24/09/2024
ਬੱਚਿਆਂ ਨੂੰ ਦੇ ਦਿਆਂ ਦਿੱਲ ਅਪਣਾ ਮੈਂ । ਅੰਦਰ ਝਾਤ ਭਾਗ-2
ਮੈਂ ਰੀਟਾ ਸਮੇਤ ਸਟੇਟ ਬੈਂਕ ਖੰਨਾ ਵਿਖੇ ਜਰੂਰੀ ਕੰਮ ਆਏ ਹੋਏ ਸੀ। (2015 'ਚ) ਬੈਂਕ 'ਚ ਥੋੜ੍ਹਾ ਰਸ਼ ਸੀ। ਲਾਇਨ 'ਚ ਖੜ੍ਹੇ ਹੋਣ ਨਾਲ ਬੇਚੈਨੀ ਹੁੰਦੀ ਹੈ। ਇਸ ਲਈ ਬੈਂਕ ਆਦਿ ਦੇ ਕੰਮ ਰੀਟਾ ਹੀ ਕਰਦੀ ਹੈ। ਮੈ ਤਾਂ ਬਸ ਟੁੱਟੇ ਜਿਹੇ ਹਸਤਾਖਰ ਹੀ ਕਰਦਾ ਹਾਂ। ਅਚਾਨਕ ਇਕ ਬੈਂਕ ਕਰਮਚਾਰੀ ਮੇਰੇ ਗੋਡੇ ਹੱਥ ਲਾਉਂਦਾ ਹੈ, ''ਪਛਾਣਿਆ ਸਰ ਜੀ? ਮੈਂ ਰਾਕੇਸ਼ ਹਾਂ, ਬੈਂਕ 'ਚ ਪੱਕੀ ਨੌਕਰੀ ਮਿਲ ਗਈ ਹੈ। ਅਜੇ ਦਰਜਾ ਚਾਰ ਹਾਂ। ਜਲਦੀ ਕਲਰਕ ਪ੍ਰਮੋਟ ਕਰ ਦੇਣਗੇ। ਸੇਵਾ ਦੱਸੋ, ਥੋਡੀ ਕਿਰਪਾ ਨਾਲ ਮੈਂ ਪੜ੍ਹ ਗਿਆ ਹਾਂ।
''ਤੇਰੀ ਇਕ ਭੈਣ ਵੀ ਸੀ?'' ਜੀ ਓਹ ਤਾਂ ਵਿਆਹ ਦਿੱਤੀ ਜੀ । 8 ਵੀ ਨਹੀਂ ਕਰ ਸਕੀ ਸੀ। ਮੈਂ ਰੀਟਾ ਨੂੰ ਦਸਦਾ ਹਾਂ, ''ਇਹ ਮੁੰਡਾ ਸ਼ਾਇਦ ਬਾਲਮੀਕੀ ਪਰਿਵਾਰ ਦਾ ਹੈ। ਬਾਪ ਸਫਾਈ ਕਰਮਚਾਰੀ, ਦਾਰੁ ਦਾ ਸ਼ੌਕੀਨ 6ਵੀ 'ਚ ਮਾਡਲ ਟਾਊਨ ਸਕੂਲ ਖੰਨਾ 'ਚ ਦਾਖਲ ਹੋਇਆ ਤਾਂ ਜਮ੍ਹਾਂ ਹੀ ਕੌਰਾ।ਹਿੰਦੀ ਦੀ ਵਰਣਮਾਲਾ ਵੀ ਨਹੀਂ ਸੀ ਜਾਣਦਾ। 6-7 ਬੱਚੇ ਹੋਰ ਵੀ ਇਹੋ ਜਿਹੇ ਸਨ। ਮੈਂ ''ਮੇਰਾ ਖਿਲੌਣਾ'' ਹਿੰਦੀ ਦੀ ਨਰਸਰੀ ਦੀਆਂ 10 ਕਿਤਾਬਾਂ ਖਰੀਦ ਲਿਆਂਦੀਆਂ। ਕੁੱਝ ਦਿਨਾਂ 'ਚ ਵਰਣਮਾਲਾ ਤਾਂ ਸਿੱਖ ਗਏ। ਪਰ ਛੋਟੀ ਵੱਡੀ 'ਈ ' ਤੇ ਗਲ ਅੜ ਗਈ ,ਇਕ ਦੋ ਵਾਰ ਪਿਆਰ ਨਾਲ ਥੱਪੜ ਪੈਣ ਦਾ ਵੀ ਡਰ ਦਿੱਤਾ।
