਕਦੇ ਸੱਚ ਹੋਏ ਨੇ। ਰੱਬ ਦੀ ਸਹੁੰ, ਕਾਂਗੜ ਕਦੇ ਝੂਠ ਨਹੀਂ ਬੋਲਦੇ। ਸੱਚ ਪੁੱਛੋ ਤਾਂ ਉਨ੍ਹਾਂ ਨੂੰ ਘੁੱਟਣ ਹੋਣ ਲੱਗੀ ਸੀ, ਤਾਹੀਓਂ ਘਰ ਵਾਪਸ ਮੁੜੇ ਨੇ। ਜਾਨ ਹੈ ਤਾਂ ਜਹਾਨ ਐ।
ਪਹਿਲਾਂ ਆਜ਼ਾਦ ਪੰਛੀ ਸਨ, ਜਦੋਂ ਅਕਾਲੀ ਦਲ ’ਚ ਗਏ, ਉੱਥੇ ਸਿਕੰਦਰ ਸਿੰਘ ਮਲੂਕਾ ਅੰਗੀਠੀ ਬਾਲੀ ਬੈਠੇ ਸਨ, ਧੂੰਆਂ ਝੱਲਿਆ ਨਾ ਗਿਆ, ਤਾਂ ਕਾਂਗਰਸ ਦੀ ਦੇਹਲੀ ਚਲੇ ਗਏ। ਉੱਥੇ ਸਫੋਕੇਸ਼ਨ ਮਹਿਸੂਸ ਹੋਈ ਤਾਂ ਭਾਜਪਾ ਦੇ ਵਿਹੜੇ ਜਾ ਵੜੇ। ਏਨਾ ਪੰਜਾਬ ਪ੍ਰੇਮ, ਅਸਾਂ ਕਦੇ ਨਹੀਂ ਦੇਖਿਆ, ਕਾਂਗੜ ਸਭ ਤਖ਼ਤਾਂ ਤਾਜਾਂ ਨੂੰ ਠੋਕਰ ਮਾਰ ‘ਘਰ ਵਾਪਸ’ ਮੁੜੇ ਨੇ। ਭਲਿਓ ਇੰਜ ਨਾ ਕਹੋ..‘ ਸੱਜਨ ਰੇ ਝੂਠ ਮੱਤ ਬੋਲੋ, ਖ਼ੁਦਾ ਕੇ ਪਾਸ ਜਾਣਾ ਐ।’ ਵਿਜੀਲੈਂਸ ਹਾਲੇ ਵੀ ਖਹਿੜਾ ਨਹੀਂ ਛੱਡ ਰਹੀ। ‘ਮੂਸਾ ਭੱਜਿਆ ਮੌਤ ਤੋਂ ਅੱਗੇ ਵਿਜੀਲੈਂਸ ਆਨ ਖੜ੍ਹੀ।’
ਗੁਰਮੁਖੋ! ਇੰਤਜ਼ਾਰ ਦੀਆਂ ਘੜੀਆਂ ਖ਼ਤਮ। ਏਹ ‘ਦਲ-ਬਦਲੂ ਐਕਸਪ੍ਰੈੱਸ’ ਦੇ ਯਾਤਰੀ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਦੀ ਨਹੀਂ ਜਾਣ ਦੇਣਗੇ। ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਕੁਰਬਾਨੀ ਦੇਣ ਦੀ ਲੋੜ ਵੀ ਨਹੀਓਂ ਪੈਣੀ। ਸੌ ਹੱਥ ਰੱਸਾ, ਸਿਰੇ ’ਤੇ ਗੰਢ, ਇਹ ਤਾਂ ਪਾਣੀ ਬਚਾਉਣ ਲਈ ਘਰ ਮੁੜੇ ਨੇ। ਲੋਕ ਆਖਦੇ ਨੇ, ‘ਨੀਤੀ ਬਦਲੋ, ਨੁਹਾਰ ਬਦਲੋ, ਦਿਸ਼ਾ ਬਦਲੋ, ਸੋਚ ਬਦਲੋ, ਘੱਟੋ ਘੱਟ ਸਾਡੀ ਜ਼ਿੰਦਗੀ ਤਾਂ ਬਦਲੋ’। ਬੇਸ਼ਰਮਪੁਰਾ ਦੇ ਨੇਤਾ ਚੋਣਾਂ ਮੌਕੇ ਚਾਲ ਤੇ ਬਾਣੇ ਬਦਲ ਲੈਂਦੇ ਨੇ। ਯਮ੍ਹਲਾ ਜੱਟ ਆਪਣਾ ਹੋਕਾ ਦੇ ਰਿਹਾ ਐ, ‘ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ।’
(20 ਅਕਤੂਬਰ 2023)