06/12/2024
*ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਚੌਂਕ ਦਾ ਨਾਂ ਰੱਖਣ ਉੱਤੇ ਲਹਿੰਦੇ ਪੰਜਾਬ ਦੇ ਹੁਕਮਰਾਨਾਂ ਨੂੰ ਇਤਰਾਜ: ਭਾਵੇਂ ਐਧਰ ਹੋਵੇ ਭਾਵੇਂ ਓਧਰ, ਲੋਟੂ ਹਾਕਮ ਭਗਤ ਸਿੰਘ ਤੋਂ ਡਰਦੇ ਹਨ!*
“ਭਗਤ ਸਿੰਘ ਇਨਕਲਾਬੀ ਨਹੀਂ ਸਗੋਂ ਅੱਜ ਦੀ ਪਰਿਭਾਸ਼ਾ ਵਿੱਚ ਅਪਰਾਧੀ ਅਤੇ ਅੱਤਵਾਦੀ ਸੀ। ਉਸਨੇ ਇੱਕ ਬਿ੍ਰਟਿਸ਼ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਸੀ ਅਤੇ ਇਸ ਅਪਰਾਧ ਲਈ ਉਸਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ।”
ਇਹ ਬਿਆਨ ਪਾਕਿਸਤਾਨ ਦੇ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਦਾ ਹੈ। ਇਸੇ ਟਿੱਪਣੀ ਦਾ ਹਵਾਲਾ ਅਦਾਲਤ ’ਚ ਦੇ ਕੇ, ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਦੇ ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉੱਥੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ।
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਸ਼ਹੀਦੇ ਆਜਮ ਭਗਤ ਸਿੰਘ ਨੂੰ “ਅੱਤਵਾਦੀ” ਜਾਂ “ਅਪਰਾਧੀ” ਕਿਹਾ ਗਿਆ ਹੋਵੇ। ਅਕਸਰ ਇਹ ਦੂਸ਼ਣ ਧਾਰਮਿਕ ਕੱਟੜਪੰਥੀਆਂ ਵੱਲੋਂ ਹੀ ਉੱਠਦੇ ਹਨ। ਇਸ ਵਿਵਾਦਿਤ ਟਿੱਪਣੀ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਇਹ ਜਾਣ ਲੈਣਾ ਜਰੂਰੀ ਹੈ ਕਿ ਸ਼ਾਦਮਾਨ ਚੌਂਕ, ਜਿਸਦਾ ਨਾਮ ਬਦਲਕੇ ‘ਭਗਤ ਸਿੰਘ ਚੌਂਕ’ ਰੱਖਣ ਦੀ ਤਜਵੀਜ ਕੀਤੀ ਜਾ ਰਹੀ ਹੈ, ਦਾ ਇਤਿਹਾਸ ਕੀ ਹੈ?
ਲਾਹੌਰ ਦੇ ਇਲਾਕੇ ਸ਼ਾਦਮਾਨ ਦੇ ਵਿਚਕਾਰ ਇੱਕ ਫੁਹਾਰੇ ਵਾਲ਼ਾ ਚੌਂਕ ਹੈ ਜਿਸਨੂੰ ਸ਼ਾਦਮਾਨ ਚੌਂਕ ਕਿਹਾ ਜਾਂਦਾ ਹੈ। ਇਹ ਚੌਂਕ ਜਿਲ੍ਹਾ ਜੇਲ੍ਹ ਦੀ ਕੰਧ ਨਾਲ਼ ਲੱਗਦਾ ਹੈ। ਇਹ ਓਹੀ ਜੇਲ੍ਹ ਹੈ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੈਦ ਰੱਖਿਆ ਗਿਆ ਸੀ ਅਤੇ ਇਹ ਚੌਂਕ ਉਸ ਜੇਲ੍ਹ ਦਾ ਫਾਂਸੀ ਘਰ ਸੀ ਜਿੱਥੇ ਤਿੰਨਾਂ ਇਨਕਲਾਬੀਆਂ ਨੂੰ ਫਾਂਸੀ ਦਿੱਤੀ ਗਈ ਸੀ। ਦਹਾਕਿਆਂ ਤੋਂ ਇਹ ਚੌਂਕ ਇਨਕਲਾਬੀ ਜਥੇਬੰਦੀਆਂ ਅਤੇ ਸਮਾਜਿਕ ਕਾਰਕੁੰਨਾਂ ਲਈ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਓਦੋਂ ਤੋਂ ਹੀ ਇਸਦਾ ਨਾਮ ਬਦਲਕੇ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਲਾਹੌਰ ਸਰਵਉੱਚ ਅਦਾਲਤ ਦੇ ਵਕੀਲ ਇਮਤਿਆਜ ਰਸ਼ੀਦ ਕੁਰੈਸ਼ੀ ਇਹ ਯਤਨ ਕਰਨ ਵਿੱਚ ਸਭ ਤੋਂ ਅੱਗੇ ਹਨ। ਇਸ ਲਈ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ਼ ਚੁੱਕੀਆਂ ਹਨ ਅਤੇ ਕੁੱਟਮਾਰ ਦਾ ਵੀ ਸਾਹਮਣਾ ਕਰਨਾ ਪਿਆ ਹੈ। ਦਰਅਸਲ 2012 ਵਿੱਚ ਪਾਕਿਸਤਾਨੀ ਸਰਕਾਰ ਨੇ ਇਸਦਾ ਨਾਮ ਬਦਲਕੇ ‘ਭਗਤ ਸਿੰਘ ਚੌਂਕ’ ਰੱਖ ਦਿੱਤਾ ਸੀ ਪਰ ਆਲ਼ੇ-ਦੁਆਲ਼ੇ ਦੇ ਕੁਝ ਦੁਕਾਨਦਾਰਾਂ ਨੇ, ਜੋ ਕਿ ਹਾਫਿਜ਼ ਸਈਦ ਦੀ ਕੱਟੜਪੰਥੀ ਤਨਜੀਮ ਜਮਾਤ-ਉਦ-ਦਾਵਾ ਦੇ ਮੈਂਬਰ ਸਨ, ਮੁਜਾਹਰੇ ਕਰਕੇ ਰੁਕਾਵਟ ਪਾਈ ਅਤੇ ਇਹ ਫੈਸਲਾ ਵਾਪਸ ਲੈ ਲਿਆ ਗਿਆ। ਇਸ ਤੋਂ ਬਾਅਦ ਚੌਂਕ ਦੇ ਨਾਂ ਦੀ ਸਿਫਾਰਿਸ਼ ਲਈ ‘ਦਿਲਕਸ਼ ਲਾਹੌਰ ਕਮੇਟੀ’ ਬਣਾਈ ਗਈ। ਪਰ ਇਸ ਵਾਰ ਤਹਿਰੀਕ-ਏ-ਹੁਰਮਤ-ਏ-ਰਸੂਲ, ਜੋ ਕਿ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਨਾਲ਼ ਸਬੰਧਤ ਹੈ, ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਕਿ ਚੌਂਕ ਦਾ ਨਾਂ ਬਦਲਣ ਪਿੱਛੇ ਭਾਰਤ ਦੀ ਏਜੰਸੀ ਰਾਅ ਦਾ ਹੱਥ ਹੈ। ਦੂਜੀ ਦਲੀਲ ਇਹ ਦਿੱਤੀ ਗਈ ਕਿ ਪਾਕਿਸਤਾਨ ਇਸਲਾਮੀ ਮੁਲਕ ਹੈ, ਇਸ ਲਈ ਕੋਈ ਵੀ ਮੁੱਖ ਰਸਤਾ ਜਾਂ ਚੌਂਕ ਕਿਸੇ ਗੈਰ-ਮੁਸਲਿਮ ਦੇ ਨਾਮ ਉੱਤੇ ਨਹੀਂ ਹੋਣਾ ਚਾਹੀਦਾ।
ਲੋਕਾਂ ਦੇ ਦਬਾਅ ਹੇਠ ਲਾਹੌਰ ਹਾਈ ਕੋਰਟ ਨੇ 2018 ਵਿੱਚ ਫੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਹਿਦਾਇਤ ਦਿੱਤੀ ਸੀ ਕਿ ਸਾਦਮਾਨ ਚੌਂਕ ਦਾ ਨਾਮ ਬਦਲਕੇ ਭਗਤ ਸਿੰਘ ਚੌਂਕ ਰੱਖ ਦਿੱਤਾ ਜਾਵੇ ਪਰ 2024 ਤੱਕ ਵੀ ਇਸ ਮੰਗ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਹੁਣ ਨਵੰਬਰ ਵਿੱਚ ਸਰਕਾਰ ਵੱਲੋਂ ਗਠਿਤ ਕਮੇਟੀ ਦੇ ਮੈਂਬਰ, ਸੇਵਾਮੁਕਤ ਫੌਜੀ ਅਧਿਕਾਰੀ ਤਾਰਿਕ ਮਜੀਦ ਦੁਆਰਾ ਉਪਰੋਕਤ ਬਿਆਨ ਦੇਕੇ ਭਗਤ ਸਿੰਘ ਨੂੰ “ਅੱਤਵਾਦੀ” ਅਤੇ “ਅਪਰਾਧੀ” ਕਰਾਰ ਦਿੱਤਾ ਗਿਆ। ਰਿਪੋਰਟ ਵਿੱਚ ਲਿਖਿਆ ਗਿਆ ਕਿ ਭਗਤ ਸਿੰਘ, ਮੁਸਲਮਾਨਾਂ ਦੇ ਵਿਰੋਧੀ ਨੇਤਾਵਾਂ ਤੋਂ ਪ੍ਰਭਾਵਿਤ ਸਨ। ਭਗਤ ਸਿੰਘ ਦੇ ਨਾਸਤਿਕ ਹੋਣ ਉੱਤੇ ਇਤਰਾਜ ਜਤਾਉਂਦਿਆਂ ਕਿਹਾ ਗਿਆ ਕਿ ਪਾਕਿਸਤਾਨ ਵਿੱਚ ਨਾਸਤਿਕ ਦੇ ਨਾਮ ਉੱਤੇ ਕਿਸੇ ਜਗ੍ਹਾ ਦਾ ਨਾਮ ਰੱਖਣਾ ਮਨਜੂਰ ਨਹੀਂ ਹੈ। ਸਥਾਨਕ ਪ੍ਰਸ਼ਾਸਨ ਲਈ ਇਹ ਟਿੱਪਣੀ ਕਾਫੀ ਸੀ ਅਤੇ ਝੱਟ ਉਹਨਾਂ ਚੌਂਕ ਦੇ ਨਾਮ ਲਈ ਭਗਤ ਸਿੰਘ ਦਾ ਨਾਮ ਰੱਦ ਕਰ ਦਿੱਤਾ। ਇਹ ਕਹਾਣੀ ਸਿਰਫ ਲਾਹੌਰ ਦੀ ਨਹੀਂ ਹੈ। ਐਧਰਲੇ ਪਾਸੇ ਵੀ ਹਾਕਮਾਂ ਦਾ ਇਹੀ ਹਾਲ ਹੈ। 2009 ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਨੇ ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਦਾ ਨਾਮ ਭਗਤ ਸਿੰਘ ਦੇ ਨਾਮ ਉੱਤੇ ਰੱਖਣ ਦੇ ਵਿਰੋਧ ਵਿੱਚ ਮਤਾ ਪਾ ਕੇ ਰਸਸ ਨੇਤਾ, ਮੰਗਲ ਸੇਨ ਦੇ ਨਾਮ ਉੱਤੇ ਰੱਖਣ ਦੀ ਹਿਮਾਇਤ ਕੀਤੀ ਸੀ।
ਹੁਣ ਕਿਸੇ ਨੂੰ ਇਹ ਵੀ ਲੱਗ ਸਕਦਾ ਹੈ ਕਿ ਮਸਲਾ ਸਿਰਫ ਨਾਮ ਦਾ ਹੀ ਤਾਂ ਹੈ, ਇਸ ਵਿੱਚ ਐਨਾ ਰੌਲ਼ਾ ਪਾਉਣ ਵਾਲ਼ੀ ਕੀ ਗੱਲ ਹੈ? ਪਰ ਗੱਲ ਨਿਰੀ ਐਨੀ ਹੀ ਨਹੀਂ। ਇਹ ਪਿਛਾਖੜੀ ਅਤੇ ਇਨਕਲਾਬੀ, ਦੋ ਵਿਰੋਧੀ ਵਿਚਾਰਾਂ ਦਾ ਟਕਰਾਅ ਹੈ। ਇੱਕ ਪਾਸੇ ਕੱਟੜਪੰਥੀਆਂ ਅਤੇ ਸਰਕਾਰ ਦੀ ਪਿਛਾਖੜੀ ਜੁੰਡੀ ਹੈ, ਉੱਥੇ ਦੂਜੇ ਪਾਸੇ ਆਪਣੇ ਹਰਮਨ ਪਿਆਰੇ ਸ਼ਹੀਦ ਦੀਆਂ ਯਾਦਾਂ ਸਮੋਈ ਬੈਠੇ ਲੋਕ ਨੇ। ਇਮਾਰਤਾਂ, ਯੂਨੀਵਰਸਿਟੀਆਂ, ਕਾਲਜਾਂ, ਹਸਪਤਾਲਾਂ ਆਦਿ ਦਾ ਨਾਮ ਸ਼ਹੀਦਾਂ ਦੇ ਨਾਮ ’ਤੇ ਰੱਖਣ ਪਿੱਛੇ ਲੋਕਾਂ ਦੀ ਆਪਣੇ ਅਸਲ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਦੀ ਭਾਵਨਾ ਹੁੰਦੀ ਹੈ। ਇਹੀ ਗੱਲ ਸਰਕਾਰਾਂ ਦੇ ਗਲ਼ੇ ਦੀ ਹੱਡੀ ਹੈ ਕਿ ਜੋ ਸ਼ਖਸ਼ੀਅਤਾਂ ਲੋਕਾਂ ਨੂੰ ਜੁਲਮ ਖਿਲਾਫ ਡਟਣ ਲਈ ਪ੍ਰੇਰਦੀਆਂ ਹਨ, ਉਹਨਾਂ ਨੂੰ ਲੋਕਾਂ ਦੇ ਮਨਾਂ ਵਿੱਚੋਂ ਵਿਸਾਰਿਆ ਜਾਵੇ। ਅੱਜ ਭਗਤ ਸਿੰਘ ਦਾ ਨਾਮ ਐਡਾ ਉੱਚਾ ਹੈ ਕਿ ਕਰੋੜਾਂ ਲੋਕ ਉਸ ਉੱਤੇ ਮਾਣ ਕਰਦੇ ਹਨ, ਉਸ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਹ ਨਾ ਤਾਂ ਕਿਸੇ ਖਾਸ ਜਾਤ-ਧਰਮ ਦਾ ਸ਼ਹੀਦ ਹੈ, ਨਾ ਕਿਸੇ ਖਾਸ ਦੇਸ਼ ਦਾ। ਲੋਕਾਂ ਲਈ ਚੰਗੇ ਸਮਾਜ ਜਾਣੀ ਸਮਾਜਵਾਦ ਦਾ ਸੁਪਨਾ ਉਸਨੂੰ ਕੁੱਲ ਦੁਨੀਆ ਦੇ ਕਿਰਤੀਆਂ ਦਾ ਸ਼ਹੀਦ ਬਣਾ ਦਿੰਦਾ ਹੈ। ਭਗਤ ਸਿੰਘ ਦਾ ਨਾਮ ਨਾ ਤਾਂ ਕਿਸੇ ਕੱਟੜਪੰਥੀ ਅਤੇ ਨਾ ਹੀ ਕਿਸੇ ਸਰਕਾਰ ਦੇ ਸਰਟੀਫਿਕੇਟ ਦਾ ਮੁਥਾਜ ਹੈ। ਲੋਕ ਉਸਨੂੰ ਆਪਣਾ ਨਾਇਕ ਮੰਨਦੇ ਹਨ ਅਤੇ ਅੱਗੇ ਵੀ ਮੰਨਦੇ ਰਹਿਣਗੇ। ਇਸੇ ਲਈ ਭਗਤ ਸਿੰਘ ਦੇ ਨਾਮ ਤੋਂ ਲਾਂਭੇ ਰਹਿਣਾ ਹਕੂਮਤਾਂ ਲਈ ਸੰਭਵ ਨਹੀਂ। ਇਹੀ ਕਾਰਨ ਹੈ ਕਿ ਉਸਦਾ ਜਿਕਰ ਕਰਨ ਦੇ ਦੋ ਭਟਕਾਊ ਤਰੀਕੇ ਕੱਢੇ ਗਏ ਜਿਸ ਨਾਲ਼ ਕਿ ਉਸਦੇ ਅਸਲ ਕਿਰਦਾਰ ਦਾ ਤੇਜ ਘਟਾਇਆ ਜਾ ਸਕੇ। ਪਹਿਲਾ ਇਹ ਕਿ ਉਸਦੇ ਨਾਮ ਉੱਤੇ ਚਿੱਕੜ ਉਛਾਲ਼ਿਆ ਜਾਵੇ। ਇਸ ਵਿੱਚ ਪੰਜਾਬ ਦੀਆਂ ਕੱਟੜਪੰਥੀ ਤਾਕਤਾਂ ਵੀ ਘੱਟ ਪਿੱਛੇ ਨਹੀਂ। ਇਹ ਭੁੱਲਦੇ ਹੋਏ ਕਿ ਅੰਗਰੇਜਾਂ ਨਾਲ਼ ਲੜਾਈ ਕੋਈ ਨਿੱਜੀ ਨਹੀਂ ਸਗੋਂ ਸਾਮਰਾਜ ਖਿਲਾਫ ਇੱਕ ਸਿਆਸੀ ਘੋਲ਼ ਸੀ, ਭਗਤ ਸਿੰਘ ਉੱਤੇ ਅੰਗਰੇਜ ਅਧਿਕਾਰੀ ਅਤੇ ਉਸਦੇ ਚਾਕਰ ਸਿਪਾਹੀ ਦੇ ਕਤਲ ਦਾ ਦੋਸ਼ ਮੜ੍ਹਿਆ ਜਾਂਦਾ ਹੈ। ਉਸਦੇ ਐਕਸ਼ਨਾਂ ਨੂੰ “ਅਪਰਾਧ” ਜਾਂ “ਦਹਿਸਤਗਰਦ” ਦਾ ਨਾਮ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਾਲ਼ ਅੰਗਰੇਜ ਸ਼ਾਸਨ ਦੇ ਜਬਰ ਤੇ ਕਬਜੇ ਨੂੰ ਛੁਟਿਆ ਦਿੱਤਾ ਜਾਂਦਾ ਹੈ। ਦਹਿਸ਼ਤਗਰਦੀ ਆਪਣੇ ਆਪ ’ਚ ਕੋਈ ਗਾਹਲ਼ ਨਹੀਂ। ਇਹ ਇੱਕ ਸਿਆਸੀ ਵਿਗਿਆਨ ਦੀ ਇਸਤਲਾਹ ਹੈ। ਪੂਰੀ ਦੁਨੀਆਂ ’ਚ ਸਮੇਂ-ਸਮੇਂ ਇਨਕਲਾਬੀ ਦਹਿਸ਼ਤਗਰਦ ਧਾਰਾਵਾਂ ਰਹੀਆਂ ਹਨ। ਦਹਿਸ਼ਤਗਰਦ ਧਾਰਾਵਾਂ ਸਮਾਜ ’ਚ ਬੁਨਿਆਦੀ ਤਬਦੀਲੀ ਲਿਆਉਣ ਲਈ ਵਿਸ਼ਾਲ ਲੋਕਾਈ ਨੂੰ ਜਗਾਉਣ, ਲਾਮਬੰਦ ਅਤੇ ਜਥੇਬੰਦ ਕਰਨ ਉੱਪਰ ਟੇਕ ਨਹੀਂ ਰੱਖਦੀਆਂ। ਭਾਵ ਇਹਨਾਂ ਦਾ ਇਨਕਲਾਬੀ ਜਨਤਕ ਲੀਹ ਉੱਪਰ ਭਰੋਸਾ ਨਹੀਂ ਹੁੰਦਾ। ਇਸਦੀ ਥਾਂ ਇਹ ਵਿਅਕਤੀਗਤ ਸੂਰਮਗਤੀ ਨੂੰ ਦਿੰਦੀਆਂ ਹਨ। ਇਹ ਲੋਕਾਂ ਤੋਂ ਟੁੱਟੇ ਹੋਏ ਐਕਸ਼ਨਾਂ ਜਰੀਏ ਦੁਸ਼ਮਣ ਧਿਰ ਦੇ ਕੁੱਝ ਨੁਮਾਇੰਦਿਆਂ ਨੂੰ ਨਿਸ਼ਾਨਾ ਬਣਾ ਕੇ ਇਸ ਧਿਰ ਅੰਦਰ ਦਹਿਸ਼ਤ ਪਾਉਣ ਦਾ ਯਤਨ ਕਰਦੀਆਂ ਹਨ, ਜਿਸ ’ਚ ਕਦੇ ਵੀ ਕਾਮਯਾਬ ਨਹੀਂ ਹੁੰਦੀਆਂ। ਇਹਨਾਂ ਨੂੰ ਯਕੀਨ ਹੁੰਦਾ ਹੈ ਕਿ ਇਹਨਾਂ ਦੀਆਂ ਕੁਰਬਾਨੀਆਂ ਦੇਖ ਕੇ ਲੋਕ ਇਹਨਾਂ ਨਾਲ਼ ਰਲ਼ ਜਾਣਗੇ, ਪਰ ਇਹਨਾਂ ਦੇ ਇਸ ਯਕੀਨ ਨੂੰ ਵੀ ਕਦੇ ਫਲ਼ ਨਹੀਂ ਲੱਗਦਾ। ਇਸ ਲੀਹ ਉੱਪਰ ਚੱਲਣ ਵਾਲ਼ਿਆਂ ਨੂੰ ਦਹਿਸ਼ਤਗਰਦ ਕਿਹਾ ਜਾਂਦਾ ਹੈ।
ਦਹਿਸ਼ਤਗਰਦੀ ਦੀਆਂ ਵੀ ਦੋ ਧਾਰਾਵਾਂ ਰਹੀਆਂ ਹਨ। ਪਿਛਾਖੜੀ ਦਹਿਸ਼ਤਗਰਦੀ ਸਮਾਜ ਵਿਕਾਸ ਦੇ ਜਿਸ ਪੜਾਅ ਉੱਪਰ ਪਹੁੰਚ ਚੁੱਕਾ ਹੁੰਦਾ ਹੈ ਉਸਤੋਂ ਪਿੱਛੇ ਵੱਲ ਲੈ ਜਾਣ ਲਈ ਯਤਨਸ਼ੀਲ ਹੁੰਦੀ ਹੈ। ਇਹ ਲੋਕਾਂ ਉੱਪਰ ਵੇਲਾ ਵਿਹਾਅ ਚੁੱਕੀਆਂ ਪੱਛੜੀਆਂ, ਮੱਧਯੁਗੀ ਕਦਰਾਂ ਕੀਮਤਾਂ ਥੋਪਣ ਦਾ ਯਤਨ ਕਰਦੀ ਹੈ। ਇਹ ਲੋਕਾਂ ਦੇ ਇੱਕ ਹਿੱਸੇ ਨੂੰ ਧਰਮਾਂ ਜਾਂ ਨਸਲਾਂ ਦੇ ਨਾਮ ਉੱਪਰ ਇੱਕ ਦੂਜੇ ਵਿਰੁੱਧ ਉਕਸਾਉਂਦੀ-ਲੜਾਉਂਦੀ ਹੈ। ਇਸ ਤਰ੍ਹਾਂ ਇਹ ਦਹਿਸ਼ਤਗਰਦੀ ਲੋਕ ਵਿਰੋਧੀ ਭੂਮਿਕਾ ਨਿਭਾਉਂਦੀ ਹੈ। ਫਿਰਕੂ ਧਿਰਾਂ ਦੀਆਂ ਕਈ ਜਥੇਬੰਦੀਆਂ ਇਸ ਜੁਮਰੇ ਵਿੱਚ ਆਉਂਦੀਆਂ ਹਨ।
ਇਨਕਲਾਬੀ ਦਹਿਸ਼ਤਗਰਦੀ ਦੀ ਧਾਰਾ ਲੋਕ ਮੁਕਤੀ ਲਈ ਜੂਝਦੀ ਹੈ। ਇਹ ਸਮਾਜ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਹੁੰਦੀ ਹੈ। ਪਰ ਇਸ ਮਕਸਦ ਲਈ ਲੋਕਾਂ ਉੱਪਰ ਟੇਕ ਰੱਖਣ ਦੀ ਬਜਾਏ, ਮੁੱਠੀ ਭਰ ਸੂਰਮਿਆਂ ਉੱਪਰ ਟੇਕ ਰੱਖਣ ਦਾ ਗਲਤ ਰਸਤਾ ਚੁਣਦੀ ਹੈ। ਅੰਗਰੇਜਾਂ ਵਿਰੁੱਧ ਅਜਾਦੀ ਸੰਗਰਾਮ ਦੌਰਾਨ ਇਨਕਲਾਬੀ ਦਹਿਸ਼ਤਗਰਦੀ ਦੀ ਧਾਰਾ ਰਹੀ ਹੈ, ਜੋ ਦਹਿਸ਼ਤੀ ਸਰਗਰਮੀਆਂ ਜਰੀਏ ਅੰਗਰੇਜ਼ਾਂ ਨੂੰ ਇੱਥੋਂ ਭਜਾਉਣਾ ਚਾਹੁੰਦੀ ਸੀ। ਇਸ ’ਚ ਮਹਾਂਰਾਸ਼ਟਰ ਦੇ ਚਾਪੇਕਰ ਭਰਾ, ਬੰਗਾਲ ਦੀ ਅਨੁਸ਼ੀਲਨ ਸਮਿਤੀ ਆਦਿ ਸ਼ਾਮਿਲ ਹਨ। ਭਗਤ ਸਿੰਘ ਅਤੇ ਸਾਥੀਆਂ ਦਾ ਸ਼ੁਰੂਆਤੀ ਅਮਲ ਵੀ ਇਸੇ ਜੁਮਰੇ ’ਚ ਆਉਂਦਾ ਹੈ। ਪਰ ਭਗਤ ਸਿੰਘ ਨੇ ਆਪਣੇ ਅਮਲ, ਮਾਰਕਸਵਾਦੀ ਲਿਖਤਾਂ, ਰੂਸ ਦੇ ਸਮਾਜਵਾਦੀ ਇਨਕਲਾਬ ਦੇ ਤਜਰਬੇ ਦੇ ਡੂੰਘੇ ਅਧਿਐਨ ਜਰੀਏ ਇਸ ਗਲਤ ਲੀਹ ਨੂੰ ਸਮਝਿਆ ਅਤੇ ਇਸਨੂੰ ਤਿਆਗਿਆ। ਇਸਦੀ ਥਾਂ ਉਹਨਾਂ ਨੇ ਜੁਝਾਰੂ ਜਨਤਕ ਲਹਿਰ ਰਾਹੀਂ ਸਮਾਜਵਾਦੀ ਉਸਾਰੀ ਨੂੰ ਆਪਣਾ ਟੀਚਾ ਮਿੱਥਿਆ ਸੀ। ਇਸਦਾ ਸਬੂਤ ਭਗਤ ਸਿੰਘ ਦੀਆਂ ਕਈ ਲਿਖਤਾਂ ਵਿੱਚ ਦੇਖਿਆ ਜਾ ਸਕਦਾ ਹੈ। ਮਿਸਾਲ ਵਜੋਂ ਜੇਲ੍ਹ ਦੇ ਆਖਰੀ ਦਿਨਾਂ ਵਿੱਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੁਆਰਾ ਲਿਖੇ ‘ਇਨਕਲਾਬੀ ਪ੍ਰੋਗਰਾਮ ਦਾ ਖਰੜਾ’ ਵਿੱਚ ਦੇਖਿਆ ਜਾ ਸਕਦਾ ਹੈ। ਇਸ ਵਿੱਚ ਦਹਿਸ਼ਤਗਰਦੀ ਬਾਰੇ ਉਹ ਲਿਖਦੇ ਹਨ,
“ਮੈਂ ਆਪਣੀ ਸਾਰੀ ਤਾਕਤ ਨਾਲ਼ ਕਹਿਣਾ ਚਾਹਾਂਗਾ ਕਿ ਨਾ ਮੈਂ ਦਹਿਸ਼ਤਪਸੰਦ ਹਾਂ ਤੇ ਨਾ ਸਾਂ। ਸਿਰਫ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਸਿਵਾਏ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਇਹਨਾਂ ਤਰੀਕਿਆਂ ਨਾਲ਼ ਅਸੀਂ ਕੁੱਝ ਵੀ ਨਹੀਂ ਪ੍ਰਾਪਤ ਕਰ ਸਕਦੇ।”
“ਦਹਿਸ਼ਤਗਰਦੀ, ਇਨਕਲਾਬੀ ਮਾਨਸਿਕਤਾ ਦੇ ਲੋਕਾਂ ਵਿੱਚ ਡੂੰਘੇ ਨਾ ਜਾਣ ਬਾਰੇ ਇੱਕ ਪਛਤਾਵਾ ਹੈ। ਇਸ ਤਰ੍ਹਾਂ ਇਹ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ। ਸ਼ੁਰੂ-ਸ਼ੁਰੂ ਵਿੱਚ ਇਸ ਦਾ ਕੁੱਝ ਲਾਭ ਸੀ। ਇਸ ਨੇ ਸਾਰੀ ਰਾਜਨੀਤੀ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੱਤਾ, ਨੌਜਵਾਨ ਬੁੱਧੀਜੀਵੀਆਂ ਦੀ ਸੋਚ ਨੂੰ ਚਮਕਾਇਆ, ਸਵੈ-ਤਿਆਗ ਦੀ ਭਾਵਨਾ ਨੂੰ ਜਵਲੰਤ ਕੀਤਾ ਅਤੇ ਦੁਨੀਆ ਅਤੇ ਆਪਣੇ ਦੁਸ਼ਮਣਾਂ ਸਾਹਮਣੇ ਆਪਣੀ ਲਹਿਰ ਦੀ ਤਾਕਤ ਅਤੇ ਸੱਚਾਈ ਪ੍ਰਗਾਟਾਉਣ ਦਾ ਮੌਕਾ ਮਿਲ਼ਿਆ। ਪਰ ਆਪਣੇ ਆਪ ਵਿੱਚ ਇਹ ਕਾਫੀ ਨਹੀ ਹੈ। ਹਰ ਦੇਸ਼ ਵਿੱਚ, ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ-ਫਰਾਂਸ, ਰੂਸ, ਜਰਮਨ ਅੰਦਰ ਬਾਲਕਨ ਦੇਸ਼ਾਂ, ਸਪੇਨ ਤੇ ਹਰ ਥਾਂ ਇਹੀ ਕਹਾਣੀ ਹੁੰਦੀ ਹੈ।”
ਅਸਲ ਵਿੱਚ ਭਗਤ ਸਿੰਘ ਇੱਕ ਇਨਕਲਾਬੀ ਸੀ ਜਿਸਦਾ ਲੋਕਾਂ ਦੀ ਤਾਕਤ ਵਿੱਚ ਭਰੋਸਾ ਸੀ ਤੇ ਉਹ ਲੋਕਾਂ ਦੀ ਤਾਕਤ ਜਰੀਏ ਮੌਜੂਦਾ ਸਾਮਰਾਜੀ ਪ੍ਰਬੰਧ ਨੂੰ ਉਖਾੜ ਕੇ ਸਮਾਜਵਾਦ ਦੀ ਸਥਾਪਤੀ ਦਾ ਹਾਮੀ ਸੀ। ਇਸੇ ਲੇਖ ਵਿੱਚ ਭਗਤ ਸਿੰਘ ਲਿਖਦਾ ਹੈ,
