11/01/2024
ਅਸੀਂ ਸਿਰਫ ਸਰੀਰ ਰੂਪੀ ਮਸ਼ੀਨ ਹੀ ਨਹੀਂ, ਵਿਚਾਰ ਵੀ ਹਾਂ?
ਇੱਕ ਰੋਬੋਟ ਤੇ ਸਾਡੇ ਵਿੱਚ ਇਹੀ ਫਰਕ ਹੈ ਕਿ ਅਸੀ ਸਿਰਫ ਸਰੀਰ ਰੂਪੀ ਮਸ਼ੀਨ ਹੀ ਨਹੀਂ ਹਾਂ, ਸਾਡੇ ਕੋਲ ਮਨ ਰੂਪੀ ਵਿਚਾਰਾਂ ਦੀ ਮਸ਼ੀਨ ਵੀ ਹੈ, ਸਾਡੇ ਕੋਲ ਵਿਚਾਰਾਂ ਨੂੰ ਵਿਚਾਰਨ ਦੀ ਬੁੱਧੀ ਵੀ ਹੈ, ਸਾਡੇ ਕੋਲ ਦੇਖਣ, ਸੁਣਨ, ਸੁੰਘਣ, ਟੇਸਟ ਕਰਨ, ਸਪੱਰਸ਼ ਕਰਨ ਵਾਲੇ ਕਰਮ ਇੰਦਿਰਆਂ ਤੋਂ ਇਲਾਵਾ ਦੁੱਖ-ਸੁੱਖ-ਆਨੰਦ, ਖ਼ੁਸ਼ੀ-ਗ਼ਮੀ, ਗਰਮੀ-ਸਰਦੀ, ਪਿਆਰ-ਨਫ਼ਰਤ ਆਦਿ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਵਾਲਾ ਦਿਲ ਵੀ ਹੈ।
ਪਰ ਇਸ ਸਭ ਦੇ ਬਾਵਜੂਦ ਸਾਡੇ ਤੇ ਸਭ ਤੋਂ ਵੱਧ ਪ੍ਰਭਾਵ ਵਿਚਾਰਾਂ ਦਾ ਹੈ। ਅਸੀਂ ਆਪਣੇ ਮਨ ਵੱਲੋਂ ਬਣਾਏ ਹੋਏ ਵਿਚਾਰਾਂ ਦੇ ਅਧਾਰ ਤੇ ਹੀ ਕਰਮ ਇੰਦਰੀਆਂ ਦੇ ਅਨੁਭਵ ਤੇ ਭਾਵਨਾਵਾਂ ਨੂੰ ਮਹਿਸੂਸ ਜਾਂ ਪ੍ਰਗਟ ਕਰਦੇ ਹਾਂ। ਸਾਨੂੰ ਮਨ ਤੋਂ ਪਾਰ ਜਾਣ ਦੀ ਕਲਾ ਨਾ ਆਉਂਦੀ ਹੋਣ ਕਰਕੇ ਅਸੀਂ ਸਾਰੀ ਜ਼ਿੰਦਗੀ ਮਨ ਦੇ ਗੁਲਾਮ ਬਣੇ ਰਹਿੰਦੇ ਹਾਂ।
ਜਦੋਂ ਤੱਕ ਅਸੀਂ ਇਹ ਕਲਾ ਨਹੀਂ ਸਿੱਖਦੇ, ਮਨ ਦੇ ਭਵ-ਸਾਗਰ ਵਿੱਚ ਹੀ ਗ਼ੋਤੇ ਖਾਂਦੇ ਰਹਿੰਦੇ ਹਾਂ। ਜੀਵਨ ਵਿੱਚ ਪੂਰਨ ਕ੍ਰਾਂਤੀ ਲਈ ਮਨ ਨੂੰ ਮਾਰਨ ਜਾਂ ਮਨ ਗੁਲਾਮ ਬਣਾਉਣ ਜਾਂ ਮਨ ਨੂੰ ਜਿੱਤਣ, ਜਾਂ ਮਨ ਦੀਆਂ ਭਾਵਨਾਵਾਂ ਨੂੰ ਦਬਾਉਣ ਦੀ ਨਹੀਂ, ਉਸ ਤੋਂ ਪਾਰ ਜਾ ਕੇ ਆਪਣਾ ਸਹਿਯੋਗੀ ਬਣਾਉਣ ਦੀ ਲੋੜ ਹੈ ਕਿਉਂਕਿ ਵਿਚਾਰਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਰੋਲ ਹੈ, ਮਨ ਦੇ ਦਾਇਰੇ ਜਾਂ ਮਨ ਦੀ ਗੁਲਾਮੀ ਵਿੱਚੋਂ ਨਿਕਲੇ ਵਿਚਾਰ ਸਾਡਾ ਹੀ ਨਹੀਂ, ਸਾਡੇ ਆਲੇ-ਦੁਆਲੇ ਦਾ ਜੀਵਨ ਵੀ ਦੂਸ਼ਿਤ ਕਰਦੇ ਹਨ।
ਪਰ ਇਸਦੇ ਉਲਟ ਮਨ ਤੋਂ ਪਾਰ ਦੀ ਅਵਸਥਾ ਦੇ ਵਿਚਾਰ ਸਾਡੇ ਤੇ ਦੂਜਿਆਂ ਦੇ ਜੀਵਨ ਵਿੱਚ ਕ੍ਰਾਂਤੀ ਲਿਆਉਣ ਦੇ ਸਮਰੱਥ ਹਨ। ਕੁਦਰਤ ਦੇ ਲਾਅ ਆਫ ਅਟਰੈਕਸ਼ਨ ਅਨੁਸਾਰ ਸਾਨੂੰ ਉਹੀ ਕੁਝ ਮਿਲਦਾ ਹੈ ਜਾਂ ਅਸੀਂ ਉਸ ਤਰ੍ਹਾਂ ਦੇ ਹੀ ਹੁੰਦੇ ਹਾਂ, ਜਿਸ ਤਰ੍ਹਾਂ ਦੇ ਵਿਚਾਰਾਂ ਨੂੰ ਅਟਰੈਕਟ ਕਰਦੇ ਹਾਂ। ਜੇ ਸਾਨੂੰ ਦੁੱਖ ਮਿਲਦੇ ਹਨ, ਬੀਮਾਰੀ ਮਿਲਦੀ ਹੈ, ਗਲਤ ਲੋਕ ਮਿਲਦੇ ਹਨ ਤਾਂ ਜਰੂਰ ਅਸੀਂ ਹੀ ਅਣਜਾਣ ਜਾਂ ਬੇਹੋਸ਼ੀ ਵਿੱਚ ਉਹ ਕੁਝ ਅਟਰੈਕਟ ਕਰ ਰਹੇ ਹੁੰਦੇ ਹਾਂ।
ਇਸ ਤੋਂ ਉਲਟ ਵੀ ਉਤਨਾ ਹੀ ਸੱਚ ਹੈ। ਜਦੋਂ ਅਸੀਂ ਮਨ ਦੇ ਪ੍ਰਭਾਵ ਜਾਂ ਗੁਲਾਮੀ ਵਿੱਚ ਹੁੰਦੇ ਹਾਂ ਤਾਂ ਸਾਡੇ ਵਿਚਾਰ ਜਾਂ ਭਾਵਨਾਵਾਂ ਬੇਹੋਸ਼ੀ ਵਿੱਚੋਂ ਪੈਦਾ ਹੁੰਦੀਆਂ ਹਨ ਕਿਉਂਕਿ ਸਾਡਾ ਮਨ ਕਾਮ (ਕਾਮਨਾਵਾਂ), ਕਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਵਿੱਚ ਹੈ, ਇਸ ਲਈ ਮਨ ਦੀ ਬੇਹੋਸ਼ੀ ਵਿੱਚੋਂ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਸਾਡੇ ਮਾਨਸਿਕ ਤੇ ਸਰੀਰਕ ਰੋਗ ਪੈਦਾ ਹੁੰਦੇ ਹਨ।
