07/10/2024
ਚੋਣਾਂ ਹਰ ਪੰਜ ਸਾਲ ਬਾਅਦ ਫਿਰ ਮੁੜ ਆਉਣੀਆਂ ਨੇ। ਪਰ ਇੱਕ ਮਾਂ ਨੂੰ ਆਪਣਾ ਪੁੱਤ ਨਹੀਂ ਮਿਲਣਾ ਮੁੜ ਕਦੇ। ਜਿਹੜੇ ਇਸ ਵਾਰ ਹਾਰ ਜਾਣਗੇ ਉਹਨਾਂ ਨੂੰ ਹੋ ਸਕਦਾ ਅਗਲੀ ਵਾਰ ਮਿਲਜੇ ਸਰਪੰਚੀ/ਮੈਂਬਰੀ ਪਰ ਇੱਕ ਪਿਉ ਨੂੰ ਉਸਦਾ ਹੀਰਿਆ ਵਰਗਾ ਪੁੱਤ ਹੁਣ ਕਦੇ ਵੀ ਨਹੀਂ ਮਿਲਣਾ।
ਇੰਨੀ ਵੀ ਵੱਡੀ ਗੱਲ ਨਹੀਂ ਹੁੰਦੀ ਯਰ ਇਹ ਸਰਪੰਚੀ-ਮੈਂਬਰੀ, ਜਿੰਨੀ ਕੁਝ ਛੋਟੀ ਸੋਚ ਵਾਲਿਆਂ ਨੇ ਇਸਨੂੰ ਬਣਾ ਰੱਖਿਆ ਹੈ। ਜਿਹਨਾਂ ਨੂੰ ਇਹ ਇੱਜ਼ਤ ਦਾ ਸਵਾਲ ਲਗਦਾ ਫੇਰ ਉਹਨਾਂ ਨੂੰ ਲੋੜ ਹੀ ਕੀ ਸੀ ਆਪਣੀ ਇੱਜ਼ਤ ਦਾਅ ਤੇ ਲਾਉਣ ਦੀ। ਮਿੱਤਰੋ ਇਹ ਕਿਸੇ ਖੇਡ ਵਾਂਗ ਬਸ ਇੱਕ ਮੁਕਾਬਲਾ ਹੀ ਹੈ, ਜਿਸ ਚ ਜਿੱਤਣਾ ਕਿਸੇ ਇੱਕ ਨੇ ਹੀ ਹੁੰਦਾ ਤੇ ਦੂਜਿਆਂ ਨੂੰ ਹਾਰ ਦੇਖਣੀ ਹੀ ਪੈਂਦੀ ਹੈ। ਜੇ ਮੈਦਾਨ ਚ ਉੱਤਰ ਆਏ ਹੋ ਫੇਰ ਮਰਦਾ ਵਾਂਗ ਜਿੱਤਣ ਤੇ ਨਿਮਰਤਾ ਦਿਖਾਇਓ ਤੇ ਹਾਰ ਜਾਣ ਤੇ ਹਾਰ ਨੂੰ ਕਬੂਲਣ ਦਾ ਜਿਗਰਾ।
ਇਸ ਮੁੰਡੇ ਨੂੰ ਮਾਰਨ ਵਾਲੇ ਕਿੰਨੇ ਕਾਇਰ ਕਿਸਮ ਦੇ ਲੋਕ ਹੋਣਗੇ, ਜੇ ਇਹਨਾ ਅੰਦਰ ਸਰਪੰਚੀ ਦੀ ਇੱਛਾ ਸੀ ਤਾਂ ਇਹ ਪਿੰਡ ਦੇ ਇਕੱਠ ਚ ਬੋਲਦੇ। ਪਿੰਡ ਦੇ ਇਕੱਠ ਚ ਕਹਿੰਦੇ ਕੇ ਅਸੀਂ ਸਰਪੰਚੀ ਲੈਣੀ ਹੈ। ਸਰਬਸਮਤੀ ਚ ਨਾ ਸਹਿਮਤ ਹੁੰਦੇ। ਜਿਹੜੇ ਹੌਂਸਲੇ ਨਾਲ ਗੋਲੀਆਂ ਚਲਾ ਦਿੱਤੀਆਂ , ਅਗਰ ਇਹੀ ਹੌਂਸਲਾ ਸਰਬਸਮਤੀ ਸਮੇਂ ਆਪਣੇ ਮਨ ਦੀ ਗੱਲ ਸਭ ਅੱਗੇ ਰੱਖਣ ਲਈ ਵਰਤ ਲੈਂਦੇ ਤਾਂ 4 ਘਰ ਉਜੜਨੋ ਬਚ ਜਾਂਦੇ ਇੱਕ ਇਸ ਨੌਜਵਾਨ ਦਾ, ਦੂਜਾ ਇਸਨੂੰ ਮਾਰਨ ਵਾਲੇ ਤਿੰਨੇ ਕਾਤਲਾਂ ਦੇ ਕਿਉਂਕਿ ਫੜੇ ਤਾਂ ਜਾਣਾ ਹੀ ਹੈ ਉਹਨਾਂ ਨੇ ਵੀ ਘਰ ਤਾਂ ਆਪਣੇ ਵੀ ਉਜਾੜ ਹੀ ਲਏ ਮੂਰਖਾ ਨੇ।
ਪੰਜਾਬ ਦੇ ਹਰੇਕ ਪਿੰਡ ਵਾਲਿਓ, ਸਿਰਫ 8 ਦਿਨ ਰਹਿਗੇ, ਥੋੜਾ ਸਬਰ, ਸਿਆਣਪ ਅਤੇ ਨਿਮਰਤਾ ਨਾਲ ਕੱਢ ਲਵੋ। ਇਹ ਪੰਚੀ ਸਰਪੰਚੀ ਹਰ ਪੰਜ ਸਾਲਾਂ ਬਾਅਦ ਆਉਂਦੀ ਰਹਿਣੀ ਹੈ। ਜੇ ਨੀਅਤ ਸੱਚੀ ਸਾਫ ਹੈ ਆਪਣੇ-ਆਪਣੇ ਪਿੰਡ ਨੂੰ ਵਧੀਆ ਬਣਾਉਣ ਦੀ ਸੋਚ ਹੈ ਤਾਂ ਸਭ ਤੋਂ ਪਹਿਲਾ ਆਪਣੇ ਵਿਵਹਾਰ ਚ ਪਿੰਡ ਦੇ ਏਕੇ ਬਚਾਉਣ ਦੀ ਮਿਸਾਲ ਸੈਟ ਕਰਕੇ ਚੱਲੋ। ਕਿਸੇ ਹੋਰ ਕੈਂਡੀਡੇਟ ਅੱਗੇ ਚੱਕਵੀਂ, ਹੋਸ਼ੀ ਤੇ ਫੁਕਰੀ ਵਾਲੀ ਗੱਲ ਕਰਨ ਤੋਂ ਗ਼ੁਰੇਜ਼ ਕਰੋ। ਭਾਵੇਂ ਤੁਸੀ ਖੁਦ ਮੈਂਬਰੀ ਸਰਪੰਚੀ ਦੇ ਦਾਅਵੇਦਾਰ ਹੋ, ਭਾਵੇਂ ਤੁਹਾਡਾ ਕੋਈ ਹੋਰ ਨਜ਼ਦੀਕੀ ਦਾਅਵੇਦਾਰ ਆ, ਇਹਨਾ 8 ਦਿਨਾਂ ਪਿੱਛੇ ਐਵੇਂ ਉਮਰ ਭਰ ਦੇ ਵੈਰ ਨਾ ਪਾਅ ਲਿਓ। ਕਿਉਂਕਿ ਕਈ ਵਾਰ ਇਹ ਵੈਰ ਘਰਾਂ ਚ ਵੈਣ ਜੰਮ ਦਿੰਦੇ ਨੇ।
ਮਾਲਿਕ ਭਲੀ ਕਰੇ, ਪੂਰੇ ਪੰਜਾਬ ਚ ਮੁੜ ਕਿਸੇ ਮਾਂ ਦਾ ਪੁੱਤ ਇਸ ਰਾਜਨੀਤੀ ਦੀ ਭੇਟ ਨਾ ਚੜ੍ਹੇ। ਮੁੜ ਅਜਿਹੀ ਕੋਈ ਖ਼ਬਰ ਨਾ ਪੜ੍ਹਨ ਨੂੰ ਮਿਲੇ। ਮਾਲਿਕ ਇਸ ਵੀਰ ਦੀ ਵਿਛੜੀ ਰੂਹ ਨੂੰ ਸਕੂਨ ਦੇਵੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।
ਜਗਮੀਤ ਸਿੰਘ ਹਠੂਰ