29/09/2023
ੰਬਰ_2023
ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ।
ਸ੍ਰੀ ਗੁਰੂ ਅਮਰਦਾਸ ਜੀ
ਜਨਮ:- 4 ਮਈ 1479 ਨੂੰ ਪਿੰਡ ਬਾਸਰਕੇ (ਅੰਮ੍ਰਿਤਸਰ ਤੋਂ ਕੋਈ 5 ਮੀਲ), ਪਿਤਾ ਤੇਜ ਭਾਨ ਜੀ ਭੱਲੇ ਅਤੇ ਮਾਤਾ ਲਖਮੀ ਜੀ ਦੇ ਘਰ ਹੋਇਆ।
ਪਰੀਵਾਰ:-
ਆਪ ਦਾ ਵਿਆਹ ਕੋਈ 23 ਸਾਲ ਦੀ ਉਮਰੇ 1502 ਨੂੰ ਦੇਵੀ ਚੰਦ ਜੀ ਦੀ ਬੇਟੀ ਰਾਮੋ ਨਾਲ ਹੋਇਆ। ਆਪ ਦੇ ਦੋ ਲੜਕੇ ਬਾਬਾ ਮੋਹਨ ਅਤੇ ਬਾਬਾ ਮੋਹਰੀ ਅਤੇ ਦੋ ਲੜਕੀਆਂ ਬੀਬੀ ਭਾਨੀ ਅਤੇ ਬੀਬੀ ਦਾਨੀ ਜੀ ਸਨ।
ਗੁਰ ਗੱਦੀ ਅਤੇ ਜੋਤੀ ਜੋਤ:-
ਗੁਰੂ ਮਿਲਾਪ 1540 ਖਡੂਰ ਸਾਹਿਬ, 29 ਮਾਰਚ 1552 ਖਡੂਰ ਸਾਹਿਬ, 2 ਸਤੰਬਰ 1574 ਉਮਰ-95 ਸਾਲ ਗੁਰਗੱਦੀ 22 ਸਾਲ।
ਆਪ ਜੀ ਦੇ ਪਿਤਾ ਚਾਰ ਭਰਾ ਸਨ। ਵਣਜ-ਵਿਹਾਰ ਕਰਦੇ ਅਤੇ ਕੁਝ ਭੋਇਂ ਦੇ ਮਾਲਕ ਵੀ ਸਨ। ਗੁਰੂ ਨਾਨਕ ਸਾਹਿਬ ਜੀ ਦਾ ਜਨਮ 1469 ਦਾ ਹੈ ਸੋ ਆਪ ਗੁਰੂ ਨਾਨਕ ਸਾਹਿਬ ਜੀ ਤੋਂ ਕੋਈ 10 ਸਾਲ ਛੋਟੇ ਸਨ। ਛੋਟੀ ਉਮਰ ਤੋਂ ਹੀ (ਗੁਰੂ) ਅਮਰਦਾਸ ਜੀ ਦਾ ਝੁਕਾਉ ਧਾਰਮਿਕ ਰੁਚੀਆਂ ਵਲ ਜਿਆਦਾ ਸੀ। ਵੈਸ਼ਨਵ ਭਗਤ ਅਤੇ ਸ਼ਾਕਾ ਹਾਰੀ ਸਨ। 1521 ਤੋਂ 1541 ਅਰਥਾਤ 42 ਸਾਲ ਤੋਂ 62 ਸਾਲ ਦੀ ਉਮਰ ਤੱਕ ਹਰ ਸਾਲ ਹਰਿਦੁਆਰ ਇਸ਼ਨਾਨ ਕਰਨ ਜਾਂਦੇ ਰਹੇ ਅਤੇ ਦੁਨਿਆਵੀ ਨੁਕਤਾ ਨਿਗਾਹ ਤੋਂ ਜੀਵਨ ਖੁਸ਼ੀਆਂ ਭਰਿਆ ਸੀ।
1541 ਵਿਚ ਪੈਦਲ ਸੰਗੀਆਂ ਨਾਲ ਗੰਗਾ ਇਸ਼ਨਾਨ ਲਈ ਗਏ ਪਰ ਮੁੜਦੀ ਵਾਰੀ ਇਕ ਥਾਂ ਤੇ ਇਕ ਪੰਡਿਤ ਨੇ ਆਪ ਦੇ ਪੈਰ ਦੀ ਪਦਮ ਰੇਖਾ ਦੇਖੀ ਤਾਂ ਸਮਝ ਗਿਆ ਕਿ ਕੋਈ ਮਹਾਂ ਪੁਰਖ ਪਰਗਟ ਹੋਣ ਵਾਲੇ ਹਨ। ਇਥੋਂ ਇਕ ਹੋਰ ਸਾਧੂ ਨਾਲ ਬਾਸਰਕੇ ਤੱਕ ਆਏ ਪਰ ਜੱਦ ਉਸਨੂੰ ਇਹ ਗਿਆਤ ਹੋਇਆ ਕਿ ਆਪ ਨਿਗੁਰੇ ਹਨ ਤਾਂ ਬਹੁਤ ਅਫ਼ਸੋਸ ਪਰਗਟ ਕੀਤਾ। ਇਸ ਘਟਨਾ ਤੋਂ ਥੋੜਾ ਚਿਰ ਪਹਿਲਾਂ ਬੀਬੀ ਅਮਰੋ, ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਦਾ ਵਿਆਹ (ਗੁਰੂ) ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ। ਬੀਬੀ ਅਮਰੋ ਉਮਰ ਵਿਚ ਤਾਂ ਛੋਟੀ ਸੀ ਪਰ ਗੁਰੂ ਨਾਨਕ ਸਾਹਿਬ ਜੀ ਬਾਣੀ ਯਾਦ ਸੀ ਅਤੇ ਅੰਮ੍ਰਿਤ ਵੇਲੇ ਉਠ ਕੇ ਬਾਣੀ ਪੜ੍ਹਣ ਦਾ ਨੇਮ ਸੀ।
ਜਦੋਂ (ਗੁਰੂ) ਅਮਰਦਾਸ ਜੀ ਨੇ ਇਸ ਤੋਂ ਰੱਬੀ ਸਿਫਤ-ਸਲਾਹ ਦੀ ਬਾਣੀ ਸੁਣੀ ਤਾਂ ਮਨ ਤੇ ਚੋਟ ਵਜੀ ਅਤੇ ਬੀਬੀ ਅਮਰੋ ਦੇ ਨਾਲ ਖਡੂਰ ਸਾਹਿਬ, ਗੁਰੂ ਅੰਗਦ ਦੇਵ ਜੀ ਕੋਲ ਆਏ। ਕੁੜਮਾਂ ਵਾਲਾ ਮਾਨ ਤਿਆਗ ਕੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਅਤੇ ਤਨ-ਮਨ ਨਾਲ ਸੇਵਾ ਵਿਚ ਜੁਟ ਗਏ।
ਆਪ ਦੀ ਉਸ ਵੇਲੇ ਉਮਰ ਕੋਈ 62 ਸਾਲ ਦੀ ਸੀ (ਗੁਰੂ ਅੰਗਦ ਦੇਵ ਜੀ ਤੋਂ ਉਮਰ ਵਿਚ 25 ਸਾਲ ਵਡੇ ਸਨ) ਪਰ ਦਿਲ ਵਿਚ ਆਪਾ ਵਾਰ ਕੇ ਗੁਰੂ ਜੀ ਦੀ ਕਾਰ ਕਰਨ ਦੀ ਤੀਬਰ ਖਿੱਚ ਸੀ। ਖਡੂਰ ਸਾਹਿਬ ਤੋਂ ਬਿਆਸਾ ਤਿੰਨ ਕੁ ਕੋਹਾਂ ‘ਤੇ ਹੈ। ਆਪ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਈ ਗਾਗਰ ਭਰ ਕੇ ਲਿਆਉਂਦੇ । ਦਿਨ ਵੇਲੇ ਲੰਗਰ ਵਿਚ ਭਾਂਡੇ ਮਾਂਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਪੱਖਾ ਝਲਣਾ ਆਦਿ ਸੇਵਾ ਵਿਚ ਲੱਗੇ ਰਹਿੰਦੇ ਪਰ ਮਨ ਕਰਕੇ ਕਰਤਾਰ ਨਾਲ ਜੁੜੇ ਰਹਿੰਦੇ। ਗੁਰੂ ਅੰਗਦ ਦੇਵ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਲੈਕੇ ਪੜ੍ਹਦੇ ਰਹਿਣ ਕਰਕੇ ਹਿਰਦੇ ਵਿਚ ਇਲਾਹੀ ਕਾਵਿ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ। ਲਗਾਤਾਰ ਸੇਵਾ ਦਾ ਅਸਰ ਗੁਰੂ ਅੰਗਦ ਸਾਹਿਬ ਜੀ ਤੇ ਪੈਣਾ ਹੀ ਸੀ। ਆਪ ਉਮਰ ਵਡੇਰੀ ਹੋਣ ਕਰਕੇ ਇਕ ਹਨੇਰੀ ਸਿਆਲੀ ਰਾਤ ਨੂੰ ਮੀਂਹ ਵਰ੍ਹਦੇ ਵਿਚ ਭਰੀ ਗਾਗਰ ਲਈ ਆਉਂਦੇ ਖਡੂਰ ਦੇ ਜੁਲਾਹਿਆਂ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ। ਸੁਭਾਵਕ ਹੀ ਜੁਲਾਹੀ ਨੇ ਆਪ ਨੂੰ ‘ਨਿਥਾਵਾਂ’ ਆਖ ਦਿੱਤਾ। ਇਹ ਘਟਨਾ 1552 ਦੀ ਹੈ। ਇਹ ਬੋਲੀ ਗੁਰੂ ਅੰਗਦ ਸਾਹਿਬ ਜੀ ਤੱਕ ਪਹੁੰਚ ਗਈ ਅਤੇ ਫਿਰ ਉਹ ਹੋਇਆ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਲਿਖ ਦਿਤਾ ਹੈ
286- ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕੋ ਹੋਤ ਪਰਾਪਤਿ ਸੁਆਮੀ।
ਗੁਰੂ ਅਤੇ ਖਲਕਤ ਦੀ ਸੇਵਾ ਲਈ ਕਰੜੀ ਘਾਲ, ਅਡੋਲਤਾ, ਸਿਦਕ, ਲੋਕਾਂ ਦਾ ਵੱਧ ਘੱਟ ਸਹਿਣਾ ਅਤੇ ਠੰਡਾ ਜਿਗਰਾ ਹੋਣਾ ਆਦਿ ਗੁਣਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਯਕੀਨ ਕਰਾ ਦਿੱਤਾ ਕਿ ਗੁਰੂ ਨਾਨਕ ਜੀ ਦੀ ਸੌਂਪੀ ਜ਼ਿੰਮੇਵਾਰੀ ਦਾ ਭਾਰ (ਗੁਰੂ) ਅਮਰਦਾਸ ਜੀ ਹੀ ਚੁੱਕਣ ਯੋਗ ਹਨ। ਗੁਰੂ ਸਾਹਿਬ ਜੀ ਨੇ ਨਿਥਾਵਿਆਂ ਦੇ ਥਾਂ, ਨਿਧਿਰਿਆ ਦੀ ਧਿਰ, ਨਿਆਸਰਿਆਂ ਦੇ ਆਸਰੇ ਅਤੇ ਨਿਓਟਿਆ ਦੀ ਓਟ ਆਦਿ ਕਈ ਬਚਨ ਕਰਦੇ ਹੋਏ ਜਨਵਰੀ 1552 ਨੂੰ ਸਾਰੀ ਸੰਗਤ ਦੇ ਸਾਹਮਣੇ ਆਪ ਜੀ ਨੂੰ ਗੁਰੂ ਥਾਪ ਦਿੱਤਾ ਅਤੇ ਸਾਰੀ ਗੁਰਬਾਣੀ ਆਪ ਦੇ ਹਵਾਲੇ ਕਰ ਦਿਤੀ।ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ, ਗੁਰੂ ਘਰ ਦੀ ਪ੍ਰੀਖਿਆ ਦੀ ਕਸਵਟੀ ਤੇ ਖਰੇ ਉਤਰਦੇ ਹੋਏ ਗੁਰ ਗੱਦੀ ਪ੍ਰਾਪਤ ਕੀਤੀ ਸੀ ਅਤੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਆ ਗਏ।
ਸਤਿਗੁਰੂ ਅੰਗਦ ਦੇਵ ਜੀ ਦਾ ਇਕ ਸ਼ਰਧਾਲੂ ਗੋਇੰਦਾ ਮਰਵਾਹਾ ਖਤਰੀ ਸੀ ਜਿਸ ਦੀ ਦਰਿਆ ਬਿਆਸਾ ਦੇ ਕੰਢੇ ਪਤਨ ਵਾਲੀ ਥਾਂ ਤੇ ਕਾਫੀ ਜ਼ਮੀਨ ਸੀ।ਉਸਨੇ ਸ਼ਹਿਰ ਵਸਾਉਣ ਦੀ ਕਈ ਵਾਰੀਂ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ। ਲੋਕਾਂ ਵਿਚ ਇਹ ਅੰਧ ਵਿਸ਼ਵਾਸ਼ ਬੈਠ ਚੁੱਕਾ ਸੀ ਕਿ ਇਹ ਥਾਂ ਭਾਰੀ ਹੈ।ਹੁਣ ਉਸਨੇ ਗੁਰੂ ਅੰਗਦ ਦੇਵ ਜੀ ਕੋਲ ਬੇਨਤੀ ਕੀਤੀ ਕਿ ਆਪ ਉਥੇ ਨਗਰ ਵਸਾਓ। ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ (ਗੁਰੂ) ਅਮਰਦਾਸ ਜੀ ਨੇ ਇਥੇ ਗੋਇੰਦਵਾਲ ਸਾਹਿਬ ਨਗਰ 1546 ਵਿਚ ਵਸਾਉਣਾ ਸ਼ੁਰੂ ਕੀਤਾ ਸੀ। ਭਾਈ ਗੋਂਦੇ ਨੇ ਨਗਰ ਵਸਾਉਣ ਵਿਚ ਸਹਾਇਤਾ ਕੀਤੀ ਅਤੇ ਗੁਰੂ ਅਮਰਦਾਸ ਜੀ ਦੇ 1552 ਵਿਚ ਇਥੇ ਆਉਣ ਤੋਂ ਬਾਅਦ ਇਹ ਥਾਂ ਹਰ ਤਰ੍ਹਾਂ ਨਾਲ ਇਕ ਵਡੇ ਸ਼ਹਿਰ ਵਿਚ ਪਰਵਰਤਨ ਹੋ ਗਿਆ। ਗੁਰੂ ਸਾਹਿਬ ਜੀ ਦਾ ਇਹ ਵਿਚਾਰ ਸੀ ਕਿ ਗੁਰਮਤ ਮਰਯਾਦਾ ਦਾ ਕਾਰਗਰ ਢੰਗ ਨਾਲ ਪ੍ਰਚਾਰ ਕਰਨ ਲਈ ਇਹ ਜਰੂਰੀ ਹੈ ਕਿ ਸਿੱਖਾਂ ਕੋਲ ਵਿਸ਼ੇਸ਼ ਨਗਰ ਹੋਣ।
ਸਮੇਂ ਨਾਲ ਸਿੱਖ ਧਰਮ ਦਾ ਪਰਚਾਰ ਕੇਂਦਰ ਖਡੂਰ ਸਾਹਿਬ ਦੀ ਥਾਂ ਗੋਇੰਦਵਾਲ ਬਣ ਗਇਆ। 1553 ਵਿਚ ਆਪਣੀ ਪੁਤਰੀ ਦੀ ਸ਼ਾਦੀ ਜੇਠਾ ਜੀ (ਗੁਰੂ ਰਾਮਦਾਸ ਜੀ) ਨਾਲ ਕਰ ਦਿਤੀ। ਹਰੀਪੁਰ ਦਾ ਰਾਜਾ ਆਪ ਦਾ ਸਿਖ ਬਣਿਆ ਅਤੇ ਗੋਇੰਦਵਾਲ ਲੱਕੜੀ ਭਿਜਵਾਉਣ ਵਿਚ ਬੜੀ ਸੇਵਾ-ਸਹਾਇਤਾ ਕੀਤੀ। ਲੰਗਰ ਦੀ ਪਰਥਾ ਹੋਰ ਪ੍ਰਪੱਕ ਕੀਤੀ ਗਈ ਤਾਕਿ ਛੂਤ ਛਾਤ ਦੇ ਰੋਗ ਨੂੰ ਦੂਰ ਕੀਤਾ ਜਾ ਸਕੇ ਅਤੇ ਗੁਰੂ ਸੰਗਤ ਵਿਚ ਬੈਠਣ ਲਈ ਜਰੂਰੀ ਸੀ ਕਿ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਜਾਵੇ। ਇਸੇ ਕਰਕੇ ਉਚ ਜਾਤ ਅਭਿਮਾਨੀਆਂ ਨੇ ਆਪ ਦਾ ਬਹੁਤ ਵਿਰੋਧ ਕੀਤਾ। ਆਖਿਰ ਪੰਡਤ ਮਾਈ ਦਾਸ ਵਰਗੇ ਨੇ ਵੀ ਲੰਗਰ ਵਿਚ ਪਰਸ਼ਾਦਾ ਛਕਿਆ ਅਤੇ ਗੁਰੂ ਜੀ ਦਾ ਸਿਖ ਬਣਿਆ।
