03/11/2023
ਗੁਰੂ ਨਾਨਕ ਸਾਹਿਬ ਦਾ ਅਰਬੀ ਦੇਸ਼ਾਂ ਦਾ ਸਫ਼ਰਨਾਮਾ - ਆਪਣੀ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਸਾਹਿਬ ਕੂਫ਼ਾ ਸ਼ਹਿਰ ਪਹੁੰਚੇ| ਇਹ ਸ਼ਹਿਰ ਫ਼ਰਾਤ ਨਦੀ ਦੇ ਨਜ਼ਦੀਕ ਪੁਰਾਣਾ ਅਤੇ ਆਲੀਸ਼ਾਨ ਸ਼ਹਿਰ ਹੈ | ਇਹ ਸ਼ਹਿਰ ਹਜ਼ਰਤ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਵਿੱਚੋਂ ਇਮਾਮ ਮਾਯਵਿਆ ਦੀ ਰਿਹਾਇਸ਼ ਗਾਹ ਹੈ | ਇੱਥੇ ਹੀ ਤਾਜ਼ੀਆ ਨੇ ਹਜ਼ਰਤ ਅਲੀ ਦੇ ਬੇਟੇ ਹੂਸੈਨ ਨੂੰ ਪਰਿਵਾਰ ਸਮੇਤ ਸ਼ਹੀਦ ਕੀਤਾ ਸੀ | ਉਸ ਦਾ ਨਾਂ 'ਕਰਬਲਾ' ਕਰਕੇ ਮਸ਼ਹੂਰ ਹੈ , ਜੋ ਸ਼ਹਿਰ ਦੇ ਬਾਹਰ ਮੁਹੰਮਦੀ ਕੋਨੇ ਵਿੱਚ ਹੈ | ਇਸੇ ਨਾਲ ਹੀ ਕਬਰਸਤਾਨ ਦੇ ਵਿੱਚ 'ਨਾਨਕ ਵਲੀ ਹਿੰਦ' ਦਾ ਸ਼ਾਨਦਾਰ ਮੰਦਿਰ ਹੈ | ਤਾਜ਼ਦੀਨ ਅਨੁਸਾਰ ਇੱਥੇ ਬਾਬਾ ਗੁਰੂ ਨਾਨਕ ਨੇ 3 ਮਹੀਨੇ 27 ਦਿਨ ਇਲਾਹੀ ਬਾਣੀ ਦਾ ਪ੍ਰਚਾਰ ਕੀਤਾ | ਇਸ ਮੰਦਿਰ ਦਾ ਇੰਤਜ਼ਾਮ ਇਮਾਮ ਮਾਯਵਿਆ ਦੇ ਵੰਸ਼ ਕੋਲ ਹੈ | ਇਸ ਸ਼ਹਿਰ ਦੇ ਲੋਕ ਬੜੇ ਪਿਆਰ ਵਾਲੇ ਸਨ | ਬੜੇ ਪਿਆਰ ਨਾਲ ਕੀਰਤਨ ਸੁਣਦੇ ਅਤੇ ਗੁਰੂ ਨਾਨਕ ਸਾਹਿਬ ਨੰ ਸਵਾਲ ਪੁੱਛ ਕੇ ਆਪਣੇ ਦਿਲਾਂ ਦੇ ਸ਼ੰਕੇ ਦੂਰ ਕਰਦੇ |
