![ਹੇਠਾਂ ਦਿੱਤੀ ਤਕਰੀਬਨ 1920 ਦੇ ਨੇੜੇ ਦੀ ਤਸਵੀਰ ਨੂੰ ਵੇਖੋ। ਇਸ ਵਿਚ ਚਾਰ ਅੱਖਰ-ਲੜੀਆਂ ਦਿੱਤੀਆਂ ਗਈਆਂ ਹਨ - ਗੁਰਮੁਖੀ, ਲੰਡਾ, ਟਾਕਰੀ, ਸ਼ਾਰਦਾ। ...](https://img4.medioq.com/450/123/1075957284501231.jpg)
23/11/2024
ਹੇਠਾਂ ਦਿੱਤੀ ਤਕਰੀਬਨ 1920 ਦੇ ਨੇੜੇ ਦੀ ਤਸਵੀਰ ਨੂੰ ਵੇਖੋ। ਇਸ ਵਿਚ ਚਾਰ
ਅੱਖਰ-ਲੜੀਆਂ ਦਿੱਤੀਆਂ ਗਈਆਂ ਹਨ - ਗੁਰਮੁਖੀ, ਲੰਡਾ, ਟਾਕਰੀ, ਸ਼ਾਰਦਾ। ਇਸ
ਵਿਚ ਅਖੀਰੀ ਤਿੰਨਾਂ ਦਾ ਟਾਕਰਾ ਗੁਰਮੁਖੀ ਨਾਲ ਕੀਤਾ ਜਾ ਰਿਹਾ ਹੈ। ਅੱਜ
ਹਿੰਦੂ-ਬਹੁਗਿਣਤੀ ਦੀ ਪੂਰੀ ਕੋਸ਼ਿਸ਼ ਹੈ ਕਿ ਗੁਰਮੁਖੀ, ਲੰਡਾ ਅਤੇ ਟਾਕਰੀ ਨੂੰ ਸ਼ਾਰਦਾ
ਵਿਚੋਂ ਨਿਕਲਿਆ ਸਾਬਤ ਕੀਤਾ ਜਾਵੇ।
1. ਸ਼ਾਰਦਾ ਅੱਖਰ ਕਸ਼ਮੀਰੀ ਪੰਡਤਾਂ ਵਲੋਂ ਸੰਸਕ੍ਰਿਤ ਅਤੇ ਕਸ਼ਮੀਰੀ ਲਿਖਣ ਲਈ
ਵਰਤੇ ਜਾਂਦੇ ਸਨ, ਜਿਹੜੇ ਉਹਨਾਂ ਤਕਰੀਬਨ ਹੁਣ ਛੱਡ ਦਿੱਤੇ ਹਨ ਅਤੇ ਦੇਵਨਾਗਰੀ
ਵਰਤ ਰਹੇ ਹਨ।
2. ਟਾਕਰੀ ਅੱਖਰ ਡੋਗਰਿਆਂ ਵਲੋਂ ਡੋਗਰੀ ਦੀਆਂ ਕਿਸਮਾਂ, ਅਤੇ ਨਾਲ ਲਗਦੇ ਨੇਪਾਲ
ਦੇ ਇਲਾਕਿਆਂ ਦੀ ਬੋਲੀ ਲਿਖਣ ਲਈ ਵਰਤੇ ਜਾਂਦੇ ਸਨ। ਉਹ ਵੀ ਤਕਰੀਬਨ ਇਸ ਨੂੰ
ਛੱਡ ਕੇ ਦੇਵਨਾਗਰੀ ਵਰਤ ਰਹੇ ਹਨ।
3. ਲੰਡਾ ਅੱਖਰ ਵਣਜਾਰਿਆਂ, ਸਿਕਲੀਗਰਾਂ, ਅਤੇ ਹੋਰ ਵਣਜ ਕਰਨ ਵਾਲਿਆਂ ਵਲੋਂ
ਕਾਰੋਬਾਰ ਦਾ ਹਿਸਾਬ ਅਤੇ ਸੌਦੇਬਾਜੀ ਲਈ ਵਰਤੇ ਜਾਂਦੇ ਸਨ।
4. ਇਹ ਸਹਿਜੇ ਹੀ ਸਾਬਤ ਕੀਤਾ ਜਾ ਸਕਦਾ ਹੈ ਕਿ ਕਸ਼ਮੀਰੀ ਪੰਡਤਾਂ ਦਾ ਦੂਜੇ
ਇਲਾਕਿਆਂ ਅਤੇ ਦੂਜੀਆਂ ਕੌਮਾਂ ਨਾਲ ਜਾਂ ਤਾਂ ਬਿਲਕੁਲ ਹੀ ਨਹੀਂ ਤੇ ਜਾਂ ਫਿਰ ਬਹੁਤ
