03/24/2021
ਸ਼ਹੀਦ ਭਗਤ ਸਿੰਘ ਹੁਰਾਂ ਨਾਲ ਪਾਸ਼ ਨੂੰ ਯਾਦ ਕਰਿਦਆਂ
23 ਮਾਰਚ, 1988 ਦਿਨ ਬੁੱਧਵਾਰ ਨੂੰ ਪੰਜਾਬੀ ਸ਼ਾਇਰ ਪਾਸ਼ ਅਤੇ ਉਸ ਦੇ ਦੋਸਤ ਹੰਸ ਰਾਜ ਦਾ ਕਤਲ ਕਰ ਦਿੱਤਾ ਸੀ। ਇਸ ਕਤਲ ਤੋਂ ਪੂਰੇ 15 ਦਿਨ ਪਹਿਲਾਂ 8 ਮਾਰਚ ਦਿਨ ਮੰਗਲਵਾਰ ਨੂੰ ਚਮਕੀਲਾ ਉਨ੍ਹਾਂ ਦੀ ਬੋਲੀ ਵਿੱਚ 'ਸੋਧ' ਦਿੱਤਾ ਗਿਆ ਸੀ ਅਤੇ ਫਿਰ ਪਾਸ਼ ਤੋਂ ਪੂਰੇ 15 ਬਾਅਦ ਸਾਡੇ ਨਵਾਂ ਨਵਾਂ ਪੜਾਊਣ ਲੱਗੇ ਮਾਸਟਰ ਮਿੱਤਰ ਅਮਰਜੀਤ ਦਾ 'ਕੰਡਾ' ਕੱਢ ਦਿੱਤਾ ਗਿਆ ਸੀ। ਇਹ ਤਿੰਨੇ ਕਤਲ 20 ਕੁ ਕਿਲੋਮੀਟਰ ਦੇ ਘੇਰੇ ਵਿੱਚ ਕੀਤੇ ਗਏ ਸਨ ਜੋ ਅੱਜ ਵੀ ਕੱਲ ਵਾਗੂੰ ਚੇਤੇ ਹਨ।
ਸਾਡੇ ਵੱਡੇ ਵੀਰ ਅਤੇ ਪਾਸ਼ ਦੇ ਪਰਮ ਮਿੱਤਰ ਸੰਤ ਸਿੰਘ ਸੰਧੂ ਨੇ ਉਸ ਬਾਰੇ ਯਾਦਗਾਰੀ ਕਵਿਤਾਵਾਂ ਲਿਖੀਆਂ ਹਨ।
ਸੰਤ ਸਿੰਘ ਸੰਧੂ
1. ਨੌਂ ਮਣ ਰੇਤ ਭਿੱਜ ਗਈ
ਨੌਂ ਮਣ ਰੇਤ ਭਿੱਜ ਗਈ,
ਨਾਲੇ ਭਿੱਜੀਆਂ ਇਲਮ ਕਿਤਾਬਾਂ...
ਇੱਕ ਬੱਕੀ ਦੀ ਕਾਠੀ ਭਿੱਜ ਗਈ,
ਭਿੱਜ ਗਈ ਸਣੇ ਰਿਕਾਬਾਂ...
ਇੱਕ ਸਾਹਿਬਾਂ ਦਾ ਚੂੜਾ ਭਿੱਜਿਆ,
ਭਿੱਜਿਆ ਸਣੇ ਖੁਆਬਾਂ...
ਇਕ ਚਿੜੀਆਂ ਦਾ ਚੰਬਾ ਭਿੱਜਿਆ,
ਭਿੱਜਿਆ ਸਣੇ ਮੁਰਾਦਾਂ...
ਕੋਈ ਬਾਗਾਂ ਦੇ ਬੂਟੇ ਭਿੱਜ ਗਏ,
ਭਿੱਜ ਗਏ ਸਣੇ ਦਾਬਾਂ...
ਬਾਲਾ ਤੇ ਮਰਦਾਨਾ ਭਿੱਜ ਗਏ,
ਭਿੱਜ ਗਏ ਸਣੇ ਰਬਾਬਾਂ...…
ਨਾ ਹੋਣੀ ਨੇ ਦੁੱਲਾ ਮਾਰਿਆ,
ਸਾਜ਼ਿਸ਼ ਘੜੀ ਨਵਾਬਾਂ...
ਉੱਤੇ ਤਰੇਲੇ ਰੁੱਖ ਰੋਂਦੇ ਨੇ,
ਥੱਲੇ ਰੋਂਦੀਆਂ ਢਾਬਾਂ...
ਸੀਨੇ ਵਿਚੋਂ ਸੇਕ ਉੱਭਰਦਾ,
ਪੈਰਾਂ ਹੇਠ ਮਤਾਬਾਂ...
ਬਈ ਰੋਣਾ ਮਿੱਤਰਾਂ ਦਾ,
ਰੋਣਾ ਬੇ ਹਿਸਾਬਾ...
------------------
2. ਚਿੜੀਆਂ ਦਾ ਚੰਬਾ
ਗੱਲੀਂ ਗੱਲੀਂ ਪੈ ਗਿਆ,
ਪਿਆਰ ਤੇਰੇ ਨਾਲ,
ਹੌਲੀ ਹੌਲੀ ਹੋ ਗਿਆ,
ਵਿਹਾਰ ਤੇਰੇ ਨਾਲ...
ਚੰਗੇ ਚੰਗੇ ਲੱਗਦੇ,
ਚਿਨਾਰ ਤੇਰੇ ਨਾਲ…
ਕਿੰਨੇ ਸੁਹਣੇ ਖਿੜਦੇ,
ਅਨਾਰ ਤੇਰੇ ਨਾਲ...
ਜੱਗ ਵੱਸਦਾ ਹੈ ਭਾਵੇਂ,
ਅਸੀਂ ’ਕੱਲੇ ਰਹਿ ਗਏ,
ਰਿਹਾ ਪੂਰਾ ਸੰਸਾਰ,
ਕਦੇ ਯਾਰ ਤੇਰੇ ਨਾਲ...
ਸਾਏ ਪਤਝੜ ਦੇ,
ਮੇਰੇ ਨਾਲ ਹੀ ਰਹੇ,
ਰਹਿੰਦੀ ਅੰਗ ਸੰਗ ਮੇਰੇ,
ਸੀ ਬਹਾਰ ਤੇਰੇ ਨਾਲ...
ਇੱਕ ਚਿੜੀਆਂ ਦਾ ਸੀ ਚੰਬਾ,
ਤੇਰੇ ਨਾਲ ਵੱਸਦਾ,
ਸ਼ਿਕਰੇ ਤੋਂ ਰਹਿੰਦੀ,
ਹੁਸ਼ਿਆਰ ਤੇਰੇ ਨਾਲ...
ਪੱਕਿਆਂ ਤੋਂ ਹੁਣ ਤਾਂ,
ਭਰੋਸਾ ਉੱਠਿਆ,
ਕੱਚਿਆਂ ’ਤੇ ਚੀਰੇ,
ਮੰਝਧਾਰ ਤੇਰੇ ਨਾਲ...
ਮੇਲਾ ਵਿਚ ਤਲਵੰਡੀ,
ਤੇਰੇ ਨਾਲ ਲੱਗਦਾ,
ਹੁਣ ਹੰਝੂਆਂ ਦੀ,
ਤੁਰਦੀ ਹੈ ਧਾਰ ਤੇਰੇ ਨਾਲ...
3. ਅੰਬ ਦਾ ਕਤਲ
ਪਹਿਲਾ ਕਤਲ ਹੋਇਆ ਜੰਡ ਥੱਲੇ,
ਦੂਜਾ ਅੰਬ ਦੇ ਕੋਲ,
ਸੁੱਤੇ ਸ਼ੇਰ, ਨਿਹੱਥੇ ਮਿਰਜ਼ੇ,
ਮਾਰੇ ਗਏ ਅਣਭੋਲ...
ਚੀਰ ਕੇ ਬੱਦਲ, ਜਾਨੀ ਮੇਰਾ,
ਸੂਰਜ ਅੱਖ ਮਿਲਾਵੇ,
ਪਰ ਕਾਲੇ ਪ੍ਰਛਾਵੇਂ ਦੁੱਧ ਵਿਚ,
ਕਾਂਜੀ ਗਏ ਨੇ ਘੋਲ...
ਰੁੱਖਾਂ ਥੱਲੇ ਅੱਗ ਬਾਲਦੇ,
ਅੱਗ ਵਾਲੇ ਕੀ ਜਾਨਣ,
ਰੁੱਖਾਂ ਉੱਤੇ ਹੈਨ ਆਲ੍ਹਣੇ,
ਪੰਛੀ ਕਰਨ ਕਲੋਲ...
ਮੰਦ ਭਾਗਣ ਨੂੰ ਕੀ ਦਿਲਬਰੀ,
ਦੇਵੇ ਕੌਣ ਦਿਲਾਸਾ,
ਜਿਸ ਦੇ ਸਿਰ ਤੋਂ, ਸਿਰ ਦਾ ਪੱਲਾ,
ਜਬਰੀ ਖੋਹਿਆ ਢੋਲ...…
ਕਾਲੀਆਂ ਰਾਤਾਂ, ਗੁੰਗੀਆਂ ਬਾਤਾਂ,
ਚੁੱਪ ਚੁਪੀਤੀਆਂ ਕਣਕਾਂ,
ਮੇਰੇ ਕੰਨਾਂ ਵਿਚ ਸੂਕਦੇ,
ਲਹੂ ਲੋਹੇ ਦੇ ਬੋਲ...
ਨਾ ਮੌਤੇ ਮੈਂ ਮੰਦਾ ਬੋਲਿਆ,
ਨਾ ਕੋਈ ਬੋਲ ਕਬੋਲ,
ਫ਼ਕਰਾਂ ਉੱਤੇ ਬਿਜਲੀ ਸੁੱਟ ਕੇ,
ਕੀ ਭਰ ਲਈ ਤੂੰ ਝੋਲ...
ਸ਼ੌਂਕ ਸ਼ਹਾਦਤ ਜਿਸ ਨੂੰ ਜਾਗੇ,
ਦਿੱਲੀ ਦੇ ਵੱਲ ਧਾਵੇ,
ਆਪੋ ਵਿੱਚੀ ਮਰ ਮਿਟਣ ਦੇ,
ਰਸਤੇ ਅੰਨ੍ਹੇ ਗੋਲ...
4. ਕਾਲੀ ਰਾਤ
ਕਾਲੀ ਰਾਤ ਦਾ ਹੈ ਸਿਰ ਉੱਤੇ ਝੁੰਭ ਮਾਰਿਆ,
ਤੈਨੂੰ ਭਾਲਦੀ ਫਿਰਾਂ ਸਾਰੀ ਰਾਤ ਤਾਰਿਆ,
ਤੂੰਹੀਓ ਕਰਕੇ ਦਰੇਗ ਸਾਥੋਂ ਦੂਰ ਹੋ ਗਿਆ,
ਇੱਕ ਪਲ ਵੀ ਨਾ ਤੈਨੂੰ ਕਿਸੇ ਨੇ ਵਿਸਾਰਿਆ,
ਭੋਲੇ ਅੰਬਰਾਂ ਤੋਂ ਚੰਨ ਬੱਦਲਾਂ ਨੇ ਲੁੱਟਿਆ,
ਤੇਰੀ ਚਮਕ ਨੇ, ਸੀਨਾ ਧਰਤੀ ਦਾ ਠਾਰਿਆ,
ਸਿੱਟੇ ਕਣਕ ਦੇ ਬਣ ਗਏ ਦੋਨਾਲੀ ਵੀਰਨਾ,
ਜਿਨ੍ਹਾਂ ਕਣਕਾਂ ਦੇ ਸਿਰੋਂ ਕਰਜ਼ਾ ਉਤਾਰਿਆ,
ਘਰ ਸੋਚ ਦੇ ਪੁਰਾਣੇ ਸਾਰੇ ਢਾਹ ਦੇਣੇ ਨੇ,
ਤੇਰੀ ਕਬਰ ਤੇ ਕਿਲਾ ਜੰਗ ਦਾ ਉਸਾਰਿਆ,
ਉੱਚੀ ਰੋਕ ਕੇ ਵੀ ਪੱਥਰਾਂ ਨੂੰ ਪਿਘਲਾਵਾਂਗਾ,
ਭੈੜੀ ਚੁੱਪ ਨੇ ਤਾਂ ਪੱਥਰਾਂ ਨੂੰ ਹੈ ਵਿਗਾੜਿਆ,
ਤੇਸਾ ਫੜ ਕੇ ਚੱਟਾਨ ਦਾ ਮੈਂ ਸਿਰ ਪਾੜਾਂਗਾ,
ਖਾਲੀ ਹੱਥਾਂ ਨੇ ਚੱਟਾਨ ਨੂੰ ਹੈ ਸਿਰ ਚਾੜ੍ਹਿਆ,
ਉਨ੍ਹਾਂ ਚੰਦਰੇ ਬਜਾਰਾਂ ਨੂੰ ਮੈਂ ਲਾਂਬੂ ਲਾਵਾਂਗਾ,
ਮੁੱਲ ਯੂਸਫ਼ ਦਾ ਜਿਨ੍ਹਾਂ, ਇਕ ਅੱਟੀ ਤਾਰਿਆ
ਸੰਪਰਕ: 97794-79169
ਪਾਸ਼ ਦੀ ਕਹਾਣੀਕਾਰ ਗੁਰਚਰਨ ਚਾਹਲ ਭੀਖੀ ਦੇ ਨਾਂ ਚਿੱਠੀ
ਮਿੱਤਰ ਪਿਆਰਿਆ,
