05/07/2024
#ਨਹਿਰੀ ਪਾਣੀ, ਸਰਕਾਰੀ ਦਬਕੇ ਅਤੇ ਹਕੀਕਤ
#ਪੰਜਾਬ ਅੰਦਰ ਮਈ-ਜੂਨ ਮਹੀਨੇ ਤੋਂ ਪਾਣੀ ਬਾਰੇ ਬੜਾ ਰੌਲਾ ਪਾਇਆ ਜਾ ਰਿਹਾ ਹੈ। ਕੋਈ ਫੇਸਬੁੱਕ ਉੱਪਰ ਲਾਈਵ ਹੋ ਕੇ ਕਿਸਾਨਾਂ ਨੂੰ ਗਾਲਾਂ ਕੱਢੀ ਜਾ ਰਿਹਾ ਹੈ, ਕੋਈ ਬੁੱਢੇ ਨਾਲੇ ਦੀਆਂ ਵੀਡੀਓ ਪਾ ਕੇ ਸ਼ੋਹਰਤ ਹਾਸਿਲ ਕਰਨ ਵਾਲੇ ਪਾਸੇ ਲੱਗਿਆ ਹੋਇਆ ਹੈ ਅਤੇ ਕੁੱਝ ਸੱਜਣ ਕਹਿ ਰਹੇ ਹਨ ਕਿ ਕਿਸਾਨਾਂ ਨੇ ਧਰਤੀ ਹੇਠਲਾ ਪਾਣੀ ਮੁਕਾ ਦਿੱਤਾ ਹੈ। ਪਰ ਸਾਰੇ ਰੌਲੇ ਅੰਦਰ ਪੰਜਾਬ ਦੇ ਨਹਿਰੀ ਪਾਣੀਆਂ ਦੇ ਨਾਲ ਜੁੜੇ ਮਾਮਲੇ ਦਾ ਅਹਿਮ ਪੱਖ ਚਰਚਾ ਦਾ ਵਿਸ਼ਾ ਨਹੀਂ ਬਣ ਰਿਹਾ। ਉਹ ਪੱਖ ਹੈ ਪੰਜਾਬ ਦੇ ਨਹਿਰੀ ਪਟਵਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਰੋਤ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਖਿਲਾਫ਼ ਖੋਲਿਆ ਹੋਇਆ ਮੋਰਚਾ। ਨਹਿਰੀ ਪਟਵਾਰੀਆਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਕਿਸੇ ਤਨਖਾਹਾਂ ਦੇ ਵਾਧੇ ਜਾਂ ਟੀ.ਏ./ਡੀ.ਏ. ਲਈ ਨਹੀਂ ਬਲਕਿ ਪੰਜਾਬ ਦੇ ਨਹਿਰੀ ਪਾਣੀ ਨੂੰ ਦੂਸਰੇ ਸੂਬਿਆਂ ਨੂੰ ਜਾਣ ਤੋਂ ਰੋਕਣ ਦੀ ਕੜੀ ਨਾਲ ਜੁੜਦਾ ਹੈ। ਅਸਲ ਮਾਮਲਾ ਕ੍ਰਿਸ਼ਨ ਕੁਮਾਰ ਵੱਲੋਂ ਸਿੰਚਾਈ ਲਈ ਵਰਤੇ ਜਾਂਦੇ ਨਹਿਰੀ ਪਾਣੀ ਦੇ ਝੂਠੇ ਅੰਕੜੇ ਤਿਆਰ ਕਰਵਾਉਣ ਦਾ ਹੈ।
ਪੰਜਾਬ ਸਰਕਾਰ ਅਤੇ ਕ੍ਰਿਸ਼ਨ ਕੁਮਾਰ, ਦੋਵੇਂ ਕਹਿ ਰਹੇ ਹਨ ਕਿ ਪੰਜਾਬ ਦੇ ਹਰ ਸੂਏ ਦੇ ਟੇਲ ਤੱਕ ਪਾਣੀ ਪਹੁੰਚਾਇਆ ਜਾਵੇਗਾ। ਕਿਸਾਨੀ ਨੂੰ ਧਰਤੀ ਹੇਠਲੇ ਪਾਣੀ ਨੂੰ ਵਰਤਣ ਤੋਂ ਰੋਕਣ ਲਈ ਸਾਡੀ ਸਰਕਾਰ ਨਹਿਰੀ ਪਾਣੀ ਦੇਣਾ ਚਾਹੁੰਦੀ ਹੈ ਪਰ ਪਟਵਾਰੀਆਂ ਸਮੇਤ ਹੋਰ ਅਮਲਾ-ਫੈਲਾ ਕੰਮ ਨਹੀਂ ਕਰਨਾ ਚਾਹੁੰਦਾ। ਜਿਸ ਕਰਕੇ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ। ਇਸ ਕਾਰਨ ਪਟਵਾਰੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਗਈ ਹੈ।
