06/03/2024
ਸਿਆਸੀ ਧਿਰਾਂ ਨੇ ‘ ਮੈਲਾ ’ ਕਰ ਛੱਡਿਆ ‘ ਘਰ ਵਾਪਸੀ ’ ਦਾ ਸੁੱਚਾ ਸ਼ਬਦ
‘ ਘਰ ਵਾਪਸੀ ’ ਸੁੱਚਾ ਜਿਹਾ ਸਾਡਾ ਉਹ ਸ਼ਬਦ ਹੈ ਜਿਸ ਨੂੰ ਪਿਛਲੇ 2-3 ਦਹਾਕਿਆਂ ਦੌਰਾਨ ਆਮ ਪੰਜਾਬ ਜਾਂ ਕਹਿ ਲਓ ਕਿ ਦੁਆਬੇ ਖਿੱਤੇ ਵਿੱਚ ਤਦ ਵਰਤਿਆ ਜਾਂਦਾ ਰਿਹਾ ਜਦੋਂ ਕੋਈ ਸਾਡਾ ਪੁਰਖਾ, ਚਾਚਾ-ਤਾਇਆ, ਭੈਣ-ਭਰਾ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਵਿਦੇਸ਼ ਜਾ ਕੇ ਸਾਲਾਂ ਦੀ ਮੇਹਨਤ ਕਰਨ ਉਪਰੰਤ ਘਰ ਵਾਪਿਸ ਮੁੜਦਾ ਸੀ ਤਦ ਸ਼ਰੀਕੇ-ਭਾਈਚਾਰੇ ਵਿੱਚ ਆਮ ਬੋਲਚਾਲ ਦਾ ਸੀ ਇਹ ਸ਼ਬਦ ‘ ਕਿ ਫਲਾਣਾ ਸਿੰਘ ਨੇ ਇੰਨੇ ਸਾਲ ਮੇਹਨਤ ਕਰਨ ਪਿੱਛੋ ਮੁੜ ਘਰ ਵਾਪਸੀ ਕੀਤੀ ਹੈ ਲੇਕਿਨ ਮੌਜੂਦਾ ਸਮੇਂ ਦੇਸ਼ ਸਮੇਤ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਸ ‘ ਘਰ ਵਾਪਸੀ ’ ਸ਼ਬਦ ਨੂੰ ਮੈਲਾ ਕਰ ਦਿੱਤਾ ਹੈ ਜਿਸਦੀ ਹਰ ਰੋਜ ਕਿਤੇ ਨਾ ਕਿਤੇ ਮਿਸਾਲ ਵੇਖਣ ਨੂੰ ਮਿਲਦੀ ਹੈ। ਬੀਤੇ ਦਿਨ ਪੰਜਾਬ ਦੀ ਇੱਕੋ ਇੱਕ ਪੰਥਕ ਧਿਰ ਅਕਾਲੀ ਦਲ ਨੇ ਇਸ ਸ਼ਬਦ ਨੂੰ ਹੋਰ ਮੈਲਾ ਕੀਤਾ ਹੈ ਤੇ ਸਾਥ ਦਿੱਤਾ ਹੈ ਫੌਂਤ ਹੋਏ ਸੰਯੁਕਤ ਅਕਾਲੀ ਦਲ ਨੇ, ਪਿਛਲੇ ਸਮੇਂ ਦੌਰਾਨ ਜਦੋਂ ਢੀਂਡਸਾ ਪਰਿਵਾਰ ਨੇ ਅਕਾਲੀ ਦਲ ਛੱਡਿਆ ਸੀ ਤਦ ਢੀਂਡਸਿਆਂ ਨੇ ਇਸ ਪਾਰਟੀ ਦੀ ਲੀਡਰਸ਼ਿਪ ਖਾਸਕਰ ਸੁਖਬੀਰ ਬਾਦਲ ਦੀ ਜਿੰਨੀ ਕੁ ਜੱਖਣਾ ਪੁੱਟ ਸਕਦੇ ਸੀ ਇਨ੍ਹਾਂ ਨੇ ਪੁੱਟੀ ਤੇ ਅੱਗਿਓ ਸੁਖਬੀਰ ਹੁਰਾਂ ਵੀ ਕੋਈ ਕੱਚ-ਕਸਰ ਬਾਕੀ ਨਹੀਂ ਸੀ ਛੱਡੀ ਲੇਕਿਨ ਹਰ ਵਾਰ ਦੀ ਤਰ੍ਹਾਂ ਆਖਿਰ ਵਿੱਚ ਸੱਤਾ ਦੀ ਭੁੱਖ ਨੇ ਇਨ੍ਹਾਂ ਸਿਆਸੀ ਸ਼ਰੀਕਾਂ ਨੂੰ ਫਿਰ ਇੱਕ ਲਾਇਨ ਵਿੱਚ ਖੜ੍ਹਾ ਕਰ ਦਿੱਤਾ ਹੈ, ਹੁਣ ਵੀ ਉਹੀ ਢੀਂਡਸਾ ਹੈ ਤੇ ਉਹੀ ਸੁਖਬੀਰ ਹੈ ਬਦਲਿਆ ਕੁਝ ਵੀ ਨਹੀਂ ਲੇਕਿਨ ਪਤਾ ਨਹੀਂ ਦੋਵਾਂ ਧਿਰਾਂ ਦੇ ਹੱਥ ਕਿਹੜਾ ‘ ਨਿਰਮਾ ਪਾਊਡਰ ’ ਵਾਲਾ ਨੁਸਖਾ ਲੱਗਾ ਹੈ ਕਿ ਦੋਵਾਂ ਧਿਰਾਂ ਨੇ ਇੱਕ-ਦੂਜੇ ਦੀ ਮੈਲ ਧੋ ਦਿੱਤੀ ਹੈ।
ਸਿੱਟਾ-ਸਿਆਸੀ ਧਿਰਾਂ ਪਿੱਛ ਲੱਗ ਕੇ ਆਪਣਾ ਭਾਈਚਾਰਾ ਕਦੇ ਵੀ ਖਰਾਬ ਨਾ ਕਰੋ ਕਿਉਂਕਿ ਇਨ੍ਹਾਂ ਲੋਕਾਂ ਦਾ ਇੱਕੋ-ਇੱਕ ਮਨੋਰਥ ਸੱਤਾ ਦੀ ਭੁੱਖ ਹੈ ਤੇ ਉਸ ਲਈ ਅੱਜ ਦੇ ਸਮੇਂ ਵਿੱਚ ਕੋਈ ਅਜਿਹਾ ਆਗੂ ਦਿਖਾਈ ਦੇ ਨਹੀਂ ਰਿਹਾ ਜਿਸ ਅੰਦਰ ਨਿੱਜ ਦੇ ਸਵਾਰਥਾਂ ਨੂੰ ਮਾਰ ਕੇ ਪੰਜਾਬ ਦਾ ਭਲਾ ਸੋਚਣ ਦਾ ਕੋਈ ‘ ਕਣ ’ ਬਚਿਆ ਹੋਵੇ ਫਿਰ ਉਹ ਭਾਵੇਂ ਸੱਤਾ ਧਿਰ ਹੋਵੇ ਜਾਂ ਵਿਰੋਧੀ ਧਿਰ। -ਗੁਰਪ੍ਰੀਤ ਬੈਂਸ