26/11/2024
ਜੇਕਰ ਇੰਡੀਆਂ ਵਿਚ ਹਿੰਦੂਤਵ ਰਾਜ ਹੈ, ਤਾਂ ਸਿੱਖਾਂ, ਮੁਸਲਮਾਨਾਂ, ਰੰਘਰੇਟਿਆ ਉਤੇ ਜ਼ਬਰ-ਜੁਲਮ ਦੇ ਅਮਲਾਂ ਨੂੰ ਤਾ ਪ੍ਰਵਾਨਗੀ ਨਹੀ ਦਿੱਤੀ ਜਾ ਸਕਦੀ : ਮਾਨ
ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਜੇਕਰ ਅੱਜ ਪਾੜੋ ਅਤੇ ਰਾਜ ਕਰੋ ਦੀ ਮਨੁੱਖਤਾ ਵਿਰੋਧੀ ਨੀਤੀ ਉਤੇ ਅਮਲ ਕਰਦੇ ਹੋਏ ਮੌਜੂਦਾ ਬੀਜੇਪੀ-ਆਰ.ਐਸ.ਐਸ ਜਮਾਤਾਂ ਨਾਲ ਸੰਬੰਧਤ ਸਿਆਸਤਦਾਨਾਂ ਦਾ ਇੰਡੀਆ ਉਤੇ ਰਾਜ ਹੈ, ਤਾਂ ਇਸਦਾ ਮਤਲਬ ਇਹ ਕਦਾਚਿਤ ਨਹੀ ਕਿ ਉਨ੍ਹਾਂ ਨੂੰ ਇੰਡੀਅਨ ਤੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਸਿੱਖ, ਮੁਸਲਮਾਨ, ਰੰਘਰੇਟਿਆ, ਕਬੀਲਿਆ ਆਦਿ ਉਤੇ ਗੈਰ ਵਿਧਾਨਿਕ ਢੰਗ ਨਾਲ ਜ਼ਬਰ ਜੁਲਮ ਕਰਨ ਅਤੇ ਬੇਇਨਸਾਫ਼ੀਆਂ ਦਾ ਅਧਿਕਾਰ ਮਿਲ ਗਿਆ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਮੁਤੱਸਵੀ ਹੁਕਮਰਾਨਾਂ ਨੇ ਕੌਮਾਂਤਰੀ ਕਟਹਿਰੇ ਵਿਚ ਬਤੌਰ ਕਾਨੂੰਨੀ, ਸਮਾਜਿਕ ਅਤੇ ਇਖਲਾਕੀ ਤੌਰ ਤੇ ਖੜ੍ਹੇ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਇਥੇ ਵੱਸਣ ਵਾਲੇ ਸਿੱਖਾਂ, ਮੁਸਲਮਾਨਾਂ, ਰੰਘਰੇਟਿਆ, ਕਬੀਲਿਆ ਉਤੇ ਮੰਦਭਾਵਨਾ ਭਰੀ ਸੋਚ ਅਧੀਨ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਅਨ ਹੁਕਮਰਾਨ ਨਿਰੰਤਰ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਕਰਕੇ ਉਨ੍ਹਾਂ ਨੂੰ ਢਹਿ-ਢੇਰੀ ਹੀ ਨਹੀ ਕਰ ਰਹੇ ਬਲਕਿ ਉਨ੍ਹਾਂ ਸਥਾਨਾਂ ਤੇ ਜ਼ਬਰੀ ਹਿੰਦੂਤਵ ਸੋਚ ਅਧੀਨ ਮੰਦਰ ਉਸਾਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਬੀਤੇ ਦਿਨੀਂ ਯੂਪੀ ਦੇ ਸੰਭਲ ਵਿਖੇ ਇਕ ਮਸਜਿਦ ਉਤੇ ਕੀਤੇ ਗਏ ਹਮਲੇ ਨੂੰ ਉਸੇ ਤਰ੍ਹਾਂ ਦਾ ਹਮਲਾ ਕਰਾਰ ਦਿੱਤਾ ਜਿਵੇ 1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਤਿੰਨ ਮੁਲਕਾਂ ਦੀਆਂ ਫ਼ੋਜਾਂ ਨਾਲ ਮਿਲਕੇ ਸਿੱਖ ਕੌਮ ਦੇ ਧਾਰਮਿਕ ਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਯੋਜਨਾਬੰਧ ਢੰਗ ਨਾਲ ਹਮਲੇ ਕੀਤੇ ਸਨ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਇਆ ਸੀ । ਫਿਰ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਇਨ੍ਹਾਂ ਸਭ ਜਮਾਤਾਂ ਨਾਲ ਸੰਬੰਧਤ ਹਿੰਦੂਤਵੀਆ ਨੇ ਮਿਲਕੇ ਦਿਨ ਦਿਹਾੜੇ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਸੀ । ਇਹ ਕੇਵਲ ਘੱਟ ਗਿਣਤੀਆ ਦੇ ਧਾਰਮਿਕ ਸਥਾਨਾਂ ਨੂੰ ਹੀ ਨਿਸ਼ਾਨਾਂ ਨਹੀ ਬਣਾ ਰਹੇ ਬਲਕਿ ਇੰਡੀਆ, ਪੰਜਾਬ, ਜੰਮੂ ਕਸਮੀਰ, ਮਨੀਪੁਰ, ਯੂਪੀ, ਬਿਹਾਰ, ਉੜੀਸਾ ਆਦਿ ਸੂਬਿਆਂ ਵਿਚ ਵੱਸਣ ਵਾਲੇ ਸਿੱਖਾਂ, ਮੁਸਲਮਾਨਾਂ ਉਤੇ ਹਮਲੇ ਕਰਕੇ ਉਨ੍ਹਾਂ ਨੂੰ ਅਣਮਨੁੱਖੀ ਢੰਗ ਨਾਲ ਮੌਤ ਦੇ ਮੂੰਹ ਵਿਚ ਵੀ ਧਕੇਲ ਰਹੇ ਹਨ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਜੰਮੂ-ਕਸਮੀਰ ਵਿਚ ਚਿੱਠੀਸਿੰਘਪੁਰਾ ਵਿਖੇ 43 ਨਿਰਦੋਸ਼ ਤੇ ਨਿਹੱਥੇ ਸਿੱਖਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ । ਜੰਮੂ-ਕਸਮੀਰ ਦੇ ਕਸਮੀਰੀਆਂ ਨੂੰ ਨਿਰੰਤਰ ਗੋਲੀਆ ਨਾਲ ਖਤਮ ਕੀਤਾ ਜਾਂਦਾ ਆ ਰਿਹਾ ਹੈ । ਇਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਿੱਟੀ ਪੁੱਟਕੇ ਉਹ ਅਕਾਲ ਪੁਰਖ, ਖੁਦਾ, ਅੱਲਾ ਨਹੀ ਮਿਲਣਾ । ਜੇਕਰ ਇਸ ਤਰ੍ਹਾਂ ਮਿਲਦਾ ਹੁੰਦਾ ਤਾਂ ਕਿਸਾਨ ਜੋ ਰੋਜਾਨਾ ਹੀ ਮਿੱਟੀ ਨਾਲ ਮਿੱਟੀ ਹੁੰਦੇ ਹਨ ਅਤੇ ਕੋਲੇ ਅਤੇ ਹੋਰ ਧਾਤਾਂ ਦੀਆਂ ਖਾਨਾਂ ਵਿਚ ਕੰਮ ਕਰਦੇ ਹਨ ਉਨ੍ਹਾਂ ਨੂੰ ਉਹ ਅਕਾਲ ਪੁਰਖ ਕਦੋ ਦਾ ਮਿਲ ਗਿਆ ਹੁੰਦਾ । ਇਨ੍ਹਾਂ ਨੂੰ ਗੁਰਬਾਣੀ ਦੀ ਉਸ ਪੰਕਤੀ ਨੂੰ ਆਪਣੇ ਜਹਿਨ ਵਿਚ ਹਮੇਸ਼ਾਂ ਰੱਖਣਾ ਚਾਹੀਦਾ ਹੈ ਕਿ ‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨਾ ਜਾਈ।।’ ਸੋ ਇਸ ਦੁਨੀਆ ਤੇ ਵੱਸਣ ਵਾਲੇ ਸਭ ਨਿਵਾਸੀ ਉਸ ਅਕਾਲ ਪੁਰਖ ਦੀ ਪੈਦਾਇਸ ਹਨ, ਇਥੇ ਕੋਈ ਵੀ ਇਨਸਾਨ ਵੱਡਾ-ਛੋਟਾ ਨਹੀ ਅਤੇ ਨਾ ਹੀ ਇਨਸਾਨ ਨੂੰ ਇਨਸਾਨ ਨਾਲ ਕਿਸੇ ਤਰ੍ਹਾਂ ਦੀ ਨਫਰਤ, ਜ਼ਬਰ-ਜੁਲਮ ਕਰਨ ਦੀ ਅਕਾਲ ਪੁਰਖ ਕਿਸੇ ਨੂੰ ਇਜਾਜਤ ਦਿੰਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਟੋਆ ਪੱਟਕੇ ਸੱਚ ਸਾਹਮਣੇ ਆਉਦਾ ਹੁੰਦਾ ਤਾਂ ਅਦਾਲਤਾਂ ਟੋਆ ਪੱਟਕੇ ਇਨਸਾਫ ਦੇ ਦਿੰਦੀਆ । ਲੇਕਿਨ ਜਿਥੇ ਕਾਨੂੰਨ ਦਾ ਰਾਜ ਹੋਵੇ ਉਥੇ ਕਾਨੂੰਨ ਦੀ ਨਜਰ ਵਿਚ ਸਭ ਕੌਮਾਂ, ਧਰਮ, ਫਿਰਕੇ, ਕਬੀਲੇ ਬਰਾਬਰ ਹਨ ਅਤੇ ਕਿਸੇ ਵੀ ਵਰਗ ਨਾਲ ਸੰਬੰਧਤ ਦੋਸ਼ੀ ਨਾਲ ਉਥੇ ਕਿਸੇ ਤਰ੍ਹਾਂ ਦੀ ਰਾਇਤ ਨਹੀ ਹੋਣੀ ਚਾਹੀਦੀ । ਦੋਸੀ ਨੂੰ ਕਾਨੂੰਨ ਅਨੁਸਾਰ ਅਵੱਸ ਸਜਾਂ ਹੋਣੀ ਚਾਹੀਦੀ ਹੈ ਅਤੇ ਜੋ ਨਿਰਦੋਸ ਹਨ ਉਨ੍ਹਾਂ ਉਤੇ ਜਬਰੀ ਕੋਈ ਅਮਲ ਨਹੀ ਹੋਣਾ ਚਾਹੀਦਾ ।ਜਿਵੇਕਿ ਲੰਮੇ ਸਮੇ ਤੋ ਇੰਡੀਅਨ ਹੁਕਮਰਾਨ ਘੱਟ ਗਿਣਤੀ ਕੌਮਾਂ ਨਾਲ ਕਰਦੇ ਆ ਰਹੇ ਹਨ ।