“ਅਸੀਂ ਸਮਾਜਵਾਦੀ ਇਨਕਲਾਬ ਚਾਹੁੰਦੇ ਹਾਂ, ਜਿਸ ਲਈ ਮੁੱਢਲੀ ਜਰੂਰਤ ਰਾਜਸੀ ਇਨਕਲਾਬ ਦੀ ਹੈ। ਇਹ ਹੈ ਜੋ ਅਸੀਂ ਚਾਹੁੰਦੇ ਹਾਂ। ਰਾਜਸੀ ਇਨਕਲਾਬ ਤੋਂ ਭਾਵ ਰਾਜਸੱਤ੍ਹਾ (ਭਾਵ ਮੌਟੇ ਤੌਰ ’ਤੇ ਤਾਕਤ) ਦਾ ਅੰਗਰੇਜ ਹੱਥਾਂ ਤੋਂ ਭਾਰਤੀ ਹੱਥਾਂ ਵਿੱਚ ਆ ਜਾਣਾ ਤੇ ਉਹ ਵੀ ਉਹਨਾਂ ਭਾਰਤੀਆਂ ਦੇ ਹੱਥਾਂ ਵਿੱਚ ਜਿਨ੍ਹਾਂ ਦਾ ਅੰਤਮ ਉਦੇਸ਼ ਸਾਡੇ ਉਦੇਸ਼ ਨਾਲ਼ ਮਿਲ਼ਦਾ ਹੋਵੇ। ਹੋਰ ਸਪੱਸ਼ਟਤਾ ਨਾਲ਼ ਕਹੀਏ ਤਾਂ ਰਾਜਸੱਤ੍ਹਾ ਦਾ ਇਨਕਲਾਬੀ ਪਾਰਟੀ ਦੇ ਹੱਥਾਂ ਵਿੱਚ ਜਨਤਕ ਮਦਦ ਨਾਲ਼ ਆ ਜਾਣਾ। ਉਸ ਤੋਂ ਬਾਅਦ ਸਾਰੇ ਸਮਾਜ ਨੂੰ ਸਮਾਜਵਾਦੀ ਲੀਹਾਂ ਉੱਪਰ ਚਲਾਉਣ ਲਈ ਪੂਰੀ ਸੰਜੀਦਗੀ ਨਾਲ਼ ਕੰਮ ਕਰਨਾ।”
ਦੂਜਾ ਦੋਸ਼ ਜੋ ਪਾਕਿਸਤਾਨ ਦੇ ਕੱਟੜਪੰਥੀ ਪ੍ਰਸ਼ਾਸਨ ਨੇ ਲਾਇਆ ਹੈ, ਉਹ ਹੈ ਕਿ ਇਸਲਾਮੀ ਮੁਲਕ ਅੰਦਰ ਗੈਰ-ਇਸਲਾਮੀ ਸ਼ਖਸ ਦਾ ਨਾਮ ਨਹੀਂ ਵਰਤਿਆ ਜਾਣਾ ਚਾਹੀਦਾ। ਇਸਦਾ ਵੀ ਜੁਆਬ ਭਗਤ ਸਿੰਘ ਨੇ ਜੂਨ 1927 ਨੂੰ ਲਿਖੇ ਲੇਖ ‘ਫਿਰਕੂ ਫਸਾਦ ਅਤੇ ਉਹਨਾਂ ਦਾ ਇਲਾਜ’ ਵਿੱਚ ਦੇ ਦਿੱਤਾ ਸੀ ਜਿੱਥੇ ਉਹ ਧਰਮ ਨੂੰ ਸਿਆਸਤ ਤੋਂ ਅੱਡ ਰੱਖਦੇ ਹੋਏ ਇਸਨੂੰ ਨਿੱਜੀ ਮਾਮਲਾ ਦੱਸਦੇ ਹਨ,“ਜੇ ਧਰਮ ਨੂੰ ਵੱਖਰਿਆਂ ਕਰ ਦਿੱਤਾ ਜਾਵੇ ਤਾਂ ਰਾਜਨੀਤੀ ਉੱਤੇ ਸਾਰੇ ਇਕੱਠੇ ਹੋ ਸਕਦੇ ਹਾਂ, ਧਰਮਾਂ ਵਿੱਚ ਭਾਵੇਂ ਅਸੀਂ ਵੱਖਰੇ-ਵੱਖਰੇ ਹੋਈਏ।” ਗਦਰ ਲਹਿਰ ਦੀ ਪ੍ਰਸ਼ੰਸਾ ਕਰਦਿਆਂ ਇੱਕ ਥਾਂ ਉਹ ਲਿਖਦੇ ਹਨ, “ਉਹ ਸਮਝਦੇ ਸਨ ਕਿ ਧਰਮ ਪੁਰਸ਼ਾਂ ਦਾ ਆਪਣਾ ਆਪਣਾ ਵੱਖਰਾ ਕਰਤੱਵ ਹੈ ਤੇ ਇਸ ਵਿੱਚ ਦੂਜੇ ਦਾ ਕੋਈ ਦਖਲ ਨਹੀਂ।” ਜਿਕਰਯੋਗ ਹੈ ਕਿ ਪਾਕਿਸਤਾਨੀ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਹੀ ਚੌਂਕ ਦਾ ਨਾਮ ਸ਼ਹੀਦ ਦੇ ਨਾਮ ਉੱਤੇ ਰੱਖਣ ਦੀ ਤਜਵੀਜ ਨੂੰ ਰੱਦ ਕੀਤਾ ਗਿਆ। ਅਜਿਹੇ ਫਿਰਕੂ ਲੀਡਰਾਂ ਲਈ ਭਗਤ ਸਿੰਘ ਲਿਖਦੇ ਹਨ, “ਉਹ ਲੀਡਰ ਜਿਹੜੇ ਫਿਰਕੂ ਲਹਿਰ ਵਿੱਚ ਜਾ ਰਲ਼ੇ ਹਨ, ਉਹੋ ਜਿਹੇ ਤਾਂ ਬਹੁਤ ਹਨ। ਉਹੋ ਜਿਹੇ ਤਾਂ ਇੱਕ ਪੁੱਟਿਆਂ ਸੌ ਨਿੱਕਲ਼ਦੇ ਹਨ।”
