05/11/2024
‘ਸੂਰਜ ਦਾ ਸਿਰਨਾਵਾਂ’ਗੁੰਮ ਗਿਆ ਹੈ।
ਅੱਜ ਸੁਰਜੀਤ ਪਾਤਰ ਸਾਹਿਬ ਦੇ ਅਚਾਨਕ ਤੁਰ ਜਾਣ ਦੀ ਖ਼ਬਰ ਸਿਰਫ਼ ਮੈਨੂੰ ਹੀ ਨਹੀਂ, ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਉਦਾਸ ਕਰ ਗਈ ਹੈ।
ਯਾਦ ਆ ਰਿਹਾ ਬਹੁਤ ਕੁਝ…ਮੈਂ ਸ਼ਾਇਦ 10ਵੀਂ ‘ਚ ਪੜ੍ਹਦੀ ਸਾਂ। ਪਾਤਰ ਸਾਹਿਬ ਸਾਡੇ ਘਰ ਆਏ ਤਾਂ ਡੈਡੀ ਨੇ ਮੇਰੇ ਤੋਂ ਛੋਟੇ ਭਰਾ Navtej Khela (ਜੋ ਸ਼ਾਇਦ 7ਵੀਂ ਜਮਾਤ ‘ਚ ਸੀ ਉਦੋਂ) ਨੂੰ ਪੁੱਛਿਆ,”ਪਛਾਣਿਆਂ ਇਹ ਕੌਣ ਆ?” ਮੇਰੇ ਭਰਾ ਨੇ ਫੱਟ ਜੁਆਬ ਦਿੱਤਾ,”ਸੂਰਜ ਦਾ ਸਿਰਨਾਵਾਂ!” ਪਾਤਰ ਸਾਹਿਬ ਸਮੇਤ ਅਸੀਂ ਸਾਰੇ ਖਿੜਖਿੜਾ ਕੇ ਹੱਸ ਪਏ। ਪਾਤਰ ਸਾਹਿਬ ਉਸ ਵੇਲੇ ਦੂਰਦਰਸ਼ਨ ਜਲੰਧਰ ‘ਤੇ ‘ਸੂਰਜ ਦਾ ਸਿਰਨਾਵਾਂ’ ਨਾਂ ਦਾ ਪ੍ਰੋਗਰਾਮ ਕਰਿਆ ਕਰਦੇ ਸਨ ਅਤੇ ਸਾਨੂੰ ਉਨ੍ਹਾਂ ਦੇ ਵੱਡੇ ਕਵੀ ਹੋਣ ਬਾਰੇ ਕੋਈ ਇਲਮ ਨਹੀਂ ਸੀ… ਸਾਡੇ ਲਈ ਉਹ ‘ਸੂਰਜ ਦਾ ਸਿਰਨਾਵਾਂ’ ਹੀ ਸਨ।
ਉਨ੍ਹਾਂ ਨੂੰ ਕਵੀ ਵਜੋਂ ਮੈਂ ਪਹਿਲੀ ਵਾਰ ਉਨ੍ਹਾਂ ਦੀ ਗ਼ਜ਼ਲ ‘ਕੁਝ ਕਿਹਾ ਤਾਂ…’ ਦੇ ਜ਼ਰੀਏ ਮਿਲੀ ਸਾਂ, ਫਿਰ ਉਨ੍ਹਾਂ ਦੀਆਂ ਕਿਤਾਬਾਂ ਦੇ ਜ਼ਰੀਏ, ਬਾਦ ‘ਚ ਬਹੁਤ ਵਾਰ ਕਵੀ ਦਰਬਾਰਾਂ ‘ਚ ਉਨ੍ਹਾਂ ਨੂੰ ਮੈਂ ਇੱਕ ਸਰੋਤੇ ਵਜੋਂ ਸੁਣਿਆ …. ਤੇ ਉਸ ਤੋਂ ਬਾਦ ਬਹੁਤ ਵਾਰ ਉਨ੍ਹਾਂ ਨਾਲ ਗੱਲਾਂਬਾਤਾਂ ਕਰਨ-ਸੁਣਨ ਦਾ ਸਬੱਬ ਬਣਿਆ। ਸਾਲ 2022 ‘ਚ ਦੁਆਬਾ ਕਾਲਜ ਜਲੰਧਰ ਵਿਖੇ ਹੋਏ ਇੱਕ ਸਮਾਗਮ ‘ਚ ਉਨ੍ਹਾਂ ਨਾਲ ਸਟੇਜ ਸਾਂਝੀ ਕਰਨੀ ਮੇਰੀ ਖ਼ੁਸ਼ਨਸੀਬੀ ਸੀ।
ਪਾਤਰ ਸਾਹਿਬ ਨਾਲ ਆਖ਼ਰੀ ਮਿਲਣੀ ਇਸੇ ਸਾਲ 3 ਮਾਰਚ ਨੂੰ ਹੋਈ ਸੀ….ਉਨ੍ਹਾ ਦੇ ਸ਼ਬਦ “ਜ਼ਰੂਰ ਮਿਲਦੇ ਹਾਂ” ਆਖਰੀ ਹੋਣਗੇ… ਸੋਚਿਆ ਨਹੀਂ ਸੀ।
ਇਸ ਸਾਲ 3 ਮਾਰਚ ਨੂੰ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਸਨ। ਮੇਰੀ ਵੋਟ ਨਹੀਂ ਸੀ .. ਮੇਰੇ ਲਈ ਤਾਂ ਇਹ ਚੋਣਾਂ ਇੱਕ ਸਬੱਬ ਸਨ…ਇੱਕ ਬਹਾਨਾ ਸਨ…ਕੁਝ ਪਿਆਰੇ ਤੇ ਖ਼ਾਸ ਵਿਅਕਤੀਆਂ ਨੂੰ ਇੱਕੋ ਦਿਨ ਇੱਕੋ ਥਾਂ ‘ਤੇ ਮਿਲਣ ਦਾ। ਇਹ ਮੌਕਾ ਮੈਂ ਖੁੰਝਾਉਣਾ ਨਹੀਂ ਸੀ ਚਾਹੁੰਦੀ। ਮੈਂ ਤੇ ਮੇਰੀ ਸਹੇਲੀ Ramanpreet ਬਹੁਤ ਉਤਸ਼ਾਹ ਨਾਲ ਇਨ੍ਹਾਂ ਚੋਣਾਂ ਦੇ ਇਕੱਠ ‘ਚ ਸ਼ਾਮਲ ਹੋਣ ਲਈ ਜਲੰਧਰ ਤੋਂ ਲੁਧਿਆਣੇ ਪੁੱਜੀਆਂ। ਯਕੀਨ ਕਰਿਓ ਕਿ ਸਾਨੂੰ ਚੋਣਾਂ ਨਾਲ ਕੋਈ ਮਤਲਬ ਹੀ ਨਹੀਂ ਸੀ।
ਉਹ ਲੋਕ ਜਿਨ੍ਹਾਂ ਨੂੰ ਅਸੀਂ ਉੱਥੇ ਮਿਲਣਾ ਚਾਹੰਦੀਆਂ ਸਾਂ, ਉਨ੍ਹਾਂ ‘ਚੋਂ ਬਹੁਤਿਆਂ ਨੂੰ ਉੱਥੇ ਮਿਲਣ ਤੋਂ ਬਾਦ ਵੀ ਕੁਝ ਕਮੀ ਰੜਕ ਰਹੀ ਸੀ… ਪਰ ਮੇਰਾ ਚਾਅ ਪੂਰਾ ਨਹੀਂ ਸੀ ਹੋਇਆ… ਮੇਰੀਆਂ ਨਜ਼ਰਾਂ ਲਗਾਤਾਰ ਜਸਵੰਤ ਜ਼ਫ਼ਰ ਸਾਹਿਬ ਤੇ ਸੁਰਜੀਤ ਪਾਤਰ ਸਾਹਿਬ ਨੂੰ ਲੱਭ ਰਹੀਆਂ ਸਨ। ਜ਼ਫਰ ਹੁਰਾਂ ਨਾਲ ਤਾਂ ਉਸ ਦਿਨ ਸਵੇਰੇ ਗੱਲ ਹੋ ਗਈ ਸੀ ਕਿ ਚੋਣਾਂ ਦੇ ਮੇਲੇ ‘ਚ ਮਿਲਦੇ ਹਾਂ, ਪਰ ਉਹ ਨਜ਼ਰ ਨਹੀਂ ਆਏ। ਦਿਨ ਢਲ਼ ਰਿਹਾ ਸੀ… ਅਸੀਂ ਜਲੰਧਰ ਵਾਪਸ ਵੀ ਆਉਣਾ ਸੀ। ਜਲਦੀ ਜਲਦੀ ਜ਼ਫ਼ਰ ਸਾਹਿਬ ਨੂੰ ਫੋਨ ਕੀਤਾ… ਕਹਿੰਦੇ ਤੁਸੀਂ ਸਾਨੂੰ ਲੱਭੇ ਨਹੀਂ (ਅਸੀਂ ਸ਼ਾਇਦ ਉਸ ਸਮੇਂ ਕੈਂਟੀਨ ‘ਚ ਚਾਹ ਪੀ ਰਹੀਆਂ ਹੋਵਾਂਗੀਆਂ)… ਅਸੀਂ ਘਰ ਆ ਗਏ ਹਾਂ ਤੇ 6 ਵਜੇ ਫਗਵਾੜੇ ਕਿਸੇ ਪ੍ਰੋਗਰਾਮ ‘ਤੇ ਪੁੱਜਣਾ। ਮੈਂ ਉਨ੍ਹਾਂ ਨੂੰ ਪਾਤਰ ਸਾਹਿਬ ਬਾਰੇ ਪੁੱਛਿਆ ਤਾਂ ਕਹਿੰਦੇ..ਉਹ ਗਏ ਹੀ ਨਹੀਂ ਚੋਣਾਂ ਲਈ…ਮੈਂ ਕਿਹਾ ਕਿ ਮੈਂ ਆ ਰਹੀ ਹਾਂ ਮਿਲਣ…ਪਰ ਫਗਵਾੜੇ ਜਾਣ ਤੋਂ ਲੇਟ ਨਹੀਂ ਕਰਨਾ ਤੁਹਾਨੂੰ। ਜ਼ਫ਼ਰ ਸਾਹਿਬ ਨੇ ਕਿਹਾ ਆ ਜਾਓ… ਅਸੀ ਉਡੀਕ ਰਹੇ ਹਾਂ। ਕਾਰ ‘ਚ ਬੈਠੀ-ਬੈਠੀ ਨੂੰ ਖ਼ਿਆਲ ਆ ਰਿਹਾ ਸੀ ਕਿ ਜ਼ਫ਼ਰ ਹੁਰਾਂ ਨੂੰ ਮਿਲਣ ਤੋਂ ਬਾਦ ਮੈਂ ਪਾਤਰ ਸਾਹਿਬ ਨੂੰ ਮਿਲਣ ਦਾ ਸਮਾਂ ਵੀ ਲੈ ਲੈਂਦੀ ਹਾਂ। ਮੈਂ ਤੁਰੰਤ ਪਾਤਰ ਸਾਹਿਬ ਨੂੰ ਫੋਨ ਲਾਇਆ…ਉਨ੍ਹਾਂ ਦਾ ਅੱਗੋਂ ਸੁਨੇਹਾ ਆਇਆ, “ ਹਾਂਜੀ ਨਵਜੋਤ!” ਮੈਂ ਹੈਰਾਨ ਸਾਂ ਕਿ ਫੋਨ ‘ਤੇ ਗੱਲ ਕਰਨ ਦੀ ਥਾਂ ਉਨ੍ਹਾਂ text ‘ਚ ਕਿਉਂ ਜੁਆਬ ਦਿੱਤਾ। ਮੈਂ ਵਾਪਸ ਫੋਨ ਲਾਇਆ ਤਾਂ ਉਨ੍ਹਾਂ ਨੇ ਫੋਨ ਚੁੱਕਦੇ ਸਾਰ ਹੈਰਾਨੀ ਜਿਹੀ ਪ੍ਰਗਟਾਈ ਤੇ ਕਹਿੰਦੇ,”ਮੈਂ ਸੋਚਿਆ ਕਿ ਤੁਸੀਂ ਕੈਨੇਡਾ ਹੀ ਹੋ… ਉੱਥੇ ਤਾਂ ਹਾਲੇ ਤੜਕਾ ਹੋਣਾ… ਸ਼ਾਇਦ ਤੁਹਾਥੋਂ ਗਲਤੀ ਨਾਲ ਫੋਨ ਲੱਗ ਗਿਆ ਹੋਣਾ… ਤਾਂ ਮੈਂ text message ਕਰਤਾ।” ਮੈਂ ਕਿਹਾ ਕਿ ਮੈਂ ਤਾਂ ਮਿਲਣ ਆ ਰਹੀ ਹਾਂ। ਪਾਤਰ ਸਾਹਿਬ ਨੇ ਅਫ਼ਸੋਸ ਭਰੀ ਅਵਾਜ਼ ‘ਚ ਕਿਹਾ,”ਆਪਾਂ ਜ਼ਰੂਰ ਮਿਲਦੇ … ਪਰ ਮੈਂ ਇਸ ਵੇਲੇ ਜਲੰਧਰ ਵੱਲ ਨੂੰ ਕਿਸੇ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਿਹਾ ਹਾਂ… ਕਬਾਨਾ ਹੋਟਲ ਫਗਵਾੜੇ ‘ਚ ਹੈ ਪਰੋਗਰਾਮ …।” ਇੱਕ ਮਿੰਟ ਦੇ ਅੰਦਰ ਅੰਦਰ ਦੂਜੀ ਵਾਰ ‘ਫਗਵਾੜਾ’ ਸੁਣਦੇ ਸਾਰ ਮੈਨੂੰ ਇਸ ਸ਼ਹਿਰ ਦੇ ਨਾਂ ਤੋਂ ਈਰਖਾ ਜਿਹੀ ਹੋਈ ਕਿ ਜਿਹਨਾਂ ਦੋ ਬੰਦਿਆਂ ਨੂੰ ਮਿਲਣ ਲਈ ਮੈਂ ਜਲੰਧਰ ਤੋਂ ਉਚੇਚਾ ਲੁਧਿਆਣੇ ਆਈ ਹਾਂ… ਉਨ੍ਹਾਂ ਦੋਹਾਂ ਨੇ ਜੇ ਇਹ ਵੀ ਕਿਹਾ ਹੁੰਦਾ ਕਿ ਅਸੀਂ ਕਿਸੇ ਸਮਾਗਮ ‘ਚ ਸ਼ਾਮਲ ਜਲੰਧਰ ਜਾ ਰਹੇ ਹਾਂ ਤਾਂ ਮੈਨੂੰ ਕੋਈ ਹਿਰਖ ਨਹੀਂ ਸੀ ਹੋਣਾ….