ਉਸ ਸੰਗਤ ਵਿੱਚ ਇੱਕ ਔਰਤ , ਜੋ ਬੜੀ ਨੇਕ ਦਿਲ ਅਤੇ ਖੁਦਾ ਪ੍ਰਸਤ ਸੀ , ਵੀ ਆਉਂਦੀ ਸੀ ਅਤੇ ਇੱਕ ਨੁੱਕਰ ਵਿੱਚ ਬੈਠ ਕੇ ਅਰਬੀ ਜ਼ੁਬਾਨ ਵਿੱਚ ਹੋ ਰਹੇ ਕੀਰਤਨ ਨੂੰ ਬੜੇ ਪਿਆਰ ਨਾਲ ਸੁਣਦੀ |
ਤਾਜ਼ਦੀਨ ਨੇ ਆਪਣੀ ਕਿਤਾਬ ' #ਸਿਹਾਯਤੋ_ਬਾਬਾ_ਨਾਨਕ_ਫਕੀਰ' ਵਿੱਚ ਉਸਦਾ ਨਾਂ ਸਲੀਮਾਂ ਦਰਜ ਕੀਤਾ ਹੈ | ਉਸਦਾ ਖਾਵੰਦ ਊਠਾਂ ਦਾ ਸੌਦਾਗਰ ਸੀ | ਉਸ ਦਾ ਨਾਂ ਗ਼ੁਲਾਮ ਯਾਹੀਆ ਖਾਨ ਸੀ | ਸ਼ਾਮ ਦਾ ਵੇਲਾ ਸੀ | ਸਲੀਮਾ ਨੂੰ ਕੀਰਤਨ ਦੀ ਮਸਤੀ ਵਿੱਚ ਸਮਾਧੀ ਲੱਗੀ ਹੋਈ ਸੀ | ਤਾਜ਼ਦੀਨ ਨੂੰ ਬਾਬਾ ਜੀ ਨੇ ਸਲੀਮਾ ਨੂੰ ਖ਼ਬਰਦਾਰ ਕਰਨ ਲਈ ਆਖਿਆ | ਉਹ ਲਿਖਦੇ ਹਨ ਕਿ" ਮੈਂ ਹੈਰਾਨ ਹੋਇਆ ਕਿ ਪਹਿਲਾ ਤਾਂ ਬਾਬਾ ਜੀ ਨੇ ਇੰਝ ਕਰਨ ਲਈ ਕਦੀ ਨਹੀ ਆਖਿਆ | ਉਹ ਸ਼ਾਮ ਨੂੰ ਆਪ ਹੀ ਘਰ ਚਲੀ ਜਾਂਦੀ | ਹੁਕਮ ਪਾ ਕੇ ਮੈਂ ਉਸਦੇ ਲਾਗੇ ਜਾ ਕੇ ਉਸ ਨੂੰ ਅਵਾਜ ਮਾਰੀ ਤਾਂ ਉਹ ਹੁਸ਼ਿਆਰ ਹੋਈ | ਅੱਖਾਂ ਖੁੱਲ੍ਹੀਆਂ ਤਾਂ ਬਾਬਾ ਜੀ ਨੇ ਕਿਹਾ , ' ਬੇਟਾ ! ਜਲਦੀ ਘਰ ਜਾਓ '|
ਉਸਨੇ ਗੁਰੂ ਜੀ ਦੇ ਪੈਰਾਂ ਵਿੱਚ ਮੱਥਾ ਟੇਕਿਆ ਤੇ ਇੱਕ ਦਮ ਅੰਦਰ ਰੌਸ਼ਨੀ ਹੋ ਗਈ ਅਤੇ ਅੰਤਰਯਾਫ਼ਤਾ (ਹਰ ਇੱਕ ਦੇ ਅੰਦਰ ਦੀ ਬਾਤ ਦਾ ਪਤਾ ਲੱਗ ਜਾਣਾ ) ਹੋ ਗਈ | ਦਸ ਕਦਮ ਚੱਲਣ ਤੋਂ ਬਾਅਦ ਵਾਪਸ ਆ ਕੇ ਕਹਿਣ ਲੱਗੀ | ਮੇਰੇ ਪਤੀ ਤਜਾਰਤੀ ਦੇ ਦੌਰੇ ਤੋਂ ਵਾਪਸ ਆ ਗਏ ਹਨ |
ਕੱਲ੍ਹ ਉਹਨਾਂ ਨੂੰ ਨਾਲ ਲੈ ਕੇ ਅਵਾਂਗੀ | ਬਾਬਾ ਜੀ ਨੇ ਕਿਹਾ , 'ਬੇਟਾ ਇਸ ਇਲਾਹੀ ਜ਼ਲਾਲ ਨੂੰ ਪ੍ਰਗਟ ਨਹੀ ਕੀਤਾ ਜਾਂਦਾ ' | ਆਪਣੇ ਅੰਦਰ ਹੀ ਜਰਨਾ ਹੈ | ਉਹ ਬਾਬਾ ਜੀ ਨੂੰ ਸਜਦਾ ਕਰਕੇ ਵਾਪਸ ਘਰ ਆਈ | ਅੱਗੇ ਉਸਦਾ ਪਤੀ ਅੱਗ ਬਗੂਲਾ ਹੋਇਆ ਬੈਠਾ ਸੀ ਕਿਉਂਕਿ ਉਸ ਦੇ ਘਰ ਆਉਣ ਉੱਤੇ ਸਲੀਮਾ ਘਰ ਨਹੀਂ ਸੀ ਅਤੇ ਕਈ ਲੋਕਾਂ ਨੇ ਉਸ ਨੂੰ ਦੱਸਿਆ ਸੀ ਕਿ ਤੇਰੀ ਔਰਤ ਸਾਰੇ ਸ਼ਰੀਏ ਅਹਿਕਾਮ ਨਮਾਜ਼ , ਕਲਮਾ ਛੱਡ ਕੇ ਕਬਰਸਤਾਨ ਵਿੱਚ ਬੈਠ ਕੇ ਇੱਕ ਹਿੰਦੀ ਫ਼ਕੀਰ, ਜੋ ਕਾਫ਼ਰ ਲੱਗਦਾ ਹੈ , ਦੇ ਕੋਲ ਦਿਨ ਰਾਤ ਬੈਠੀ ਰਹਿੰਦੀ ਹੈ ਬੇਪਰਦਾ ਹੋ ਕੇ | ਪਤੀ ਦੇ ਘਰ ਆਉਣ ਉੱਤੇ ਸਲੀਮਾ ਉਸਨੂੰ ਬੜੇ ਪਿਆਰ ਨਾਲ ਮਿਲੀ | ਪਰ ਉਸਨੇ ਉਸਨੂੰ ਬੜੀ ਕਹਿਰੀ ਨਜ਼ਰ ਨਾਲ ਦੇਖਿਆ | ਸਲੀਮਾ ਬੜੇ ਪਿਆਰ ਨਾਲ ਖਾਣਾ ਬਣਾਕੇ ਲੈ ਕੇ ਆਈ | ਉਸ ਨੂੰ ਖਾਣ ਲਈ ਕਿਹਾ ਤਾਂ ਅੱਗੋਂ ਉਸਨੇ ਕਿਹਾ ਤੂੰ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ | ਸਲੀਮਾ ਨੇ ਕਿਹਾ ਕਿ ਮੇਰੀ ਗਹਿਰੀ ਬੰਦਗੀ ਅਤੇ ਖੁਦਾਈ ਭਰੋਸੇ ਦੀ ਵਜ੍ਹਾ ਕਾਰਨ ਆਪ ਸਹੀ ਸਲਾਮਤ ਘਰ ਪਹੁੰਚ ਗਏ ਹੋ | ਨਹੀਂ ਤਾਂ ਆਪ ਨੂੰ ਮਿਸਰ ਦੀ ਅਦਾਲਤ ਦੇ ਫੈਸਲੇ ਅਨੁਸਾਰ ਕਤਲ ਦੇ ਬਦਲੇ ਕਤਲ ਹੋ ਜਾਣਾ ਸੀ | ਉਹ ਬੋਲਿਆ , 'ਸਲੀਮਾ , ਮੈਂ ਤਾਂ ਇਸ ਬਾਤ ਦਾ ਕਿਸੇ ਕੋਲ ਜ਼ਿਕਰ ਨਹੀਂ ਕੀਤਾ ਤਾਂ ਤੈਨੂੰ ਕਿਵੇਂ ਪਤਾ ਚੱਲਿਆ ? ਸਲੀਮਾ ਫਿਰ ਬੋਲੀ , ਆਪ ਮਿਸਰ ਤੋਂ ਆ ਕੇ ਹੌਲੀ ਜਹੀ ਜ਼ਮੀਨ ਵਿੱਚੋਂ ਦੱਬੀਆਂ ਪੰਜ ਸੋ ਮੋਹਰਾਂ , ਜੋ ਆਪ ਨੂੰ ਭਤੀਜੇ ਮਜ਼ੀਦ ਨੇ ਅਮਾਨਤ ਦਿੱਤੀ ਸੀ ਕੱਢ ਕੇ ਉਸਨੂੰ ਦੇ ਗਏ ਸੋ | ਉਹ ਹੋਰ ਹੈਰਾਨ ਹੋ ਕੇ ਬੋਲਿਆ , "ਮੈਂ ਇਸਦਾ ਵੀ ਜਿਕਰ ਕਿਸੇ ਕੋਲ ਨਹੀਂ ਕੀਤਾ | ਸਲੀਮਾ , ਸੱਚ ਦੱਸ ਤੈਨੂੰ ਇਹ ਸਾਰਾ ਕਿਵੇਂ ਪਤਾ ਚੱਲਿਆ ? ਸਲੀਮਾ ਬੋਲੀ , "ਪਹਿਲੇ ਆਪ ਦੱਸੋ ਕੇ ਮਿਸ਼ਰ ਦੀ ਅਦਾਲਤ ਵਿੱਚ ਕਿਉਂ ਜਾਣਾ ਪਿਆ " ? ਉਹ ਆਖਣ ਲੱਗਾ ," ਮੈਂ ਮਿਸ਼ਰ ਸ਼ਹਿਰ ਦੇ ਬਾਹਰ ਸਵੇਰ ਦੀ ਨਮਾਜ਼ ਪੜ੍ਹਨ ਲਈ ਆਪਣੇ ਲਸ਼ਕਰ ਨੂੰ ਲੈ ਕੇ ਜਾ ਰਿਹਾ ਸਾਂ ਤਾਂ ਮੇਰੇ ਬਾਗੜੀਏ ਨਾਂ ਦੇ ਊਠ ਨੇ ਇੱਕ ਸੇਬ ਦੇ ਬਾਗ ਵਿੱਚ ਇੱਕ ਟਾਹਣੀ ਤੋੜ ਕੇ ਖਾ ਲਈ ,,,! ਬਾਗ਼ ਦੇ ਬੱੱਢੇ ਮਾਲਕ ਨੇ ਬਾਗ਼ ਦੇ ਵਿੱਚੋਂ ਨਿਕਲ ਕੇ ਊਠ ਦੇ ਸਿਰ ਵਿੱਚ ਵੱਡਾ ਸਾਰਾ ਪੱਥਰ ਮਾਰਿਆ ਤਾਂ ਊਠ ਮਰ ਗਿਆ | ਇਹ ਊਠ 50 ਊਠਾਂ ਦਾ ਪਿਤਾ ਹੋਣ ਕਰਕੇ ਮੈਂਨੂੰ ਬਹੁਤ ਪਿਆਰਾ ਸੀ | ਉਹੀ ਪੱਥਰ ਚੁੱਕ ਕੇ ਮੈਂ ਬੁੱਢੇ ਮਾਲਕ ਦੇ ਸਿਰ ਵਿੱਚ ਮਾਰਿਆ ਤਾਂ ਉਹ ਵੀ ਮਰ ਗਿਆ | ਮੈਂ ਆਪਣੇ ਕਾਫ਼ਲੇ ਨੂੰ ਲੈ ਕੇ ਭੱਜ ਰਿਹਾ ਸਾਂ ਕਿ ਪਿੱਛੋਂ ਬੁੱਢੇ ਦੇ ਪੋਤਿਆਂ ਨੇ ਮੈਂਨੂੰ ਫੜ ਲਿਆ ਅਤੇ ਕਤਲ ਦੇ ਬਦਲੇ ਕਤਲ ਦਾ ਹੁਕਮ ਹੋਇਆ | ਹਾਕਮ ਨੇ ਦੋਵਾਂ ਪਾਸਿਆ ਦੀ ਬਾਤ ਸੁਣ ਕੇ ਮੈਨੂੰ ਕਿਹਾ ਕੇ ਅਗਰ ਤੇਰੇ ਊਠ ਨੂੰ ਬਾਗ਼ ਦੇ ਮਾਲਕ ਨੇ ਮਾਰਿਆ ਸੀ ਤਾਂ ਉਸ ਦੀ ਕੀਮਤ ਵਸੀਲ ਕਰਨ ਦਾ ਦਾਅਵਾ ਕਰਦਾ ਤਾਂ ਤੈਨੂੰ ਊਠ ਦੀ ਕੀਮਤ ਦਿੱਤੀ ਜਾ ਸਕਦੀ ਸੀ | ਹੁਣ ਤੈਨੂੰ ਕਤਲ ਦੇ ਬਦਲੇ ਕਤਲ ਹੋਣਾ ਪਵੇਗਾ | ਮਿਸਰ ਦਾ ਕਾਨੂੰਨ ਹੈ | ਉਸ ਨੇ ਹਾਕਮ ਕੋਲ ਅਰਜ਼ ਕੀਤਾ ਕੇ ਮੇਰੇ ਕੋਲ ਯਾਤੀਮਾਂ ਦੀਆਂ 500 ਮੋਹਰਾਂ ਹਨ ,ਜਿਸਦਾ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਪਤਾ ਨਹੀਂ , ਜੇਕਰ ਮੈਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਇਹ ਅਮਾਨਤ ਦੇ ਕੇ ਵਾਪਸ ਆ ਜਾਵਾਂਗਾ |
ਹਾਕਮ ਨੇ ਕਿਹਾ "ਕੋਈ ਜਮਾਨਤ ਦੇ ਕੇ ਜਾ ਸਕਦੇ ਹੋ | ਸਲੀਮਾ ! ਅਦਾਲਤ ਖਚਾਖਚ ਭਰੀ ਹੋਈ ਸੀ | ਆਖ਼ਰ ਨੁੱਕਰ ਵਿੱਚ ਬੈਠੇ ਇਕ ਚਿੱਟੇ ਕੱਪੜਿਆਂ ਵਾਲੇ ਚਮਕਦੇ ਚਿਹਰੇ ਵਾਲੇ ਡੂੰਘੀ ਨਜ਼ਰ ਨਾਲ ਵੇਖ ਰਹੇ ਸਨ , ਜਿਵੇਂ ਕਹਿ ਰਹੇ ਹੋਣ ਕਿ ਮੈਂ ਜਮਾਨਤ ਦੇਣ ਨੂੰ ਤਿਆਰ ਹਾਂ | ਇਹੋ ਹੋਇਆ ਕਿ ਮੇਰੇ ਕੋਲ ਆਣ ਨਾਲ ਉਹਨਾਂ ਆਖਿਆ , ਮੈਂ ਜਮਾਨਤ ਦੇਣ ਲਈ ਤਿਆਰ ਹਾਂ | ਹਾਕਮ ਦੇ ਪੁੱਛਣ ਤੇ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਜੇਕਰ ਇਹ ਨਿਸਚਿਤ ਸਮੇਂ ਉੱਤੇ ਹਾਜ਼ਰ ਨਾ ਹੋਇਆ ਤਾਂ ਮੈਂ ਇਸਦੇ ਬਦਲੇ ਕਤਲ ਹੋਣ ਲਈ ਤਿਆਰ ਹਾਂ | ਇਸ ਉੱਤੇ ਮੈਂਨੂੰ ਤਿੰਨ ਦਿਨਾਂ ਦੀ ਮਹੁਲਤ (ਵਕਫ਼ਾ ਜਾਂ ਢਿੱਲ) ਮਿਲੀ| ਸਲੀਮਾ,,,! ਜੇਕਰ ਉਹ ਨੇਕ ਆਦਮੀ ਮੇਰੀ ਜਮਾਨਤ ਨਾਂ ਦਿੰਦਾ ਤਾਂ,,,| ਨਾ ਮੈਂ ਯਤੀਮਾਂ ਦੀ ਰੱਖੀ ਅਮਾਨਤ ਵਾਪਸ ਕਰ ਸਕਦਾ ਅਤੇ ਨਾ ਮੈਂ ਤੇਰੇ ਕੋਲ ਵਾਪਸ ਆ ਸਕਦਾ | ਜੇਕਰ ਮੋਹਰਾਂ ਕੱਢਦੇ ਸਮੇਂ ਮੈਂ ਤੈਨੂੰ ਮਿਲਦਾ ਤਾਂ ਤੂੰ ਮੈਨੂੰ ਵਾਪਸ ਨਹੀਂ ਜਾਣ ਦੇਣਾ ਸੀ ਅਤੇ ਬਦਲੇ ਵਿੱਚ ਮੇਰੇ ਉਸ ਨੇਕ ਜ਼ਮਾਨਤੀ ਨੂੰ ਕਤਲ ਹੋਣਾ ਪੈਦਾ, ਜੋ ਮੈਂ ਹਰਗਿਜ ਨਹੀਂ ਚਾਹੁੰਦਾ ਸਾਂ | ਸਲੀਮਾ,,,! ਮੈਂ ਮਜੀਦ ਨੂੰ ਮੋਹਰਾਂ ਦੇ ਕੇ ਬੜੀ ਤੇਜੀ ਨਾਲ ਊਠਾਂ ਨੂੰ ਦੋੜਾ ਕੇ ਜਦੋਂ ਅਦਾਲਤ ਵਿੱਚ ਪੁੱਜਾ ਤਾਂ ਨਿਸਚਿਤ ਸਮੇਂ ਤੋਂ ਇਕ ਘੜੀ ਸਮਾਂ ਉੱਤੇ ਹੋ ਗਿਆ ਸੀ ਅਤੇ ਮੁੱਦਈਆਂ (ਦਾਅਵਾ ਕਰਨ ਵਾਲੇ) ਨੇ ਹਾਕਮ ਨੂੰ ਕਹਿ ਦਿੱਤਾ ਸੀ ਕੇ ਉਹ ਕਦੀ ਵਾਪਸ ਨਹੀਂ ਆਵੇਗਾ | ਇਸ ਲਈ ਜ਼ਮਾਨਤੀ ਨੂੰ ਕਤਲ ਦੀ ਸਜਾ ਸੁਣਾਈ ਜਾਵੇ | ਜ਼ਮਾਨਤੀ ਨੇ ਛਾਤੀ ਠੋਕ ਕੇ ਆਖਿਆ ਕੇ ਮੁੱਦਈਆਂ ਨੂੰ ਇਨਸਾਫ਼ ਦਿੰਦੇ ਹੋਏ ਮੈਂ ਕਤਲ ਦੀ ਸਜਾ ਸੁਣਾਈ ਜਾਵੇ , ਮੈਂ ਕਤਲ ਹੋਣ ਲਈ ਤਿਆਰ ਹਾਂ | ਏਨੇ ਚਿਰ ਨੂੰ ਮੈਂ ਅਦਾਲਤ ਵਿੱਚ ਪਹੁੰਚ ਕੇ ਹਾਕਮ ਨੂੰ 'ਇਸਲਾਮ ਵਾਲੇਕੁਮ' ਬੁਲਾਈ | ਮੈਂਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ | ਮੈਂ ਹਾਕਮ ਨੂੰ ਕਿਹਾ ਕਿ ਇਨ੍ਹਾਂ ਮੁੱਦਈਆਂ ਨੂੰ ਇਨਸਾਫ਼ ਦੇਂਦੇ ਹੋਏ ਮੈਨੂੰ ਕਤਲ ਦੀ ਸਜਾ ਸੁਣਾਈ ਜਾਵੇ | ਇਹ ਸੁਣਕੇ ਹਾਕਮ ਕੁੱਝ ਦੇਰ ਚੁੱਪ ਰਹੇ , ਫਿਰ ਸੋਚ ਵਿਚਾਰ ਤੋਂ ਬਾਅਦ ਫੈਸਲਾ ਸੁਣਾਇਆ ਕਿ ਤੇਰੀ ਨੇਕਨੀਤੀ ਅਤੇ ਤੇਰੇ ਜ਼ਮਾਨਤੀ ਦੀ ਨੇਕੀ ਦੀ ਵਜ੍ਹਾ ਕਰਕੇ ਅਦਾਲਤ ਤੈਨੂੰ ਬਰੀ ਕਰਦੀ ਹੈ | ਸਲੀਮਾ,,! ਮੈਂ ਅਦਾਲਤ ਵਿੱਚੋਂ ਬਾਹਰ ਆ ਕੇ ਨੇਕ ਆਦਮੀ ਦਾ ਧੰਨਵਾਦ ਕਰਨ ਲਈ ਇੱਧਰ ਉਧਰ ਦੇਖਿਆ ਪਰ ਉਹ ਨਹੀਂ ਮਿਲਿਆ |
ਸਲੀਮਾ ਨੇ ਕਿਹਾ ਤੁਸੀ ਉਸ ਨੇਕ ਜ਼ਮਾਨਤੀ ਦੇ ਚਿਹਰੇ ਤੋਂ ਵਾਕਫ਼ ਹੋੋਵੋਗੇ ? ਕਿਉਂ ਨਹੀਂ , ਚੰਗੀ ਤਰ੍ਹਾਂ ਪਛਾਣ ਹੈ ,ਉਸ ਨੇਕ ਚਿਹਰੇ ਦੀ ਜਿਸਨੇ ਮੇਰੀ ਜਾਨ ਬਚਾਈ,,,|
ਸਲੀਮਾ ਨੇ ਆਖਿਆ, "ਆਪ ਨੇ ਖਾਣਾ ਖਾ ਲਿਆ ਹੈ , ਮੈਂ ਥੋੜੀ ਦੇਰ ਬਾਅਦ ਆ ਜਾਵਾਂਗੀ ?" ਉਸ ਨੇ ਪੁੱਛਿਆ,'ਕਿੱਥੇ ਜਾਣਾ ਹੈ?' ਤਾਂ ਉਸਨੇ ਜਵਾਬ ਦਿੱਤਾ 'ਅੱਲਾ ਲੋਕਾਂ ਦੇ ਦੀਦਾਰ ਲਈ|' ਉਸਨੇ ਆਖਿਆ 'ਮੈਂ ਸੁਣਿਆ ਹੈ ਕਿ ਉਹ ਹਿੰਦੀ ਹੈ ?' 'ਹਾਂ ,ਉਹ ਹਿੰਦੀ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਆਪ ਵੀ ਮੇਰੇ ਨਾਲ ਚੱਲੋ ,ਉਹਨਾਂ ਦੇ ਦੀਦਾਰ ਕਰੋ |' ਉਸ ਨੇ ਜ਼ੋਰ ਨਾਲ ਕਿਹਾ ਕਿ 'ਕਾਫ਼ਰਾਂ ਦੇ ਦੀਦਾਰ ਕਰਾਂ,,,!' ਐਸਾ ਕਦੀ ਨਹੀਂ ਹੋ ਸਕਦਾ | ਮੇਰਾ ਭਰੋਸਾ ਖੁਦਾ ਅਤੇ ਉਸਦੇ ਨਬੀ ਪਾਕਿ 'ਤੇ ਹੈ | ਸਲੀਮਾ ਨੇ ਕਿਹਾ, ਆਪਦੀ ਜੇਬ ਵਿੱਚ ਕੋਈ ਜ਼ਹਿਰੀਲੀ ਚੀਜ ਦਿਸ ਰਹੀ ਹੈ | ਖ਼ਬਰਦਾਰ,,,! ਜੇਬ ਵਿੱਚ ਹੱਥ ਨਾ ਪਾਉਣਾ | ਸਲੀਮਾ ਨੂੰ ਬੁਰਾ ਭਲਾ ਆਖਦੇ ਹੋਏ ਉਸਨੇ ਜੇਬ ਵਿੱਚ ਹੱਥ ਪਾਇਆ ਤਾਂ ਬਿੱਛੂ ਨੇ ਉਸਨੂੰ ਕੱਟ ਲਿਆ ਅਤੇ ਉਹ ਸ਼ੋਰ ਮਚਾਉਣ ਲੱਗ ਪਿਆ | ਸਲੀਮਾ ਨੇ ਉਸਦੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਸਾਰਾ ਜ਼ਹਿਰ ਚੂਸ ਲਿਆ ਤਾਂ ਉਹ ਬਿਲਕੁਲ ਠੀਕ ਹੋ ਗਿਆ | ਕਹਿਣ ਲੱਗਾ,'ਤੂੰ ਤਾਂ ਮੰਤਰ ਜਾਣ ਗਈ ਹੈ |'ਸਲੀਮਾ ਨੇ ਆਖਿਆ, 'ਮੈਂ ਕੋਈ ਜੰਤਰ ਮੰਤਰ ਨਹੀਂ ਜਾਣਦੀ |' ਇਹ ਤਾਂ ਸਾਰੀ ਉਹਨਾਂ ਅੱਲ੍ਹਾ ਲੋਕਾਂ ਦੀ ਬਖ਼ਸ਼ਿਸ਼ ਹੈ ਜਿੰਨ੍ਹਾਂ ਕੋਲ ਜਾਣ ਲਈ ਮੈਂਨੂੰ ਰੋਕ ਰਹੇ ਹੋ | ਉਹਨਾਂ ਕਿਹਾ , 'ਅਜਿਹੇ ਹਨ ਤਾਂ ਮੈਂਨੂੰ ਵੀ ਨਾਲ ਲੈ ਕੇ ਚੱਲੋ |' ਜਦੋਂ ਬਾਬਾ ਜੀ ਕੋਲ ਪਹੁੰਚੇ ਤਾਂ ਪਹਿਲਾ ਹੀ ਉਸਨੇ ਸਾਹਮਣੇ ਦੇਖਿਆ ਤਾਂ ਇੱਕ ਦਮ ਬੋਲ ਉੱਠਿਆ , ਸਲੀਮਾ,,,! 'ਇਹ ਤਾਂ ਉਹੀ ਹਨ , ਸੱਚ ਮੁੱਚ ਉਹੀ ਹਨ, ਜਿਨ੍ਹਾਂ ਨੇ ਜ਼ਮਾਨਤ ਦੇ ਕੇ ਮੇਰੀ ਜਾਨ ਬਚਾਈ ਸੀ´ ਅਤੇ ਉਹ ਦੌੜ ਕੇ ਬਾਬਾ ਨਾਨਕ ਜੀ ਦੇ ਪੈਰਾਂ ਜਾ ਡਿੱਗਿਆ |