THE ROOTS - ਰੂਟਸ

  • Home
  • THE ROOTS - ਰੂਟਸ

THE ROOTS - ਰੂਟਸ A MULTILINGUAL MAGAZINE ਬਹੁਭਾਸ਼ੀ ਮੈਗਜ਼ੀਨ It aims at making efforts to save and preserve, whatever is left with us in the name of language, culture and heritage.

www.rootspunjabi.com is the official website of the online multilingual magazine "THE ROOTS" which aims at providing a platform to the Punjabi Diaspora for interaction, sharing of concerns etc. It intends to initiate dialogue on various issues, even on the vexed ones, providing the fullest opportunity to each one, to express his/her viewpoint without hurting, of course, the feelings of others. The

magazine intends to promote camaraderie and brotherhood, among communities and nations through writings, literature and music. Your cooperation and support is earnestly solicited in making this venture a grand success.

ਵੈਬਸਾਈਟ www.rootspunjabi.com/ ਅਤੇ ਇਸ ਦੁਆਰਾ ਸੰਚਾਲਿਤ ਆਨਲਾਈਨ ਮੈਗਜ਼ੀਨ "THE ROOTS", ਪੰਜਾਬੀ ਮੂਲ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ ਮਾਤਰ ਹੈ. ਪੰਜਾਬੀ ਭਾਵੇਂ ਉਹ ਕਿਸੇ ਵੀ ਮਜ਼ਹਬ, ਫ਼ਿਰਕੇ ਜਾਂ ਜਾਤ ਨਾਲ ਸੰਬੰਧਤ ਹੋਣ ਅਤੇ ਕਿਸੇ ਵੀ ਭੂਗੋਲਿਕ ਖਿੱਤੇ ਦੇ ਵਸਨੀਕ ਹੋਣ, ਇਸ ਮੈਗਜ਼ੀਨ ਦੇ ਪੰਨਿਆਂ ਰਾਹੀਂ ਆਪਣੇ ਫ਼ਿਕਰਾਂ, ਮਾਨਤਾਵਾਂ, ਸਾਰੋਕਾਰਾਂ ਆਦਿ ਦਾ ਇਜ਼ਹਾਰ ਕਰ ਸਕਦੇ ਹਨ. ਇਹ ਆਨਲਾਈਨ ਮੈਗਜ਼ੀਨ, ਪਾਠਕਾਂ ਨੂੰ ਵੱਖੋ-ਵੱਖ ਮਸਲਿਆਂ, ਭਾਵੇ ਉਹ ਵਿਵਾਦਗ੍ਰਸਤ ਮਸਲੇ ਹੀ ਕਿਉਂ ਨਾ ਹੋਣ, ਉੱਤੇ ਸੰਵਾਦ ਰਚਾਉਣ ਲਈ ਮੰਚ ਮੁਹੱਈਆ ਕਰਵਾਉਣ ਲਈ ਵਚਨ-ਬੱਧ ਹੈ, ਜਿਥੇ ਹਰ ਕਿਸੇ ਨੂੰ, ਦੂਜਿਆਂ ਦੀ ਭਵਨਾਵਾਂ ਨੂੰ ਠੇਸ ਪਹੁੰਚਾਏ ਬਿਨਾਂ, ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਮਿਲੇਗਾ. ਅਖੌਤੀ ਆਧੁਨਿਕਤਾ, ਵਿਸ਼ਵੀਕਰਨ ਅਤੇ ਬਾਜ਼ਾਰੀਕਰਨ ਦੀ ਇਸ ਅੰਨੀਂ ਦੌੜ ਵਿਚ ਅਸੀਂ ਬਹੁਤ ਕੁਝ ਗੁਆ ਬੈਠੇ ਹਾਂ. ਜ਼ਰੂਰਤ ਹੈ ਉਸ ਕੁਝ ਨੂੰ ਜੋ ਸਾਡੇ ਕੋਲ ਪੰਜਾਬੀ ਤਹਿਜ਼ੀਵ ਦੇ ਰੂਪ ਵਿਚ ਬਚਿਆ ਹੈ, ਨੂੰ ਸੰਭਾਲਿਆ ਜਾਵੇ, ਪ੍ਰਸਪਰ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਜਾਵੇ, ਵੱਖੋ-ਵੱਖ ਫ਼ਿਰਕਿਆਂ, ਮਜ਼ਹਬਾਂ ਅਤੇ ਕੌਮਾਂ ਵਿਚਕਾਰ ਸਹਿਹੌਂਦ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਵੇ. ਅਜਿਹੇ ਹੀ ਕੁਝ ਮਨੋਰਥਾਂ ਨਾਲ ਇਸ ਮੈਗਜ਼ੀਨ ਰਾਹੀਂ ਤੁਹਾਡੇ ਸਨਮੁੱਖ ਹਾਜ਼ਰ ਹੋਏ ਹਾਂ ਅਤੇ ਤੁਹਾਡੇ ਭਰਪੂਰ ਹੁੰਗਾਰੇ ਦੀ ਸਾਨੂੰ ਤਵੱਕੋਂ ਰਹੇਗੀ

ਮੈਗਜ਼ੀਨ ਵਿੱਚ ਸ਼ਾਮਿਲ ਕਰਨ ਲਈ ਓਪਰੋਕਤ ਵਿਸ਼ਿਆਂ ਨਾਲ ਸਬੰਧਿਤ ਅਪਣੀਆਂ ਰਚਨਾਵਾਂ ਤੁਸੀਂ ਇਸ ਈਮੇਲ ਤੇ ਭੇਜ ਸਕਦੇ ਹੋ - [email protected]
ਵੈਬਸਾਈਟ ਦਾ ਐਡਰੈੱਸ ਇਹ ਹੈ ;
www.rootspunjabi.com/

12/08/2023

ਜਦ ਵੀ ਚਾਹਾਂਗੇ - ਪਰਮਿੰਦਰ ਜੀਤ || Punjabi Kavita || Parminder JitJoin us on Instagram/Facebook@punjabikavitaofficial

12/08/2023

ਵਿੰਡੋ ਸ਼ੌਪਿੰਗ - ਮਨਜੀਤ ਟਿਵਾਣਾ || Punjabi Kavita || Manjit TiwanaJoin us on Instagram/Facebook@punjabikavitaofficial

12/08/2023

ਸ਼ਹਿਰ ਚ ਕਿਰਾਏਦਾਰ -ਵਿਨੋਦ ਪਦਰਜ | Punjabi Kavita || Vinod PadrajJoin us on Instagram/Facebook@punjabikavitaofficial

12/08/2023
12/08/2023

ਕੀ ਇਹ ਛੋਟੀ ਗੱਲ ਹੈ? - ਸੇਵਕ ਸਿੰਘ || Punjabi Kavita || Sewak SinghJoin us on Instagram/Facebook@punjabikavitaofficial

12/08/2023

ਲਹੂ ਦਾ ਸੁਰਾਗ - ਫ਼ੈਜ਼ ਅਹਿਮਦ || Punjabi Kavitaਅਨੁਵਾਦ ਹਰਭਜਨ ਸਿੰਘ ਹੁੰਦਲ Join us on Instagram/Facebook@punjabikavitaofficial

ਗੁਰਿੰਦਰਜੀਤ ਸਿੰਘ ਦੀ ਅਤਿ ਸੁੰਦਰ ਕਵਿਤਾ ਦਾ ਓਨਾਂ ਹੀ ਸੁੰਦਰ ਪਾਠ ਸਤਿਬੀਰ ਸਿੰਘ ਨੂਰ ਦੀ ਆਵਾਜ਼ ਵਿਚ
10/08/2023

ਗੁਰਿੰਦਰਜੀਤ ਸਿੰਘ ਦੀ ਅਤਿ ਸੁੰਦਰ ਕਵਿਤਾ ਦਾ ਓਨਾਂ ਹੀ ਸੁੰਦਰ ਪਾਠ ਸਤਿਬੀਰ ਸਿੰਘ ਨੂਰ ਦੀ ਆਵਾਜ਼ ਵਿਚ

ਪ੍ਰੋ. ਜਗਮੋਹਨ ਸਿੰਘ ਹੁਰਾਂ ਦੀ ਇਕ ਅਰਥਪੂਰਨ ਕਵਿਤਾ
05/08/2023

ਪ੍ਰੋ. ਜਗਮੋਹਨ ਸਿੰਘ ਹੁਰਾਂ ਦੀ ਇਕ ਅਰਥਪੂਰਨ ਕਵਿਤਾ

ਬਾਬਾ ਕਹਿੰਦੈ:
ਧਨ ਜੋਬਨ ਤੇ ਸੋਹਣਾ ਖਿੜਿਆ ਫੁਲ
ਪ੍ਰਾਹੁਣੇ ਨੇ ਚਾਰ ਦਿਨਾਂ ਦੇ
ਇਨ੍ਹਾਂ ਨਹੀਂ ਰਹਿਣਾ
ਚੌਪਤੀ ਦੇ ਪੱਤਾਂ ਵਾਂਗ
ਨਾਸ ਹੋ ਜਾਣਾ

ਬਾਬਾ ਸਮਝਾਉਂਦੈ:
ਪੁਰਾਣਾ ਹੋ ਰਿਹਾ ਹੈ
ਤੇਰਾ ਚੋਲਾ
ਫਟ ਜਾਣਾ ਹੈ
ਇਸਨੇ ਆਖ਼ਿਰ
ਕਬਿਰਸਤਾਨ ਬਣ ਜਾਣਾ ਹੈ
ਤੇਰਾ ਟਿਕਾਣਾ
ਉਹੀ ਕਬਰਿਸਤਾਨ
ਜਿਸ ਵਿਚ ਸੁੱਤੇ ਪਏ ਨੇ
ਤੇਰੇ ਪੁਰਖੇ
ਸੁੱਤੇ ਪਏ ਨੇ
ਤਾਣ ਕੇ ਲੰਮੀਆਂ

ਬਾਬਾ ਕਹਿੰਦੈ:
ਪਿਆਰਿਆ !
ਹੁਣ ਵੇਲਾ ਹੈ
ਰੰਗੇ ਜਾਣ ਦਾ
ਰੰਗ ਮਾਣਨ ਦਾ
ਸੱਚ ਸੁਣਨ ਦਾ
ਸੱਚ ਕਹਿਣ ਦਾ
ਸੱਚ ਜੀਣ ਦਾ
ਪ੍ਰੀਤ ਪਾਉਣ ਦਾ
ਪ੍ਰੀਤ ਨਿਭਾਉਣ ਦਾ
ਫੁੱਲ ਉਗਾਉਣ ਦਾ
ਕੁਝ ਕਰ ਗੁਜ਼ਰਨ ਦਾ

ਮੈਂ ਹਾਂ ਕਿ ਅਣਸੁਣਿਆਂ ਕਰ ਦੇਂਦਾਂ
ਬਾਬੇ ਦੀਆਂ ਕਹੀਆਂ
ਸਾਰੀਆਂ ਗੱਲਾਂ
ਰੁਝਿਆ ਰਹਿੰਦਾਂ
ਹੇਰ-ਫ਼ੇਰ ਮੇਰ-ਤੇਰ 'ਚ
ਭੁੱਲ ਜਾਂਦਾਂ ਕਿ
ਮਰਨਾ ਵੀ ਹੈ
ਤੇ ਮਰਨ ਤੋਂ ਪਹਿਲਾਂ
ਜੀਣਾ ਵੀ ਹੈ................................- ਜਗਮੋਹਨ ਸਿੰਘ

#ਜਗਮੋਹਨਸਿੰਘ #ਕਵਿਤਾ #ਬਾਬਾ_ਕਹਿੰਦੈ

ਪ੍ਰੋ ਜਗਮੋਹਨ ਸਿੰਘ ਹੁਰਾਂ ਦੀ ਇਕ ਵਧੀਆ ਕਵਿਤਾ
03/08/2023

ਪ੍ਰੋ ਜਗਮੋਹਨ ਸਿੰਘ ਹੁਰਾਂ ਦੀ ਇਕ ਵਧੀਆ ਕਵਿਤਾ

ਬੰਦੇ ਦੇ ਮਰਨ ਨਾਲ - ਜਗਮੋਹਨ ਸਿੰਘ

ਸਭ ਕੁਝ ਨਹੀਂ ਮੁਕਦਾ
ਬੰਦੇ ਦੇ ਮਰਨ ਨਾਲ

ਰਹਿ ਜਾਂਦੈ ਕੁਝ ਬਾਕੀ
ਅਦਿੱਖ
ਅਛੋਹ
ਖਿਆਲਾਂ ਵਿਚ ਜਗਦਾ ਮਘਦਾ
ਦਿਲ 'ਚ ਤਾਂਘਦਾ

ਕਦੇ ਕਦੇ ਹੈ ਆ ਟਪਕਦਾ
ਬਿਜਲੀ ਦੀ ਲਿਸ਼ਕੋਰ ਵਾਂਗ
ਕਾਲੀ-ਬੋਲੀ
ਤਨਹਾਅ ਰਾਤ ’ਚ

ਕੋਲ ਬੈਠਦਾ
ਗੱਲ ਸੁਣਦਾ
ਹੁੰਗਾਰਾ ਭਰਦਾ
ਸਮਝਦਾ ਸਮਝਾਉਂਦਾ
ਦੁੱਖਾਂ ਦੀ ਥਹੁ ਲੈਂਦਾ
ਫੁੱਲ ਖਿੜ ਜਾਂਦੇ ਮਨ ’ਚ
ਸਮਾਂ ਜਿਵੇਂ ਠਹਿਰ ਜਾਂਦਾ

ਅਚਾਨਕ
ਕੁਝ ਦੇਰ ਬਾਦ
ਕੰਨੀ ਛੁਡਾ
ਤੁਰਦਾ ਲਗਦਾ
ਰੋਕਿਆਂ ਨਾ ਰੁਕਦਾ
ਕੋਈ ਪੇਸ਼ ਨਾ ਜਾਂਦੀ
ਹੰਝੂ ਭਰ ਆਉਂਦੀਆਂ ਅੱਖੀਆਂ
ਮਨ ਹਟਕੋਰੇ ਭਰਦਾ

ਕੁਝ ਨਹੀਂ ਮੁਕਦਾ
ਬੰਦੇ ਦੇ ਮਰਨ ਨਾਲ
ਕੁਝ ਵੀ ਤਾਂ ਨਹੀ

#ਜਗਮੋਹਨਸਿੰਘ #ਕਵਿਤਾ #ਪੰਜਾਬੀ_ਕਵਿਤਾ #ਗੁਰਮੁਖੀ_ਕਵਿਤਾ #ਮੌਤ_ਸਬੰਧੀ_ਕਵਿਤਾ #ਬੰਦੇ_ਦੇ_ਮਰਨ_ਨਾਲ

29/07/2023
ਅਮਿਤੋਜ ਦੀ ਖ਼ੂਬਸੂਰਤ ਕਵਿਤਾ 'ਡਿਕਲੀਗਰਾਮਾ' ਦਾ ਬਹੁਤ ਸੁੰਦਰ ਆਡੀਓ
17/07/2023

ਅਮਿਤੋਜ ਦੀ ਖ਼ੂਬਸੂਰਤ ਕਵਿਤਾ 'ਡਿਕਲੀਗਰਾਮਾ' ਦਾ ਬਹੁਤ ਸੁੰਦਰ ਆਡੀਓ

ਡਿਕਲੀਗਰਾਮਾ ਅਮਿਤੋਜ || Punjabi KavitaJoin us on Instagram/Facebook@punjabikavitaofficial

ਧੰਨ ਧੰਨ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ
16/07/2023

ਧੰਨ ਧੰਨ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ

'ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ'

ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ, ਜਿਨ੍ਹਾਂ ਨੇ ਆਪਣੀ ਖੋਪੜੀ ਤਾਂ ਲੁਹਾ ਲਈ, ਪਰ ਸਿਦਕ ਤੋਂ ਨਹੀਂ ਡੋਲੇ। ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ।
ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ, ਉੱਘੇ ਕਵੀ ਰਬਿੰਦਰ ਨਾਥ ਟੈਗੋਰ ਦੀ ਇਸ ਘਟਨਾ ਸਬੰਧੀ ਕਵਿਤਾ ਦਾ ਪੰਜਾਬੀ ਅਨੁਵਾਦ, ਪੰਜਾਬੀ ਮੂਲ ਦੇ ਸਮੂਹ ਦੋਸਤਾਂ ਦੀ ਨਜ਼ਰ ਪੇਸ਼ ਹੈ:

ਭਾਈ ਤਾਰੂ ਸਿੰਘ - ਰਬਿੰਦਰ ਨਾਥ ਟੈਗੋਰ
ਪੰਜਾਬੀ ਰੁਪਾਂਤਰਣ: ਜਗਮੋਹਨ ਸਿੰਘ (ਪ੍ਰੋ.)

ਇੰਝ ਕਿਹਾ ਬਾਦਸ਼ਾਹ ਨੇ
ਭਾਈ ਤਾਰੂ ਸਿੰਘ ਨੂੰ :
ਤਰਸ ਆਉਂਦਾ ਹੈ ਮੈਨੂੰ
ਤੇਰੀ ਅੱਖੜ ਜਵਾਨੀ ਤੇ,
ਤੇਰੀ ਅੱਖ ਮਸਤਾਨੀ ਤੇ
ਤੇਰੀਆਂ ਸੁਡੋਲ ਬਾਹਾਂ ਤੇ
ਤੇਰੇ ਮਜ਼ਬੂਤ ਸੀਨੇ ਤੇ,

ਨਹੀਂ ਦੇਵਾਂਗਾ ਮੌਤ ਤੈਨੂੰ
ਜਾਹ ਬਖਸ਼ਦਾਂ ਹਾਂ ਤੇਰੀ ਜਾਨ!
ਪਰ ਇਵਜ਼ ’ਚ ਦੇ ਜਾ ਮੈਨੂੰ
ਆਪਣੇ ਸੋਹਣੇ ਲੰਮੜੇ ਵਾਲ!!