ਦੂਜਾ ਤਰੀਕਾ ਜੋ ਹਕੂਮਤਾਂ ਵਰਤਦੀਆਂ ਹਨ, ਉਹ ਹੈ ਭਗਤ ਸਿੰਘ ਨੂੰ ਉਸਦੇ ਵਿਚਾਰਾਂ ਤੋਂ ਵੱਖ ਕਰਕੇ ਉਸ ਉੱਤੇ ਕੱਟੜਤਾ ਅਤੇ ਅੰਨ੍ਹੇ ਰਾਸ਼ਟਰਵਾਦ ਦਾ ਪਰਦਾ ਪਾਉਣਾ। ਇੱਥੇ ਖਾਸ ਭਾਜਪਾ-ਰਸਸ ਦੀ ਗੱਲ ਕਰ ਰਹੇ ਹਾਂ, ਜਿਸਦੇ ਫਾਸ਼ੀਵਾਦੀ ਵਿਦਿਆਰਥੀ ਵਿੰਗ ਏਬੀਵੀਪੀ ਦੇ ਪੋਸਟਰਾਂ ਉੱਤੇ ਜਿਆਦਾਤਰ ਭਗਤ ਸਿੰਘ ਦੀ ਹੀ ਤਸਵੀਰ ਹੁੰਦੀ ਹੈ। ਜਿਹਨਾਂ ਖਿਲਾਫ ਭਗਤ ਸਿੰਘ ਨੇ ਉੱਤਲਾ ਲੇਖ ਲਿਖਿਆ ਹੈ, ਉਹ ਉਸਨੂੰ ਆਪਣਾ ਆਦਰਸ਼ ਦੱਸਣ ਦਾ ਢੋਂਗ ਕਰਦੇ ਹਨ। ਭਗਤ ਸਿੰਘ ਦੀ ਹਰਮਨਪਿਆਰਤਾ ਦਾ ਇਸਤੇਮਾਲ ਕਰਕੇ ਉਸਦੇ ਵਿਚਾਰਾਂ ਨੂੰ ਛਿੱਥੇ ਕੀਤਾ ਜਾਂਦਾ ਹੈ। ਪਰ ਦੇਰ-ਸਵੇਰ ਭਗਤ ਸਿੰਘ ਦੇ ਇਨਕਲਾਬੀ ਵਿਚਾਰ ਇਹਨਾਂ ਨੂੰ ਚੁੱਭਣ ਲੱਗਦੇ ਹਨ। ਕਰਨਾਟਕ ਵਿੱਚ 2022 ਵਿੱਚ ਭਾਜਪਾ ਨੇ ਸਕੂਲ ਸਿਲੇਬਸ ਵਿੱਚੋਂ ਭਗਤ ਸਿੰਘ ਉੱਤੇ ਇੱਕ ਪਾਠ ਹਟਾ ਕੇ ਰਸਸ ਦੇ ਮੋਢੀ, ਹੇਡਗੇਵਾਰ ਦਾ ਇੱਕ ਭਾਸ਼ਣ ਜੋੜ ਦਿੱਤਾ, ਜਿਸ ਕਾਰਨ ਇਹਨਾਂ ਦਾ ਵਾਹਵਾ ਵਿਰੋਧ ਹੋਇਆ।
ਅਸਲ ਵਿੱਚ ਭਗਤ ਸਿੰਘ ਦੀ ਸੋਚ ਲੁੱਟੇ ਜਾ ਰਹੇ ਕਿਰਤੀ ਲੋਕਾਂ ਨੂੰ ਧਰਮ, ਜਾਤ ਦੇ ਵਖਰੇਵਿਆਂ ਤੋਂ ਉੱਤੇ ਉੱਠ ਕੇ ਇਨਕਲਾਬ ਲਈ ਵੰਗਾਰਦੀ ਹੈ। ਲੋਟੂ ਢਾਂਚੇ ਦੇ ਹਾਕਮਾਂ ਲਈ ਇਹ ਧੌਣ ’ਤੇ ਤਲਵਾਰ ਦੇ ਬਰਾਬਰ ਹੈ। ਇਸੇ ਲਈ ਆਨੇ-ਬਹਾਨੇ ਸਰਕਾਰਾਂ ਅਤੇ ਕੱਟੜਪੰਥੀ ਤਾਕਤਾਂ ਦੀ ਇਹ ਜੁੰਡੀ ਭਗਤ ਸਿੰਘ ਦੇ ਕਿਰਦਾਰ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡਦੀ। ਪਰ ਭਗਤ ਸਿੰਘ ਦੀ ਹਰਮਨਪਿਆਰਤਾ ਉਸਦੀ ਆਪਣੇ ਲੋਕਾਂ ਲਈ ਦਿੱਤੀ ਲਾਸਾਨੀ ਸ਼ਹਾਦਤ ਕਰਕੇ ਹੈ। ਇਨਸਾਨੀ ਜੀਵਨ ਕਿਵੇਂ ਇੱਕ ਨਵੇਂ ਸਮਾਜ ਦੀ ਸਾਂਝੀ ਲੜਾਈ ਲੇਖੇ ਲੱਗ ਸਕਦਾ ਹੈ, ਇਹ ਗੱਲ ਭਗਤ ਸਿੰਘ ਉਸਦੇ ਅਸਲ ਰੂਪ ਨੂੰ ਹਮੇਸ਼ਾ ਅਮਰ ਰਖਦੀ ਹੈ ਅਤੇ ਰੱਖਦੀ ਰਹੇਗੀ। ਕੋਈ ਸਰਕਾਰ, ਅਦਾਲਤ, ਕੱਟੜਪੰਥੀ ਇਸਨੂੰ ਖਤਮ ਨਹੀਂ ਕਰ ਸਕਦੇ। ਜਿਵੇਂ ਭਗਤ ਸਿੰਘ ਲਿਖਦਾ ਹੈ, “ਇਹ ਕੋਈ ਚੰਗੀ ਗੱਲ ਨਹੀਂ ਕਿ ਸਾਡੇ ਆਦਰਸ਼ਾਂ ’ਤੇ ਚਿੱਕੜ ਉੱਛਾਲ਼ਿਆ ਜਾਂਦਾ ਹੈ। ਇਹ ਕਾਫੀ ਹੋਵੇਗਾ ਜੇ ਤੁਸੀਂ ਜਾਣੋ ਕਿ ਸਾਡੇ ਵਿਚਾਰ ਬਹੁਤ ਹੀ ਤਾਕਤਵਰ ਅਤੇ ਤੇਜ ਤਰਾਰ ਹਨ ਜੋ ਨਾ ਸਿਰਫ ਸਾਨੂੰ ਤੋਰੀ ਰੱਖਦੇ ਹਨ ਸਗੋਂ ਫਾਂਸੀ ’ਤੇ ਵੀ ਮੁਸਕਾਉਣ ਲਈ ਹਿੰਮਤ ਦਿੰਦੇ ਹਨ।”
•ਜੋਬਨ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – 1 ਤੋਂ 15 ਦਸੰਬਰ 2024 ਵਿੱਚ ਪ੍ਰਕਾਸ਼ਿਤ