ਸਗੋਂ ਮੈਨੂੰ ਵੱਧ ਚਾਅ ਹੋਣਾ ਸੀ ਕਿ ਉਹ ਮੇਰੇ ਸ਼ਹਿਰ ਆ ਰਹੇ ਹੋਣੇ ਸੀ… ਪਰ ਇਹ ਫਗਵਾੜਾ ਕਿੱਥੇ ਵਿਚਾਲੇ ਆ ਗਿਆ। ਪਾਤਰ ਸਾਹਿਬ ਨੇ ਪਤਾ ਨਹੀਂ ਮੇਰੀ ਗੱਲਬਾਤ ਵਿਚਲੇ pauses ਵਿੱਚੋਂ ਕੀ ਪੜ੍ਹ ਲਿਆ ਸੀ, ਕਹਿੰਦੇ,” ਮਿਲਣਾ ਤਾਂ ਮੈਂ ਵੀ ਚਾਹੁੰਨਾ.. ਜੇ ਤੁਸੀਂ ਜਲੰਧਰ ਵੱਲ ਹੀ ਆਉਣਾ ਤਾਂ ਤੁਸੀਂ ਵੀ ਫਗਵਾੜੇ ਆ ਜਾਓ.. ਮੈਂ ਤੁਹਾਨੂੰ ਸੱਦਾ ਪੱਤਰ ਭੇਜਦਾ ਹਾਂ।” ਇੱਧਰ ਸੱਦਾ ਪੱਤਰ ਪੁੱਜਾ, ਓਧਰ ਅਸੀਂ ਜ਼ਫ਼ਰ ਸਾਹਿਬ ਦੇ ਘਰ ਪੁੱਜ ਗਈਆਂ। ਪਾਤਰ ਸਾਹਿਬ ਦਾ ਸੁਨੇਹਾ ਆਇਆ- ਸਮਾਂ ਹੋਇਆ ਤਾਂ ਜ਼ਰੂਰ ਆਇਓ। ਕੁਝ ਗੱਲਾਂਬਾਤਾਂ ਕਰਨ ਤੇ ਚਾਹ-ਪਾਣੀ ਪੀਣ ਸਾਰ ਹੀ ਅਸੀਂ ਜ਼ਫ਼ਰ ਸਾਹਿਬ ਦੇ ਘਰੋਂ ਜਲਦੀ ਉੱਠ ਆਈਆਂ ਤੇ ਉਸੇ ਵੇਲੇ ਉਹਨਾਂ ਨੇ ਵੀ ਫਗਵਾੜੇ ਵੱਲ ਨੂੰ ਚਾਲੇ ਪਾ ਲਏ।
ਅਸੀਂ ਵੀ ਜਲੰਧਰ ਲਈ ਟੈਕਸੀ ਕਰ ਲਈ…ਦੁਚਿੱਤੀ ‘ਚ ਸਾਂ ਕਿ ਫਗਵਾੜੇ ਰੁਕੀਏ ਜਾਂ ਨਾ। ਪਰ ਮੈਨੂੰ ਬੁਰਾ ਵੀ ਲੱਗ ਰਿਹਾ ਸੀ… ਕਿਸੇ ਚੱਲਦੇ ਸਮਾਗਮ ‘ਚ ਜਾ ਕੇ ਕਿਸੇ ਹੋਰ ਦੇ ਸਮੇਂ ‘ਚੋਂ ਸਮਾਂ ਲੈਣਾ ਲੈਣਾ… ਠੀਕ ਨਹੀਂ ਹੈ। ਮੈਂ Ramanpreet ਕੋਲ਼ੋਂ ਪਾਤਰ ਸਾਹਿਬ ਦੇ ਇੱਕ ਸ਼ਿਅਰ ਵਾਲਾ ਝੋਲ਼ਾ ਉਨ੍ਹਾਂ ਲਈ ਉਚੇਚੇ ਤੌਰ ‘ਤੇ ਬਣਵਾਇਆ ਸੀ… ਤੇ ਮੈਂ ਉਹ ਝੋਲ਼ਾ ਉਨ੍ਹਾਂ ਨੂੰ ਜ਼ਰੂਰ ਦੇਣਾ ਚਾਹੁੰਦੀ ਸਾਂ। ਰਮਨ ਨੂੰ ਮੈਂ ਰਿਹ ਗੱਲ ਕਹੀਂ ਕਿ ਮੈਂ ਇਹ ਝੋਲ਼ਾ ਵਾਪਸ ਨਹੀਂ ਲੈ ਕੇ ਜਾਣਾ ਚਾਹੁੰਦੀ… ਪਾਤਰ ਸਾਹਿਬ ਨੂੰ ਦੇ ਕੇ ਹੀ ਜਾਣਾ। ਜੱਕੋਤੱਕ ਕਰਦਿਆਂ ਕਰਦਿਆਂ ਫਗਵਾੜੇ ਨੇੜੇ ਪੁੱਜਦਿਆਂ ਹੀ ਡਰਾਈਵਰ ਨੂੰ ਕਿਹਾ ਕਿ ਕਬਾਨਾ ਹੋਟਲ ਵੱਲ ਮੋੜ ਲਵੇ। ਇਸ ਆਲੀਸ਼ਾਨ ਹੋਟਲ ‘ਚ ਡਾ. ਹਰਦੇਵ ਸਿੰਘ ਸੱਚਰ ਦੇ ਜਨਮ ਦਿਨ ਦੇ ਸਮਾਗਮ ‘ਚ ਡਾ. ਸੁਰਜੀਤ ਪਾਤਰ ਦੀ ਕਾਵਿ ਪੁਸਤਕ ‘ਚਿਣਗਾਂ’ ਵਿੱਚੋਂ ਲਈ ਰਚਨਾਵਾਂ ਦਾ ਗਾਇਨ ਉਨ੍ਹਾਂ ਦੇ ਬੇਟੇ ਮਨਰਾਜ ਪਾਤਰ ਵਲੋਂ ਕੀਤਾ ਜਾ ਰਿਹਾ ਸੀ… ਸੁਰਮਈ ਸ਼ਾਮ ਦਾ ਆਨੰਦ ਉੱਥੇ ਬੈਠੇ ਸੈਂਕੜੇ ਲੋਕ ਮਾਣ ਰਹੇ ਸਨ। 8-9 ਵਜੇ ਦਾ ਸਮਾਂ ਸੀ… ਸਾਡਾ ਜਲੰਧਰ ਜਲਦੀ ਤੋਂ ਜਲਦੀ ਪੁੱਜਣਾ ਜ਼ਰੂਰੀ ਸੀ। ਅਸੀਂ ਹਾਲ ਦੇ ਅੰਦਰ ਜਾਣਾ ਮੁਨਾਸਬ ਨਾ ਸਮਝਿਆ। ਪਾਤਰ ਸਾਹਿਬ ਪਹਿਲੀ ਕਤਾਰ ‘ਚ ਬੈਠੇ ਸਨ, ਮਗਨ ਹੋ ਕੇ ਕਵਿਤਾ ਤੇ ਸੰਗੀਤ ਨੂੰ ਮਾਣ ਰਹੇ ਸਨ… ਮੈਂ ਉਨ੍ਹਾਂ ਦੀ ਬਿਰਤੀ ਨਹੀਂ ਤੋੜਨਾ ਚਾਹੁੰਦੀ ਸਾਂ…ਪਰ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਦੇ ਪਿੱਛਿਓਂ ਦੀ ਜਾ ਕੇ ਮੈਂ ਉਨ੍ਹਾਂ ਦਾ ਮੋਢਾ ਹਲਕਾ ਜਿਹਾ ਥਪਥਪਾਇਆ…ਉੱਥੇ ਸੰਗੀਤ ਉੱਚਾ ਹੋਣ ਕਰ ਕੇ ਸੁਣਨਾ ਕੁਝ ਨਹੀਂ …. ਮੈਂ ਕਿਹਾ ਵੀ ਕੁਝ ਨਹੀਂ ..