01/05/2025
ਪੰਜਾਬ ਸਾਰਿਆਂ ਲਈ ਸੰਘਰਸ਼ ਕਰ ਰਿਹੈ: ਡੱਲੇਵਾਲ
ਪਟਿਆਲਾ/ਪਾਤੜਾਂ-ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ 11 ਮਹੀਨਿਆਂ ਤੋਂ ਜਾਰੀ ਸੰਘਰਸ਼ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 40 ਦਿਨਾਂ ਤੋਂ ਜਾਰੀ ਮਰਨ ਵਰਤ ਦਰਮਿਆਨ ਅੱਜ ਢਾਬੀ ਗੁੱਜਰਾਂ ਬਾਰਡਰ ’ਤੇ ਕੀਤੀ ਗਈ ਕਿਸਾਨ ਮਹਾਪੰਚਾਇਤ ਇਤਿਹਾਸਕ ਹੋ ਨਿਬੜੀ। ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਇਥੇ ਕਿਸਾਨਾਂ ਦਾ ਲਾਮਿਸਾਲ ਇਕੱਠ ਹੋਇਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਾਲਤ ਗੰਭੀਰ ਹੋਣ ਦੇ ਬਾਵਜੂਦ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਪੂਰੇ ਦੇਸ਼ ਦੀ ਲੋੜ ਹੈ ਅਤੇ ਪੰਜਾਬ ਸਿਰਫ਼ ਆਪਣੇ ਲਈ ਨਹੀਂ ਸਗੋਂ ਪੂਰੇ ਮੁਲਕ ਦੇ ਕਿਸਾਨਾਂ ਲਈ ਸੰਘਰਸ਼ ਕਰ ਰਿਹਾ ਹੈ। ਮਹਾਪੰਚਾਇਤ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਯੂਪੀ, ਬਿਹਾਰ, ਤਾਮਿਲਨਾਡੂ, ਕਰਨਾਟਕ ਅਤੇ ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸ਼ੁਭਕਰਨ ਸਿੰਘ ਬੱਲੋ ਨੂੰ ਵੀ ਯਾਦ ਕੀਤਾ ਗਿਆ। ਸਟੇਜ ਤੋਂ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ 10 ਜਨਵਰੀ ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਹੋਕਾ ਦਿੱਤਾ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਚੇਚੇ ਤੌਰ ’ਤੇ ਸਟੇਜ ਉਪਰ ਲਿਆਂਦਾ ਗਿਆ ਅਤੇ ਉਨ੍ਹਾਂ ਆਪਣੇ 11 ਮਿੰਟ ਦੇ ਭਾਸ਼ਣ ਦੌਰਾਨ ਕਿਹਾ ਕਿ ਇਹ ਇਕੱਲੇ ਪੰਜਾਬ ਦੀ ਨਹੀਂ ਸਗੋਂ ਸਾਰੇ ਸੂਬਿਆਂ ਦੀ ਲੜਾਈ ਹੈ ਜਿਸ ਕਰਕੇ ਸਭ ਥਾਈਂ ਸੰਘਰਸ਼ ਦੀ ਗੂੰਜ ਪੈਣੀ ਚਾਹੀਦੀ ਹੈ ਤਾਂ ਜੋ ਸਰਕਾਰ ਵੀ ਚਿੰਤਾ ’ਚ ਪੈ ਜਾਵੇ। ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰੱਖਣ ਦਾ ਮੁੜ ਐਲਾਨ ਕਰਦਿਆਂ ਉਨ੍ਹਾਂ ਕਿਹਾ, ‘‘ਜਿੱਤਾਂਗੇ ਜਾਂ ਮਰਾਂਗੇ, ਦੋਵਾਂ ਵਿਚੋਂ ਇੱਕ ਤਾਂ ਕਰਾਂਗੇ।’’ ਡੱਲੇਵਾਲ ਨੇ ਕਿਹਾ ਕਿ ਦੇਸ਼ ’ਚ ਸੱਤ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਜਾਨ ਤਾਂ ਇਸ ਦੇ ਮੁਕਾਬਲੇ ਤੁੱਛ ਜਿਹੀ ਹੈ। ਉਹ ਚਾਹੁੰਦੇ ਹਨ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨੀ ਬਚਾਉਣ ਲਈ ਐੱਮਐੱਸਪੀ ਬਹੁਤ ਜ਼ਰੂਰੀ ਹੈ ਜਿਸ ਲਈ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਲੜਾਈ ਜਿੱਤਣ ਲਈ ਪੂਰੀ ਤਾਕਤ ਲਗਾ ਦੇਣ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੀ ਸਮਾਪਤੀ ਮੌਕੇ ਦੂਜੇ ਰਾਜਾਂ ਦੇ ਕਿਸਾਨਾਂ ਨੇ ਅੰਦੋਲਨ ਕੁਝ ਹੋਰ ਦਿਨ ਜਾਰੀ ਰੱਖਣ ਲਈ ਆਖਿਆ ਸੀ ਜਿਸ ਦਾ ਹੁਣ ਉਹ ਉਲਾਂਭਾ ਵੀ ਲਾਹ ਰਹੇ ਹਨ। ਬੀਪੀ ਘੱਟ ਜਾਣ ਦੇ ਹਵਾਲੇ ਨਾਲ ਉਨ੍ਹਾਂ ਨੂੰ ਡਾਕਟਰਾਂ ਨੇ ਹੋਰ ਨਾ ਬੋਲਣ ਤੋਂ ਰੋਕਣਾ ਚਾਹਿਆ ਪਰ ਉਨ੍ਹਾਂ ਇਸ ਦੀ ਪਰਵਾਹ ਨਾ ਕੀਤੀ। ਖੁਦਕੁਸ਼ੀਆਂ ਦੇ ਮਾਮਲੇ ’ਤੇ ਉਹ ਭਾਵੁਕ ਵੀ ਹੋ ਗਏ ਸਨ। ਇੱਕ ਵਾਰ ਉਹ ਪਾਣੀ ਪੀਣ ਲਈ ਵੀ ਰੁਕੇ। ਅਖੀਰ ਉਨ੍ਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੁਖਜੀਤ ਹਰਦੋਝੰਡੇ, ਦਿਲਬਾਗ ਹਰੀਗੜ੍ਹ, ਸੁਰਜੀਤ ਫੂਲ, ਸਤਿਨਾਮ ਬਹਿਰੂ, ਅਮਰਜੀਤ ਮੋਹੜੀ, ਰਣ ਸਿੰਘ ਚੱਠੇ, ਇੰਦਰਜੀਤ ਕੋਟਬੁੱਢਾ, ਲਖਵਿੰਦਰ ਔਲਖ, ਅਭਿਮੰਨਿਊ ਕੋਹਾੜ, ਗੁਰਦਾਸ ਸਿੰਘ, ਰਜਿੰਦਰ ਚਹਿਲ, ਬਲਦੇਵ ਸਿਰਸਾ, ਸੁਖਦੇਵ ਭੋਜਰਾਜ, ਸੁਖਜਿੰਦਰ ਖੋਸਾ, ਲੱਖਾ ਸਿਧਾਣਾ, ਭਾਨਾ ਸਿੱਧੂ, ਅਮਿਤੋਜ ਮਾਨ ਆਦਿ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ, ਜਿਨ੍ਹਾਂ ਵਿਚੋਂ ਕਈਆਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਸਟੇਜ ਤੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਜਾਂ ਯੂਕਰੇਨ ਨੂੰ ਤਾਂ ਇਹ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ ਪਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਸਰਕਾਰ ਗੱਲ ਨਹੀਂ ਕਰਦੀ ਹੈ।