ਪਰ ਖਡੂਰ, ਗੋਇੰਦਵਾਲ ਸਾਹਿਬ ਤੋਂ ਜਿਆਦਾ ਦੂਰ ਨਹੀਂ ਸੀ। ਬਾਬਾ ਦਾਤੂ ਜੀ (ਗੁਰੂ ਅੰਗਦ ਦੇਵ ਜੀ ਦੇ ਵੱਡੇ ਪੁੱਤਰ) ਨੇ ਵਿਰੋਧ ਹੀ ਕੀਤਾ। ਮਾਤਾ ਖੀਵੀ ਜੀ (ਗੁਰੂ ਅੰਗਦ ਸਾਹਿਬ ਜੀ ਦੇ ਮਹਿਲ) ਨੇ ਆਪ ਨੂੰ ਬਹੁਤ ਸਮਝਾਇਆ ਪਰ ਆਪ ਨੇ ਆਪਣੀ ਅੜੀ ਨਾ ਛੱਡੀ। ਗੁਰੂ ਘਰ ਦੇ ਵਿਰੋਧੀਆ ਦੇ ਕਹਿਣ ਤੇ ਬਾਬਾ ਦਾਤੂ ਜੀ 1556 ਵਿਚ ਗੋਇੰਦਵਾਲ ਆਏ ਅਤੇ ਗੁਰੂ ਅਮਰਦਾਸ ਜੀ ਨੂੰ ਦੀਵਾਨ ਵਿਚ ਲੱਤ ਮਾਰ ਕੇ ਹੇਠਾਂ ਡੇਗ ਦਿੱਤਾ। ਗੁਰੂ ਅਮਰਦਾਸ ਜੀ ਦੀ ਨਿਮਰਤਾ ਦੀ ਹੱਦ ਸੀ ਜੱਦ ਉਹਨਾਂ ਦਾਤੂ ਜੀ ਨੂੰ ਆਖਿਆ ਕਿ ਕਿਤੇ ਮੇਰੀ ਬਿਰਧ ਉਮਰ ਦੇ ਹੱਡਾਂ ਕਰਕੇ ਆਪ ਨੂੰ ਪੈਰ ਤੇ ਸੱਟ ਤਾਂ ਨਹੀਂ ਲੱਗ ਗਈ। ਆਪ ਰਾਤੋ ਰਾਤ ਬਗੈਰ ਕਿਸੇ ਨੂੰ ਦਸੇ ਬਾਸਰਕੇ ਆ ਗਏ ਅਤੇ ਇਕ ਕੋਠੇ ਵਿਚ ਟਿਕ ਗਏ। ਬਾਬਾ ਦਾਤੂ ਜੀ ਨੂੰ ਗੁਰੂ ਮੰਨਣ ਤੋਂ ਸੰਗਤਾਂ ਨੇ ਨਾਂਹ ਕਰ ਦਿਤੀ। ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਤੋਂ ਮੁੜ ਗੋਇੰਦਵਾਲ ਮੋੜ ਲਿਆਂਦਾ। ਕੋਠੇ ਦੇ ਪਿਛਲੇ ਪਾਸੇ ਸੰਨ ਲਾਕੇ ਅੰਦਰ ਗਏ ਕਿਉਂਕਿ ਬੁਹੇ ਤੇ ਲਿਖਿਆ ਸੀ ਕਿ ਜੋ ਅਦਰ ਆਵੇਗਾ ਮੇਰਾ ਸਿੱਖ ਨਹੀਂ ਹੋਵੇਗਾ। ਇਤਿਹਾਸ ਦਸਦਾ ਹੈ ਕਿ ਆਖਿਰ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਤੋਂ ਆਪਣੀ ਭੁਲ ਬਖਸ਼ਵਾਈ।
1556 ਵਿਚ ਅਕਬਰ ਦਿੱਲੀ ਦੇ ਤਖਤ ਤੇ ਬੈਠਾ ਅਤੇ ਮਈ-ਜੂਨ 1557 ਵਿਚ ਲਹੌਰ ਆਇਆ। ਗੁਰੂ ਅਮਰਦਾਸ ਜੀ ਕੋਈ 78 ਸਾਲ ਤੋਂ ਵਧੀਕ ਉਮਰ ਦੇ ਹੋ ਚੁਕੇ ਸਨ ਸੋ ਗੁਰੂ ਘਰ ਦੇ ਵਿਰੋਧੀਆਂ ਵਲੋਂ ਰਾਜ ਦਰਬਾਰੇ ਹੋਈ ਸ਼ਿਕਾਇਤ ਨੂੰ ਨਿਜਿਠਨ ਲਈ ਲਹੌਰ ਜੇਠਾ ਜੀ ਨੂੰ ਜੋ ਉਸ ਸਮੇਂ 23 ਕੂ ਸਾਲ ਦੇ ਸਨ ਭੇਜਿਆ ਗਿਆ ਜਿਨ੍ਹਾਂ ਤੋਂ ਇਹਨਾਂ ਦੋਖੀਆਂ ਨੂੰ ਮੂੰਹ ਦੀ ਖਾਣੀ ਪਈ। 1558 ਵਿਚ ਗੁਰੂ ਅਮਰਦਾਸ ਜੀ ਨੇ ਹਿੰਦੂ ਧਰਮ ਦੀਆਂ ਕੂਰੀਤੀਆਂ ਨੂੰ ਠੱਲ ਪਾਉਣ ਵਾਸਤੇ ਸੂਰਜ ਗ੍ਰਹਿਣ ਦੇ ਸਮੇਂ ਕੁਰਖੇਤਰ ਅਤੇ ਹਰਿਦੁਆਰ ਦਾ ਦੌਰਾ ਕੀਤਾ। ਸਮੇਂ ਨਾਲ ਸ਼ੇਖ ਖ਼ੱਤੇ ਦੀ ਗੱਦੀ ਵਾਲਿਆਂ ਨੇ ਵੀ ਆਪਣੇ ਅਸਰ ਰਸੂਖ਼ ਨੂੰ ਕਾਇਮ ਰਖਣ ਲਈ ਜਾਤ ਅਭਿਮਾਨੀ ਹਿੰਦੂਆਂ ਦਾ ਸਾਥ ਦਿੱਤਾ ਅਤੇ ਸਿੱਖ ਧਰਮ ਦੇ ਰਾਹ ਵਿਚ ਰੋਕਾਂ ਪਾਈਆਂ।
1559 ਦੇ ਅਰੰਭ ਵਿਚ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਾਉਣੀ ਸ਼ੁਰੂ ਕਰ ਦਿੱਤੀ। ਸਿੱਖ ਸੰਗਤ ਇਸ ਦੀ ਤਿਆਰੀ ਵਿਚ ਬੜੇ ਸ਼ੌਕ ਨਾਲ ਸੇਵਾ ਕਰਨ ਲੱਗ ਪਈ। ਗੋਇੰਦਵਾਲ ਸਾਹਿਬ ਵਿਚ ਬਉਲੀ ਸਾਹਿਬ ਦੀ ਸੇਵਾ ਸ਼ੁਰੂ ਹੋਣ ਨਾਲ ਇਥੇ ਦਿਨੋਂ ਦਿਨ ਗੁਰੂ ਸੰਗਤ ਦੀ ਰੋਣਕ ਵੱਧਦੀ ਗਈ। ਬਾਉਲੀ ਦੀਆਂ 84 ਪਉੜੀਆਂ ਨੇ ਇਤਿਹਾਸ ਇਹ ਵੀ ਦਸਦਾ ਹੈ ਕਿ ਬਾਉਲੀ ਦਾ ਕੜ ਜਿਸ ਥੱਲੇ ਪਾਣੀ ਸੀ, ਬਹੁਤ ਕਰੜਾ ਸੀ ਅਤੇ ਇਸ ਨੂੰ ਕਟੇ ਬਿਨਾ ਬਉਲੀ ਵਿਚ ਪਾਣੀ ਆਉਣਾ ਨਾਮੁਮਕਿਨ ਸੀ।। ਆਖ਼ਿਰ ਇਕ ਗਭਰੂ ‘ਮਾਣਕ ਚੰਦ’ ਨੇ ਛੈਣੀ ਹਥੌੜੇ ਨਾਲ ਕੜ ਨੂੰ ਤੋੜਿਆ ਪਰ ਐਸਾ ਲੱਗਾ ਕਿ ਮਾਣਕ ਚੰਦ ਪਾਣੀ ਹੇਠ ਡੁਬ ਗਿਆ ਹੈ ਪਰ ਗੁਰੂ ਅਮਰਦਾਸ ਜੀ ਦੇ ਅਸ਼ੀਰਵਾਦ ਸਦਕਾ ਕੁਝ ਸਮੇਂ ਬਾਅਦ ਇਸਦਾ ਬੇ-ਸੁਰਤ ਸਰੀਰ ਪਾਣੀ ਉਤੇ ਤਰ ਆਇਆ। ਪੇਟ ਵਿਚੋਂ ਪਾਣੀ ਕੱਡਣ ਅਤੇ ਗੁਰੂ ਜੀ ਦੀ ਮੇਹਰ ਸਦਕਾ ਮਾਣਕ ਚੰਦ ਨੌ-ਬਰ-ਨੌ ਹੋ ਗਿਆ। ਇਸ ਤਰ੍ਹਾਂ ਉਸਨੇ ਸਿੱਖਾਂ ਵਿਚ ਦਲੇਰੀ ਨਾਲ ਸੇਵਾ ਕਰਨ ਦੇ ਪੂਰਣੇ ਪਾ ਦਿਤੇ। ਸਮੇਂ ਨਾਲ ਮਾਣਕ ਚੰਦ ਨੂੰ ਗੁਰੂ ਜੀ ਨੇ ਸਿਖ-ਧਰਮ ਦਾ ਪ੍ਰਚਾਰਕ ਥਾਪ ਦਿੱਤਾ।
ਭਾਈ ‘ਸੰਤ ਸਾਧਾਰਣ’ ਜੋ ਬਕਾਲੇ ਦਾ ਨਿਵਾਸੀ ਸੀ ਉਸਨੇ ਬਹੁਤ ਸੁੰਦਰ ਪਾਉੜੀਆਂ ਪੂਰਨ ਸ਼ਰਧਾ ਅਤੇ ਸਿਦਕ ਨਾਲ ਘੜ ਕੇ ਫਿਟ ਕੀਤੀਆਂ ਅਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕੀਤੀ। ਸੁਲਤਾਨਪੁਰ ਦੇ ‘ਮਹੇਸ਼ਾ ਜੀ’ ਨੇ ਵੀ ਬਉਲੀ ਬਣਾਉਣ ਵਿਚ ਬਹੁਤ ਸੇਵਾ ਕੀਤੀ ਇਥੋਂ ਤੱਕ ਕਿ ਉਹਨਾਂ ਦਾ ਆਪਣਾ ਵਿਉਪਾਰ ਮੰਦਾ ਪੈ ਗਿਆ ਪਰ ਆਪ ਦੀ ਆਤਮਕ ਅਵਸਥਾ ਬਹੁਤ ਉਚੀ ਹੋ ਗਈ। ਮਾਈ ਸੇਵਾਂ (ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਦੇ ਇਕ ਬਜ਼ਾਰ ਦਾ ਨਾਮ ਹੀ ਮਾਈ ਸੇਵਾਂ ਰਖਿਆ ਸੀ) ਜੋ ਕਾਬਲ ਦੀ ਰਹਿਣ ਵਾਲੀ ਸੀ ਨੇ ਵੀ ਇਕ ਚਿਤ ਹੋ ਕੇ ਬਉਲੀ ਨਿਰਮਾਣ ਵਿਚ ਸੇਵਾ ਕੀਤੀ। ਬਾਉਲੀ ਬਣ ਜਾਣ ਤੇ ਭਾਈ ਪਾਰੋ ਜੁਲਕਾ, ਜਿਹਨਾਂ ਦੀ ਨਿਰਮਾਣ ਸੇਵਾ ਅਤੇ ਸਿਖੀ ਦੀ ਕਮਾਈ ਨੂੰ ਦੇਖ ਕੇ ਸਤਿਗੁਰੂ ਜੀ ਨੇ ‘ਪਰਮ ਹੰਸ’ ਪਦ ਨਾਲ ਨਿਵਾਜਿਆ ਸੀ, ਨੇ ਗੁਰੂ ਅਮਰਦਾਸ ਜੀ ਨੂੰ ਸੰਗਤਾਂ ਵਿਚ ਸਾਂਝਾ ਜੋੜ ਮੇਲਾ ਕਰਨ ਵਾਸਤੇ ਬੇਨਤੀ ਕੀਤੀ ਅਤੇ ਇਸ ਤਰ੍ਹਾਂ 1567 ਵਿਚ ਪਹਿਲੀ ਵਾਰੀ ਵਿਸਾਖੀ ਦਾ ਵਡੀ ਪੱਧਰ ਤੇ ਸਿੱਖ ਸੰਗਤਾਂ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਵਿਖੇ ਹੋਇਆ। ਬਾਕੀ ਗੁਰੂ ਜਾਂਮਿਆਂ ਵਿਚ ਵੀ ਜਿਥੇ ਗੁਰੂ ਸਾਹਿਬ ਹੁੰਦੇ ਵਿਸਾਖੀ ਵਾਲੇ ਦਿਨ ਨੂੰ ਸਿੱਖੀ ਦਾ ਕੌਮੀ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਣਾ ਜਾਰੀ ਰਿਹਾ।
ਗੋਇੰਦਵਾਲ ਸਾਹਿਬ ਵਿਚ ਰਹਿਣ ਵਾਲੇ ਤਪੇ ਸ਼ਿਵਨਾਥ ਨੇ ਵੀ ਆਪਣੀ ਹੇਠੀ ਹੁੰਦੇ ਦੇਖ ਕੇ ਵਿਰੋਧ ਸ਼ੁਰੂ ਕਰ ਦਿੱਤਾ ਪਰ ਲੋਭ ਵੱਸ ਲੰਗਰ ਵਿਚ ਆ ਹੀ ਗਿਆ ਕਿਉਂਕਿ ਉਹ ਮੋਹਰਾਂ ਦੀ ਦੱਛਣਾ ਕਿਵੇਂ ਛੱਡ ਸਕਦਾ ਸੀ? ਤਪੇ ਦੀ ਕਰਤੂਤ ਜਾਹਿਰ ਹੋਣ ਤੇ ਸਾਰਿਆਂ ਨੂੰ ਉਸਦੀ ਅਸਲੀਅਤ ਸਮਝ ਆ ਗਈ। ਗੋਇੰਦਵਾਲ, ਲਹੌਰ ਤੋਂ ਦਿੱਲ਼ੀ ਜਾਣ ਵਾਲੀ ਸੜਕ ਉਤੇ ਸੀ। ਅਕਬਰ ਨੇ 1560 ਵਿਚ ਪੰਜਾਬ ਤੋਂ ਲਹੌਰ ਜਾਂਦੇ ਸਮੇਂ ਗੋਇੰਦਵਾਲ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਗੁਰੂ ਕੇ ਲੰਗਰ ਵਿਚ ਹਰ ਆਉਣ ਵਾਲੇ ਨੂੰ ਰੋਟੀ ਖਵਾਏ ਜਾਣ ਨੂੰ ਦੇਖ ਕੇ ਖੁਸ਼ ਹੋਇਆ। ਬਾਦਸ਼ਾਹ ਨੇ ਆਪ ਵੀ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਲੰਗਰ ਦੇ ਖਰਚ ਵਾਸਤੇ ਜਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਜੀ ਨੇ ਪਿਆਰ ਭਰੇ ਸ਼ਬਦਾਂ ਨਾਲ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਇਹ ਲੰਗਰ ਸਾਂਝੇ ਉੱਦਮ ਨਾਲ ਹੀ ਚੱਲਣਾ ਚਾਹੀਦਾ ਹੈ ਪਰ ਫਿਰ ਵੀ ਅਕਬਰ ਨੇ ਝਬਾਲ ਪਰਗਣੇ ਦੀ ਜਾਗੀਰ ਗੁਰੂ ਸਾਹਿਬ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਕਰ ਦਿਤੀ।
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰ ਦੌਰੇ ਦੇ ਸਮੇਂ ਧਰਮਸਾਲਾਵਾਂ ਸਥਾਪਿਤ ਕਰਵਾਈਆਂ ਸਨ ਅਤੇ ਯੋਗ ਬੰਦਿਆ ਨੂੰ ਪ੍ਰਚਾਰਕ ਵੀ ਥਾਪਿਆ ਸੀ। ਗੁਰੂ ਅਮਰਦਾਸ ਜੀ ਨੇ ਆਪਣੀ ਪ੍ਰਵਾਣਗੀ ਹੇਠ ਪ੍ਰਚਾਰਕ, ਮੰਜੀਆਂ ਥਾਪੀਆਂ। ਸਿੱਖਾਂ ਵਿਚ ਇਹਨਾਂ ਜੀਆਂ ਦਾ ਸਤਿਕਾਰ ਹੁੰਦਾ ਸੀ ਅਤੇ ਇਹ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ। ਸਿੱਖ ਸੰਗਤਾਂ ਦੀ ਗਿਣਤੀ ਵੱਧਣ ਕਰਕੇ ਐਸਾ ਕਰਨਾ ਜਰੂਰੀ ਵੀ ਹੋ ਗਿਆ ਸੀ। ਸ੍ਰੀ ਅੰਮ੍ਰਿਤਸਰ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਸਿੱਖੀ ਦਾ ਮੁਖ ਕੇਂਦਰ ਸੀ। ਗੁਰੂ ਅਮਰਦਾਸ ਜੀ ਨੇ ਸਾਰੀ ਸਿਖ-ਵਸੋਂ ਦੇ ਇਲਾਕਿਆਂ ਨੂੰ 22 ਹਿੱਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ 22 ਮੰਜੀਆਂ ਦੀ ਸਥਾਪਣਾ ਕੀਤੀ। ਇਨ੍ਹਾਂ ਵਿਚੋਂ ਭਾਈ ਅਲਾਯਾਰ, ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਭਾਈ ਪਾਰੋ ਜੁਲਕਾ, ਭਾਈ ਸੱਚਨ ਸੱਚ, ਭਾਈ ਸਾਵਣ ਮਲ, ਭਾਈ ਗੰਗੂਸ਼ਾਹ, ਭਾਈ ਲਾਲੂ ਵੈਦ ਅਤੇ ਮਥੋ-ਮੁਰਾਰੀ (ਪਤਨੀ ਅਤੇ ਪਤੀ) ਦੇ ਨਾਮ ਸਿਖ-ਇਤਿਹਾਸ ਵਿਚ ਉੱਘੇ ਹਨ। ਮਾਝੇ ਦੇ ਪਿੰਡਾਂ ਵਿਚ ਗੁਰੂ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ 1570 ਵਿਚ ਕੁਝ ਪਿੰਡਾ ਦੇ ਸਰਪੰਚਾਂ ਦੇ ਸਾਹਮਣੇ ਇਕ ਮੋੜ੍ਹੀ ਗਡਵਾ ਕੇ ਇਸ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿਤਾ। ਇਸੇ ਦੇ ਲਾਗੇ ਗੁਰੂ ਰਾਮਦਾਸ ਜੀ ਨੇ ਹੋਰ ਜ਼ਮੀਨ ਖਰੀਦ ਕੇ ਇਕ ਵੱਡਾ ਸ਼ਹਿਰ ‘ਰਾਮਦਾਸ ਪੁਰ’ ਸਥਾਪਿਤ ਕੀਤਾ ਜੋ ਬਾਅਦ ਵਿਚ ਅੰਮ੍ਰਿਤਸਰ ਕਹਿਲਾਇਆ। ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਹਰ ਪੱਖੋਂ ਪਰਖਣ ਤੋਂ ਬਾਅਦ ਆਪਣੀ ਗੁਰਗੱਦੀ ਸੌਪ ਦਿੱਤੀ ਅਤੇ ਗੁਰਬਾਣੀ ਦਾ ਸਾਰਾ ਸੰਗ੍ਰਹਿ ਜੋ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਤੋਂ ਮਿਲਿਆ ਸੀ ਗੁਰੂ ਰਾਮਦਾਸ ਜੀ ਦੇ ਹਵਾਲੇ ਕਰ ਦਿੱਤਾ। ਆਪ ਨੇ 2 ਸਤੰਬਰ 1574 ਨੂੰ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਸਾਰੇ ਪਰੀਵਾਰ ਨੂੰ ਆਪਣੇ ਕੋਲ ਸੱਦ ਲਿਆ। ਆਪ ਦੇ ਅੰਤ ਵੇਲੇ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚੰਗੀ ਤਰਾ ਸਮਝਾਇਆ ਅਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਪਣ ਤੋਂ ਬਾਅਦ ਪਹਿਲਾਂ ਸੰਗਤ ਨੂੰ ਆਗਿਆ ਕੀਤੀ ਕਿ ਸਭ ਗੁਰੂ ਰਾਮਦਾਸ ਜੀ ਅੱਗੇ ਨਿਵਣ। ਆਪ ਦੇ ਛੋਟੇ ਪੁੱਤਰ ਮੋਹਰੀ ਜੀ ਨੇ ਹੁਕਮ ਮੰਨ ਕੇ ਮੱਥਾ ਟੇਕਿਆ ਪਰ ਮੋਹਨ ਜੀ ਨੇ ਐਸਾ ਨਾ ਕੀਤਾ।
ਗੁਰੂ ਅਮਰਦਾਸ ਜੀ ਨੇ ਗੁਰਿਆਈ ਦੀ ਸੇਵਾ ਬਾਈ ਸਾਲਾਂ ਤੋਂ ਕੁਝ ਵਧੀਕ ਸਮਾਂ ਕੀਤੀ ਹੈ। ਗੁਰੂ ਅਮਰਦਾਸ ਜੀ ਆਪਣੇ ਸਮੇਂ ਦੇ ਸਿਰਮੋਰ ਸਮਾਜ ਸੁਧਾਰਕ ਸਨ। ਆਪ ਦੀ ਚੁੰਬਕੀ ਸ਼ਖਸੀਅਤ ਨੇ ਹਜ਼ਾਰਾ ਲੋਕਾਂ ਨੂੰ ਗੁਰੂ ਨਾਨਕ ਪਾਤਸਾਹ ਦੇ ਝੰਡੇ ਹੇਠ ਲੈ ਆਂਦਾ। ਗੁਰੂ ਅਮਰਦਾਸ ਜੀ ਦੇ 22 ਸਾਲ ਦੇ ਗੁਰਿਆਈ ਸਮੇਂ ਦੀਆਂ ਸਿਖਿਆਵਾਂ ਤੇ ਉਪਦੇਸ਼ਾ ਨੂੰ ਮੌਜੂਦਾ ਸਿੱਖੀ ਵਿਚ ਆ ਰਹੇ ਪਤਿਤ ਪੁਨੇ ਨੂੰ ਦੇਖਦਿਆਂ ਹੋਇਆਂ ਵਾਚਨਾਂ ਹਰ ਸਿੱਖ ਲਈ ਬਹੁਤ ਜਰੂਰੀ ਹੈ ਤਾਕਿ ਸਿੱਖ ਨੌਜੁਆਨ ਸਿੱਖੀ ਦੀਆਂ ਕੀਮਤਾਂ ਕਦਰਾਂ ਨੂੰ ਸਮਝਣ।
1. ਜਾਤਪਾਤ ਦਾ ਵਿਤਕਰਾ:-
ਵਰਣ ਆਸ਼ਰਮੀ ਧਰਮ, ਜਨਮ ਅਰ ਜਾਤ-ਪਾਤ ਦੇ ਆਧਾਰ ਤੇ ਮਨੁੱਖ ਨੂੰ ਉੱਚਾ ਨੀਵਾਂ ਹੋਣਾ ਮੰਨਦਾ ਹੈ ਪਰ ਸਿੱਖ ਧਰਮ ਵਿਚ ਇਸ ਲਈ ਕੋਈ ਥਾਂ ਨਹੀਂ ਹੈ। ਗੁਰਮਤ ਅਨੁਸਾਰ ਸਭ ਮਨੁੱਖ ਜਾਤੀ ਇਕ ਪ੍ਰਮੇਸ਼ਰ ਦਾ ਅੰਸ ਅਤੇ ਬਰਾਬਰ ਹਨ। ਗੁਰੂ ਕੇ ਲੰਗਰ ਅਤੇ ਗੁਰੂ ਧਾਮਾਂ ਦੇ ਸਰੋਵਰ ਅਤੇ ਗੋਇੰਦਵਾਲ ਸਾਹਿਬ ਜੀ ਦੀ ਬਉਲੀ ਆਦਿ ਦਾ ਨਿਰਮਾਨ ਇਸੇ ਉਦੇਸ਼ ਹਿਤ ਕੀਤਾ ਗਿਆ ਸੀ ਪਰ ਅਸੀਂ ਕਿਤਨੇ ਬਦਨਸੀਬ ਹਾਂ ਕਿ ਲੰਗਰ ਤਾਂ ਪੁਜ ਕੇ ਛੱਕਦੇ ਹਾਂ ਪਰ ਜਾਤ-ਪਾਤ ਦੀ ਗੁਲਾਮੀ ਨਹੀਂ ਛੱਡਦੇ। ਸੋਚੋ! ਕੀ ਇਸ ਤਰ੍ਹਾਂ ਲੰਗਰ ਛੱਕਨਾ ਪੇਟ ਭਰਨ ਦਾ ਸਾਧਨ ਬਣਕੇ ਹੀ ਤਾਂ ਨਹੀਂ ਰਹਿ ਗਏ? ਅਸਲ ਵਿਚ ਗੁਰਦੁਆਰਿਆਂ ਵਿਚ ਠੀਕ ਪ੍ਰਚਾਰ ਦੀ ਬਹੁਤ ਜਰੂਰਤ ਹੈ ਨਹੀਂ ਤਾਂ ਸਾਡੀਆਂ ਪੀੜੀਆਂ ਅਸਲੀ ਮਕਸਦ ਨੂੰ ਭੁਲ ਜਾਣਗੀਆਂ।
ਆਸਾ ਮ:3- ਅਗੈ ਜਾਤਿ ਰੂਪ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥
ਮਾਰੂ ਵਾਰ ਮ:3- ਅਗੈ ਜਾਤਿ ਨ ਪੁਛਿਐ ਕਰਣੀ ਸਬਦ ਹੈ ਸਾਰ॥
2. ਇਸਤ੍ਰੀ ਨੂੰ ਮਨੁੱਖ ਦੇ ਬਰਾਬਰ ਦਾ ਦਰਜਾ:-
ਉਸ ਸਮੇਂ ਹਿੰਦੂ ਧਰਮ ਵਿਚ ਸਤੀ ਪ੍ਰਥਾ ਦਾ ਬੜਾ ਜੋਰ ਸੀ। ਜਿਸ ਅਨੁਸਾਰ ਮਨੁੱਖ ਦੇ ਮਰ ਜਾਣ ਤੇ ਇਸਤ੍ਰੀ ਨੂੰ ਉਸਦੇ ਨਾਲ ਹੀ ਚਿਤਾ ਵਿਚ ਸੜ ਕੇ ਮਰ ਜਾਣਾ ਜਰੂਰੀ ਸੀ ਭਾਵੇਂ ਉਹ ਐਸਾ ਕਰਨਾ ਚਾਹਵੇ ਜਾਂ ਨਾ। ਦੂਸਰਾ ਮਨੁੱਖ ਆਪਣੀ ਪਤਨੀ ਦੇ ਮਰਨ ਤੇ ਹੋਰ ਵਿਵਾਹ ਕਰ ਸਕਦਾ ਸੀ ਪਰ ਇਸਤ੍ਰੀ ਐਸਾ ਨਹੀਂ ਕਰ ਸਕਦੀ ਸੀ । ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਦੀ ਦ੍ਰਿੜਤਾ ਨਾਲ ਵਿਰੋਧਤਾ ਕੀਤੀ ਅਤੇ ਸਿੱਖਾਂ ਵਿਚ ਇਸ ਪ੍ਰਥਾ ਨੂੰ ਸਦਾ ਲਈ ਖਤਮ ਕਰ ਦਿਤਾ। ਵੱਡਿਆਂ ਤੋਂ ਘੁੰਡ ਕੱਢਨ (ਪਰਦਾ) ਦੀ ਰਸਮ ਨੂੰ ਵੀ ਠੱਲ ਪਾਉਣ ਲਈ ਗੁਰੂ ਦਰਬਾਰ ਵਿਚ ਐਸਾ ਕਰਨ ਤੇ ਰੋਕ ਲਾ ਦਿਤੀ। ਇਸ ਤਰ੍ਹਾਂ ਇਸਤ੍ਰੀ ਦਾ ਸਮਾਜ ਵਿਚ ਸਤਿਕਾਰ ਕਾਇਮ ਕਰ ਦਿਤਾ। ਦੁਖ ਦੀ ਗਲ ਇਹ ਹੈ ਕਿ ਸਿੱਖ ਰਾਜ ਸਮੇਂ ਸਤੀ ਪ੍ਰਥਾ ਦਾ ਫਿਰ ਬੋਲ ਬਾਲਾ ਹੋ ਗਿਆ ਅਤੇ ਹੋਰ ਸੁਧਾਰਾਂ ਵਲ ਵੀ ਧਿਆਨ ਨਾ ਦਿਤਾ ਗਿਆ।
3. ਵਿਆਹ ਸ਼ਾਦੀਆਂ ਦੀਆਂ ਰਸਮਾਂ ਵਿਚ ਸੁਧਾਰ:-
