28/11/2022
ਸਰਕਾਰੀ ਸ. ਸ. ਸਕੂਲ ਕਰਮਗੜ੍ਹ ਵਿਚ ਪੰਜਾਬੀ ਮਾਹ ਨੂੰ ਸਮਰਪਿਤ ਪੰਜਾਬੀ ਮੇਲਾ ਲਗਾਇਆ ਗਿਆ
ਬਰਨਾਲਾ (ਪਰਦੀਪ ਸਿੰਘ ਚਹਿਲ)ਪੰਜਾਬੀ ਮਹੀਨੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਰਮਗੜ੍ਹ ਦੇ ਦੇ ਵਿਹੜੇ ਵਿਚ ਪਿ੍ੰਸੀਪਲ ਇੰਚਾਰਜ ਸ.ਸੁਰਜਨ ਸਿੰਘ ਜੀ ਦੀ ਰਹਿਨੁਮਾਈ ਵਿੱਚ ਪੰਜਾਬੀ ਮਾਹ ਨੂੰ ਸਮਰਪਿਤ ਪੰਜਾਬੀ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿਚ ਮੁੱਖ ਮਹਿਮਾਨ ਸ. ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਜੀ ਅਤੇ ਸ. ਬਿੰਦਰ ਸਿੰਘ ਖੁੱਡੀ ਖੋਜ ਅਫਸਰ ਬਰਨਾਲਾ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ । ਪਿੰਡ ਦੇ ਸਰਪੰਚ ਸ ਬਲਵੀਰ ਸਿੰਘ ਜੀ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ ਜਸਵਿੰਦਰ ਸਿੰਘ ਚਹਿਲ , ਜਰਨੈਲ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ।ਇਸ ਮੇਲੇ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕਵਿਤਾ ਲਿਖਣ ਅਤੇ ਬੋਲਣ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ । ਪੰਜਾਬੀ ਵਿਰਸੇ ਨਾਲ ਸੰਬੰਧਤ ਪੁਰਾਣੀਆਂ ਸੱਭਿਆਚਾਰਕ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਦੁਆਰਾ ਬਣਾਏ ਗਏ ਮਿੱਟੀ ਦੇ ਭਾਂਡੇ, ਪੱਖੀਆਂ, ਇੰਨੂ,ਪੀੜੀਆਂ, ਚਾਦਰਾਂ ਫੁਲਕਾਰੀਆਂ ਦੇ ਕਢਾਈ ਦੇ ਨਮੂਨੇ ਸਨ। ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਸਮੇਂ ਵਿਚ ਵਰਤੇ ਜਾਂਦੇ ਪਿੱਤਲ ਦੇ ਭਾਂਡੇ, ਗਾਗਰ , ਖੂੰਡਾ, ਝੱਕਰਾ, ਢੋਲਕੀ, ਸੈਣੇ, ਪੀੜੀਆਂ,ਚਰਖਾ ,ਚੱਕੀ ਅਤੇ ਖੇਤੀ ਦੇ ਸੰਦਾਂ ਦੇ ਚਾਲੂ ਮਾਡਲ ਵੀ ਸ਼ਾਮਲ ਕੀਤੇ ਗਏ ਸਨ। ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੱਥ ਨਾਲ ਬਣਾਏ ਚਾਰਟ, ਮਾਡਲ, ਸਲੋਗਨ, ਪੈਂਤੀ ਅੱਖਰੀ, ਫੱਟੀਆਂ, ਮੁਹਾਰਨੀ ਅਤੇ ਵਿਆਕਰਨ ਨਾਲ ਸੰਬੰਧਿਤ ਚਾਰਟ ਆਦਿ ਸ਼ਾਮਲ ਸਨ।