''ਛਰ ਜੀ ਮੈਨੂੰ ਜਿੰਨਾਂ ਮਰਜੀ ਕੁੱਟੋ ਪਰ ਮੈਨੂੰ ਪੜ੍ਹਾਓ ਜਰੂਰ। ਮੈ ਨਹੀਂ ਜਮਾਦਾਰ ਬਣਨਾ।'' ਉਹ ਸ ਨੂੰ ਛ ਬੋਲਦਾ ਸੀ।
ਮੇਰੀਆਂ ਅੱਖਾਂ ਭਰ ਆਈਆਂ। ਮੈਂ ਨਵੀਂ ਵਿਧੀ ਅਮਲ 'ਚ ਲਿਆਂਦੀ। ਉਸ ਦੇ ਘਰ ਦੇ ਮੈਂਬਰਾਂ, ਦੋਸਤਾਂ ਮਾਸਟਰਾਂ, ਫਿਰ ਫਲਾਂ ਦੇ ਨਾਮ ਹਿੰਦੀ 'ਚ ਲਿਖਣੇ ਸਿੱਖਾਏ। ਤੇ ਗੱਲ ਬਣ ਗਈ।ਹੁਣ 6 ਦੀ ਕਿਤਾਬ ਸੁਰੂ ਕੀਤੀ। ਪਹਿਲਾਂ ਛੋਟੀ ਜਿਹੀ ਆਸਾਨ ਕਵਿਤਾ ਤੋਂ ''ਪੇੜ ਲਗਾਓ ਪੇੜ ਲਗਾਓ''ਜੁਬਾਨੀ ਸਭ ਨੂੰ ਰਟਾਈ ਹੋਈ ਸੀ। ਰਾਕੇਸ਼ ਦੀ ਪੜ੍ਹਨ ਦੀ ਭੁੱਖ ਨੇ, ਉਸ ਦੀ ਜੂਨ ਬਦਲ ਦਿੱਤੀ ਹੈ। ਇਹ ਦੇਖ ਕੇ ਅੰਤਰੀਵ ਖੁਸ਼ੀ ਹੋਈ।
''ਸਰ ਜੀ ਮੈਂ ਗੀਤ ਵੀ ਲਿੱਖਦਾ ਹਾਂ, ਰਿਕਾਰਡਿੰਗ ਵੀ ਹੋਈ ਹੈ ਸੁਣੋਗੇ? ਕਲ ਲੈ ਕੇ ਆਵਾਂਗਾ। ਹੁਣ ਤਾਂ ਮੈਂ ਡਿਉਟੀ ਤੇ ਹਾਂ ।''
''ਨਹੀਂ ਅਸੀਂ ਤਾ ਮੁੜ ਜਾਣਾ ਹੈ, ਹੁਣ ਮੈਂ ਜਗਰਾਉਂ ਸ਼ਿਫਟ ਕਰ ਗਿਆ ਹਾਂ'' ਸੁਣਕੇ ਉਹ ਥੋੜਾ ਉਦਾਸ ਹੋਇਆ, ''ਕੋਈ ਨਾ ਸਰ ਜੀ ਫਿਰ ਸਹੀ।''
*ਲਗਦੇ ਹੱਥ ਇਕ ਹੋਰ ਕਹਾਣੀ ਸੁਣੋ। ਇਸ ਦੇ ਨਾਲ ਹੀ ਇਕ ਬਾਜੀਗਰ ਪਰਿਵਾਰ ਦਾ ਮੋਟਾ ਜਿਹਾ ਲੜਕਾ ਪੜ੍ਹਦਾ ਸੀ । ਮੋਟੀ ਚਮੜੀ, ਮੋਟਾ ਦਿਮਾਗ, ਹਰ ਵੇਲੇ ਸ਼ਰਾਰਤ। ਪੀ ਟੀ ਮਾਸਟਰ ਦਾ ਡੰਡਾ ਬੇਅਸਰ। 