ਘੱਟ ਵਾਸਤਾ ਪੈਂਦਾ ਸੀ। ਪਰ ਵਣਜਾਰਿਆਂ, ਸਿਕਲੀਗਰਾਂ ਅਤੇ ਹੋਰਨਾਂ ਵਣਜ ਕਰਨ
ਵਾਲੇ ਲੋਕਾਂ ਦਾ ਕੰਮ ਹੀ ਦੂਸਰਿਆਂ ਨਾਲ ਗੱਲ-ਬਾਤ ਕਰਨੀ ਅਤੇ ਇਕ ਇਲਾਕੇ ਤੋਂ ਦੂਜੇ
ਇਲਾਕੇ ਵਿਚ ਜਾ ਕੇ ਖਰੀਦ-ਵੇਚ ਕਰਨ ਦਾ ਸੀ।ਇਸ ਗੱਲ ਦਾ ਸਬੂਤ ਪੰਜਾਬ, ਯੂ ਪੀ,
ਮੱਧ ਪਰਦੇਸ, ਮਹਾਂਰਾਸ਼ਟਰ, ਰਾਜਸਥਾਨ, ਗੁਜਰਾਤ, ਆਦਿ ਰਾਜਾਂ ਵਿਚ ਟਾਂਡਾ ਨਾਮ
ਦੇ ਕਸਬਿਆਂ ਜਾਂ ਪਿੰਡਾਂ ਦਾ ਹੋਣਾ ਹੈ। ਇਹ ਟਾਂਡੇ ਅੰਗ੍ਰੇਜਾਂ ਦੇ ਆਉਣ ਤੋਂ ਪਹਿਲਾਂ ਦੇ
ਵਣਜ ਦੇ ਰਾਹਾਂ ਤੇ ਵਣਜਾਰਿਆਂ ਦੇ ਠਹਿਰਣ ਦੇ ਟਿਕਾਣੇ ਸਨ ਅਤੇ ਉਹਨਾਂ ਵਲੋਂ ਹਰ
ਸਾਲ ਜਾਂ ਇਕ ਪੱਕੇ ਵਕਫੇ ਤੋਂ ਬਾਦ ਆਪਣਾ ਖੇਮਾ ਲਾਉਣ ਲਈ ਵਰਤੇ ਜਾਂਦੇ ਸਨ।
5. ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ ਪਾਤਿਸ਼ਾਹ ਦੀ ਲਿਖੀ ਗੁਰਮੁਖੀ ਦੀ ਪੱਟੀ ਰਾਗ
ਆਸਾ ਵਿਚ ਪੰਨਾ 432 ਤੋਂ ਸ਼ੁਰੂ ਹੁੰਦੀ ਹੈ। ਅਤੇ ਤੀਜੇ ਪਾਤਿਸ਼ਾਹ ਦੀ ਲਿਖੀ ਪੱਟੀ
ਹਿੰਦੀ/ਸੰਸਕ੍ਰਿਤ ਦੇ ਅੱਖਰਾਂ ਬਾਬਤ ਹੈ ਜਿਹੜੀ ਪਹਿਲੇ ਪਾਤਿਸ਼ਾਹ ਦੀ ਪੱਟੀ ਤੋਂ ਬਾਦ
ਨਾਲ ਹੀ ਦਰਜ ਹੈ।
6. ਪਹਿਲੇ ਪਾਤਿਸ਼ਾਹ ਦੀ ਪੱਟੀ ਵਿਚ ਸ਼ੁਰੂ ਅਤੇ ਅਖੀਰ ਵਾਲੀਆਂ ਲਾਈਨਾਂ ਛੱਡ ਕੇ
ਬਾਕੀ ਸਾਰੀਆਂ ਲਾਈਨਾਂ ਦੀ ਰੂਪ ਰੇਖਾ ਅੱਜ ਵਾਲੀ ਹੈ। ਇਸ ਲਈ ਜੇਕਰ ਦੂਜੇ
ਪਾਤਿਸ਼ਾਹ ਨੇ ਪੈਂਤੀ ਵਿਚ ਕੋਈ ਫੇਰ-ਬਦਲ ਕੀਤਾ ਤਾਂ ਉਹ ਅੱਖਰਾਂ ਦੀ ਰੂਪ-ਰੇਖਾ ਵਿਚ
ਹੀ ਹੋ ਸਕਦਾ ਹੈ, ਇਸ ਦੀ ਲੜੀਵਾਰਤਾ ਵਿਚ ਨਹੀਂ।
7. ਜਿਹੜੀ ਗੱਲ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਉਹ ਇਹ ਹੈ ਕਿ ਕੱਕੇ, ਚੱਚੇ,