ਇਸ ਸਾਰੇ ਮਸਲੇ ਪਿੱਛੇ ਅਸਲ ਸੱਚਾਈ ਕੀ ਹੈ ਅਸੀਂ ਉਸਨੂੰ ਵਿਚਾਰਦੇ ਹਾਂ।
ਕ੍ਰਿਸ਼ਨ ਕੁਮਾਰ ਪੰਜਾਬ ਅੰਦਰ ਬੜਾ ਬਦਨਾਮ, ਬਦਜ਼ੁਬਾਨ ਅਤੇ ਨਲਾਇਕ ਅਫਸਰ ਹੈ। ਸਾਰੀਆਂ ਸਰਕਾਰਾਂ (ਅਕਾਲੀ, ਕਾਂਗਰਸ, ਆਪ) ਦਾ ਇਹ ਚਹੇਤਾ ਰਿਹਾ ਹੈ। ਪੰਜਾਬ ਅੰਦਰ ਬਾਦਲ ਸਰਕਾਰ ਵੇਲੇ ਅਤੇ ਕਾਂਗਰਸ ਸਰਕਾਰ ਵੇਲੇ ਵੀ ਸਿੱਖਿਆ ਮਹਿਕਮੇ ਅੰਦਰ ਸੈਕਟਰੀ ਦੇ ਅਹੁਦੇ ਉੱਪਰ ਰਿਹਾ ਹੈ। ਹੁਣ ਆਪ ਸਰਕਾਰ ਵੇਲੇ ਨਹਿਰੀ ਮਹਿਕਮੇ ਅੰਦਰ ਤਾਇਨਾਤ ਹੈ। ਸਿੱਖਿਆ ਮਹਿਕਮੇ ਅੰਦਰ ਵੀ ਇਸਨੇ 100 ਫੀਸਦੀ ਪਾਸ ਰਿਜਲਟ ਤਿਆਰ ਕਰਨ ਦੇ ਅੰਕੜੇ ਤਿਆਰ ਕਰਵਾਕੇ ਸਾਰੀ ਸਿੱਖਿਆ ਪ੍ਰਣਾਲੀ ਦਾ ਭੱਠਾ ਬੈਠਾ ਦਿੱਤਾ। ਮਾਸਟਰਾਂ ਨੇ ਇਕੱਠੇ ਹੋ ਕੇ ਇਸਨੂੰ ਸਿੱਖਿਆ ਦੇ ਮਹਿਕਮੇ ਵਿੱਚੋਂ ਦਬੱਲਿਆ। ਹੁਣ ਇਹੀ ਕੰਮ ਨਹਿਰੀ ਮਹਿਕਮੇ ਅੰਦਰ ਕਰਨ ਲੱਗਿਆ ਹੈ ਤਾਂ ਜੋ ਐਲਾਨਵੰਤ ਮੁੱਖ ਮੰਤਰੀ ਨੂੰ ਝੂਠ ਉੱਪਰ ਥਾਪੀਆਂ ਮਾਰਨੀਆਂ ਸੌਖੀਆਂ ਹੋ ਜਾਣ।
ਪੰਜਾਬ ਵਿੱਚ ਇਸ ਸਮੇਂ ਕੁੱਲ 1045 ਨਹਿਰੀ ਪਟਵਾਰੀ ਕੰਮ ਕਰ ਰਹੇ ਹਨ। ਇੱਕ ਪਟਵਾਰੀ ਦੇ ਅਧੀਨ 7700 ਏਕੜ ਦਾ ਰਕਬਾ ਆਉਂਦਾ ਹੈ ਪਰ ਪੂਰਨ ਰੂਪ ਵਿੱਚ ਪਾਣੀ 7700 ਏਕੜ ਨੂੰ ਨਹੀਂ ਲੱਗ ਰਿਹਾ। ਜਿਸਦੇ ਅਲੱਗ-ਅਲੱਗ ਕਾਰਨ ਹਨ। 7700 ਵਿੱਚੋਂ ਔਸਤ 1500 ਏਕੜ ਨੂੰ ਪਾਣੀ ਲੱਗ ਰਿਹਾ ਹੈ। ਕ੍ਰਿਸ਼ਨ ਕੁਮਾਰ ਵੱਲੋਂ ਨਹਿਰੀ ਪਟਵਾਰੀਆਂ ਉੱਪਰ ਦਬਾਅ ਬਣਾ ਕੇ ਕਿਹਾ ਜਾ ਰਿਹਾ ਹੈ ਕਿ 100 ਫੀਸਦੀ ਨਹਿਰੀ ਪਾਣੀ ਦੇ ਅੰਕੜੇ ਤਿਆਰ ਕਰਕੇ ਦਿੱਤੇ ਜਾਣ। ਭਾਵ ਕਿ ਹਰ ਪਟਵਾਰੀ ਅਧੀਨ ਆਉਂਦੇ ਪੂਰੇ ਰਕਬੇ ਨੂੰ ਪਾਣੀ ਲੱਗਦਾ ਅੰਕੜਿਆਂ ਵਿੱਚ ਪੇਸ਼ ਕੀਤਾ ਜਾਵੇ। ਪਟਵਾਰੀਆਂ ਵੱਲੋਂ ਮਨ੍ਹਾਂ ਕਰਨ ’ਤੇ 200 ਪਟਵਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ ਅਤੇ ਨਹਿਰੀ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਬੁੱਟਰ (ਬਠਿੰਡਾ) ਨੂੰ ਮੁਅੱਤਲ ਕਰਕੇ ਜੱਜ ਦੀ ਅਗਵਾਈ ਹੇਠ ਉਸ ਉੱਪਰ ਰੈਗੂਲਰ ਜਾਂਚ ਬਿਠਾ ਦਿੱਤੀ ਹੈ ਤਾਂ ਜੋ ਇਸਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾ ਸਕੇ। ਇਸ ਹੁਕਮ ਨੂੰ ਕ੍ਰਿਸ਼ਨ ਕੁਮਾਰ ਜ਼ੁਬਾਨੀ ਕਲਾਮੀ ਐਕਸੀਅਨਾਂ ਦੇ ਰਾਹੀਂ ਹੇਠਾਂ ਤੱਕ ਲਾਗੂ ਕਰਵਾ ਰਿਹਾ ਹੈ। ਇਸਨੇ ਕੋਈ ਵੀ ਲਿਖਤੀ ਪੱਤਰ ਜਾਰੀ ਨਹੀਂ ਕੀਤਾ। ਇਸ ਔਰੰਗਜ਼ੇਬੀ ਹੁਕਮ ਖਿਲਾਫ਼ ਸੰਘਰਸ਼ ਕਰ ਰਹੇ ਪਟਵਾਰੀਆਂ ਦੀ 13 ਦਿਨਾਂ ਦੀ ਤਨਖਾਹ ਵੀ ਕੱਟ ਲਈ ਗਈ ਹੈ।
ਇਸ ਸਮੇਂ ਪੰਜਾਬ ਅੰਦਰ 1 ਕਰੋੜ ਏਕੜ ਦੇ ਲਗਭਗ ਵਾਹੀ ਹੇਠ ਰਕਬਾ ਮੌਜੂਦ ਹੈ। ਨਹਿਰੀ ਪਟਵਾਰੀਆਂ ਹੇਠ ਕੁੱਲ ਵਾਹੀ ਹੇਠਲੇ ਰਕਬੇ ਵਿੱਚੋਂ 80 ਲੱਖ 46 ਹਜ਼ਾਰ 500 ਏਕੜ ਰਕਬਾ ਆਉਂਦਾ ਹੈ। ਮਤਲਬ ਕਿ 20 ਲੱਖ ਏਕੜ ਰਕਬਾ ਕਿਸੇ ਨਹਿਰ ਪਟਵਾਰ ਮਹਿਕਮੇ ਅਧੀਨ ਆਉਂਦਾ ਹੀ ਨਹੀਂ, ਕਿਉਂਕਿ ਉਥੇ ਨਹਿਰੀ ਪਾਣੀ ਦਾ ਕੋਈ ਮੁੱਢਲਾ ਪ੍ਰਬੰਧ ਹੀ ਨਹੀਂ। ਪਟਵਾਰੀਆਂ ਹੇਠਲੇ ਰਕਬੇ ਵਿੱਚੋਂ ਵੀ ਲਗਭਗ 18 ਲੱਖ ਏਕੜ ਰਕਬੇ ਨੂੰ ਹੀ ਨਹਿਰੀ ਪਾਣੀ ਲੱਗਦਾ ਹੈ। ਬਾਕੀ ਰਕਬੇ ਵਿੱਚ ਵੱਡੀ ਪੱਧਰ ’ਤੇ ਸਿੰਚਾਈ ਮੋਟਰਾਂ ਨਾਲ ਹੀ ਕੀਤੀ ਜਾਂਦੀ ਹੈ।
ਜੇਕਰ ਪੰਜਾਬ ਵਿੱਚ ਕੁੱਲ ਵਾਹੀ ਹੇਠ ਰਕਬੇ ਨੂੰ ਨਹਿਰੀ ਪਾਣੀ ਦੇਣਾ ਪਵੇ ਤਾਂ ਮੌਜੂਦਾ ਪਾਣੀ ’ਚ ਕਈ ਗੁਣਾ ਵਾਧਾ ਕਰਨਾ ਪਵੇਗਾ। ਸ਼ਾਇਦ ਪੰਜਾਬ ਦੇ ਹਿੱਸੇ ਆਉਂਦੇ ਕੁੱਲ ਨਹਿਰੀ ਪਾਣੀ ਨੂੰ ਵਰਤਣ ਤੋਂ ਬਾਅਦ ਵੀ ਪਾਣੀ ਪੂਰਾ ਨਾ ਹੋਵੇ। ਅਸਲ ਵਿੱਚ ਭਗਵੰਤ ਮਾਨ ਐਂਡ ਪਾਰਟੀ ਦੀ ਨਹਿਰੀ ਪਾਣੀਆਂ ਦੇ ਮਾਮਲੇ ਬਾਰੇ ਸਮਝ ਬੜੀ ਪੇਤਲੀ ਹੈ। ਉਹਨਾਂ ਸਾਰੇ ਮਾਮਲੇ ਨੂੰ ਸਰਕਾਰੀ ਦਬਕਿਆਂ ਰਾਹੀਂ ਹੱਲ ਕਰਵਾਉਣ ਲਈ ਕ੍ਰਿਸ਼ਨ ਕੁਮਾਰ ਦੇ ਸੰਗਲ ਖੋਲ੍ਹੇ ਦਿੱਤੇ ਹਨ ਜੋ ਸਰਕਾਰ ਦੀ ਸ਼ਹਿ ਉੱਪਰ ਮਨਆਈਆਂ ਕਰ ਰਿਹਾ ਹੈ। ਸਿਆਸੀ ਲੀਡਰਸ਼ਿਪ ਦੇ ਪੰਜਾਬਪ੍ਰਸਤ ਨਾ ਹੋਣ ਦਾ ਖਮਿਆਜਾ ਪੂਰੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਵੇਗਾ।
ਇਹਨਾਂ ਝੂਠੇ ਅੰਕੜਿਆਂ ਨਾਲ ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਪੰਜਾਬ ਦਾ ਦਾਅਵਾ ਕਮਜ਼ੋਰ ਹੋਵੇਗਾ। ਸੁਪਰੀਮ ਕੋਰਟ ਵਿੱਚ ਪੰਜਾਬ ਦੇ ਪਾਣੀਆਂ ਸਬੰਧੀ ਚੱਲ ਰਹੇ ਕੇਸ ਵਿੱਚ ਪੰਜਾਬ ਆਪਣਾ ਪੱਖ ਪੇਸ਼ ਕਰਨ ਵੇਲੇ ਪੰਜਾਬ ਕੋਲ ਵਾਧੂ ਨਹਿਰੀ ਪਾਣੀ ਨਾ ਹੋਣ ਦੀ ਦਲੀਲਬਾਜੀ ਕਰ ਰਿਹਾ ਹੈ ਜੋ ਕਿ ਸੱਚਾਈ ਵੀ ਹੈ। ਪੰਜਾਬ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੂਰਾ ਪਾਣੀ ਨਹੀਂ ਹੈ। ਜੇਕਰ ਕ੍ਰਿਸ਼ਨ ਕੁਮਾਰ ਦੇ ਕਹਿਣ ਉੱਪਰ ਪਟਵਾਰੀ 100 ਫੀਸਦੀ ਨਹਿਰੀ ਪਾਣੀ ਰਾਹੀਂ ਸਿੰਚਾਈ ਦੇ ਅੰਕੜੇ ਤਿਆਰ ਕਰ ਦੇਣ ਤਾਂ ਇਹੀ ਅੰਕੜੇ ਸੁਪਰੀਮ ਕੋਰਟ ਵਿੱਚ ਸਾਡੇ ਖਿਲਾਫ਼ ਵਰਤੇ ਜਾਣੇ ਹਨ। ਦੂਜੇ ਸੂਬਿਆਂ ਨੂੰ ਇਹ ਸਾਬਿਤ ਕਰਨਾ ਅਸਾਨ ਹੋ ਜਾਵੇਗਾ ਕਿ ਪੰਜਾਬ ਕੋਲ ਵਾਧੂ ਪਾਣੀ ਮੌਜੂਦ ਹੈ। ਜੇਕਰ ਸਿੰਜਾਈ ਹੇਠ ਰਕਬਾ ਵਧ ਰਿਹਾ ਹੈ ਤਾਂ ਪੰਜਾਬ ਦੇ ਹਿੱਸੇ ਵਿੱਚ ਆਉਂਦੇ ਕੁੱਲ ਨਹਿਰੀ ਪਾਣੀ ਵਿੱਚ ਵੀ ਵਾਧਾ ਹੋਵੇਗਾ। ਇਹ ਦੋਨੋਂ ਪਹਿਲੂ ਆਪਸ ਵਿੱਚ ਜੁੜਵੇਂ ਹਨ ਪਰ ਪੰਜਾਬ ਦੇ ਨਹਿਰੀ ਪਾਣੀ ਦੇ ਅੰਕੜਿਆਂ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਪੰਜਾਬ ਸਰਕਾਰ ਤਾਂ ਬੀ.ਬੀ.ਐਮ.ਬੀ. ਕੋਲੋਂ ਬਣਦਾ ਪਾਣੀ ਵੀ ਨਹੀਂ ਮੰਗ ਰਹੀ। ਝੂਠੇ ਅੰਕੜੇ ਤਿਆਰ ਹੋਣ ਤੋਂ ਬਾਅਦ ਕਾਗਜ਼ਾਂ ਦੇ ਵਿੱਚ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲੱਗਦਾ ਦਿਖਾਇਆ ਜਾਵੇਗਾ, ਕੁੱਝ ਸਮੇਂ ਬਾਅਦ ਉਹਨਾਂ ਕੋਲੋਂ ਨਹਿਰੀ ਪਾਣੀ ਦਾ ਮਾਲੀਆ ਵੀ ਮੰਗਿਆ ਜਾਵੇਗਾ। ਕਿਸਾਨ ਇਹ ਮਾਲੀਆ ਕਿਉਂ ਦੇਵੇਗਾ ਜਦੋਂ ਉਸਦੇ ਖੇਤਾਂ ਨੂੰ ਅਸਲ ਵਿੱਚ ਪਾਣੀ ਲੱਗ ਹੀ ਨਹੀਂ ਰਿਹਾ?
ਦੂਸਰਾ ਪਹਿਲੂ ਕੁੱਝ ਫੇਸਬੁੱਕੀ ਵਿਦਵਾਨ ਕਿਸਾਨਾਂ ਨੂੰ ਗਾਲਾਂ ਕੱਢ ਰਹੇ ਹਨ ਕਿ ਕਿਸਾਨ ਮੋਟਰਾਂ ਰਾਹੀਂ ਧਰਤੀ ਹੇਠੋਂ ਪਾਣੀ ਕੱਢਕੇ ਪੰਜਾਬ ਨੂੰ ਮਾਰੂਥਲ ਬਣਾ ਰਹੇ ਹਨ। ਕਿਸਾਨ ਨਹਿਰਾਂ ਦਾ ਪਾਣੀ ਕਿਉਂ ਨਹੀਂ ਲਾਉਂਦੇ, ਇਹਨਾਂ ਨੂੰ ਮੋਟਰਾਂ ਦੇ ਬਿੱਲ ਲਾਏ ਜਾਣ, ਇਹਨਾਂ ਦੀ ਫੇਰ ਅਕਲ ਟਿਕਾਣੇ ਆਵੇਗੀ। ਇਹ ਸਾਰੀ ਬਕਵਾਸ ਫੋਕੀ ਸ਼ੋਹਰਤ ਲੈਣ ਲਈ ਕੀਤੀ ਜਾ ਰਹੀ ਹੈ। ਪਰ ਸੱਚਾਈ ਇਸਦੇ ਬਿਲਕੁਲ ਉਲਟ ਹੈ। ਨਹਿਰੀ ਪਾਣੀ ਖੇਤਾਂ ਤੱਕ ਨਾ ਪਹੁੰਚਣ ਦੇ ਕਈ ਕਾਰਨ ਹਨ, ਜਿਨਾਂ ਦੀ ਚਰਚਾ ਜ਼ਰੂਰੀ ਹੈ। ਮੌਜੂਦਾ ਸਮੇਂ ਵਿੱਚ ਔਸਤ ਇੱਕ ਪਟਵਾਰੀ ਅਧੀਨ 1 ਹਜ਼ਾਰ ਏਕੜ ਤੋਂ ਲੈ ਕੇ 2 ਹਜ਼ਾਰ ਏਕੜ ਵਿੱਚ ਨਹਿਰੀ ਪਾਣੀ ਲੱਗ ਰਿਹਾ ਹੈ। ਪੰਜਾਬ ਅੰਦਰ ਨਹਿਰੀ ਪਾਣੀ ਦਾ ਪੂਰਾ ਢਾਂਚਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਹੈ। ਉਸ ਸਮੇਂ ਫਸਲਾਂ ਦੇ ਹਿਸਾਬ ਨਾਲ ਪਾਣੀ ਦੀਆਂ ਵਾਰੀਆਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਉਸ ਸਮੇਂ ਦੇ ਹੀ ਮੋਘਿਆਂ ਦੇ ਸਾਈਜ਼ ਬਣਾਏ ਹੋਏ ਹਨ। ਅੰਗਰੇਜ਼ਾਂ ਵੇਲੇ ਦਾਲਾਂ, ਕਪਾਹ ਆਦਿ ਫ਼ਸਲਾਂ ਦੀ ਜ਼ਿਆਦਾ ਖੇਤੀ ਹੁੰਦੀ ਸੀ ਪਰ ਮੌਜੂਦਾ ਸਮੇਂ ਵਿੱਚ ਝੋਨਾ, ਕਣਕ, ਮੱਕੀ, ਗੰਨਾ ਆਦਿ ਫ਼ਸਲਾਂ ਨੂੰ ਜਿਆਦਾ ਪਾਣੀ ਦੀ ਲੋੜ ਹੈ। ਮੋਘਿਆਂ ਦੇ ਸਾਈਜ਼ 4 ਇੰਚੀ, 6 ਇੰਚੀ, 12 ਇੰਚੀ ਤੱਕ ਬਣੇ ਹੋਏ ਹਨ ਜਿਸ ਕਰਕੇ ਅੱਜ 5 ਕਿੱਲਿਆਂ ਦੀ ਵਾਰੀ ਦੇ ਸਮੇਂ ਵਿੱਚ ਅੱਧਾ ਕਿੱਲਾ ਬੜੀ ਮੁਸ਼ਕਿਲ ਨਾਲ ਭਰਦਾ ਹੈ। ਜਿਸ ਕਰਕੇ ਇਕੱਲੇ ਨਹਿਰੀ ਪਾਣੀ ਨਾਲ ਫ਼ਸਲ ਦੀ ਸਿੰਚਾਈ ਨਹੀਂ ਕੀਤੀ ਜਾ ਸਕਦੀ। ਕਿਸਾਨ ਮੋਟਰਾਂ ਚਲਾ ਕੇ ਪਾਣੀ ਪੂਰਾ ਕਰਦੇ ਹਨ। ਅੱਜ ਵੀ ਮੋਘਿਆਂ ਤੱਕ ਪਾਣੀ ਪਹੁੰਚਾਉਣ ਲਈ ਸੂਇਆਂ (ਰਜਬਾਹੇ) ਵਿੱਚ ਡਾਫ (ਰੋਕ) ਲਾਉਣੀ ਪੈਂਦੀ ਹੈ ਤਾਂ ਜੋ ਪਾਣੀ ਮੋਘੇ ਤੱਕ ਚੜ੍ਹ ਜਾਵੇ ਪਰ ਇਸ ਕਾਰਨ ਅਗਲੇ ਖੇਤਾਂ ਤੱਕ ਪਾਣੀ ਘੱਟ ਅਤੇ ਦੇਰੀ ਨਾਲ ਪੁੱਜਦਾ ਹੈ। ਲੋਕਾਂ ਵਿੱਚ ਆਏ ਦਿਨ ਲੜਾਈਆਂ ਹੁੰਦੀਆਂ ਹਨ। ਸਰਕਾਰ ਨੇ ਆਖਰੀ ਟੇਲ ਤੱਕ ਪਾਣੀ ਪਹੁੰਚਾਉਣ ਲਈ ਮੋਘਿਆਂ ਨੂੰ ਛੋਟਾ ਅਤੇ ਉੱਚਾ ਕਰ ਦਿੱਤਾ ਹੈ। ਪੰਜਾਬ ਦੇ ਮਾਲਵੇ ਖੇਤਰ ਵਿੱਚ ਸਕੀਮੀ ਖਾਲ ਅਜੇ ਵੀ ਮੌਜੂਦ ਹਨ। ਜਿਨਾਂ ਨੂੰ ਸਰਕਾਰ ਨੇ ਮੁਰੱਬੇਬੰਦੀ ਵੇਲੇ ਜ਼ਮੀਨ ਐਕੁਆਇਰ ਕਰਕੇ ਬਣਾਇਆ ਸੀ, ਇਨਾਂ ਨੂੰ ਸਰਕਾਰੀ ਖਾਲ ਵੀ ਕਿਹਾ ਜਾਂਦਾ ਹੈ। ਦੋਆਬੇ ਅੰਦਰ ਜਿਆਦਾਤਰ ਭਾਈਚਾਰਕ ਖਾਲ ਹਨ ਜੋ ਲੋਕਾਂ ਨੇ ਆਪਸੀ ਸਹਿਮਤੀ ਨਾਲ ਆਪਣੀ-ਆਪਣੀ ਜ਼ਮੀਨ ਵਿੱਚ ਬਣਾਏ ਸਨ। ਬਾਦਲ ਸਰਕਾਰ ਵੇਲੇ ਧੜਾ-ਧੜ ਕੁਨੈਕਸ਼ਨ ਮਿਲਣ ਅਤੇ ਨਹਿਰੀ ਪਾਣੀ ਘੱਟ ਹੋਣ ਕਰਕੇ ਲੋਕਾਂ ਨੇ ਸਿੰਚਾਈ ਦਾ ਪ੍ਰਬੰਧ ਮੋਟਰਾਂ ਉਪਰੋਂ ਕਰ ਲਿਆ। ਖਾਲ ਲੋਕਾਂ ਨੇ ਆਪਣੇ ਖੇਤਾਂ ਵਿੱਚ ਵਾਹ ਲਏ। ਹੁਣ ਪੰਜਾਬ ਸਰਕਾਰ ਅਤੇ ਕ੍ਰਿਸ਼ਨ ਕੁਮਾਰ ਇਸ ਸਾਰੀ ਸੱਚਾਈ ਤੋਂ ਅੱਖਾਂ ਮੀਟ ਕੇ ਨਹਿਰੀ ਸਿੰਚਾਈ 100 