25/04/2024
ਸਰਹਿੰਦ-ਲਾਂਡਰਾਂ ਰੋਡ ਸਬੰਧੀ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲੋਕ: ਡਿਪਟੀ ਕਮਿਸ਼ਨਰ
ਚੁੰਨੀ ਨੇੜੇ ਪੁਲੀ ਦੀ ਮੁਰੰਮਤ ਕਰਨ ਬਦਲਵੇਂ ਰੂਟ ਜਾਰੀ
ਫ਼ਤਹਿਗੜ੍ਹ ਸਾਹਿਬ/ ਕੁਲਭੂਸ਼ਨ ਵਰਮਾ/ 25 ਅਪ੍ਰੈਲ
ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸਰਹਿੰਦ-ਲਾਂਡਰਾਂ ਰੋਡ ਉੱਤੇ ਚੁੰਨੀ ਨੇੜੇ ਪੁਲੀ ਦੀ ਅਤਿ ਜ਼ਰੂਰੀ ਮੁਰੰਮਤ ਲਈ ਪੁਲੀ ਨੇੜਲੇ ਖੇਤਰ ਵਿੱਚ ਆਵਾਜਾਈ ਬੰਦ ਕਰ ਕੇ ਬਦਲਵੇਂ ਰੂਟਾਂ ਦਾ ਪਰਬੰਧ ਕੀਤਾ ਗਿਆ ਹੈ। ਇਸ ਸੜਕ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਕਿਸਮ ਦੀ ਖੱਜਲ ਖ਼ੁਆਰੀ ਤੋਂ ਬਚਣ ਲਈ ਬਦਲਵੇਂ ਰੂਟਾਂ ਦੀ ਹੀ ਵਰਤੋਂ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੰਡੀਗੜ੍ਹ/ਮੋਹਾਲੀ/ ਲਾਂਡਰਾਂ ਤੋਂ ਸਰਹਿੰਦ ਹੋ ਕੇ ਪਟਿਆਲਾ ਅਤੇ ਪਟਿਆਲਾ ਤੋਂ ਸਰਹਿੰਦ ਹੋ ਕੇ ਮੋਹਾਲੀ/ ਲਾਂਡਰਾਂ ਤੇ ਚੰਡੀਗੜ੍ਹ ਜਾਣ ਵਾਲੇ ਲੋਕ ਰਾਜਪੁਰਾ ਹੋ ਕੇ ਲਾਂਡਰਾਂ/ ਮੋਹਾਲੀ ਤੇ ਚੰਡੀਗੜ੍ਹ ਅਤੇ ਪਟਿਆਲਾ ਜਾਣ। ਸਰਹਿੰਦ-ਫ਼ਤਿਹਗੜ੍ਹ ਸਾਹਿਬ ਤੋਂ ਜਾਣ ਵਾਲੇ ਵਾਹਨ ਦੁਫੇੜਾ ਤੋਂ ਬੱਸੀ ਪਠਾਣਾਂ ਅਤੇ ਬੱਸੀ ਪਠਾਣਾਂ ਤੋਂ ਮੋਰਿੰਡਾ ਤੇ ਚੁੰਨੀ ਹੋ ਕੇ ਅੱਗੇ ਆਪਣੀਆਂ ਮੰਜ਼ਿਲਾਂ ਵੱਲ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਪੱਤਰ ਭੇਜ ਕੇ ਕਿਹਾ ਗਿਆ ਸੀ ਕਿ ਉਕਤ ਪੁਲੀ ਦਾ ਕਈ ਵਾਰੀ ਰਿਪੇਅਰ ਦਾ ਕੰਮ ਕਰਵਾਇਆ ਜਾ ਚੁੱਕਾ ਹੈ, ਪਰੰਤੂ ਇਹ ਪੁਲੀ ਹੁਣ ਖਰਾਬ ਹਾਲਤ ਵਿੱਚ ਹੈ ਤੇ ਸੜਕ ਆਵਾਜਾਈ ਲਈ ਠੀਕ ਨਹੀਂ ਹੈ। ਇਸ ਇਸ ਲਈ ਇਸ ਪੁਲੀ ਤੋਂ ਸੜਕ ਆਵਾਜਾਈ ਬੰਦ ਕਰਵਾਈ ਜਾਵੇ ਅਤੇ ਆਵਾਜਾਈ ਨੂੰ ਕਿਸੇ ਹੋਰ ਰਸਤੇ ਤੋਂ ਬਹਾਲ ਕੀਤਾ ਜਾਵੇ।
ਇਸ ਦੇ ਮੱਦੇਨਜ਼ਰ ਉਪਰੋਕਤ ਰੂਟਾਂ ਦਾ ਪਰਬੰਧ ਕੀਤਾ ਗਿਆ ਹੈ।