ਤਾਰੂ ਸਿੰਘ
ਇਕ ਸੌਗਾਤ ਦੇ ਜਾ ਮੈਨੂੰ,
ਸੌਗਾਤ ਦੇ ਜਾ ਜਾਣ ਲੱਗਿਆਂ
ਆਪਣੇ ਸੋਹਣੇ ਲੰਮੜੇ ਵਾਲ!

ਬਾਦਸ਼ਾਹ ਮਨਜ਼ੂਰ ਹੈ ਮੈਨੂੰ
ਕਿਹਾ ਭਾਈ ਤਾਰੂ ਸਿੰਘ ਨੇ,
ਕਰੇਂਗਾ ਤੂੰ ਵੀ ਕੀ ਯਾਦ
ਕਿ ਮੰਗਿਆ ਸੀ ਕਿਸੇ ਨੇ
ਸਿੱਖ ਕੋਲੋਂ ਕਦੇ ਕੁਝ,
ਹਾਂ ਦੇ ਜਾਵਾਂਗਾ ਤੈਨੂੰ ਆਪਣੇ
ਸੋਹਣੇ ਲੰਮੜੇ ਵਾਲ!
ਪਰ ਸਿਰਫ ਵਾਲ ਨਹੀਂ
ਸਿਰ ਵੀ ਦਿਆਂਗਾ ਨਾਲ!!

20/06/2023

ਹੁਣ ਮੈਂ ਨਾਨਕ ਹੋਣਾ - ਸਰਬਜੀਤ ਕੌਰ ਸੋਹਲ

ਛੱਡ ਦਿੱਤੀ ਏ ਆਦਤ
ਬੇਗਾਨੀਆਂ ਨਜ਼ਰਾਂ ਦੇ
ਚਮਕਦਾਰ ਸ਼ੀਸ਼ਿਆਂ 'ਚੌ
ਸਵੈ ਨੂੰ ਵੇਖਣ ਦੀ

ਮੇਰੀ ਦੇਹੀ
ਮੇਰੀ ਅਗਨ
ਮੇਰੀ ਧਰਤੀ
ਮੇਰਾ ਅਸਮਾਨ
ਸਭ ਮੇਰੇ ਅਖ਼ਤਿਆਰ

ਨਹੀਂ ਚੜ੍ਹੋਨੀਆਂ
ਫੇਸ ਪਾਊਡਰ ਦੀਆਂ ਪਰਤਾਂ
ਬਿਊਟੀ ਪਾਰਲਰ ਜਾਣਾ
ਜਾਂ ਨਾ ਜਾਣਾ
ਭਵਾਂ ਤਰਾਸ਼ਨਾਂ
ਪਾਉਣਾ ਲਾਹੁਣਾ
ਮੇਰੀ ਮਰਜ਼ੀ ਤੇ ਨਿਰਭਰ

ਹੱਸਣਾ ਰੋਣਾ ,ਉਦਾਸ ਹੋਣਾ
ਮੇਰੀਆਂ ਹੱਦਾਂ ਸਰਹੱਦਾਂ
ਹੱਦਬੰਦੀਆਂ ਵੀ ਮੇਰੀਆਂ
ਉਲਝਣਾਂ ,ਗੁੰਝਲਾਂ ਸੁਲਝੋਣੀਆਂ
ਸਭ ਮੈਨੂੰ ਆਉਂਦੀਆਂ

ਹਾਂ ਮੈ ਇੰਨਸਾਨ
ਮਾਸੂਮੀਅਤ,ਮੱਕਾਰੀ
ਨਫ਼ਰਤਾਂ ਚਾਹਤਾਂ ਦੇ ਲੋਰ ਸੰਗ
ਆਉਂਦਾਂ ਮੈਨੂੰ ਨਿਭਣਾ

ਨਾਂ ਦੇਣਾ ਮੈਂ ਹੱਥ
ਹੱਥ ਕਿਸੇ ਹੋਰ
ਮੁਹੱਬਤਾਂ ,ਤਾਕਤਾਂ, ਸਿਰਜਣਾ
ਸਭ ਮੈਨੂੰ ਮੁਯਸਰ

ਤੈਥੋਂ
ਨਾ ਕਿਸੇ ਹੋਰ ਤੋਂ
ਲੈਣਾ ਮੈਂ
ਆਚਰਣ ਦਾ ਸਰਟੀਫਿਕੇਟ

ਮੈਂ ਤਾਂ ਨਿਭਣਾ
ਆਪਣੀਆਂ ਮਜ਼ਬੂਰੀਆਂ
ਕਮਜ਼ੋਰੀਆਂ ਦੇ ਸੰਗ
'ਤੇ ਰਚਾਉਣਾ
ਸਵੈ ਨਾਲ ਸੰਵਾਦ

ਪ੍ਰਿਜ਼ਮ ਹਾਂ ਮੈਂ
ਤੇ ਸਫੇਦ ਨੂੰ
ਸੱਤ ਰੰਗਾਂ ਚ
ਬਦਲਣਾ ਮੇਰੀ ਫ਼ਿਤਰਤ

ਮਨ ਦੀ ਸਲਤਨਤ
ਪੂਰੇ ਦੀ ਪੂਰੀ ਮੇਰੀ
ਹਕੂਮਤ ਨਹੀਂ ਕਿਸੇ ਦੀ
ਮੈਂ ਤਾਂ ਬਸ
ਆਪਣੇ ਲਈ
ਆਪਣੀਆਂ ਸ਼ਰਤਾਂ ਤੇ ਜੀਊਣਾ

ਹੁਣ ਮੈਂ ਜਾਣਾਂ
ਉਦਾਸੀਆਂ ਤੇ
ਤੇ ਬੱਸ ਹੁਣ ਮੈਂ
ਨਾਨਕ ਹੋਣਾ ....

20/06/2023

ਬੀਜ - ਤੇਜੀ ਸੇਠੀ
(ਹਿੰਦੀ ਤੋਂ ਤਰਜਮਾ: ਸੰਦੀਪ ਚੌਹਾਨ)

ਉਹ ਸਾਨੂੰ ਦਫ਼ਨਾਉਣ ਆਏ ਸਨ
ਭੁੱਲ ਗਏ ਕਿ ਅਸੀਂ ਬੀਜ ਸਾਂ !

ਜਿੰਨਾ ਡੂੰਘਾ ਦੱਬੇ
ਉੰਨੀ ਹੀ ਪਕੜ
ਫੈਲਾਅ
ਫੇਰ ਕੀ ਸੀ
ਕੁਝ ਮੌਸਮ...
ਅਤੇ ਇੱਕ ਦਿਨ
ਫੁੱਟ ਪਏ ਅਚਾਨਕ!
ਮਿੱਟੀ ਚੋਂ ਸਿਰ ਚੁੱਕਿਆ
ਅਤੇ ਖਿੜ ਪਏ

ਹੁਣ ਅਸੀਂ ਰੁੱਖ ਹਾਂ

ਹਰ ਬੀਜ ਦਾ ਸਮਾਂ ਤੈਅ ਹੈ
ਕੁੱਝ ਨਹੀਂ ਤੋਂ ਕੁੱਝ ਹੋਣ ਦਾ ....

ਇਹ ਕਵਿਤਾ ਕਿਸਾਨ ਅੰਦੋਲਨ ਦੌਰਾਨ ਇੱਕ ਮੈਕਸੀਕਨ ਕਹਾਵਤ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਹੈ। "ਉਹ ਸਾਨੂੰ ਦਫ਼ਨਾਉਣ ਆਏ ਸਨ, ਪਰ ਉਹ ਨਹੀਂ ਜਾਣਦੇ ਸਨ ਕਿ ਅਸੀਂ ਬੀਜ ਹਾਂ"।
ਇਹ ਕਵਿਤਾ ਔਖੇ ਸਮਿਆਂ ਵਿੱਚ ਡਟੇ ਰਹਿਣ ਅਤੇ ਵਿਕਾਸ ਅਤੇ ਪਰਿਵਰਤਨ ਦੀ ਪ੍ਰਕਿਰਿਆ 'ਤੇ ਭਰੋਸਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ....................................ਸੰਦੀਪ ਚੌਹਾਨ

25/05/2023

ਗਾਥਾ ਸਬਰ ਦੀ ਜਿੱਤ ਦੀ – ਜਗਮੋਹਨ ਸਿੰਘ

ਗੁਰੂ ਅਰਜਨ ਦੇਵ ਜੀ ਦੀ ਅਜ਼ੀਮ ਸ਼ਹਾਦਤ ਅਤੇ ਉਹਨਾਂ ਦੀ ਸਹਿਜ, ਸੁਨਿਮਰ, ਕੋਮਲ ਅਤੇ ਅਸੀਮ ਸਖ਼ਸ਼ੀਅਤ ਨੂੰ ਸਮਰਪਿਤ ਨਜ਼ਮ

ਜਦੋਂ ਉਹ
ਤੱਤੀ ਤਵੀ ਵਲ ਤੁਰਿਆ
ਸ਼ਬਦ ਦਾ ਉਜਾਸ ਸੀ
ਕਾਇਨਾਤ ਉਦਾਸ ਸੀ

ਉਸ ਕਿਹਾ
ਗਾਵਹੁ ਭਾਈ
ਮੇਰੇ ਨਿਰਭਓ ਕਾ ਸੋਹਿਲਾ ਗਾਵਹੁ
ਤੇ ਪੰਜਾਬ ਦੇ ਹਰੇ ਭਰੇ ਖੇਤ
ਲੈਅ ‘ਚ ਗੁਣਗੁਨਾਉਣ ਲਗੇ
ਤੇਰਾ ਕੀਆ ਮੀਠਾ ਲਾਗੈ
ਤੇ ਸਮੁੰਦਰ ਦੀ ਕੁਖ ‘ਚ
ਪਣਪ ਰਿਹਾ ਜਵਾਰਭਾਟਾ
ਸ਼ਾਂਤ ਹੋ ਗਿਆ

ਜਦੋਂ ਉਸਨੇ
ਤੱਤੀ ਤਵੀ ਤੇ ਆਸਣ ਲਾਇਆ
ਉਸਦੇ ਮੁਖ ਤੇ
ਸਹਿਜ ਦਾ ਪਾਸਾਰ ਸੀ
ਉਸਦੇ ਅਧਮੀਟੇ ਸੁਪਨੀਲੇ ਨੈਣਾਂ ‘ਚ
ਕਰੁਣਾ ‘ਤੇ ਮਿਹਰ ਦੀ ਭਰਮਾਰ ਸੀ
ਹੋਠਾਂ ਤੇ ਸੀ
ਜੀਵਨ ਦਾਤੀ ਮੁਸਕਾਨ
ਮਨ ‘ਚ
ਕੇਵਲ ਇਕ ਦਾ ਹੀ ਧਿਆਨ ਸੀ

ਉਸਨੇ ਪਿੰਡੇ ਤੇ
ਤੱਤੀ ਰੇਤ ਪਾਉਣ ਵਾਲੇ
ਹੱਥਾਂ ਨੂੰ ਛੁਹਿਆ
ਤੇ ਅਸੀਸ ਦਿੱਤੀ
ਉਹ ਹੱਥ
ਸ਼ਿਲਪੀ ਦੇ
ਹੱਥਾਂ ‘ਚ ਬਦਲ ਗਏ

ਜਬਰ ਖ਼ਿਲਾਫ਼
ਸਬਰ ਦੀ ਜਿੱਤ ਦੀ
ਇਹ ਗਾਥਾ
ਮੈਨੂੰ ਰਾਵੀ ਦਰਿਆ ਨੇ
ਆਪ ਸੁਣਾਈ ਹੈ
ਜਿਸ ਦੀਆਂ ਛੱਲਾਂ ‘ਚ
ਗੁਰੂ ਨੇ ਮਹਾਂ-ਪ੍ਰਸਥਾਨ ਤੋਂ ਪਹਿਲਾਂ
ਕੁਝ ਪਲ
ਵਿਸ਼ਰਾਮ ਕੀਤਾ ਸੀ

07/05/2023

ਕ੍ਰਿਆਸ਼ੀਲਤਾ - ਜਗਮੋਹਨ ਸਿੰਘ

ਚੁੱਭਦਾ ਰਹਿਦਾ ਹੈ ਕੁਝ ਅੰਦਰ
ਹਰ ਵੇਲੇ ਹਰ ਰੋਜ਼

ਦੁਖਦਾ ਰਹਿੰਦਾ ਹੈ ਦਿਲ
ਹਰ ਵੇਲੇ ਹਰ ਰੋਜ਼

ਡਬਡਬਾ ਜਾਂਦੀਆਂ ਨੇ ਅੱਖਾਂ ਅਕਸਰ
ਬਿਨਾਂ ਗੱਲੋਂ ਹੀ

ਤਸੱਲੀ ਨਹੀਂ ਦੇਂਦੀਆਂ ਦੋ ਰੋਟੀਆਂ
ਨੀਂਦ ਨਹੀਂ ਅਉਂਦੀ ਰਾਤਾਂ ਨੂੰ

ਕਹਿੰਦਾ ਰਹਿੰਦਾ ਹੈ ਕੋਈ ਅੰਦਰੋਂ ਹੀ
ਕਿ ਮੁੱਕ ਚੁਕਿਐ ਏਜੰਡਾ ਤੁਹਾਡਾ
ਜਗ੍ਹਾ ਖਾਲੀ ਕਰੋ ਤੇ ਤੁਰਦੇ ਬਣੋ
ਖੇਡਣ ਦਿਓ ਅਗਲਿਆਂ ਨੂੰ ਪਾਰੀ

ਅੰਦਰੋਂ ਹੀ ਜਵਾਬ ਆਉਂਦਾ ਹੈ ਕਿ
'ਬਿਨਾਂ ਆਊਟ ਹੋਏ ਕਿਉਂ ਛੱਡੀਏ ਮੈਦਾਨ
ਕਿਉਂ ਦਿਖਾਈਏ ਪਿੱਠ
ਸੁੱਟ ਦੇਈਏ ਹਥਿਆਰ
ਅਸੀਂ ਤਾਂ ਜੀਣਾ ਹੈ
ਹਰ ਹਾਲ ਚ ਜੀਣਾ ਹੈ'

ਸੋ ਟਿਕੇ ਹੋਏ ਹਾਂ ਕਰੀਜ਼ ਤੇ
ਹਰ ਬਾਲ ਤੇ ਬੱਲਾ ਘੁਮਾ ਦੇਈਦੈ
ਬਾਊਂਸਰਾਂ ਤੋਂ ਵੀ ਇੰਟੀਮੀਡੇਟ ਨਹੀਂ ਹੋ‍ਈਦੈ
ਇਹ ਵਖਰੀ ਗੱਲ ਹੈ ਕਿ ਆਊਟ ਨਹੀਂ ਹੋਏ ਅਜੇ

ਇਕ ਗੱਲ ਤਾਂ ਪੱਕੀ ਹੈ ਕਿ
ਪੂਰੀ ਪਾਰੀ ਖੇਡਾਂਗੇ
ਜੀਅ ਜਾਨ ਨਾਲ ਖੇਡਾਂਗੇ
ਸ਼ਾਨ ਨਾਲ ਜੀਆਂਗੇ ਤੇ ਲੜਦਿਆਂ ਮਰਾਂਗੇ

#ਜਗਮੋਹਨਸਿੰਘ #ਕਵਿਤਾ #ਕ੍ਰਿਆਸ਼ੀਲਤਾ

05/05/2023

ਇਹ ਜੱਗ ਸੋਹਣਾ - ਪਰਮਿੰਦਰ ਸੋਢੀ

ਹੇ! ਮਿੱਤਰ ਪਿਆਰੇ
ਮੋਹ ਦੇ ਮਾਰੇ
ਇਹ ਜੱਗ ਸੋਹਣਾ
ਲਗਦਾ ਤੇਰੇ ਕਰਕੇ

ਅਸੀਂ ਜਿੱਤ ਜਿੱਤ ਹਾਰੇ
ਅਸੀਂ ਝੱਲੇ ਪੀੜ ਝਮੇਲੇ
ਪਰ ਫਿਰ ਵੀ
ਹਰ ਦਿਨ ਸੋਹਣਾ
ਲੱਗਦਾ ਤੇਰੇ ਕਰਕੇ

ਅਗਲੇ ਦੀ
ਸਾਨੂੰ ਖ਼ਬਰ ਨਾ ਕੋਈ
ਪਰ ਇਹ ਪਲ
ਭੇਤੀ ਸੁਰਗਾਂ ਦਾ
ਲਗਦਾ ਝਿਲਮਿਲ ਤਾਰਾ

ਤੂੰ ਪਰਲੇ ਪਾਰੋਂ
ਏਧਰ ਆ
ਸਾਡੀ ਝੋਲੀ
ਝਿਲਮਿਲ ਪਾ

ਮੁਕਤੀ, ਸਦੀਵ, ਆਨੰਦ ਦੀ
ਸਾਨੂੰ ਕੋਈ ਲੋੜ ਨਹੀਂ
ਸਾਡੇ ਲਈ ਤਾਂ ਇਹੀ ਬਥੇਰਾ
ਤੇਰਾ ਬਹਿਣਾ ਇਕ ਪਲ
ਸਾਡੇ ਕੋਲ

ਹੇ! ਮਿੱਤਰ ਪਿਆਰੇ
ਮੋਹ ਦੇ ਮਾਰੇ
ਇਹ ਜੱਗ ਸੋਹਣਾ
ਲਗਦਾ ਤੇਰੇ ਕਰਕੇ

24/04/2023

ਚੀਰੇ ਵਾਲਿਆ - ਸ਼ਿਵ ਕੁਮਾਰ ਬਟਾਲਵੀ

ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ

ਅਸੀਂ ਜੰਗਲੀ ਹਿਰਨ ਦੀਆਂ ਅੱਖੀਆਂ
ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਬੇਲਿਆਂ 'ਚ ਬਲ ਵੇ ਰਹੀਆਂ ਚੀਰੇ ਵਾਲਿਆ

ਅਸੀਂ ਪੱਤਣਾਂ 'ਤੇ ਪਈਆਂ ਬੇੜੀਆਂ
ਪਈਆਂ ਪਈਆਂ ਡੁੱਬ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਡੁੱਬ ਵੇ ਰਹੀਆਂ ਚੀਰੇ ਵਾਲਿਆ

ਅਸੀਂ ਖੰਡ ਮਿਸ਼ਰੀ ਦੀਆਂ ਡਲੀਆਂ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ

ਅਸੀਂ ਕਾਲੇ ਚੰਦਨ ਦੀਆਂ ਗੇਲੀਆਂ
ਪਈਆਂ ਪਈਆਂ ਧੁਖ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਧੁਖ ਵੇ ਰਹੀਆਂ ਚੀਰੇ ਵਾਲਿਆ

ਅਸੀਂ ਕੱਚਿਆਂ ਘਰਾਂ ਦੀਆਂ ਕੰਧੀਆਂ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ
ਚੀਰੇ ਵਾਲਿਆ ਦਿਲਾਂ ਦਿਆ ਕਾਲਿਆ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ

23/04/2023

ਇਨਕਲਾਬ! ਇਨਕਲਾਬ!!
ਜਿਸ ਤਰ੍ਹਾਂ ਪਾਗਲ ਦਾ ਖ਼ਾਬ
ਲਾ ਰਿਹੈ ਰੱਕੜ 'ਚ ਜੋ ਦਾਖਾਂ ਦੀ ਦਾਬ

ਅਰਥਹੀਣਾ ਜਿਸ ਤਰ੍ਹਾਂ ਹਿਜੜੇ ਦਾ ਹੁਸਨ
ਫਲ ਵਿਹੂਣਾ ਜਿਸ ਤਰ੍ਹਾਂ ਕੰਜ ਦਾ ਸ਼ਬਾਬ
'ਨੇਰੀਆਂ ਹਿੱਕਾਂ 'ਚ ਅੰਨ੍ਹਾ ਆਫ਼ਤਾਬ

ਫ਼ਰਜ਼ੀ ਗੁਲਸ਼ਨ ਵਿਚ ਕੁਈ ਕਾਗਤ ਦਾ ਫੁੱਲ
ਜਿਸਦੇ ਉੱਤੇ ਤ੍ਰੇਲ ਦੀ ਥਾਵੇਂ ਤਿਜ਼ਾਬ
ਚੁਗਦੀਆਂ ਡਾਰਾਂ ਨੂੰ ਜੰਗਲ ਦਾ ਜਵਾਬ
ਪਿਆਸੇ ਇੱਜੜ ਸਾਹਮਣੇ ਇਕ ਖ਼ੁਸ਼ਕ ਢਾਬ

ਹਾਇ! ਹਾਇ!! ਮਿਸ਼ਰ ਦੇ ਮੂਕੇ 'ਚ ਮਾਸ
ਤੌਬਾ! ਮੌਲਾਨਾ ਦੀ ਮਟਕੀ ਵਿਚ ਸ਼ਰਾਬ

ਭਾਸ਼ਾਕਾਰੀ ਤੋਂ ਅਗਾਂਹ ਹੈ ਕਾਵਿਲੋਕ
ਮੇਰੀ ਪਹੁੰਚੋਂ ਦੂਰ ਰਹਿੰਦੇ ਨੇ ਜਨਾਬ

ਇਨਕਲਾਬ!!!
.................................... - ਵਿਜੇ ਵਿਵੇਕ

18/04/2023

*ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥

ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਅੰਮ੍ਰਿਤਸਰ ਸਾਡਾ ਅਤਿ ਮੁਕੱਦਸ ਕੇਂਦਰੀ ਅਸਥਾਨ ਹੈ। ਕਰੀਬ ਚਾਰ ਸਦੀਆਂ ਤੋਂ ਇਸ ਅਸਥਾਨ ਤੇ ਭਰਾਤਰੀਅਤਾ (brotherhood), ਬਰਾਬਰਤਾ (equality), ਮਿਲਵਰਤਨ ਅਤੇ ਸਾਂਝੀਵਾਲਤਾ, ਉਗਮੀ ਅਤੇ ਵਿਕਸਿਤ ਹੋਈ ਹੈ। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਇਸ ਅਸਥਾਨ ਦੀ ਨੀਂਹ ਇਕ ਮੁਸਲਮਾਨ ਸੂਫ਼ੀ ਫ਼ਕੀਰ, ਸਾਈਂ ਮੀਆਂ ਮੀਰ ਕੋਲੋਂ ਰਖਵਾਈ ਸੀ। ਇਹ ਅਸਥਾਨ ਸਾਡੇ ਅਕੀਦੇ, ਵਿਸ਼ਵਾਸ ਅਤੇ ਪਰੰਪਰਾਵਾਂ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ। ਇਥੋਂ ਸਾਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਸ ਅਸਥਾਨ ਦੇ ਦਰਸ਼ਨਾਂ ਲਈ ਹਰ ਕੌਮੀਅਤ, ਮਜ਼ਹਬ ਜਾਂ ਜਾਤ ਵਾਲਾ ਵਿਅਕਤੀ ਆ ਜਾ ਸਕਦਾ ਹੈ, ਪਰ ਉਸ ਵੱਲੋਂ ਇਸ ਅਸਥਾਨ ਨਾਲ ਜੁੜੀਆਂ ਆਸਥਾਵਾਂ, ਮਰਿਯਾਦਾਵਾਂ ਅਤੇ ਇਸਦੇ ਪਰਿਸਰ ਵਿਚ ਪਸਰੀ ਰੂਹਾਨੀਅਤ ਅਤੇ ਸ਼ਾਂਤੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨੈਸ਼ਨਲ (ਗੋਦੀ) ਮੀਡੀਆ ਨੂੰ ਹਰ ਗੱਲ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ, ਉਨ੍ਹਾਂ ਨੂੰ ਕਟਿਹਰੇ ਵਿਚ ਖੜਾ ਕਰਨ ਅਤੇ ਇਕ ਕੋਨੇ ਵਿਚ ਧੱਕਣ ਦੀ ਕੋਸ਼ਿਸ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਗੈਰ-ਸੰਜੀਦਾ ਅਨਸਰ ਨੂੰ (ਜੋ ਇਸ ਅਸਥਾਨ ਨੂੰ ਸੈਰਗਾਹ ਜਾਂ ਟੂਰਿਸਟ ਸਪਾਟ ਸਮਝਦੇ ਹਨ) ਪ੍ਰੋਤਸਾਹਿਤ ਨਹੀਂ ਕਰਨਾ ਚਾਹੀਦਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ, ਦਰਬਾਰ ਸਾਹਿਬ ਪਰਿਸਰ ਦੀ ਮਰਿਯਾਦਾ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ। ਸ਼੍ਰੋਮਣੀ ਕਮੇਟੀ ਦੇ ਸਟਾਫ਼ ਨੂੰ ਆਪਣੀ ਡਿਊਟੀ ਨਿਭਾਉਂਦਿਆਂ, ਸਬਰ, ਧੀਰਜ ਅਤੇ ਤਹੱਮਲ ਤੋਂ ਕੰਮ ਲੈਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਉਨ੍ਹਾਂ ਦਾ ਕੰਮ ਬਹੁਤ ਔਖਾ ਹੈ, ਫਿਰ ਵੀ ਉਨ੍ਹਾਂ ਦਾ ਯਾਤਰੂਆਂ ਨਾਲ ਵਿਵਹਾਰ, ਇਜ਼ਤ ਵਾਲਾ ਅਤੇ ਮਿਠਾਸ ਭਰਿਆ ਹੋਣਾ ਚਾਹੀਦਾ ਹੈ।