ਫੀਸਦੀ ਦੇ ਅੰਕੜੇ ਤਿਆਰ ਕਰਨ ਲਈ ਪਟਵਾਰੀਆਂ ਉੱਪਰ ਦਬਾਅ ਪਾ ਰਹੇ ਹਨ। ਜਿੱਥੇ ਖਾਲ ਹੀ ਮੌਜੂਦ ਨਹੀਂ ਉੱਥੇ ਪਾਣੀ ਕਿਵੇਂ ਪਹੁੰਚੇਗਾ? ਇਹ ਤਾਂ ਮਿੰਦਰ ਮਾਸਟਰ ਦਾ ਮੁੰਡਾ ਅਤੇ ਕ੍ਰਿਸ਼ਨ ਕੁਮਾਰ ਹੀ ਦੱਸ ਸਕਦੇ ਹਨ। ਮੌਜੂਦਾ ਸਮੇਂ ਵਿੱਚ ਜੋ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਵੀ ਰਿਹਾ ਹੈ ਉਸ ਨਾਲ ਕਿਸਾਨ ਦਾ ਸਰਦਾ ਨਹੀਂ ਤਾਂ ਕਿਸਾਨਾਂ ਨੂੰ ਗਾਲਾਂ ਕੱਢਣ ਨਾਲ ਇਸ ਮਸਲੇ ਦਾ ਹੱਲ ਨਹੀਂ ਹੋਣਾ। ਸਮੱਸਿਆ ਦਾ ਹੱਲ ਕਿਤੇ ਹੋਰ ਪਿਆ ਹੈ।
ਮੁੱਖ ਮੰਤਰੀ ਦੇ ਧੂਰੀ ਹਲਕੇ ਦੇ ਅੰਦਰ 60-65 ਪਿੰਡਾਂ ਦੇ ਲੋਕਾਂ ਨੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਬਣਾ ਕੇ ਨਹਿਰੀ ਪਾਣੀ ਲਈ ਪਿੰਡਾਂ ਵਿੱਚ ਦੋ ਮਹੀਨੇ ਪੈਦਲ ਮਾਰਚ ਕਰਕੇ ਧੂਰੀ ਪੱਕਾ ਮੋਰਚਾ ਲਾਇਆ। ਜੇਕਰ ਕਿਸਾਨ ਨਹਿਰੀ ਪਾਣੀ ਲੈਣਾ ਨਹੀਂ ਚਾਹੁੰਦੇ ਤਾਂ ਕਿਸਾਨ ਨਹਿਰੀ ਪਾਣੀ ਲਈ ਧਰਨੇ ਕਿਉਂ ਲਾ ਰਹੇ ਹਨ? ਪਿੰਡ ਹਰੀ ਨੌਂ ਵਿੱਚ ਮੋਘੇ ਦਾ ਸਾਈਜ਼ ਛੋਟਾ ਅਤੇ ਮੋਘਾ ਉੱਚਾ ਕਰਨ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਨੇ ਮੋਘਾ ਭੰਨਕੇ ਪਹਿਲਾਂ ਵਾਲੀ ਜਗ੍ਹਾ ਕੀਤਾ। ਜਿਸ ਕਾਰਨ ਕਿਸਾਨ ਆਗੂਆਂ ਉੱਪਰ ਪਰਚੇ ਵੀ ਦਰਜ ਕੀਤੇ ਗਏ। ਇਹ ਸਭ ਤਾਂ ਹੀ ਹੋ ਰਿਹਾ ਹੈ ਜੇਕਰ ਲੋਕ ਨਹਿਰੀ ਪਾਣੀ ਦੀ ਲੋੜ ਨੂੰ ਮਹਿਸੂਸ ਕਰ ਰਹੇ ਹਨ। ਨਹਿਰੀ ਢਾਂਚਾ ਅੰਗਰੇਜ਼ਾਂ ਵੇਲੇ ਦਾ ਉਸਰਿਆ ਹੋਣ ਕਰਕੇ ਇਸਦੇ ਪੁਨਰ-ਨਿਰਮਾਣ ਦੀ ਜ਼ਰੂਰਤ ਹੈ। ਨਵੀਆਂ ਨਹਿਰਾਂ, ਸੂਏ ਕੱਢਣ ਦੀ ਜਰੂਰਤ ਹੈ। ਮੋਘਿਆਂ ਦੇ ਸਾਈਜ ਘੱਟੋ-ਘੱਟ 6 ਗੁਣਾ ਵੱਡੇ ਕਰਨ ਦੀ ਜਰੂਰਤ ਹੈ ਤਾਂ ਜਾ ਕੇ ਕਿਸਾਨਾਂ ਦੀ ਲੋੜ ਪੂਰੀ ਹੋਵੇਗੀ। ਇਸ ਸਮੇਂ ਨਹਿਰੀ ਢਾਂਚੇ ਨੂੰ ਅੱਪਡੇਟ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦੀ ਜਰੂਰਤ ਹੈ। ਜਿਸਦਾ ਪ੍ਰਬੰਧ ਸਰਕਾਰ ਕਰੇ। ਕੰਢੀ ਕੈਨਾਲ ਡਵੀਜ਼ਨ ਨੂੰ ਸਰਕਾਰ ਚਲਾ ਹੀ ਨਹੀਂ ਸਕੀ, ਪਾਏ ਹੋਏ ਪਾਈਪ ਵੀ ਟੁੱਟ ਗਏ। ਬਿਸਤ-ਦੁਆਬ ਡਵੀਜ਼ਨ ਅਧੀਨ ਬਣੀਆਂ ਨਹਿਰਾਂ ਅਤੇ ਰਜਬਾਹਿਆਂ ਦੀ ਢਾਲ ਗਲਤ ਬਣਾ ਦਿੱਤੀ ਗਈ ਹੈ। ਜਿਸ ਨਾਲ ਪਾਣੀ ਨਹੀਂ ਚੜ ਰਿਹਾ ਹੈ। ਕਿਸਾਨ ਪਟਵਾਰੀਆਂ ਨਾਲ ਲੜ ਰਹੇ ਹਨ। ਇਹ ਸਭ ਇੰਜੀਨੀਅਰ ਬਰਾਂਚ ਦੀ ਨਲਾਇਕੀ ਦਾ ਸਿੱਟਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ। ਸਰਕਾਰ ਕਿਸਾਨਾਂ ਕੋਲੋਂ ਜ਼ਮੀਨਾਂ ਐਕਵਾਇਰ ਕਰਕੇ ਪੱਕੇ ਨਹਿਰੀ ਖਾਲ ਬਣਾਏ। ਭਾਈਚਾਰਕ ਖਾਲਾਂ ਨਾਲ ਪਾਣੀ ਦੇਣਾ ਸੰਭਵ ਨਹੀਂ। ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਕੇ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਮਿਲ ਸਕਦਾ ਹੈ। ਕ੍ਰਿਸ਼ਨ ਕੁਮਾਰ ਨੇ 5500 ਏਕੜ ਪਿੱਛੇ ਇੱਕ ਪਟਵਾਰੀ ਦੀ ਨੀਤੀ ਖ਼ਤਮ ਕਰਕੇ 7700 ਏਕੜ ਪਿੱਛੇ ਇੱਕ ਪਟਵਾਰੀ ਕਰ ਦਿੱਤੀ ਹੈ। ਜਿਸ ਨਾਲ ਮਹਿਕਮੇ ਅੰਦਰ ਪਟਵਾਰੀਆਂ, ਡਾਕ-ਤਾਰ ਮੁਲਾਜ਼ਮਾਂ ਸਮੇਤ ਅਨੇਕਾਂ ਪੋਸਟਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਪੋਸਟਾਂ ਖ਼ਤਮ ਕਰਨ ਦੀ ਬਜਾਇ ਨਵੀਆਂ ਪੋਸਟਾਂ ਪੈਦਾ ਕੀਤੀਆਂ ਜਾਣ। ਨਹਿਰੀ ਪਾਣੀ ਅਤੇ ਪੰਜਾਬ ਦੇ ਪਾਣੀ ਸੰਕਟ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਪ੍ਰੋਗਰਾਮ ਉਲੀਕੇ। ਇਹ ਸਭ ਬਿਨਾਂ ਸੰਘਰਸ਼ ਤੋਂ ਸੰਭਵ ਨਹੀਂ, ਨਹਿਰੀ ਪਟਵਾਰੀਆਂ ਸਮੇਤ ਸਮੁੱਚੇ ਲੋਕਾਂ ਨੂੰ ਇਸ ਲੜਾਈ ਵਿੱਚ ਅੱਗੇ ਆ ਕੇ ਲੜਨ ਦੀ ਜਰੂਰਤ ਹੈ।
#