29/08/2025
ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸਿੱਖ ਇਤਿਹਾਸ ਮਿਟਾਉਣ ਦੀ ਸਾਜਿਸ਼ ਬੇਨਕਾਬ
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ, ਜਿਸਨੂੰ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਦੀ ਧਰਤੀ ਮੰਨਿਆ ਜਾਂਦਾ ਹੈ, ਉੱਥੇ ਹੀ ਸਿੱਖ ਕੌਮ ਦੇ ਸਰਮਾਏ ਨਾਲ ਵੱਡੀ ਗਦਾਰੀ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ ਕੈਂਪਸ ਅੰਦਰ 10-10 ਫੁੱਟ ਡੂੰਘੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼, ਗੁਰਬਾਣੀ ਨਾਲ ਸੰਬੰਧਤ ਪੁਸਤਕਾਂ, ਸਿੱਖ ਇਤਿਹਾਸ ਦੀਆਂ ਵਿਰਲੀ ਕਿਤਾਬਾਂ ਤੇ ਧਾਰਮਿਕ ਗ੍ਰੰਥਾਂ ਨੂੰ ਸੁੱਟ ਕੇ ਪਾਣੀ ਛੱਡ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਦ੍ਰਿਸ਼ ਸਾਹਮਣੇ ਆਉਣ 'ਤੇ ਸਿੱਖ ਜਥੇਬੰਦੀਆਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੈ।
ਇਹ ਘਟਨਾ ਸਿਰਫ਼ ਬੇਅਦਬੀ ਹੀ ਨਹੀਂ, ਸਗੋਂ ਇਕ ਯੋਜਨਾਬੱਧ ਸਾਜਿਸ਼ ਵਾਂਗ ਲੱਗਦੀ ਹੈ ਜਿਸ ਰਾਹੀਂ ਸਿੱਖਾਂ ਦੇ ਇਤਿਹਾਸ ਅਤੇ ਧਾਰਮਿਕ ਵਿਰਾਸਤ ਨੂੰ ਹੌਲੀ-ਹੌਲੀ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾ ਗ਼ਲਤ ਛਾਪ ਦਿੱਤੀਆਂ ਤੇ ਫਿਰ ਆਹ ਹਾਲਾਤ ਕੀਤੀ, ਭਾਈ ਕਾਹਨ ਸਿੰਘ ਨਾਭਾ ਵਰਗੇ ਮਹਾਨ ਵਿਦਵਾਨ ਦੀ ਖੋਜੀ ਪੁਸਤਕਾਂ ਅਤੇ ਗੁਰਬਾਣੀ ਨਾਲ ਜੁੜੀਆਂ ਕਿਤਾਬਾਂ ਦਾ ਨਸ਼ਟ ਹੋਣਾ ਸਿੱਖ ਕੌਮ ਦੇ ਹਿਰਦੇ ਵੱਲੂਂਧਰੇ ਕਰਨ ਵਾਲੀ ਘਟਨਾ ਹੈ। ਭਗਵਦ ਗੀਤਾ ਸਮੇਤ ਹੋਰ ਧਾਰਮਿਕ ਗ੍ਰੰਥਾਂ ਦਾ ਨਸ਼ਟ ਹੋਣਾ ਸਾਬਤ ਕਰਦਾ ਹੈ ਕਿ ਇਹ ਸਿਰਫ਼ ਇੱਕ ਧਰਮ ਨਹੀਂ, ਸਗੋਂ ਸਮੂਹਕ ਤੌਰ 'ਤੇ ਸਾਰੀਆਂ ਵਿਰਾਸਤਾਂ ਨੂੰ ਖ਼ਤਮ ਕਰਨ ਦੀ ਖ਼ਤਰਨਾਕ ਕੋਸ਼ਿਸ਼ ਸੀ।
ਸਵਾਲ ਇਹ ਵੀ ਉਠਦਾ ਹੈ ਕਿ ਇਹ ਸਾਰਾ ਕੁਝ ਵਾਇਸ ਚਾਂਸਲਰ ਅਤੇ ਯੂਨੀਵਰਸਿਟੀ ਪ੍ਰਬੰਧਕੀ ਦੀ ਨਿਗਰਾਨੀ ਵਿੱਚ ਕਿਵੇਂ ਹੋ ਗਿਆ? ਜਿਸ ਵੀਸੀ ਦੀ ਨਿਯੁਕਤੀ 'ਤੇ ਲੋਕਾਂ ਨੇ ਖੁਸ਼ੀ ਮਨਾਈ ਸੀ, ਉਸਦੇ ਕਾਰਜਕਾਲ ਵਿੱਚ ਸਿੱਖ ਕੌਮ ਦੇ ਇਤਿਹਾਸ ਨਾਲ ਐਸਾ ਵਤੀਰਾ ਹੋਇਆ। ਕੀ ਇਹ ਸਿਰਫ਼ ਲਾਪਰਵਾਹੀ ਹੈ ਜਾਂ ਪਰਦੇ ਪਿੱਛੇ ਕੋਈ ਵੱਡੀ ਸਾਜਿਸ਼?
ਜੇ ਕੁਝ ਵਿਦਿਆਰਥੀਆਂ ਨੇ ਹਿੰਮਤ ਕਰਕੇ ਇਹ ਖ਼ਬਰ ਸਾਹਮਣੇ ਨਾ ਲਿਆਈ ਹੁੰਦੀ ਤਾਂ ਇਹ ਸਾਰੀ ਕਾਰਵਾਈ ਗੁਪਤ ਹੀ ਰਹਿ ਜਾਂਦੀ ਅਤੇ ਸਿੱਖ ਕੌਮ ਦੇ ਕੀਮਤੀ ਸਰਮਾਏ ਨੂੰ ਹਮੇਸ਼ਾ ਲਈ ਮਿਟਾ ਦਿੱਤਾ ਜਾਂਦਾ। ਗੁਰੂ ਸਾਹਿਬ ਦੀ ਬਾਣੀ ਅਤੇ ਸਿੱਖ ਵਿਦਵਾਨਾਂ ਦੀ ਖੋਜ ਨੂੰ ਸੌਖੇ ਰਾਹੀਂ ਦਫਨ ਨਹੀਂ ਕੀਤਾ ਜਾ ਸਕਦਾ।
ਸਿੱਖ ਸੰਸਾਰ ਅਤੇ ਹਰ ਉਹ ਪੰਜਾਬੀ ਜੋ ਇਤਿਹਾਸ ਨਾਲ ਪਿਆਰ ਕਰਦਾ ਹੈ, ਇਸਦੀ ਨਿਰਪੱਖ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਾ ਹੈ। ਜਿੰਮੇਵਾਰ ਲੋਕਾਂ, ਖ਼ਾਸਕਰ ਵਾਇਸ ਚਾਂਸਲਰ ਅਤੇ ਪ੍ਰਬੰਧਕੀ ਅਧਿਕਾਰੀਆਂ 'ਤੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਇਹ ਮਾਮਲਾ ਸਿਰਫ਼ ਸਿੱਖ ਕੌਮ ਦਾ ਨਹੀਂ, ਸਗੋਂ ਪੂਰੇ ਪੰਜਾਬ ਅਤੇ ਭਾਰਤ ਦੇ ਸਾਂਝੇ ਸੱਭਿਆਚਾਰਕ ਵਿਰਸੇ ਨਾਲ ਜੁੜਿਆ ਹੈ।
✍️ਅਮਨਜੋਤ ਸਿੰਘ ਮਾਲਵਾ