09/01/2022
37 ਸਾਲ ਦਾ ਕੌਮੀ ਸੰਘਰਸ਼ ਦਾ ਸਫਰ
ਇਹ ਤਸਵੀਰ 1985 ਦੀ ਹੈ। ਦੋ ਦਿਨ ਪਹਿਲਾਂ ਵੱਡੇ ਬਾਈ ਹਰਵਿੰਦਰ ਸਿੰਘ ਖਾਲਸਾ (ਬਿਲਕੁਲ ਵਿਚਕਾਰ ਵੱਡੀ ਦਾਹੜੀ ਵਾਲੇ) ਨੇ ਭੇਜੀ। ਜਿਲ੍ਹਾ ਕਚਹਿਰੀ ਪਟਿਆਲੇ ਉਹਨਾਂ ਦੀ ਤਾਰੀਖ਼ ‘ਤੇ ਜਾਣਾ, ਬਲਕਿ ਸਾਰੇ ਜੁਝਾਰੂਆਂ ਦੀ ਪੇਸ਼ੀ ‘ਤੇ। ਸਕੂਲ ‘ਚ ਨਾਲ ਦੇ ਵਿਦਿਆਰਥੀਆਂ ਕੋਲ਼ੋਂ ਪੈਸੇ ਇਕੱਠੇ ਕਰਕੇ ਬਣਦਾ ਸਰਦਾ ਰਸਦ ਪਾਣੀ ਵੀ ਲਿਜਾਣਾ। ਇੱਕ ਦਿਨ ਵਿਉਂਤ ਬਣੀ ਕਿ ਸਾਨੂੰ ਸਾਰੇ ਸਿੰਘਾਂ ਨੂੰ ਫੋਟੋ ਖਿੱਚਣੀ ਚਾਹੀਦੀ ਹੈ ਤਾਂ ਕਿ ਲੜਾਈ ‘ਚ ਸੂਰਮਗਤੀ ਹਾਸਲ ਕਰਨ ਬਾਅਦ ਅਗਲੀ ਪੀੜ੍ਹੀ ਨੂੰ ਦਿਖਾਣ ਗੋਚਰੀ ਅਜਿਹੀ ਸ਼ੈਅ ਹੀ ਬਾਕੀ ਹੋਵੇ। ਪੇਸ਼ੀ ‘ਤੇ ਲਿਆਉਣ ਵਾਲੀ ਪੁਲਿਸ ਦੀ ਗਾਰਦ ਵਾਲੇ ਅਧਿਕਾਰੀ ਫੋਟੋ ਖਿੱਚਣ ਲਈ ਇੱਕ ਸ਼ਰਤ ‘ਤੇ ਮੰਨੇ ਕਿ ਹੱਥਕੜੀਆਂ ਪਿੱਛੇ ਲੁਕਾ ਲਈਆਂ ਜਾਣ। ਪੁਲਿਸ ਗਾਰਦ ਚਾਰ ਚੁਫੇਰੇ ਹੋ ਗਈ। ਇਸ ਤਰਾਂ ਇਹ ਫੋਟੋ ਖਿੱਚ ਹੋਈ।
ਉਹ ਸਮਾਂ ਬਹੁਤ ਤਸ਼ੱਦਦ ਅਤੇ ਜੰਗਲ ਰਾਜ ਦਾ ਸੀ। ਸਿੱਖ ਮੁੰਡਿਆਂ ਦੇ ਘਰੋਂ ਨਿਕਲਣ ‘ਤੇ ਪਤਾ ਨਹੀਂ ਹੁੰਦਾ ਸੀ ਕਿ ਉਹ ਵਾਪਸ ਘਰ ਪਰਤਣਗੇ ਜਾਂ ਨਹੀ। ਦਰਬਾਰ ਸਾਹਿਬ ‘ਤੇ ਹਮਲੇ ਨੂੰ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਸੀ। ਮੈਂ (ਬਿਲਕੁਲ ਸੱਜੇ) ਅੱਜ ਵੀ ਹੈਰਾਨ ਹਾਂ ਕਿ ਮੇਰੇ ਜਜ਼ਬੇ ‘ਚ ਉਦੋਂ ਤੋਂ ਲੈ ਅੱਜ ਤੱਕ ਭੋਰਾ ਵੀ ਫਰਕ ਨੀ ਪਿਆ। ਸਗੋਂ ਆਜ਼ਾਦੀ ਪ੍ਰਤੀ ਤੀਬਰਤਾ ਪਹਿਲੋਂ ਵੱਧ ਗਈ। ਮੇਰੀ ਉਮਰ ਅਜੇ 15 ਸਾਲਾਂ ਤੋਂ ਘੱਟ ਸੀ। ਬਾਕੀ ਨਾਲ ਖੜ੍ਹੇ ਮਿੱਤਰ ਵੀ 22ਆਂ ਤੋਂ ਥੱਲੇ ਥੱਲੇ। ਇਹਨਾਂ ‘ਚ ਬਿਲਕੁਲ ਖੱਬੇ ਭਾਈ ਰਾਮ ਸਿੰਘ ( ਨਾਭਾ ਜੇਲ੍ਹ ਬ੍ਰੇਕ ਮੌਕੇ ਸ਼ਹੀਦ) ਹੋ ਗਏ। ਉਹਨਾਂ ਦੇ ਨਾਲ ਅਮਰੀਕ ਸਿੰਘ ਲੰਗ ਅਤੇ ਕੁੱਝ ਹੋਰ ਸਿੰਘ ਸ਼ਹੀਦ ਹੋ ਚੁੱਕੇ ਹਨ)। ਮੈਨੂੰ ਵਾਹਿਗੁਰੂ ਨੇ ਵੱਖਰਾ ਜਿਹਾ ਸੁਭਾਅ ਦਿੱਤਾ ਕਿ ਬੱਸ ਹੱਸਦੇ ਰਹਿਣਾ। ਉਹ ਉਦੋਂ ਵੀ ਸੀ ਅਤੇ ਹੁਣ ਵੀ ਹੈ। ਅਰਦਾਸ ਹੈ ਇਹ ਜੰਗ ਹੱਸਦੇ ਹੱਸਦੇ ਹੀ ਲੜੀਏ ਅਤੇ ਜਿੱਤਾਂ ਹਾਸਲ ਕਰੀਏ।
-ਸੁਰਿੰਦਰ ਸਿੰਘ ਟਾਕਿੰਗ ਪੰਜਾਬ