'ਸਾਰੇ ਪਾਸ' ਦੀ ਨੀਤੀ ਅਨੁਸਾਰ 7ਵੀਂ 'ਚ ਪਹੁੰਚ ਗਿਆ। ਚਿਹਰੇ ਤੇ ਜਵਾਨੀ ਵਾਲੇ ਚਿੰਨ੍ਹ ਵੀ ਉਭਰਨ ਲੱਗੇ। ਬਾਪ ਕਬਾੜ ਦਾ ਕੰਮ ਤੇ ਮਾਂ ਦਾਣਾ ਮੰਡੀ 'ਚ ਮਿਹਨਤ ਮਜ਼ਦੂਰੀ ਕਰਦੀ ਸੀ (ਇਹ ਸਕੂਲ ਬਾਜੀਗਰ ਬਸਤੀ ਚ ਹੈ ਜਿਆਦਾ ਪਰਿਵਾਰ ਇਹ ਹੀ ਕੰਮ ਕਰਦੇ ਸੀ)
ਇਕ ਦਿਨ ਮੈਨੂੰ ਸ਼ੱਕ ਹੋਇਆ ਕਿ ਲੜਕਾ ਹਸਤ ਮੈਥੁਨ ਕਰਦਾ। ਪੈਂਟ ਦੀ ਜੇਬ 'ਚ ਹੱਥ ਰੱਖਦਾ ਹੈ। ਇਕੱਲੇ ਨਾਲ ਗੱਲ ਕਰਦਾ ਹਾਂ।" ਹੋਰ ਸਰਾਂ ਨੂੰ ਨਾ ਦੱਸਿਓ :ਦੀ ਸ਼ਰਤ ਨਾ''ਗੁਨਾਹ'' ਕਬੂਲ ਕਰ ਲੈਂਦਾ ਹੈ।''ਪਾਪਾ ਨੂੰ ਭੇਜੀਂ। ਤੇਰਾ ਇਲਾਜ ਕਰਵਾਉਂਦੇ ਹਾਂ।'' ਬਾਪ ਮਿਲਦਾ ਹੈ। ਮੈਂ ਉਸਨੂੰ ਇਕ ਹੋਮਿਓਪੈਥੀ ਮੈਡੀਸਨ ਲੈਣ ਦੀ ਸਲਾਹ ਦਿੰਦਾ ਹਾਂ। ਸਾਲ ਬਾਅਦ ਉਸ ਦਾ ਵਿਆਹ ਹੋ ਜਾਂਦਾ ਹੈ ।(ਇਹ ਸਮਸਿਆ ਲਿਬੜੇ ਹਾਈ ਸਕੂਲ ਦੇ ਗਰੀਬ ਪਰਿਵਾਰ ਦੇ ਇਕ ਲੜਕੇ ਨੂੰ ਵੀ ਸੀ ਇਸ ਬਾਰੇ ਅਗਲੇ
ਭਾਗ ਚ)
ਮੂਰਤੀਆਂ ਨੂੰ ਦੁੱਧ
*ਅਕਤੂਬਰ 1990 'ਚ ਮੈ ਖੰਨੇ ਦੇ ਵੱਡੇ ਗਰਲਜ਼ ਸਕੂਲ 'ਚ ਡੈਪੂਟੇਸ਼ਨ ਤੇ ਕੰਮ ਕਰਦਾ ਸੀ। ( ਮੇਰਾ ਵੱਡਾ ਭਰਾ 30 ਸਤੰਬਰ 1990 'ਚ ਕਾਲੀਆਂ ਤਾਕਤਾਂ ਨੇ ਕਤਲ ਕਰ ਦਿੱਤਾ ਸੀ। ਖਤਰਾ ਦੇਖਦੇ ਹੋਏ ਮੈਨੂੰ ਇੱਥੋਂ ਡੈਪੂਟੇਸ਼ਨ ਤੇ ਨਿਯੁਕਤ ਕੀਤਾ ਗਿਆ ਸੀ ।ਤਨਖਾਹ ਲਿਬੜੇ ਸਕੂਲ ਤੋਂ) ਇਸ ਸਕੂਲ ਚ ਕੰਮ ਕਰਦੇ ਸਮੇਂ ਦੀਆਂ ਕਈ ਘਟਨਾਵਾਂ ਯਾਦ ਆ ਰਹੀਆਂ ਹਨ। ਤਿੰਨ ਚਾਰ ਦਾ ਜਿਕਰ ਕਰਨ ਲੱਗਿਆ ਹਾਂ।