ਬੇਹੋਸ਼ ਮਨ ਵਿਕਾਰਾਂ ਦੇ ਪ੍ਰਭਾਵ ਅਧੀਨ ਅਕਸਰ ਗਲਤ ਫ਼ੈਸਲੇ ਕਰਦਾ ਹੈ। ਬੇਸ਼ਕ ਅਸੀ ਬਾਹਰੀ ਸਮਾਜਿਕ, ਧਾਰਮਿਕ, ਸਰਕਾਰੀ ਕਨੂੰਨਾਂ ਤੋਂ ਡਰਦੇ, ਮਨ ਨੂੰ ਉਹ ਸਾਰਾ ਕੁਝ ਨਹੀਂ ਕਰਨ ਦਿੰਦੇ, ਪਰ ਮਨ ਬੜਾ ਤਾਕਤਵਰ ਹੋਣ ਕਰਕੇ ਸਾਨੂੰ ਵਾਰ-ਵਾਰ ਬੇਹੋਸ਼ ਕਰ ਦਿੰਦਾ ਹੈ ਤੇ ਬਹੁਤ ਕੁਝ ਅਜਿਹਾ ਕਰਾ ਦਿੰਦਾ ਹੈ, ਜੋ ਅਸੀਂ ਨਹੀਂ ਵੀ ਕਰਨਾ ਚਾਹੁੰਦੇ ਹੁੰਦੇ।
ਹੋਸ਼ ਦੀ ਸਾਧਨਾ, ਮਨ ਤੋਂ ਪਾਰ ਜਾ ਕੇ ਹੀ ਹੋ ਸਕਦੀ ਹੈ। ਮਨ ਤੋਂ ਪਾਰ ਜਾ ਕੇ ਹੀ ਮਨ ਦੀ ਗੁਲਾਮੀ ਤੋਂ ਛੁਟਕਾਰਾ ਮਿਲ ਸਕਦਾ ਹੈ। ਮਨ ਤੋਂ ਪਾਰ ਅਵਚੇਤਨ ਮਨ ਦੀ ਅਵਸਥਾ ਵਿੱਚ ਮਨ ਨੂੰ ਜੋ ਵੀ ਸੁਝਾਅ ਦੇਵਾਂਗੇ, ਫਿਰ ਸਾਡਾ ਮਨ ਵਿਚਾਰ ਵੀ ਉਸ ਤਰ੍ਹਾਂ ਦੇ ਹੀ ਪੈਦਾ ਕਰੇਗਾ ਤੇ ਅਟਰੈਕਟ ਵੀ ਉਸੇ ਤਰ੍ਹਾਂ ਦੇ ਵਿਚਾਰਾਂ ਨੂੰ ਹੀ ਕਰੇਗਾ।
ਇੱਕ ਪੱਖ ਇਹ ਵੀ ਇਹ ਵੀ ਸਮਝਣ ਵਾਲਾ ਹੈ ਕਿ ਦੁਨੀਆਂ ਵਿੱਚ ਕੁਝ ਵੀ ਵਾਪਰਨ ਤੋਂ ਪਹਿਲਾਂ ਖਲਾਅ ਵਿੱਚੋਂ ਕਿਸੇ ਦੇ ਮਨ ਵਿੱਚ ਇੱਕ ਵਿਚਾਰ ਪੈਦਾ ਹੁੰਦਾ ਹੈ, ਫਿਰ ਉਸ ਵਿਚਾਰ ਨੂੰ ਪ੍ਰਗਟ ਕਰਨ ਲਈ ਬੋਲ ਮਿਲਦੇ ਹਨ, ਇਨ੍ਹਾਂ ਬੋਲਾਂ ਨੂੰ ਫਿਰ ਸ਼ਬਦ ਮਿਲਦੇ ਹਨ, ਇਹ ਸ਼ਬਦ ਹੀ ਫਿਰ ਐਕਸ਼ਨ ਬਣ ਕੇ ਪ੍ਰਗਟ ਹੁੰਦੇ ਹਨ।
ਇਸ ਤੋਂ ਪਹਿਲਾਂ ਕਿ ਸਾਡੇ ਵਿਚਾਰ ਐਕਸ਼ਨ ਬਣਨ, ਜੇ ਅਸੀਂ ਇਨ੍ਹਾਂ ਪ੍ਰਤੀ ਜਾਗਰੂਕ ਹੋ ਜਾਈਏ, ਮਨ ਤੋਂ ਪਾਰ ਜਾ ਕੇ ਅਵਚੇਤਨ ਅਵਸਥਾ ਵਿੱਚ ਮਨ ਨੂੰ ਹਾਂ ਪੱਖੀ ਸੁਝਾਅ ਦੇ ਸਕੀਏ ਤਾਂ ਸਾਡੀ ਹੀ ਨਹੀਂ, ਸਾਡੀ ਸਭ ਦੀ ਜ਼ਿੰਦਗੀ ਖ਼ੂਬਸੂਰਤ ਬਣ ਸਕਦੀ ਹੈ।
ਹਰਚਰਨ ਸਿੰਘ ਪ੍ਰਹਾਰ 01/11/23
Everyone Friends