ਪਰ ਪਾਤਰ ਸਾਹਿਬ ਨੇ ਸੁਣ ਲਿਆ… ਜਿਵੇਂ ਮੈਂ ਕਿਹਾ ਹੋਵੇ ਕਿ ਮੈਂ ਆ ਗਈ ਹਾਂ… ਉਨ੍ਹਾ ਨੇ ਵੀ ਕਿਹਾ ਕੁਝ ਨਹੀ … ਪਰ ਮੈਂ ਸੁਣ ਲਿਆ ਕਿ ਉਹ ਕਹਿ ਰਹੇ ਨੇ ਕਿ ਮੈਂ ਬਾਹਰ ਆ ਰਿਹਾ ਹਾਂ। ਮੈਂ ਉਨ੍ਹਾਂ ਕੋਲ਼ੋਂ ਪਿੱਛੇ ਨੂੰ ਮੁੜਨ ਹੀ ਲੱਗੀ ਸਾਂ ਕਿ ਅਚਾਨਕ ਮੇਰੀ ਨਜ਼ਰ ਮੇਰੇ ਵੱਲ ਦੇਖ ਕੇ ਮੁਸਕਰਾਉਂਦੇ ਇੱਕ ਚਿਹਰੇ ਨਾਲ ਟਕਰਾਈ…ਇਹ ਜ਼ਫ਼ਰ ਸਾਹਿਬ ਸਨ…ਉਨ੍ਹਾਂ ਦੀ ਮੁਸਕਰਾਹਟ ਦੱਸ ਰਹੀ ਸੀ ਕਿ ਮੇਰੇ ਤੇ ਪਾਤਰ ਸਾਹਿਬ ਦਰਮਿਆਨ ਹੋਈ ਗੱਲਬਾਤ, ਜੋ ਅਸਲ ‘ਚ ਨਹੀਂ ਹੋਈ ਸੀ ਉਹ ਸੁਣ ਚੁੱਕੇ ਸਨ। ਮੈਂ ਬਾਹਰ ਲੌਬੀ ‘ਚ ਆ ਗਈ ਜਿੱਥੇ ਰਮਨਪ੍ਰੀਤ ਸਾਨੂੰ (ਮੈਨੂੰ ਤੇ ਪਾਤਰ ਸਾਹਿਬ) ਉਡੀਕ ਰਹੀ ਸੀ।
ਕੁਝ ਪਲਾਂ ‘ਚ ਪਾਤਰ ਸਾਹਿਬ ਬਾਹਰ ਆ ਗਏ, ਬਹੁਤ ਥੋੜ੍ਹੀਆਂ ਜਿਹੀਆਂ ਗੱਲਾਂਬਾਤਾਂ ਹੋ ਸਕੀਆਂ .. ਉਨ੍ਹਾਂ ਨੇ ਕੁਝ ਮੇਰੇ ਦੌਰੇ ਬਾਰੇ ਪੁੱਛਿਆ ਤੇ ਮੈਂ ਪੁੱਛਿਆ ਕਿ ਕੈਨੇਡਾ ਕਦੋਂ ਆਉਣਾ.. ਉਨ੍ਹਾਂ ਨੇ ਕਿਹਾ ਕਿ ਕੁਝ ਨਿਸ਼ਚਿਤ ਨਹੀਂ ਹਾਲੇ…. ਫਿਰ ਉਨ੍ਹਾਂ ਨੇ ਰਮਨਪ੍ਰੀਤ ਦੀਆਂ ਗਤੀਵਿਧੀਆਂ ਬਾਰੇ ਕੁਝ ਗੱਲਬਾਤ ਕੀਤੀ…ਸਮਾਂ ਸਾਡੇ ਕੋਲ ਵੀ ਘੱਟ ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪ੍ਰੋਗਰਾਮ ‘ਚੋਂ ਜ਼ਿਆਦਾ ਸਮਾਂ ਗ਼ੈਰਹਾਜ਼ਰ ਨਹੀਂ ਰੱਖਣਾ ਚਾਹੁੰਦੀਆਂ ਸਾਂ। ਅਸੀਂ ਤੁਰੰਤ ਉਨ੍ਹਾਂ ਦੀ ਕਵਿਤਾ ਵਾਲਾ ਥੈਲਾ ਉਨ੍ਹਾਂ ਨੂੰ ਭੇਂਟ ਕੀਤਾ… ਉਨ੍ਹਾਂ ਨੇ ਨੀਝ ਲਾ ਕੇ ਝੋਲੇ ‘ਤੇ ਲਿਖੇ ਆਪਣੇ ਸ਼ਿਅਰ ਵੱਲ ਦੇਖਿਆ… ਅੱਖਰਾਂ ਨੂੰ ਉਂਗਲਾਂ ਦੇ ਪੋਟਿਆਂ ਨਾਲ ਟੋਹਿਆ… ਜਿਵੇਂ ਪਰਖ ਰਹੇ ਹੋਣ ਕਿ ਅੱਖਰਾਂ ‘ਚ ਜਾਨ ਕਿੰਨੀ ਕੁ ਹੈ… ਮੇਰੇ ਮਨ ‘ਚ ਆਇਆ ਕਿ ਕਹਾਂ ਕਿ ਇਨ੍ਹਾਂ ਅੱਖਰਾਂ ‘ਚ ਜਿਹੜੀ ਜਾਨ ਤੁਸੀਂ ਪਾ ਦਿੱਤੀ ਹੋਈ ਹੈ… ਇਹ ਅੱਖਰ ਤਾਂ ਅਮਰ ਹੋ ਜਾਣੇ ਨੇ… ਪਰ ਮੈਂ ਕਹਿ ਨਾ ਸਕੀ। ਪਾਤਰ ਸਾਹਿਬ ਨੇ ਸ਼ੁਕਰੀਆ ਕਿਹਾ ਅਤੇ ਅਸੀਂ ‘ਫਿਰ ਮਿਲਦੇ ਹਾਂ’… ਕਹਿ ਕੇ ਨਿਕਲਣ ਲੱਗੀਆਂ ਤਾਂ ਉਨ੍ਹਾਂ ਨੇ ਏਨਾ ਹੀ ਕਿਹਾ,”ਜ਼ਰੂਰ ਮਿਲਦੇ ਹਾਂ।”
ਅਫ਼ਸੋਸ ਕਿ ਕਦੋ ਮਿਲਦੇ ਹਾਂ… ਕਿੱਥੇ ਮਿਲਦੇ ਹਾਂ… ਇਹ ਤਾਂ
ਮੈਂ ਪੁੱਛ ਹੀ ਨਾ ਸਕੀ।
ਸੂਰਜ ਦਾ ਸਿਰਨਾਵਾਂ ਹੁਣ ਨਹੀਂ ਲੱਭਣਾ, ਪਰ ਸੂਰਜ ਦਾ ਅੱਖਰਾਂ-ਸ਼ਬਦਾਂ ਦਾ ਖ਼ਜ਼ਾਨਾ ਸੇਕ ਦਿੰਦਾ ਰਹੇਗਾ।
ਪਾਤਰ ਸਾਹਿਬ ਨਾਲ ਹੋਈ ਆਖ਼ਰੀ ਮਿਲਣੀ ਲਈ ਅੱਜ ਮੈਂ ਉਸੇ ਫਗਵਾੜੇ ਦੀ ਧੰਨਵਾਦੀ ਹਾਂ… ਜਿਸ ਨਾਲ ਈਰਖਾ ਹੋਈ ਸੀ ਤੇ ਰਮਨ ਦੀ ਵੀ ਧੰਨਵਾਦੀ ਹਾਂ… ਜਿਸ ਦੇ ਬਣਾਏ ਝੋਲੇ ਨੇ ਸਾਨੂੰ ਫਗਵਾੜੇ ਤੱਕ ਉਨ੍ਹਾਂ ਦਾ ਪਿੱਛਾ ਕਰਨ ਲਈ ਪ੍ਰੇਰਿਆ… ਨਹੀਂ ਤਾਂ ਉਸ ਆਖ਼ਰੀ ਮੁਲਾਕਾਤ ਤੋਂ ਅਸੀਂ ਵਾਂਝੇ ਰਹਿ ਜਾਣਾ ਸੀ।