14/04/2023

*ਵਿਸਾਖੀ ਦੇ ਪੁਰਬ / ਖਾਲਸਾ ਸਾਜਨਾ ਦਿਵਸ ਦੀਆਂ ਲੱਖ-ਲੱਖ ਵਧਾਈਆਂ*

ਵਿਸਾਖੀ ਦਾ ਸਬੰਧ ਸਾਡੀ ਸ਼ਾਹਰਗ ਨਾਲ ਹੈ - ਸਾਡੀ ਜ਼ਿੰਦਗੀ ਨਾਲ ਹੈ – ਸਾਡੀ ਹੌਂਦ ਨਾਲ ਹੈ – ੧੩ ਅਪ੍ਰੈਲ ੧੬੯੯ ਵਾਲੇ ਦਿਨ ਬਾਪੂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਇਕ ਬੇਮਿਸਾਲ ਵਿਸ਼ਾਲ ਇੱਕਠ ਦਾ ਆਯੋਜਨ ਕਰਦੇ ਹਨ – ਦੇਸ਼ ਦੇ ਕੋਨੇ-ਕੋਨੇ ਤੋਂ ਗੁਰੂ ਨਾਨਕ ਨਾਮ ਲੇਵਾ ਲੋਕ ਸੰਗਤ ਰੂਪ ਵਿਚ ਪਹੁੰਚਦੇ ਹਨ – ਇਸ ਦਿਨ ਖਾਲਸੇ ਦੀ ਸਾਜਨਾ ਹੁੰਦੀ ਹੈ ‌- ਪੰਜ ਪਿਆਰਿਆਂ ਦੀ ਚੋਣ ਹੁੰਦੀ ਹੈ – ਪੰਜ ਸਿੰਘਾਂ ਤੋਂ ਗੁਰੂ ਬਾਪੂ ਜੀ ਖੰਡੇ ਦੀ ਪਾਹੁਲ ਦੀ ਯਾਚਨਾ ਕਰਦੇ ਹਨ – ਆਪੇ ਗੁਰ ਚੇਲਾ ਕਹਿਲਾਉਂਦੇ ਹਨ - ਇਕ ਨਵੀਂ ਕਮਿਊਨ ਦੀ ਸਥਾਪਨਾ ਹੁੰਦੀ ਹੈ, ਜਿਸ ਵਿਚ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਬਰਾਬਰ ਨੇ, ਹਮ-ਰੁਤਬਾ ਨੇ, ਜਾਤ-ਪਾਤ ਦਾ ਖਾਤਮਾ ਹੁੰਦਾ ਹੈ, ਰੰਗ ਮਜ਼ਹਬ ਦਾ ਭੇਦਭਾਵ ਮੁੱਕਦਾ ਹੈ – ਸੰਗਤ ਖਾਲਸਾ ਰੂਪ ਹੋ ਜਾਂਦੀ ਹੈ - ਜ਼ੁਲਮ ਖਿਲਾਫ ਸਦੀਵੀ ਸੰਘਰਸ਼ ਦਾ ਬਿਗਲ ਵੱਜ ਜਾਂਦਾ ਹੈ – ਇਸ ਸੰਘਰਸ਼ ਵਿਚ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ – ਸਾਹਿਬਾਂ ਦੀਆਂ ਅੱਖਾਂ ਦੀ ਨਮੀਂ, ਅੱਥਰੂ ਰੂਪ ਵਿਚ ਪ੍ਰਗਟ ਨਹੀਂ ਹੁੰਦੀ – ਮੁਖਾਰਬਿੰਦ ਤੇ ਸ਼ੁਕਰਾਨੇ ਦੇ ਭਾਵ ਹੀ ਰਹਿੰਦੇ ਨੇ।
ਸਾਹਿਬਾਂ ਦੇ ਸਾਡੇ ‘ਤੇ ਅਣਗਿਣਤ ਉਪਕਾਰ ਹਨ, ਬਖਸ਼ਿਸ਼ਾਂ ਹਨ, ਰਹਿਮਤਾਂ ਹਨ। ਆਦਿ ਗਰੰਥ (ਸ੍ਰੀ ਗੁਰੂ ਗਰੰਥ ਸਾਹਿਬ) ਦੀ ਪੁਨਰ ਸੰਪਾਦਨਾ ਅਤੇ ਸ਼ਬਦ ਗੁਰੂ ਨੂੰ ਗੁਰਿਆਈ ਸੌਂਪਣਾ ਉਨ੍ਹਾਂ ਦੇ ਮਹਾਨਤਮ ਉਪਕਾਰ ਹਨ।
ਸਾਹਿਬਾਂ ਵੱਲੋਂ ਲਗਾਈ ਸੰਘਰਸ਼ ਦੀ ਜਾਗ ਹੀ ਸੀ ਜਿਸ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਪੰਜਾਬ –ਹਰਿਆਣਾ-ਪੱਛਮੀ ਉਤਰ ਪ੍ਰਦੇਸ਼ ਦੇ ਕਿਰਤੀਆਂ ਨੂੰ ਸੰਘਰਸ਼ ਲਈ ਪ੍ਰੇਰਿਆ ਅਤੇ ਫਤਹਿ ਹਾਸਲ ਦਵਾਈ।
ਆਓ ਅੱਜ ਦੇ ਦਿਨ ਸਾਹਿਬਾਂ ਦੇ ਦਿਖਾਏ ਹੋਏ ਰਸਤੇ 'ਤੇ ਚੱਲਣ ਦਾ ਪਰਣ ਦੁਹਰਾਈਏ - ਜਾਤਪਾਤ ਦੀਆਂ ਵੰਡੀਆਂ ਨੂੰ ਦੂਰ ਕਰੀਏ - ਨਾ ਜ਼ੁਲਮ ਸਹੀਏ ਅਤੇ ਨਾ ਜ਼ੁਲਮ ਕਰੀਏ - ਸਰਬੱਤ ਦੇ ਭਲੇ ਦੇ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਬਤੀਤ ਕਰੀਏ।
ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਦੀ ਨਦਰ ਬਣਾਈ ਰੱਖਣ

(ਨੋਟ: ਇਸ ਪੋਸਟ ਨਾਲ ਦਿੱਤੀ ਫੋਟੋ ਕਾਲਪਨਿਕ ਹੈ)

10/04/2023

ਇਕ ਚੁੱਪ - ਸੌ ਦੁੱਖ ( ਜਗਮੋਹਨ ਸਿੰਘ)

ਇਕ ਚੁੱਪ
ਸੌ ਦੁੱਖ.
ਹਿੰਮਤ ਪਸਤ
ਮਨ ਰੋਗ-ਗ੍ਰਸਤ.
ਬੰਦਾ ਲਾਚਾਰ
ਅੰਦਰੋਂ ਧਿਰਕਾਰ.
ਹਾਰ ਦਾ ਅਹਿਸਾਸ
ਚਿੱਤ ਉਦਾਸ.
ਬੰਦਾ ਨਿੰਮੋਝੂਣਾ
ਕੱਦ ਊਣਾ-ਊਣਾ.
ਪੜ੍ਹਿਆ ਵਿਅਰਥ
ਜੀਣਾ ਬੇਅਰਥ.
ਆਤਮਾ ਤੇ ਬੋਝ
ਪਲ-ਪਲ ਦੀ ਮੌਤ.
ਨੇਰ੍ਹੇ ਦਾ ਪਸਾਰ
ਰੌਸ਼ਨੀ ਦੀ ਹਾਰ.
ਇਕ ਚੁੱਪ
ਸੌ ਦੁੱਖ ................................- ਜਗਮੋਹਨ ਸਿੰਘ

ਕਾਜ਼ੀ ਨਾਲ ਗੋਸ਼ਠ  -  ਕਰਨਜੀਤ ਸਿੰਘ (ਡਾ.)ਮੈਂ ਕੌਣ ਹਾਂ ?ਰੱਬ ਦਾ ਬੰਦਾਨਾਨਕ ਆਖ ਕੇ ਸੱਦਿਆ ਜਾਂਦਾਖ਼ਾਕਸਾਰ ਨਾਚੀਜ਼ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼...
25/01/2023

ਕਾਜ਼ੀ ਨਾਲ ਗੋਸ਼ਠ - ਕਰਨਜੀਤ ਸਿੰਘ (ਡਾ.)

ਮੈਂ ਕੌਣ ਹਾਂ ?
ਰੱਬ ਦਾ ਬੰਦਾ
ਨਾਨਕ ਆਖ ਕੇ ਸੱਦਿਆ ਜਾਂਦਾ
ਖ਼ਾਕਸਾਰ ਨਾਚੀਜ਼
ਆਪਾਂ ਫੱਕਰਾਂ ਨੂੰ ਸਾਰਾ ਜਗਤ ਅਜ਼ੀਜ਼
ਥਾਂ ਥਾਂ ਉਸ ਦਾ ਹੁਕਮ ਪੁਚਾਣਾ
ਮੇਰਾ ਧੰਦਾ !

ਕੀ ਆਖਿਆ?
ਮੈਂ ਗੁਸਤਾਖ਼! ਮੈਂ ਅਗਿਆਨ!
ਮੱਕੇ ਵੱਲ ਪੈਰ ਪਸਾਰ ਸੁੱਤਾ ਹੋਇਆ
ਪਰਵਦਗਾਰ
ਅਲਾਹ ਪਾਕ ਦਾ ਇਹ ਅਪਮਾਨ!

ਕੀ ਕਿਹਾ ਹਜ਼ੂਰ?
ਰੱਬ ਦਾ ਘਰ ਹੈ
ਕਾਇਨਾਤ ਵਿਚ ਚੱਪੇ ਚੱਪੇ
ਜ਼ਰੇ ਜ਼ਰੇ ਦੇ ਵਿਚ ਜਿਹੜਾ
ਜ਼ਾਹਿਰ ਜ਼ਹੂਰ
ਮੈਨੂੰ ਨਾ ਕੋਈ ਉਸ ਦਾ ਡਰ ਹੈ?

ਵਾਹ ਬੀ ਵਾਹ!
ਝਾਤੀ ਮਾਰ ਗਿਰੇਬਾਂ ਅੰਦਰ
ਉਲਟਾ ਚੋਰ ਕੋਤਵਾਲ ਨੂੰ ਡਾਂਟੇ
ਨਾ ਰੱਬ ਤੀਰਥ, ਨਾ ਰੱਬ ਮੱਕੇ
ਰੱਬ ਦਾ ਡੇਰਾ ਮਨ ਦੇ ਅੰਦਰ!

ਇਹ ਤਾਂ ਕਚ ਹੈ
ਬੰਦਗੀ ਕਿੱਥੇ
ਤਸਬੀ ਦੇ ਮਣਕੇ ਹੀ ਗਿਣਨਾ, ਅੰਨੀ ਸ਼ਰਧਾ
ਤੌਹੀਦ ਦੀਆਂ ਆਜ਼ਾਨਾਂ
ਨਿਰੀਆਂ ਫੋਕੀਆਂ ਟਾਹਰਾਂ
ਗੱਲ ਮੁਕਦੀ ਹੈ ਅਮਲਾਂ ਉਤੇ
ਕਰਨੀ ਕਿੱਥੇ?

ਤੇਰੀ ਮਰਜ਼ੀ!
ਕੁਝ ਵੀ ਮੇਰਾ ਨਹੀਂ ਹੈ
ਮੈਂ ਨਹੀਂ ਝਗੜਾ ਬਹੁਤਾ ਕਰਨਾ
ਭਾਵੇ ਮੇਰੀਆਂ ਲੱਤਾਂ ਵੱਢ ਦੇ
ਭਾਵੇਂ ਪੈਰ ਓਧਰ ਨੂੰ ਕਰ ਦੇ
ਜਿਧਰ ਰੱਬ ਦਾ ਘੱਰ ਨਹੀਂ ਹੈ

ਤੇ ਫਿਰ ਕਾਜ਼ੀ
ਨੂੰ ਇਕ ਐਸਾ ਚੱਕਰ ਆਇਆ
ਡੌਰ ਭੌਰੀਆਂ ਅੱਖਾਂ ਅੱਗੇ
ਭੰਬਰ ਤਾਰੇ ਨੱਚਣ ਲੱਗੇ
ਤਾਰਿਆਂ ਵਿਚ ਮੱਕੇ ਦਾ ਸਾਇਆ
ਮੱਥਾ ਫੜ ਕੇ ਬਹਿ ਗਿਆ ਭੁੰਜੇ
ਜੀਕਣ ਉਹਦਾ ਜੀਅ ਨਹੀਂ ਰਾਜੀ!

ਹੱਥਾਂ ਦੀ ਜ਼ੁਬਾਨ - ਜਗਮੋਹਨ ਸਿੰਘਸ਼ਬਦ ਸਿਰਫ ਮੂੰਹ ਨਾਲ ਨਹੀਂ ਬੋਲੇ ਜਾਂਦੇਅੱਖਾਂ ਵੀ ਗੱਲਾਂ ਕਰਦੀਆਂ ਨੇਹੱਥ ਵੀ ਕੁਝ ਕਹਿੰਦੇ ਨੇਜਦੋਂ ਤੁਸੀਂ ਮਾਸੂ...
24/01/2023

ਹੱਥਾਂ ਦੀ ਜ਼ੁਬਾਨ - ਜਗਮੋਹਨ ਸਿੰਘ

ਸ਼ਬਦ ਸਿਰਫ ਮੂੰਹ ਨਾਲ ਨਹੀਂ ਬੋਲੇ ਜਾਂਦੇ
ਅੱਖਾਂ ਵੀ ਗੱਲਾਂ ਕਰਦੀਆਂ ਨੇ
ਹੱਥ ਵੀ ਕੁਝ ਕਹਿੰਦੇ ਨੇ

ਜਦੋਂ ਤੁਸੀਂ ਮਾਸੂਮ ਬਾਲ ਦੀਆਂ ਗੱਲ੍ਹਾਂ ਸਹਿਲਾਉਂਦੇ ਹੋ
ਪਿਆਰ ਦੇ ਸੈਆਂ ਸ਼ਬਦ ਬੋਲ ਜਾਂਦੇ ਓ

ਜਦੋਂ ਬਾਪ ਧੀ ਦਾ ਸਿਰ ਪਲੋਸਦਾ ਹੈ
ਬਹੁਤ ਕੁੱਝ ਅਣਕਿਹਾ ਕਹਿ ਜਾਂਦਾ ਹੈ
ਜਿਸਨੂੰ ਸੁਣ
ਧੀ ਦੀ ਅੱਖ ਚੋਂ ਹੰਝੂ ਡਲਕਦਾ ਹੈ

ਜਦੋਂ ਆਪਾਂ ਕਿਸੇ ਨਾਲ ਹੱਥ ਮਿਲਾਉਂਦੇ ਹਾਂ
ਹੱਥ ਦੱਸ ਦਿੰਦੇ ਨੇ
ਕਿ ਉਹ ਕਿੰਨਾ ਕੁ ਵੈਲਕਮ ਹੈ

ਪਿਆਰਿਆਂ ਨੂੰ ਵਿਦਾ ਕਰਨ ਵੇਲੇਂ
ਉਨ੍ਹਾਂ ਦੇ ਦੂਰ ਜਾਣ ਤੀਕ
ਆਪਾਂ ਹੱਥ ਹਿਲਾਉਂਦੇ ਰਹਿੰਦੇ ਹਾਂ
ਤੇ ਬਹੁਤ ਕੁੱਝ ਅਜਿਹਾ ਕਹਿ ਜਾਂਦੇ ਹਾਂ
ਜੋ ਲੰਮਾ ਸਮਾਂ ਟੁੰਬਦਾ ਰਹਿੰਦਾ ਹੈ

ਇਕ ਸ਼ਾਇਰ ਦਾ ਕਹਿਣਾ ਹੈ
ਕਿ ਉਹ ਕਵਿਤਾ ਨਹੀਂ ਲਿਖਦਾ
ਹੱਥ ਬੀਜਦਾ ਹੈ
ਜਦੋਂ ਹੱਥ ਉੱਗਦੇ ਨੇ
ਮੁੱਠੀਆਂ ਮੀਚ ਮੀਚ ਕੇ
ਹੱਕ ਹੱਕ ਬੋਲਦੇ ਨੇ
ਉਨ੍ਹਾਂ ਵਿਚੋਂ ਕੁਝ ਤਾਂ ਗਲਾਵਿਆਂ ਤੀਕ ਵੀ ਅਪੜ ਜਾਂਦੇ ਨੇ

ਮੈਂ ਇਕ ਬੰਦੇ ਨੂੰ ਜਾਣਦਾਂ
ਜਿਸ ਦਾ ਇਕ ਹੱਥ ਨਹੀਂ
ਟੁੰਡ ਹੈ
ਟੁੰਡ ਨਾਲ ਵੀ
ਉਹ ਸਭ ਕੁਝ ਕਹਿ ਜਾਂਦਾ ਹੈ
ਜੋ ਉਸਦੇ ਦਿਲ ਵਿਚ ਹੁੰਦਾ ਹੈ

ਅੱਖਾਂ ਦੀ ਜ਼ੁਬਾਨ ਬਾਰੇ
ਤੁਸੀਂ ਬਹੁਤ ਗੱਲਾਂ ਸੁਣੀਆਂ ਹੋਣਗੀਆਂ
ਪਰ ਹੱਥਾਂ ਦੀ ਭਾਸ਼ਾ
ਜ਼ਿਆਦਾ ਸਟੀਕ ਹੈ
ਖਾਸ ਤੌਰ ਤੇ ਨਰਾਜ਼ਗੀ ਵਾਲੀ
ਜਿਸਨੂੰ ਬਚਪਨ ਵਿਚ
ਸਾਡੀ ਪੀੜ੍ਹੀ ਦੇ ਲੋਕ
ਅਕਸਰ ਸੁਣਦੇ ਹੁੰਦੇ ਸਨ
ਸਤੇ ਹੋਏ ਮਾਪਿਆਂ ਕੋਲੋਂ
ਤੇ ਸਕੂਲਾਂ ਵਿਚ
ਮਾਸਟਰਾਂ ਹੱਥੋਂ ਵੀ

ਪਿਆਰ ਚ ਵੀ
ਹੱਥਾਂ ਦੀ ਜ਼ੁਬਾਨ ਜ਼ਿਆਦਾ ਕਾਰਗਰ ਹੈ
ਪਹਿਲਾਂ ਹੱਥਾਂ ਦੀ ਕਰਿੰਗੜੀ ਪੈਂਦੀ ਹੈ
ਇਕਰਾਰ ਹੁੰਦੇ ਨੇ
ਫਿਰ ਦਿੱਲ ਮਿਲਦੇ ਨੇ