*ਸ਼ਾਇਦ 1992 ਦੀ ਘਟਨਾ ਹੈ। ਖੰਨੇ ਸ਼ਹਿਰ ਚ ਜੰਗਲ ਦੀ ਅੱਗ ਵਾਂਗ ਖਬਰ ਫੈਲੀ ਗਈ ਕਿ ਸਕੂਲ ਦੇ ਨਾਲ ਸਥਿਤ ਵੱਡੇ ਮੰਦਰ ਚ ਗਣੇਸ਼ ਦੀ ਮੂਰਤੀ ਦੁੱਧ ਪੀਣ ਲੱਗੀ ਹੈ। ਮੰਦਰ ਦੇ ਬਾਹਰ ਸ਼ਰਧਾਲੂਆਂ ਦੀ ਜੁੜੀ ਭੀੜ ਲੰਬੀ ਲਾਈਨ ਚ ਖੜੀ ਮੁਰਤੀ ਨੂੰ ਦੁੱਧ ਪਿਲਾਉਣ ਲਈ ਅਪਣੀ ਵਾਰੀ ਦੀ ਉਡੀਕ ਕਰ ਰਹੀ ਸੀ। ਡਾਕਟਰ ,ਪ੍ਰੋਫੈਸਰ ਦੁਕਾਨਦਾਰ ਵਪਾਰੀ ਹਿੰਦੂ ਸਿੱਖ ਮਰਦ ਔਰਤਾਂ ਮੇਰੇ ਸਕੂਲ ਦਾ ਕੁੱਝ ਇਕ ਛੱਡ ਕੇ ਸਟਾਫ ਗਣੇਸ਼ ਜੀ ਨੂੰ ਦੁੱਧ ਅਰਪਿਤ ਕਰਕੇ ਅਪਾਰ ਖੁਸ਼ੀ ਪ੍ਰਗਟ ਕਰ ਰਹੇ ਸਨ। ਫੇਰ ਸਾਇੰਸ ਦੇ ਲੈਕਚਰਾਰ ਭਲਾ ਪਿੱਛੇ ਕਿਉਂ ਰਹਿੰਦੇ? ਮੈਂ ਨਹੀਂ ਗਿਆ। ''ਇਸ ਨੂੰ ਨਾ ਛੇੜੋ, ਕੱਟੜ ਕਾਮਰੇਡ ਹੈ; ਪੱਕਾ ਨਾਸਤਕ। ਘਰਵਾਲੀ ਪਤਾ ਨਹੀਂ ਕਿਵੇਂ ਕੱਟਦੀ ਹੈ। ਇਕ ਹਰ ਰੋਜ਼ ਮੰਦਰ ਜਾਣ ਵਾਲਾ ਮਾਸਟਰ (ਉਂਝ ਖਰਾ ਬੰਦਾ) ਇਹ ਕਹਿੰਦਾ ਸੁਣਿਆ ਗਿਆ। ਇਕ ਨੇ ਕਿਹਾ, ''ਤੂੰ ਜਾ ਕੇ ਦੇਖ ਤਾਂ ਸਹੀ ਦੁੱਧ ਨਾ ਪਿਲਾਈਂ। ਮੈ ਨਹੀਂ ਗਿਆ। ਠੋਸ ਦਲੀਲ ਕੀ ਦੇਵਾਂ? ਮੈ ਹਿੰਦੀ ਮਾਸਟਰ ।ਸਾਇੰਸ ਜਿਆਦਾ ਨਹੀਂ ਸੀ ਪੜ੍ਹੀ।
ਤਰਕਸ਼ੀਲ ਸੁਸਾਇਟੀ ਨਾਲ ਮੇਰਾ ਤਾਲਮੇਲ ਸੀ। ਉਹਨਾਂ ਨੇ ਸ਼ਾਮ ਨੂੰ ਹੋਰ ਮੂਰਤੀਆਂ ਨੂੰ ਵੀ ਦੁੱਧ ਪਿਲਾਉਣ ਦਾ ਨਜਾਰਾ ਪੇਸ਼ ਕਰਨ ਦਾ ਐਲਾਨ ਕਰ ਦਿੱਤਾ। ਦੁਪਹਿਰ ਬਾਅਦ ਮੇਰਾ ਦਸਵੀਂ ਚ ਘੰਟੀ ਸੀ।