ਗੁਰੂ ਅਮਰਦਾਸ ਜੀ ਨੇ ਆਪਣੀ ਵੱਡੀ ਬੱਚੀ ਭਾਨੀ ਦਾ ਵਿਵਾਹ ਜੇਠਾ ਜੀ ਨਾਲ ਕੀਤਾ ਸੀ ਜੋ ਉਸ ਸਮੇਂ ਜਤੀਮ ਅਤੇ ਦੁਨੀਆਂ ਦੀ ਨਿਗਾਹ ਵਿਚ ਗਰੀਬ ਸਨ। ਬੀਬੀ ਦਾਨੀ ਦਾ ਵਿਆਹ ਰਾਮਾ ਜੀ ਨਾਮ ਦੇ ਅਤੀ ਸਾਧਾਰਨ ਸਿੱਖ ਨਾਲ ਕੀਤਾ ਸੀ। ਅੱਜ ਦਾ ਸਿੱਖ ਗੁਰ ਉਪਦੇਸ਼ਾ ਵੱਲ ਧਿਆਨ ਨਾ ਦੇਣ ਕਾਰਨ ਮਾਇਆ ਦੇ ਪਸਾਰੇ ਵਿਚ ਗੁਆਚ ਗਿਆ ਹੈ ਅਤੇ ਵਿਆਹ ਸ਼ਾਦੀਆਂ ਦੇ ਬਹਾਨੇ ਆਪਣੀ ਲਾਲਚ ਬਿਰਤੀ ਨੂੰ ਸ਼ਾਂਤ ਕਰਨ ਲਈ ਲੜਕੀ ਵਾਲਿਆਂ ਤੋਂ ਵੱਧ ਤੋਂ ਵੱਧ ਦਾਜ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਹੇਰਾ ਫੇਰੀ ਦੀ ਕਮਾਈ ਨੂੰ ਵਿਆਹ ਦੇ ਬਹਾਣੇ ਸਮਾਜ ਵਿਚ ਆਪਣੀ ਹੳੇਮੇਂ ਨੂੰ ਪ੍ਰਗਟ ਕਰਨ ਲਈ ਪੂਰਾ ਜੋਰ ਲਾਕੇ ਉਜਾੜ ਰਿਹਾ ਹੈ। ਅਸੀਂ, ਇਸ ਰੁੱਚੀ ਦਾ ਵਰਤਾਰਾ ਮਨੁੱਖੀ ਜੀਵਨ ਵਿਚ ਈਰਖਾ, ਸਾੜਾ, ਉੱਚੀ ਪਧਰ ਤੇ ਹੋਣ ਅਤੇ ਆਪਾ ਦਿਖਾਉਣ ਹੇਠ ਹੀ ਕਰਦੇ ਹਾਂ। ਨਵੀਆਂ ਮਨਮਤਾਂ ਤੇ ਅਨਮਤਾਂ ਰਸਮਾਂ ਘੜੀਆਂ ਜਾ ਰਹੀਆਂ ਹਨ ਜੋ ਕਿ ਸਮਾਜਿਕ ਬੁਰਿਆਈ ਦਾ ਬਾਣੂ ਬਣ ਰਹੀਆ ਹਨ। ਸ਼ਰਾਬ ਪੀਣੀ ਸਿੱਖੀ ਜੀਵਨ ਦੇ ਖਿਲਾਫ ਜਾਣ ਵਾਲਾ ਕੁਕਰਮ ਹੈ ਪਰ ਅਸੀਂ ਇਸ ਨੂੰ ਜੀਵਨ ਦਾ ਇਕ ਅੰਗ ਬਣਾ ਲਿਆ ਹੈ। ਪਵਿਤਰ ਸਮਾਜਕ ਲੋੜ ਨੂੰ ਖੁਦਗਰਜ਼ੀ ਦਾ ਚੋਲਾ ਪਹਿਣਾ ਦਿਤਾ ਹੈ ਅਤੇ ਅੰਤ ਇਥੇ ਆ ਖਲੋਤਾ ਹੈ ਕਿ ਇਹੋ ਪਰੂਣ ਹੱਤਿਆ ਦਾ ਕਾਰਨ ਬਣ ਚੁੱਕਾ ਹੈ।
4. ਸਿੱਖੀ ਦੀ ਨਿਆਰੀ ਹੋਂਦ ਦਾ ਉਪਦੇਸ਼:-
ਗੁਰੂ ਅਮਰਦਾਸ ਜੀ ਨੇ ਸਿੱਖੀ ਦਾ ਇਹ ਪਹਿਲੂ ਆਰੰਭ ਵਿਚ ਹੀ ਦ੍ਰਿੜਤਾ ਨਾਲ ਸਿੱਖਾਂ ਨੂੰ ਸਮਝਾ ਦਿੱਤਾ ਸੀ ਕਿ ਗੁਰਮਤ ਦੀ ਜੀਵਨ-ਜੁਗਤੀ ਅਨਮੱਤਾਂ ਨਾਲੋਂ ਬਿਲਕੁਲ ਵੱਖਰੀ ਹੈ। ਵਰਣ-ਆਸ਼ਰਮੀ ਦੇ ਜਾਤ-ਪਾਤ ਕਰਮ ਕਾਂਡਾਂ ਅਤੇ ਤੀਰਥ ਇਸ਼ਨਾਨ ਆਦਿ ਨਾਲ ਆਤਮਕ ਸ਼ਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਦੂਜੇ ਪਾਸੇ ਅਨਮੱਤਾਂ ਅਤੇ ਮਨਮੱਤਾਂ ਦੀ ਛੱਟ ਨੂੰ ਉਤਾਰ ਕੇ ਵਗਾਹ ਮਾਰੇ ਬਿਨਾਂ ਗੁਰਮੱਤ ਗਿਆਨ ਦਾ ਜਲਵਾ ਵੀ ਪਰਤੱਖ ਨਹੀਂ ਹੋ ਸਕਦਾ। ਅਨੰਦ ਸਾਹਿਬ ਜੀ ਦੀ ਬਾਣੀ ਵਿਚ ਆਪ ਆਖਦੇ ਹਨ:
ਭਗਤਾ ਕੀ ਚਾਲ ਨਿਰਾਲੀ॥ ਚਾਲ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗ ਚਲਣਾ॥
ਲਬੁ ਲੋਭੁ ਅਹੰਕਾਰ ਤਜਿ ਤ੍ਰਿਸਨਾ ਬਹੁਤ ਨਾਹੀ ਬੋਲਣਾ॥
ਖੰਨੀਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥
ਗੁਰਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥
ਕਹੈ ਨਾਨਕ ਚਾਲ ਭਗਤਾ ਜੁਗਹੁ ਜੁਗ ਨਿਰਾਲੀ॥
ਥੋੜਾ ਜਿਹਾ ਵੀ ਸੋਚੀਏ ਤਾਂ ਸਿਖ ਮੱਤ ਆਪਨੇ ਆਪ ਵਿਚ ਇਕ ਆਜ਼ਾਦ ਸੰਪੂਰਨ ਤੇ ਹਿੰਦੂ-ਮੁਸਲਮਾਨ ਧਰਮ ਤੋਂ ਬਿਲਕੁਲ ਨਿਆਰਾ ਅਰ ਸੁਤੰਤਰ ਮੱਤ ਹੈ। ਦਰਅਸਲ ਮੁਸਲਮਾਨਾਂ ਵਲੋਂ ਗੁਰਮਤ ਨੂੰ ਇਸਲਾਮ ਵਲ ਧੂਹਣ ਦਾ ਨਾ ਦੇ ਬਰਾਬਰ ਜਤਨ ਹੋਇਆ ਅਤੇ ਕੋਈ ਭੁਲੇਖਾ ਵੀ ਨਹੀਂ ਪਇਆ ਪਰ ਚੂੰਕਿ ਸਿੱਖਾਂ ਦੀ ਬਹੁਗਿਣਤੀ ਹਿੰਦੂਆਂ ਵਿਚੋਂ ਸਿੱਖ ਬਣੀ ਅਤੇ ਹਿੰਦੂ ਖਾਨਦਾਨਾਂ ਵਿਚ ਕੁਝ ਬੰਦੇ ਸਿੱਖੀ ਸਰੂਪ ਵਿਚ ਹੋ ਗਏ ਸੋ ਗਲਤ-ਫਹਿਮੀ ਪੈ ਜਾਣੀ ਕੁਦਰਤੀ ਸੀ ਅਤੇ ਕਿਉਂਕਿ ਸਿੱਖੀ ਦਾ ਨਿਤਰ ਕੇ ਪ੍ਰਚਾਰ ਨਹੀਂ ਕੀਤਾ ਇਸ ਕਰਕੇ ਅੱਜ ਤੱਕ ਹਿੰਦੂ ਧਰਮ ਦਾ ਜੂਲਾ ਕਿਸੇ ਨਾ ਕਿਸੇ ਰੂਪ ਵਿਚ ਸਿੱਖਾਂ ਵਿਚ ਦਿਸ ਰਿਹਾ ਹੈ। ਭਾਵੇਂ ਉਹ ਕੰਜਕਾਂ, ਨਵਰਾਤੇ ਅਤੇ ਕਰਵਾ ਚੌਥ ਆਦਿ ਹੀ ਕਿਉਂ ਨਾ ਹੋਣ। ਬ੍ਰਾਹਮਣੀ ਮੱਤ ਲੱਖ ਹੱਥ-ਪੈਰ ਪਿਆ ਮਾਰੇ ਪਰ ਸੂਤਕ ਪਾਤਕ, ਚੌਂਕੇ, ਕਾਰਾਂ ਆਦਿਕ ਦੇ ਵਹਿਮਾਂ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਦਾ। ਇਸ ਵਿਚ ਰਤਾ ਭਰ ਵੀ ਸੰਦੇਹ ਨਹੀਂ ਕਿ ਗ੍ਰਹਿ-ਚੱਕਰਾਂ, ਥਿਤਾਂ-ਵਾਰਾਂ, ਮੰਤਰਾਂ-ਜੰਤਰਾਂ, ਸ਼ਗਣ-ਆਪਸ਼ਗਣ ਤੇ ਸ਼ੁਭ-ਅਸ਼ੁਬ ਮਹੂਰਤਾਂ ਨੂੰ ਮੰਨਨ ਵਾਲਾ ਸਿੱਖ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਬ੍ਰਾਹਮਣੀ ਮੱਤ ਦੀ ਜਾਤ-ਪਾਤ ਅਤੇ ਇਹਨਾਂ ਸਭ ਕਰਮ ਕਾਂਡਾਂ ਤੋਂ ਰਾਹਤ ਦੇਣ ਵਾਲਾ ਸਿੱਖ ਧਰਮ ਹੀ ਹੈ। ਹਿੰਦੂ ਧਰਮ ਵਿਚ ਮੂਰਤੀਆਂ ਦੀ ਪੂਜਾ, ਅਰਚਨਾ, ਤਰਪਣ ਆਦਿ ਸਿੱਖੀ ਵਿਚ ਪੂਰਨ ਰੂਪ ਵਿਚ ਵਿਵਰਜਤ ਹਨ।
ਮਲਾਰ ਮ:3- ਬੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ॥
ਬਿਨ ਨਾਵੈਂ ਜਮਡੰਡ ਸਹੈ ਮਰਿ ਜਨਮੈ ਵਾਰੋ ਵਾਰ॥
ਰਾਮਕਲੀ ਮ:3- ਸਤਿਗੁਰ ਬਿਨਾ ਹੋਰ ਕਚੀ ਹੈ ਬਾਣੀ॥
ਕਹਿੰਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥
ਸਿੱਖ ਵਿਚਾਰਧਾਰਾ,
ਸਿੱਖ ਸਭਿਆਚਾਰ ਤੇ ਸਿੱਖ ਜੀਵਨ ਜੁਗਤੀ ਦਾ ਨਿਆਰਾਪਨ ਕਾਇਮ ਕਰਨ ਵਿਚ ਗੁਰੂ ਅਮਰਦਾਸ ਜੀ ਦਾ ਮਹਾਨ ਯੋਗਦਾਨ ਹੈ। ਬ੍ਰਾਹਮਣੀ ਮਤ ਵਿਚ ਦੇਵੀ-ਦੇਵਤਿਆਂ ਬ੍ਰਹਮਾਂ, ਵਿਸ਼ਨੂੰ, ਮਹੇਸ਼ ਆਦਿ ਦੀ ਪੂਜਾ ਜਰੂਰੀ ਹੈ ਪਰ ਸਿੱਖ ਧਰਮ ਅਨੁਸਾਰ ਇਕੋ-ਇਕ ਵਾਹਿਦ ਪ੍ਰਮੇਸ਼ਰ ਦੀ ਭਗਤੀ ਨੂੰ ਦ੍ਰਿੜ ਕਰਨ ਲਈ ਇਹਨਾਂ ਨੂੰ ਟਿਚ ਸਮਝਣਾ ਜਰੂਰੀ ਹੈ।
ਵਾਰ ਗੁਜਰੀ ਮ:3-ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹਿਆ ਸਮਾਇ॥
ਅਵਰ ਦੂਜਾ ਕਿਉਂ ਸੇਵੀਐ ਜੰਮੈ ਤੈ ਮਰਿ ਜਾਇ॥
ਨਿਹਫਲ ਤਿਨਕਾ ਜੀਵਿਆਂ ਜਿ ਖਸਮ ਨ ਜਾਣਹਿ ਆਪਣਾ ਅਵਰਿ ਕਉ ਚਿਤ ਲਾਇ॥
5. ਮਨੁੱਖਾ ਜੀਵਨ ਦਾ ਮਨੋਰਥ:-
ਮਨੁੱਖਾ ਜੀਵਨ ਦਾ ਮਨੋਰਥ ਕੀ ਹੈ, ਇਸ ਬਾਰੇ ਗੁਰੂ ਅਮਰਦਾਸ ਜੀ ਨੇ ਬੜੇ ਸਾਫ ਸਾਫ ਵਿਚਾਰ ਦਿਤੇ ਹਨ ਅਤੇ ਦ੍ਰਿੜ ਕਰਵਾਇਆ ਹੈ ਕਿ ਮਨੁੱਖਾ ਜਨਮ ਵਿਸ਼ਿਆਂ ਵਿਕਾਰਾਂ ਵਿਚ ਬਰਬਾਦ ਕਰਨ ਲਈ ਨਹੀਂ ਸਗੋਂ ਉੱਚੇ ਪ੍ਰਯੋਜਨ ਲਈ ਹੈ। ਸਿੱਖ ਲਈ ਸਪਸ਼ਟ ਉਪਦੇਸ਼ ਦਿੱਤਾ ਕਿ ਸਤਿਗੁਰੂ ਦੀ ਸਿਖਿਆ ਨਾਲ ਚਿਤ ਜੋੜਣ ਨਾਲ ਹੀ ਸਾਡਾ ਮਨੁੱਖਾ ਜਨਮ ਸਫਲ ਹੋ ਸਕਦਾ ਹੈ।
ਗੁਜਰੀ ਕੀ ਵਾਰ ਮ:3- ਸਫ਼ਲ ਜਨਮ ਜਿਨੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਇ॥
ਬਾਝ ਗੁਰੂ ਫਿਰੈ ਬਿਲਲਾਦੀ ਦੂਜੇ ਭਾਇ ਖੁਆਇ॥ ਅਤੇ
ਸਤਿਗੁਰ ਸਿਉ ਨ ਚਿਤੁ ਲਾਇਓ ਨਾਮ ਨ ਵੋਿਸਓ ਮਨ ਆਇ॥
ਧ੍ਰਿਗ ਰਿਵਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ॥
6. ਸਤਿਗੁਰੂ ਦੀ ਸਿਖਿਆ ਦੀ ਲੋੜ:-
ਗੁਰੂ ਅਮਰਦਾਸ ਜੀ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਮਨੁੱਖਾ ਜਨਮ ਦੀ ਸਫਲਤਾ ਲਈ ਇਕੋ ਇਕ ਸਫਲ ਸਾਧਨ ਗੁਰੂ ਉਪਦੇਸ਼ ਨੂੰ ਕਮਾਉਣਾ ਦਸਿਆ। ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਤਾਂ ਸਾਡੇ ਆਪਣੇ ਹਿਰਦੇ ਵਿਚ ਹੀ ਹੈ ਪਰ ਇਹ ਖਜ਼ਾਨਾ ਸੱਚੇ ਸਤਿਗੁਰੂ ਬਿਨਾ ਨਜ਼ਰ ਨਹੀਂ ਪੈਂਦਾ।
1334- ਮੇਰੇ ਮਨ ਗੁਰ ਕੀ ਸਿਖ ਸੁਣੀਜੈ॥
ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰਿ ਰਸੁ ਪੀਜੈ
425- ਸਤਿਗੁਰ ਤੇ ਹਰਿ ਪਾਈਐ ਭਾਈ॥
ਅੰਤਰਿ ਨਾਮੁ ਨਿਧਾਨੁ ਹੈ ਪੂਰੇ ਸਤਿਗੁਰਿ ਦੀਆ ਦਿਖਾਇ॥
427-ਸਚਾ ਸਾਹਿਬ ਏਕੁ ਹੈ ਮਤੁ ਮਨ ਭਰਮਿ ਭੁਲਾਹਿ॥
ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨ ਵਸਾਇ॥
423- ਗੁਰ ਸੇਵਾ ਤਪਾਂ ਸਿਰਿ ਤਪੁ ਸਾਰ॥
ਹਰਿ ਜੀਉ ਮਨਿ ਵਸੈ ਸਭ ਦੁਖ ਵਿਸਾਰਣ ਹਾਰੁ॥
ਗੁਰੂ ਹੀਣੇ ਮਨੁੱਖ ਆਤਮਕ ਤੌਰ ਤੇ ਸਦਾ ਅਚੇਤ ਰਹਿੰਦੇ ਹਨ ਅਤੇ ਮੌਤ ਦੇ ਡਰ ਵਿਚ ਜੀਉਂਦੇ ਹਨ। ਸਚਾ ਆਤਮਕ ਕਲਿਆਣ ਗੁਰੂ ਉਪਦੇਸ਼ ਨਾਲ ਹੀ ਹੋ ਸਕਦਾ ਹੈ।
30- ਬਾਝਹੁ ਗੁਰ ਅਚੇਤ ਹੈ ਸਭ ਬਧੀ ਜਮ ਕਾਲਿ॥
ਨਾਨਕ ਗੁਰਮਤਿ ਉਬਰੇ ਸਚਾ ਨਾਮ ਸਮਾਲਿ॥
39-ਭਾੲ ਿਰੇ ਗੁਰ ਬਿਨੁ ਭਗਤਿ ਨ ਹੋਇ॥
ਬਿਨ ਗੁਰ ਭਗਤਿ ਨ ਪਾਈਐ ਜੇ ਲੋਚੈ ਸਭ ਕੋਇ॥
7. ਸਾਧੂ ਦੇ ਲੱਛਣ ਤੇ ਪਾਖੰਡ ਕਰਮ:-