ਇਕ ਬੰਦਾ ਆਂਹਦਾ ਹੈ
ਸਵੇਰੇ ਉੱਠ ਕੇ ਪਹਿਲਾਂ ਆਪਣੇ ਹੱਥਾਂ ਨੂੰ ਦੇਖੋ
ਸਹਿਲਾਓ
ਅਤੇ ਫਿਰ ਕਿਸੇ ਹੋਰ ਕੰਮ ਨੂੰ ਹੱਥ ਪਾਓ
ਹੱਥ ਨੇ ਤਾਂ ਜ਼ੁਬਾਨ ਹੈ
ਹੱਥ ਨੇ ਤਾਂ ਜਹਾਨ ਹੈ
ਹੱਥ ਨਹੀਂ ਤਾਂ ਕੁੱਝ ਵੀ ਨਹੀਂ
ਨਾ ਜੀਣਾ ਨਾ ਮਰਨਾ

#ਜਗਮੋਹਨਸਿੰਘ #ਕਵਿਤਾ #ਹੱਥਾਂ_ਬਾਰੇ_ਕਵਿਤਾ

23/01/2023

ਤੇਰੇ ਤੇ ਮੇਰੇ ਵਿਚਕਾਰ - ਦੇਵ

ਹੁੰਦੀਆਂ ਸਨ ਮੇਰੇ ਤੇ ਤੇਰੇ ਵਿਚਕਾਰ
ਤਰ੍ਹਾਂ ਤਰ੍ਹਾਂ ਦੀਆਂ ਅਨੇਕਾਂ
ਖਾਮੋਸ਼ੀਆਂ
ਖੂਬਸੂਰਤ
ਤੇ ਹੁਣ ਬੁਣ ਰਹੇ ਹਾਂ ਇਕ ਦੂਸਰੇ ਦੇ ਖਿਲਾਫ : ਸਾਜ਼ਸ਼ਾਂ
ਦੇ ਰਹੇ ਹਾਂ ਤੋਹਮਤਾਂ ਤੇ ਜ਼ਰਬਾਂ
ਮੈਂ ਮੈਂ ਤੂੰ ਤੂੰ ਦੀਆਂ,
ਤੂੰ ਵਾਰਤਕ 'ਚ ਬਦਲ ਚੁੱਕੀਂ ਏਂ
ਮੈਂ ਵਰਜਿਤ ਫਲ ਦੇ ਜ਼ਹਿਰ ਅੰਦਰ,
ਜਮ੍ਹਾਂ ਹੋ ਰਹੇ ਨੇ ਸ਼ਿਕਵੇ
ਜ਼ਿੱਲਤ ਬਣ ਕੇ ਜਿਲਦ ਅੰਦਰ,
ਕਿੰਨੇ ਖੁਸ਼ ਹੁੰਦੇ ਸੀ ਅਸੀਂ
ਅੱਜ ਇਹ ਕਿੰਨੀ ਦੂਰੀ ਦੀ ਗੱਲ,
ਸੁੱਤੇ ਹੋਏ ਹਾਂ : ਜਾਗਦੇ ਹੋਣ ਦਾ ਭਰਮ ਪਹਿਨ ਕੇ
ਸਾਡੇ ਰਿਸ਼ਤਿਆਂ ਦੀ ਇਸ ਜ਼ਿੱਲਤ ਨੂੰ
ਨਾ ਕੋਈ ਕਬਰ ਪੜ੍ਹੇਗੀ
ਨਾ ਹੀ ਸੁਨਹਿਰੀ ਜਿਲਦ ਦੀ
ਚੁੱਪ
"ਧੁੱਪ" ਹੁੰਦੀ ਸੀ ਭਰਮ ਨਾਲ ਪਲਦੇ ਤੇ ਪਾਲਦੇ ਦਿਨਾਂ ਅੰਦਰ
ਸਿਆਲ ਦੀ ਦੁਪਹਿਰ ਨੂੰ ਉਡੀਕਦੇ
ਕਦੋਂ ਦੇ ਸੰਧਿਆ ਕਾਲ ਹੋ ਚੁੱਕੇ ਹਾਂ

(ਸ਼ਬਦਾਂਤ ਵਿਚੋਂ)

ਬਾਬਾ ਨਾਨਕ ਨੇ ਸਾਨੂੰ ਖੁਲ੍ਹਾ ਆਕਾਸ਼ ਦਿੱਤਾ ਉੱਡਣ ਲਈ। ਦੇਸ਼ ਭਾਸ਼ਾ ਮਜ਼ਹਬ ਦੀਆਂ ਵਲਗਣਾ ਚੋਂ ਆਜ਼ਾਦ ਕੀਤਾ
10/11/2022

ਬਾਬਾ ਨਾਨਕ ਨੇ ਸਾਨੂੰ ਖੁਲ੍ਹਾ ਆਕਾਸ਼ ਦਿੱਤਾ ਉੱਡਣ ਲਈ। ਦੇਸ਼ ਭਾਸ਼ਾ ਮਜ਼ਹਬ ਦੀਆਂ ਵਲਗਣਾ ਚੋਂ ਆਜ਼ਾਦ ਕੀਤਾ

**ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗ ਚਾਨਣੁ ਹੋਆ**

ਬਾਬਾ ਗੁਰੂ ਨਾਨਕ ਜੀ ਦੇ ਆਗਮਨ ਨਾਲ ਸਾਨੂੰ ਇਸ ਖਿੱਤੇ (ਅਣਵੰਡੇ ਪੰਜਾਬ) ਦੇ ਵਸਨੀਕਾਂ ਨੂੰ ਬਹੁਤ ਕਿਸਮ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਹੋਈਆਂ ਜਿਸ ਵਿਚ ਇਕ ਸੀ ਦ੍ਰਿਸ਼ਟੀਕੋਣ ਦੀ ਵਿਸ਼ਾਲਤਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਮਨੁੱਖੀ ਬਰਾਬਰਤਾ, ਸਾਂਝੀਵਾਲਤਾ, ਕਿਰਤ ਦੀ ਪ੍ਰਧਾਨਤਾ ਅਤੇ ਨਿੱਜਤਾ ਨੂੰ ਤਿਆਗਣ ਵਾਲੀ ਦ੍ਰਿਸ਼ਟੀ ਪ੍ਰਦਾਨ ਕੀਤੀ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਨਿਮਰਤਾ ਦੀ ਅਮੀਰੀ ਬਖ਼ਸ਼ੀ। ਗੁਰੂ ਸਾਹਿਬ ਨੇ ਲੰਮੀਆਂ ਯਾਤਰਾਵਾਂ ਕੀਤੀਆਂ ਅਤੇ ਸੰਵਾਦ ਰਚਾਏ - ਵਿਰੋਧੀਆਂ ਦੀ ਗੱਲ ਸਮਝੀ ਆਪਣੀ ਗੱਲ ਸਮਝਾਈ। ਇਨ੍ਹਾਂ ਸੰਵਾਦਾਂ ਕਾਰਨ ਨਵੇਂ ਵਿਚਾਰਾਂ ਅਤੇ ਪੰਜਾਬੀ ਜ਼ੁਬਾਨ ਵਿਚ ਨਵੇਂ ਸ਼ਬਦਾਂ ਦੀ ਆਮਦ ਹੋਈ। ਪੰਜਾਬੀ ਮਨ ਮੋਕਲਾ ਹੋਇਆ। ਪੰਜਾਬ ਦੇ ਲੋਕਾਂ ਨੇ ਪਰੰਪਰਾ ਨੂੰ ਨਹੀਂ ਤਿਆਗਿਆ ਪਰ ਆਧੁਨਿਕਤਾ ਨੂੰ ਵੀ ਸਵੀਕਾਰਿਆ।

ਬਾਬਾ ਗੁਰੂ ਨਾਨਕ ਸਾਡੇ ਪੰਧ-ਦਿਸੇਰੇ ਹਨ, ਰਹਿਨਮੁਆ ਹਨ। ਆਪਣੀਆਂ ਸਾਰੀਆਂ ਮੁਸ਼ਕਲਾਂ ਦੇ ਸਮਾਧਾਨ ਲਈ ਅਸੀਂ ਉਨ੍ਹਾਂ ਦਾ ਓਟ ਆਸਰਾ ਭਾਲਦੇ ਹਾਂ। ਉਨ੍ਹਾਂ ਦੇ ਚਰਨ-ਸ਼ਰਨ ਵਿਚ ਗਿਆਂ ਸਾਨੂੰ, ਅੰਤਾਂ ਦਾ ਹਿੰਮਤ-ਹੌਂਸਲਾ, ਸਕੂਨ ਅਤੇ ਢਾਰਸ ਮਿਲਦੀ ਹੈ।

*ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਮਨੁੱਖਤਾ ਨੂੰ ਬਹੁਤ ਬਹੁਤ ਮੁਬਾਰਕਾਂ*
ਆਓ, ਅੱਜ ਦੇ ਦਿਨ ਉਨ੍ਹਾਂ ਦੇ ਦੱਸੇ ਰਾਹ ਤੇ ਚਲਣ ਦਾ ਪ੍ਰਣ ਲਈਏ!!

Address


Website

Alerts

Be the first to know and let us send you an email when THE ROOTS - ਰੂਟਸ posts news and promotions. Your email address will not be used for any other purpose, and you can unsubscribe at any time.

Contact The Business

Send a message to THE ROOTS - ਰੂਟਸ:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share