''ਤੁਸੀਂ ਕਿਓਂ ਨਹੀਂ ਗਏ? ਸਾਇੰਸ ਵਾਲੇ ਮੈਡਮ ਵੀ ਦੁੱਧ ਪਿਲਾ ਕੇ ਆਏ ਹਨ?'' ਕੁੱਝ ਲਾਡਲੀਆਂ ਜਿਹੀਆਂ ਹੁਸ਼ਿਆਰ ਲੜਕੀਆਂ ਸੁਆਲ ਕਰਦੀਆਂ ਹਨ। ਮੈਂ ਉਹਨਾਂ ਨੂੰ ਨਹੀਂ ਦੱਸਿਆ ਕਿ ਮੇਰੀ ਇਕ ਬਹੁਤ ਹੀ ਨੇੜਲੀ ਰਿਸ਼ਤੇਦਾਰ ਸਾਇੰਸ ਕਾਲਜ ਜਗਰਾਉਂ ਦੀ ਗੋਲਡ ਮੈਡਲਲਿਸ਼ਟ ਹੈ, ਹਰ ਮੰਗਲ ਵਾਰ ਹਨੂੰਮਾਨ ਚਲੀਸਾ ਦਾ ਪਾਠ ਕਰਦੀ ਸੀ। ਇਸ ਦਿਨ ਕਪੜੇ ਨਹੀਂ ਧੋਣੇ "ਆਹ ਨੀ ਖਾਣਾ ਉਹ ਨੀ ਖਾਣਾ" ਵਰਗੇ ਵਿਚਾਰ ਰੱਖਦੀ ਸੀ। ਜਦ ਦਲੀਲ ਬਾਜੀ ਕੀਤੀ ਤਾਂ ਅੰਤ ਜੁਆਬ ਮਿਲਿਆ ਮੱਮੀ ਵੀ ਕਰਦੀ ਸੀ। ਰਵਾਇਤ ਪੈਗਈ। (ਹੁਣ ਇਹ ਦਿੱਲੀ ਦੇ ਇਕ ਵੱਡੇੇ ਕਾਲਜ ਚ ਪ੍ਰੋਫੈਸਰ ਹੈ। ਪੀ ਐਚ ਡੀ ਹੈ)
ਮੈਂ ਆਪਣੇ ਹਾਸਲ ਗਿਆਨ ਅਨੁਸਾਰ ਉਹਨਾਂ ਦੇ ਸੁਆਲਾਂ ਦੇ ਜੁਆਬ ਦਿੰਦਾ ਹੋਇਆ ਅੰਧ ਵਿਸ਼ਵਾਸ , ਮੂਰਤੀ ਪੂਜਾ ਅਤੇ ਚਮਤਕਾਰਾਂ ਦੀ ਅਲੋਚਨਾ ਕਰਦਾ ਹਾਂ। ਅੰਤ ਮਾਹੌਲ ਨੂੰ ਖੁਸ਼ ਗਵਾਰ ਬਣਾਉਣ ਲਈ ਕਹਿ ਦਿੰਦਾ ਹਾਂ"ਤੁਸੀਂ ਹੇਮਾ ਮਾਲਿਨੀ ਦੀ ਮੂਰਤੀ ਲਿਆਓ ,ਉਹ ਵੀ ਦੁੱਧ ਪੀਂਦੀ ਦਿਖਾਵਾਂਗੇ।"
ਕਲਾਸ ਠਹਾਕਿਆਂ ਨਾਲ ਗੂੰਜ ਉੱਠੀ। ਬਾਅਦ 'ਚ ਪਤਾ ਲੱਗਿਆ ਕਿ ਮੇਰਾ ਨਾਮ ਹੀ ਹੇਮਾ ਮਾਲਿਨੀ ਰੱਖ ਦਿੱਤਾ ਗਿਆ ਸੀ। ਬਹੁਤ ਸਨੇਹ ਸੀ ਮੇਰਾ ਇਸ ਸਕੂਲ ਦੀਆਂ ਲੜਕੀਆਂ ਨਾਲ। ਇਸ ਕਲਾਸ ਦੀ ਇਕ ਕਮਜੋਰ ਘਰਾਂ ਦੀ ਪਤਲੀ ਜਿਹੀ ਵਿਦਿਆਰਥਣ ਨੇ ਅਪਣੀ ਹਿੰਦੀ ਦੀ ਕਾਪੀ ਤੇ 'ਆਈ ਲਵ ਯੂ ਲਿਖ ਦਿੱਤਾ। 