18/10/2022
ਖਡੂਰ ਸਾਹਿਬ ’ਚ ਇੱਕ ਗ੍ਰੰਥੀ ਸਿੰਘ ਨੇ ਨਸ਼ੇ ਨਾਲ ਮਰੇ 18 ਸਾਲ ਪੁੱਤ ਦੀ ਚਿਖਾ ਕੋਲ ਅੰਬਰ ਪਾੜਦੀ ਭੁੱਬ ਮਾਰ ਕਿਹਾ, ‘ਲੋਕੋ ’ਕੱਠੇ ਹੋ ਜਾਓ। ਧੀਆਂ-ਪੁੱਤਾਂ ਨੂੰ ਚਿੱਟੇ ਤੋਂ ਰੋਕ ਲਵੋ। ਇਹ ਅੱਗ ਥੋਡੇ ਘਰਾਂ ਤੱਕ ਪਹੁੰਚਣ ਵਾਲੀ ਹੈ। ਅੱਜ ਮੇਰਾ ਪੁੱਤ ਗਿਆ, ਕੱਲ੍ਹ ਥੋਡਾ ਜਾਵੇਗਾ।’
ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਇੱਕ ਚੌਕ ’ਚ ਮੂੰਹ ਹਨੇਰੇ ਨਸ਼ੇ ਦੀ ਝੰਬੀ ਕੁੜੀ ਨੇ ਦੱਸਿਆ ਸੀ, ‘ਜਿਊਣ ਲਈ ਚਿੱਟਾ ਲੈਣਾ ਪੈਂਦਾ ਤੇ ਚਿੱਟੇ ਲਈ ਪੈਸਾ ਚਾਹੀਦਾ। ਪੈਸੇ ਲਈ ਹਰ ਰੋਜ਼ ਤਨ ਵੇਚਦੀ ਹਾਂ। ਨਾ ਮੈਨੂੰ ਕਦੇ ਗਾਹਕ ਦੀ ਕਮੀ ਆਈ ਤੇ ਨਾ ਚਿੱਟੇ।’
ਪਿਛਲੇ ਹਫ਼ਤੇ ਕਪੂਰਥਲਾ ’ਚ ਚਿੱਟੇ ਮਾਰੀ ਕੁੜੀ ਨੂੰ ਲੋਕਾਂ ਚੁੱਕ ਕੇ ਬੈਂਚ ’ਤੇ ਲੰਮੀ ਪਾਇਆ ਸੀ। ਉਹਨੇ ਦੱਸਿਆ ਸੀ, ‘ਕਿੰਨਾ ਨਸ਼ਾ ਚਾਹੀਦਾ, ਦੱਸੋ। ਮੈਨੂੰ ਤਾਂ ਕਦੇ ਕਮੀ ਨਹੀਂ ਆਈ।’
ਪੰਜਾਬ ਦਾ ਕੀ ਬਣੂ, ਸੂਝਵਾਨਾਂ ਦਾ ਫ਼ਿਕਰ ਹੈ? ਨਸ਼ਾ ਖਤਮ ਕਰ ਦਿੱਤਾ, ਸਿਆਸਤਦਾਨਾਂ ਦਾ ਤਰਕ ਹੈ? ਹਕੀਕਤ ’ਚ ਪੰਜਾਬ ਕਿੱਧਰ ਜਾ ਰਿਹਾ।
ਸਰਕਾਰਾਂ ਮਤਲਬਖੋਰ ਹਨ, ਸਾਨੂੰ ਪਤਾ। ਪੁਲਿਸ ਸਾਰੀ ਚੰਗੀ ਨਹੀਂ, ਜਾਣਦੇ ਹਾਂ। ਪਰ ਜਵਾਨ ਪੀੜ੍ਹੀ ਨੂੰ ਵੀ ਬੇਨਤੀ ਹੈ, ਨਸ਼ੇ ਵੱਲ ਉੱਲਰਣ ਤੋਂ ਪਹਿਲਾਂ ਬੁੱਢੀ ਮਾਂ ਦਾ ਚਿਹਰਾ ਦੇਖਿਆ ਕਰੇ। ਬਾਪ ਦੀਆਂ ਆਸਾਂ ਦਾ ਖਿਆਲ ਕਰੇ। ਭੈਣ ਦੇ ਸੁਪਨਿਆਂ ਬਾਰੇ ਸੋਚੇ। ਇਰਾਦਾ ਮਜਬੂਤ ਰੱਖੇ।
ਸਿਰਫ਼ ਉਲਾਂਭੇ ਤੇ ਗਾਲ਼੍ਹਾਂ ਨਾਲ ਕੁੱਝ ਨਹੀਂ ਸੰਵਰਨਾ, 'ਕੱਲਾ-'ਕੱਲਾ ਆਪਣਾ ਫ਼ਰਜ਼ ਪਛਾਣੀਏ।
Copypaste - ਸਵਰਨ ਸਿੰਘ ਟਹਿਣਾ