ਚਿਰਾਂ ਤੋਂ ਤੈਨੂੰ ਲਿਖੂੰ ਲਿਖੂੰ ਕਰਦਾ ਸੀ। ਤੂੰ ਮੈਨੂੰ ਜਿਬ੍ਹਾ ਕਰ ਛੱਡਿਆ ਈ! ਯਾਰ, ਮੁਰਗ਼ਾਬੀ ਅੰਬਰੀ ਅੰਡਾ ਤੇ ਗਿਠਮੁਠੀਏ ਪੜ੍ਹਨਾ ਸਾਡੀ ਤਕਦੀਰ ਕਿੱਦਾਂ ਬਣ ਗਈ? ਅਸੀਂ ਤਾਂ ਏਨੇ ਚੰਗੇ ਭਾਗ ਲਿਖਾ ਕੇ ਜੰਮੇ ਨਹੀਂ ਸਾਂ। ਚਿਰ ਹੋਇਆ ਤੂੰ ਸਿਆੜ ਨੂੰ ਕਹਾਣੀ ਘੱਲੀ ਸੀ ਨਾ? ਉਹ ਐਵੇਂ ਰਵਾਇਤੀ ਜਿਹੀ ਸੀ। ਮਾਨਸਾ ਰਾਤ ਨੂੰ ਆਪਾਂ ਮਿਲੇ। ਤੇਰੀ ਸ਼ਰਾਬੀ ਜਿਹੀ ਆਵਾਜ਼ ਤੇ ਪੁਰ ਖਲੂਸ ਜਟਕਾ ਵਿਹਾਰ ਮੈਨੂੰ ਬੜਾ ਪਿਆਰਾ ਲੱਗਿਆ ਅਸਲੀ ਜਾਨ ਤਾਂ ਤੂੰ ਮੇਰੀ ਓਦੋਂ ਕੱਢੀ ਜਦ ‘ਨਾਗਮਣੀ’ ਵਿਚ ਮੁਰਗ਼ਾਬੀ ਪੜ੍ਹੀ। ਓਦੋਂ ਤੋਂ ਤੇਰੀਆਂ ਕਹਾਣੀਆਂ ਲੱਭ ਲੱਭ ਕੇ ਪੜ੍ਹਦਾ ਹਾਂ। ਯਾਰ ਤੂੰ… ਹੁਣ ਤੇਰੇ ਮੂੰਹ ’ਤੇ ਕੀ ਕਹਾਂ। ਕਬੰਖ਼ਤ, ਕਹਾਣੀਆਂ ਵਿਚ ਥੋੜ੍ਹਾ ਰਲਾ ਪਾ ਲਿਆ ਕਰ… ਇਹ ਪਾਠਕਾਂ ਲਈ ਵੀ ਫ਼ਾਇਦੇਮੰਦ ਰਹੇਗਾ… ਤੇਰੇ ਲਈ ਵੀ। ਸ਼ੁੱਧ ਅਨੁਭਵ ਦੀ ਸ਼ੁੱਧੀ ਸ਼ਿੱਦਤ ਪਾਠਕਾਂ ਨੂੰ ਘਾਇਲ ਕਰਦੀ ਹੈ ਅਤੇ ਲੇਖਕ ਨੂੰ ਵੇਹਲਾ। ਤੇਰੀਆਂ ਕਹਾਣੀਆਂ ਬਿਨਾਂ ਪਾਣੀਓਂ ਪੀਤੀ ਵਧੀਆ ਦੇਸੀ ਸ਼ਰਾਬ ਵਰਗੀਆਂ ਹੁੰਦੀਆਂ ਹਨ ਜੋ ਅੰਦਰ ਵਾਢ ਕਰਦੀਆਂ ਜਾਂਦੀਆਂ ਹਨ। ਮੇਰਾ ਭਾਵ ਸਮਝ ਗਿਐਂ ਨਾ?
ਤੈਨੂੰ ਮਿਲਣ ਨੂੰ ਬੜਾ ਚਿੱਤ ਕਰਦਾ ਪਰ ਆਪਾਂ ਬੜੀ ਦੂਰ ਦੂਰ ਹਾਂ। ਏਦਾਂ ਕਰੀਏ ਕਿਸੇ ਦਿਨ ਸਮਸ਼ੇਰ ਕੋਲ ਇਕੱਠੇ ਹੋਈਏ। ਸਾਰੀ ਰਾਤ ਗੱਲਾਂ ਕਰਾਂਗੇ। ਕੁਝ ਵਾਟ ਤੂੰ ਆ ਜਾ ਕੁਛ ਮੈਂ ਆ ਜਾਊਂ। ਜਾਂ ਜੇ ਹੋ ਸਕੇ ਤਾਂ ਜੂਨ ਵਿਚ ਹਫ਼ਤਾ ਛੁੱਟੀ ਲੈ ਲਏਂ।