41 -42 ਸਾਲ ਦਾ ਸੀ ਮੈਂ। ਮੈਂ ਲੜਕੀ ਨੂੰ ਧੀਮੀ ਜਿਹੀ ਆਵਾਜ਼ 'ਚ ਕਿਹਾ ਆਪਣੇ ਵੱਡੇ ਭਾਈ ਅਤੇ ਪਿਤਾ ਨੂੰ 'ਮੈਂ ਤੁਹਾਨੂੰ ਪਿਆਰ ਕਰਦੀ ਹਾਂ' ਕਹਿਣਾ ਗਲਤ ਨਹੀਂ । ਹੋਰ ਵਿਦਿਆਰਥਣਾਂ ਨੂੰ ਪਤਾ ਨਹੀ ਲੱਗਿਆ ਕਿ ਮੈਂ ਇਹ ਸ਼ਬਦ ਕਿਸ ਲਈ ਬੋਲ ਰਿਹਾ ਸੀ।
ਹੁਣ ਮੈਨੂੰ ਪੱਕਾ ਯਾਦ ਨਹੀਂ ਇਹ ਹੀ 'ਸੈਕਸ਼ਨ ਸੀ' ਜਾਂ ਦੂਜਾ; ਇਕ ਕਲਾਸ 'ਚ ਦੋ ਭੈਣਾਂ ਪੜ੍ਹਦੀਆਂ ਸਨ। ਇਕ ਲੰਬੀ, ਗੋਰੀ-ਚਿੱਟੀ ਦੂਜੀ ਛੋਟੀ, ਕਦ ਛੋਟਾ। ਪੜ੍ਹਾਈ 'ਚ ਵੱਡੀ ਨਾਲੋਂ ਕਮਜੋਰ, ਸੋਹਣੀ ਵੱਡੀ ਤੋਂ ਵੀ ਵੱਧ ,ਬੜੀ ਪਿਆਰੀ ਲਗਦੀ ਸੀ। ਇਕ ਦਿਨ ਵੱਡੀ ਨੇ ਦਸਿਆ ਕਿ ਇਹ ਸਾਬਣ ਖਾਂਦੀ ਹੈ। ਮਿੱਟੀ ਖਾਂਦੇ ਦੇ ਕੇਸ ਦੇਖੇ-ਸੁਣੋ ਸਨ; ਪਰ ਸਾਬਣ ਖਾਣ ਬਾਰੇ ਪੜ੍ਹਿਆ ਜ਼ਰੂਰ ਸੀ, ਦੇਖਿਆਂ ਅੱਜ ਸੀ। ਵਾਰ ਵਾਰ ਹੱਥ ਧੌਣ ਦੇ ਕੇਸ ਪੜ੍ਹੇ ਦੇਖੇ ਸਨ।ਇਸ ਦੇ ਕਾਰਨ ਦੀ ਵੀ ਮੋਟੀ ਜਾਣਕਾਰੀ ਸੀ।
ਮਨੋਵਿਗਿਆਨ ਦੀਆਂ ਕਿਤਾਬਾਂ ਚ ਇਸ ਦਾ ਜਿਕਰ ਮਿਲਦਾ ਹੈ।ਮਾਂ ਇਹਨਾਂ ਦੀ ਸਰਕਾਰੀ ਹਸਪਤਾਲ ਨਰਸ ਸੀ। ਮੈਨੂੰ ਮਨੋਵਿਗਿਆਨ ਦਾ ਮਾਮਲਾ ਲੱਗਿਆ। ਇਕ ਤਰਕਸ਼ੀਲ ਸੁਸਾਇਟੀ ਨਾਲ ਜੁੜੇ ਹੋਮਿਓਪੈਥੀ ਡਾਕਟਰ ਨਾਲ ਸਲਾਹ ਕੀਤੀ ਉਹਨਾਂ ਨੇ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ। (ਚਲਦਾ)
ਜੋਗਿੰਦਰ ਆਜਾਦ 24--9-2023।9646335309