ਟੈਂਕੇ, ਤੱਤੇ, ਪੱਪੇ ਵਾਲੀਆਂ ਲਾਈਨਾਂ ਦੇ ਅੱਖਰ ਮੂੰਹ ਦਾ ਉਹੀ ਹਿੱਸਾ ਆਪਣੀ ਲਾਈਨ ਦੇ
ਸਾਰੇ ਅੱਖਰਾਂ ਨੂੰ ਬੋਲਣ ਲੱਗਿਆਂ ਵਰਤਦੇ ਹਨ। ਯਾਨੀ, ਕੱਕਾ, ਖੱਖਾ, ਗੱਗਾ, ਘੱਘਾ, ਙਙਾ
ਬੋਲਣ ਲਈ ਸਾਡੇ ਬੁੱਲਾਂ ਅਤੇ ਜੀਭ ਦੀ ਜਗ੍ਹਾ ਉਹੀ ਰਹਿੰਦੀ ਹੈ।
8. ਇਕ ਹੋਰ ਗੱਲ ਜਿਹੜੀ ਭਾਖਾ ਦੇ ਪਰਸਾਰ ਨਾਲ ਹੀ ਜੁੜਦੀ ਹੈ ਉਹ ਇਹ ਹੈ ਕਿ
ਜਦੋਂ ਤੱਕ ਅੰਗ੍ਰੇਜਾਂ ਨੇ ਸਕੂਲੀ ਸਿਸਟਮ ਨਹੀਂ ਸੀ ਲਿਆਂਦਾ, ਉਦੋਂ ਤੱਕ ਕਹਿੰਦੇ ਹਨ
ਭਾਖਾ ਹਰ ਪੰਦਰਾਂ ਮੀਲ ਤੇ ਬਦਲ ਜਾਂਦੀ ਸੀ। ਇਸਦੇ ਨਾਲ ਹੀ ਇਹ ਨੁਕਤਾ ਵੀ
ਵਿਚਾਰੋ ਕਿ ਬੱਸਾਂ, ਗੱਡੀਆਂ ਦੇ ਆਉਣ ਤੋਂ ਪਹਿਲਾਂ ਤੱਕ ਬੰਦਾ ਬਦਲਦੀ ਭਾਖਾ ਦੇ
ਨਾਲ-ਨਾਲ ਹੀ ਸਫਰ ਕਰਦਾ ਸੀ। ਯਾਨਿ, ਗੁਰੂ ਨਾਨਕ ਸਾਹਿਬ ਜਦੋਂ ਪੈਦਲ
ਉਦਾਸੀਆਂ ਤੇ ਨਿਕਲੇ ਤਾਂ ਉਹ ਹਰ ਥਾਂ ਲੋਕਾਂ ਨਾਲ ਗੱਲਾਂ-ਬਾਤਾਂ ਕਰਦੇ ਗਏ ਅਤੇ
ਪੰਜਾਬੀ ਦੇ ਬ੍ਰਜ ਬਣਨ ਤੱਕ ਰਸਤੇ ਵਿਚ ਜਿੰਨੀਆਂ ਹੋਰ ਬੋਲੀਆਂ (ਜਿਹਨਾਂ ਵਿਚ
ਪੰਜਾਬੀ ਸ਼ਬਦ ਘਟਦੇ ਗਏ ਤੇ ਬ੍ਰਜ ਸ਼ਬਦ ਵੱਧਦੇ ਗਏ) ਆਈਆਂ ਉਹਨਾਂ ਸਾਰੀਆਂ
ਵਿਚ ਗੱਲ-ਬਾਤ ਕਰਦੇ ਗਏ। ਜਦੋਂ ਤੱਕ ਉਹ ਬ੍ਰਜ ਬੋਲਣ ਵਾਲੇ ਇਲਾਕੇ ਵਿਚ ਪਹੁੰਚੇ,
ਉਦੋਂ ਤੱਕ ਉਹ ਬ੍ਰਜ ਬੋਲਣਾ ਜਾਣਦੇ ਸਨ। ਜਦੋਂ ਗੁਰੂ ਸਾਹਿਬ ਪੰਜਾਬੀ ਦੇ ਇਲਾਕੇ ਵਿਚੋਂ
ਸਿੰਧੀ ਦੇ ਇਲਾਕੇ ਵਿਚ ਪਹੁੰਚੇ ਤਾਂ ਇਦਾਂ ਹੀ ਭਾਖਾ ਦੇ ਹੌਲੀ-ਹੌਲੀ ਰੂਪ ਬਦਲਣ ਦੇ
ਨਾਲ ਨਾਲ ਚਲਦੇ ਗਏ।
9. ਇਹੀ ਕਾਰਣ ਸੀ ਕਿ ਗੁਰੂ ਸਾਹਿਬ ਹਰੇਕ ਥਾਂ ਨਾ ਸਿਰਫ ਲੋਕਾਂ ਨਾਲ ਗੱਲ-ਬਾਤ
ਕਰਦੇ ਰਹੇ ਬਲਕਿ ਉੱਥੇ ਸਿੱਖੀ ਦਾ ਬੂਟਾ ਵੀ ਬੀਜਦੇ ਗਏ।
- ਵਰਪਾਲ ਸਿੰਘ