ਵਿਸ਼ੇਸ਼ ਤੌਰ ਤੇ ਸੂਫੀ ਕਵੀ ਵਾਰਸ ਸ਼ਾਹ,ਬੁੱਲੇ ਸ਼ਾਹ ਅਤੇ ਪੰਜਾਬੀ ਕਵੀ ਪ੍ਰੋ ਮੋਹਨ ਸਿੰਘ ਦੀਆਂ ਵੱਡ ਅਕਾਰੀ ਤਸਵੀਰਾਂ ਵੀ ਬਣਾਈਆਂ ਗਈਆਂ ਸਨ। ਇਸ ਸਮੇਂ ਸਾਹਿਤਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਕੂਲ ਦੇ ਵਿਦਿਆਰਥੀਆਂ ਨੇ ਸਮੂਹਿਕ ਲੋਕ ਨਾਚ ਗਿੱਧਾ, ਭੰਗੜਾ, ਰਵਾਇਤੀ ਗੀਤ, ਸੁਹਾਗ, ਘੋੜੀਆਂ,ਕਵਿਤਾਵਾਂ, ਗੀਤ, ਗਜ਼ਲਾਂ ਵੀ ਪੇਸ਼ ਕੀਤੀਆਂ ਗਈਆਂ।
ਸਾਹਿਤ ਸਿਰਜਣ ਮੁਕਾਬਲੇ ਵਿਚ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਰਟੀਫਿਕੇਟ ਅਤੇ ਪੈਨ ਭੇੱਟ ਕੀਤੇ ਗਏ।
ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ ਸੁਖਵਿੰਦਰ ਸਿੰਘ ਗੁਰਮ ਜੀ ਨੂੰ ਬੁੱਲ੍ਹੇ ਸ਼ਾਹ ਦੀ ਤਸਵੀਰ ਤੋਹਫ਼ੇ ਵਜੋਂ ਭੇਟ ਕੀਤੀ ਗਈ।
ਸ ਬਿੰਦਰ ਸਿੰਘ ਖੁੱਡੀ ਜੀ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਮੇਲੇ ਦੀ ਸਾਰਥਕਤਾ ਦੀ ਵਧਾਈ ਦਿੱਤੀ, ਉਨ੍ਹਾਂ ਸਕੂਲ ਇੰਚਾ.ਪਿ੍ੰ., ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਮੁੱਚੇ ਕਾਰਜ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਸ ਸੁਖਵਿੰਦਰ ਸਿੰਘ ਗੁਰਮ ਨੇ ਪੰਜਾਬੀ ਭਾਸ਼ਾ ਦੀ ਅਮੀਰੀ ਵਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਲਿਖਣ ਨਾਲ ਜੁੜਨ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।
ਅਖੀਰ ਅੰਜਨਾ ਮੈਨਨ ਨੇ ਆਏ ਮਹਿਮਾਨਾਂ, ਪਤਵੰਤੇ ਸੱਜਣਾ ਅਤੇ ਮਾਪਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।ਇਸ ਮੇਲੇ ਦੀ ਤਿਆਰੀ ਸੁਨੀਤਾ ਰਾਣੀ ਪੰਜਾਬੀ ਲੈਕਚਰਾਰ, ਅੰਜਨਾ ਕੁਮਾਰੀ ਅਤੇ ਹਰਮਨਦੀਪ ਕੌਰ ਪੰਜਾਬੀ ਅਧਿਆਪਕ,ਸਿਮਰਜੀਤ ਕੌਰ, ਸਾਇੰਸ ਅਧਿਆਪਕ, ਸ੍ਰੀਮਤੀ ਹਰਪ੍ਰੀਤ ਕੌਰ ਅੰਗਰੇਜ਼ੀ ਅਧਿਆਪਕ ਨੇ ਸਮੂਹ ਸਟਾਫ ਦੇ ਨਾਲ ਮਿਲ ਕੇ ਕਰਵਾਈ। ਮੰਚ ਸੰਚਾਲਨ ਦੀ ਭੂਮਿਕਾ ਸੱਤਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੋਤ ਕੌਰ ਨੇ ਬਾਖੂਬੀ ਨਿਭਾਈ।