ਗੁਰੂ ਅਮਰਦਾਸ ਜੀ ਨੇ ਫੁਰਮਾਇਆ ਹੈ ਕਿ ਜੋ ਮਨੁਖ ਆਪਣੇ ਪੇਟ ਅਥਵਾ ਸੁਆਰਥ ਖਾਤਰ ਭੇਖ ਧਾਰਦੇ ਹਨ, ਕਿਰਤ ਛੱਡ ਕੇ ਦੂਸਰਿਆਂ ਤੇ ਭਾਰ ਬਣਦੇ ਹਨ ਉਹਨਾਂ ਨੂੰ ਸਾਧੂ ਜਾਂ ਧਰਮੀ ਨਹੀਂ ਸਮਝਿਆ ਜਾ ਸਕਦਾ। ਆਤਮਕ ਮੰਡਲਾਂ ਵਿਚ ਵਿਚਰਨ ਵਾਲੇ ਹੀ ਸਾਧੂ ਆਖਵਾ ਸਕਦੇ ਹਨ। ਗੁਰੂ ਅਮਰਦਾਸ ਜੀ ਨੇ ਇਹ ਗਲ ਚੰਗੀ ਤਰ੍ਹਾਂ ਦ੍ਰਿੜ ਕਰਵਾਈ ਕਿ ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ ਭੇਖ ਧਾਰਨੇ ਤੇ ਅਡੰਬਰ ਕਰਨੇ ਫਜੂਲ ਹਨ। ਕੇਵਲ ਸਾਫ਼ ਨੀਅਤ ਕਰ ਲੈਣ ਨਾਲ, ਬਿਨਾ ਘਰ ਘਾਟ ਤਿਆਗਿਆਂ ਪ੍ਰਮੇਸਰ ਮਿਲ ਸਕਦਾ ਹੈ।
947- ਅਭਿਆਗਤ ਏਹਿ ਨ ਆਖਿਅਨਿ ਪਰ ਘਰਿ ਭੋਜਨੁ ਕਰੇਨਿ॥
ਉਦਰੈ ਕਾਰਣਿ ਆਪਣੇ ਬਾਹਲੇ ਭੇਖ ਕਰੇਨਿ॥
ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣ ਕਰੇਨਿ॥
ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ॥
1383-ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
ਨਾਨਕ ਘਰ ਬੈਠਿਆ ਸਹੁ ਮਿਲੈ ਜੇ ਨੀਅਤ ਰਾਸਿ ਕਰੇਇ॥
8. ਕੇਵਲ ਗੁਰਬਾਣੀ ਤੋਂ ਰਹਿਨੁਮਾਈ ਲੈਣ ਦੀ ਲੋੜ:
ਗੁਰਬਾਣੀ ਹੀ ਇਸ ਸੰਸਾਰ ਵਿਚ ਆਤਮਕ ਮਾਰਗ ਦਾ ਰਾਹ ਰੋਸ਼ਨ ਕਰਨ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ।
67- ਗੁਰਬਾਣੀ ਇਸੁ ਜਗ ਮਹਿ ਚਾਨਣੁ॥ ਕਰਮਿ ਵਸੈ ਮਨਿ ਆਇ॥
428-ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ॥
ਨਾਨਕ ਨਾਮੁ ਤਿਨਾ ਕਦੇ ਨ ਵਸਿਰੈ ਸੇ ਦਰਿ ਸਚੇ ਜਾਣੁ॥
9. ਮਾਇਆ:-
ਮਨੁੱਖ ਦੇ ਪ੍ਰਭੂ ਮਿਲਨ ਦੇ ਰਸਤੇ ਵਿਚ ਮਾਇਆ ਬੜੀ ਵੱਡੀ ਰੁਕਾਵਟ ਹੈ। ਅਰਥਾਤ ਧਨ, ਜ਼ਮੀਨ, ਜਾਇਦਾਦ ਤੇ ਇਸਤਰੀ ਜਾਂ ਪ੍ਰਵਾਰ ਦੇ ਮੋਹ ਨੂੰ ਮਾਇਆ ਆਖਿਆ ਗਿਆ ਹੈ। ਗੁਰਮਤ ਇਹਨਾਂ ਦੇ ਤਿਆਗ ਦਾ ਨਹੀਂ ਸਗੋਂ ਇਹਨਾਂ ਦੇ ਮੋਹ ਵਿਚ ਫੱਸ ਕੇ ਆਤਮਾਂ ਨੂੰ ਮੈਲਾ ਕਰਨ ਤੋਂ ਰੋਕਦੀ ਹੈ। ਮਾਇਆ ਕਿਸੇ ਵੇਲੇ ਵੀ ਸਾਥ ਛੱਡ ਦਿੰਦੀ ਹੈ ਪਰ ਮਨੁੱਖ ਨੂੰ ਇਹ ਗੁਲਾਮ ਬਣਾਈ ਰੱਖਦੀ ਹੈ ਅਤੇ ਮਨੁੱਖ ਮਨ ਦੇ ਮਗਰ ਲੱਗਾ ਰਹਿੰਦਾ ਹੈ। ਇਸਦੀ ਤ੍ਰਿਸ਼ਨਾ ਕਦੀ ਪੂਰੀ ਨਹੀਂ ਹੁੰਦੀ ਅਤੇ ਜਿੰਦਗੀ ਭੱਜ ਦੌੜ ਵਿਚ ਹੀ ਪੂਰੀ ਹੋ ਜਾਂਦੀ ਹੈ। ਗੁਰੂ ਅਮਰਦਾਸ ਜੀ ਨੇ ਬੜੇ ਕਰੜੇ ਸ਼ਬਦਾ ਵਿਚ ਸਾਨੂੰ ਚੇਤਾਵਨੀ ਦਿਤੀ ਹੈ।
920- ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰ ਮਾਇਆ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲ ਰਚਾਇਆ॥
510- ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥
ਏੇਹ ਜਮ ਕੀ ਸਿਰਕਾਰ ਹੈ ਏਨ੍ਾ ਉਪਰਿ ਜਮ ਕਾ ਡੰਡੁ ਕਰਾਰਾ॥
1087- ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ॥
ਚਲਦਿਆ ਨਾਲਿ ਨ ਚਲਦੀ ਸਭ ਝੂਠੁ ਦਰਬੁ ਲਖਾ॥
1415- ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥
ਬਿਖ ਕਾ ਮਾਰਣੁ ਹਰਿਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ॥
10. ਅਕਾਲ ਪੁਰਖ ਉਤੇ ਦ੍ਰਿੜ ਵਿਸ਼ਵਾਸ:-
ਗੁਰੂ ਅਮਰਦਾਸ ਜੀ ਨੇ ਕੇਵਲ ਇਕੋ ਇਕ ਪਰਮੇਸ਼ਰ ਦਾ ਓਟ ਆਸਰਾ ਲੈਣ ਦੀ ਤਾਕੀਦ ਕੀਤੀ ਹੈ ਕਿਉਂਕਿ ਉਹ ਸਰਬ ਸ਼ਕਤੀ ਮਾਨ ਅਤੇ ਸਬ ਤੋਂ ਵਡੇਰੀ ਹਸਤੀ ਹੈ। ਸਾਡੀ ਅਕਾਲ ਪੁਰਖ ਉਤੇ ਟੇਕ ਕੇਵਲ ਰਸਮੀ ਨਹੀਂ ਹੋਣੀ ਚਾਹੀਦੀ ਸਗੋਂ ਇਕ ਆਦਰਸ਼ ਪਤਨੀ ਜਿਵੇਂ ਆਪਣੇ ਪਤੀ ਤੇ ਰੱਖਦੀ ਹੈ ਉਂਝ ਹੋਵੇ। ਸਦਾ ਕਰਤੇ ਨੂੰ ਆਪਣੇ ਅੰਗ ਸੰਗ ਜਾਣਨਾ ਗੁਰੂ ਦੀ ਮਿਹਰ ਤੋਂ ਹੀ ਪ੍ਰਾਪਤ ਹੁੰਦਾ ਹੈ। ਜਨਮ ਮਰਨ ਦੇ ਗੇੜ ਵਿਚ ਪਏ ਕਿਸੇ ਵਿਅਕਤੀ ਦੀ ਸੇਵਾ ਜਾਂ ਸਿਮਰਨ ਦੀ ਥਾਵੇਂ ਉਸ ਰਮੇਂ ਹੋਏ ਪ੍ਰਮੇਸ਼ਰ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਅੱਜ ਦੇ ਜੋ ਸਿੱਖ ਸਾਧਾਂ ਦੇ ਪਿਛਲਗੂ ਬਣ ਰਹੇ ਹਨ ਉਹਨਾਂ ਨੂੰ ਗੁਰੂ ਅਮਰਦਾਸ ਜੀ ਦੇ ਉਪਦੇਸ਼ ਤੋਂ ਜਾਣੂ ਹੋਣ ਦੀ ਬਹੁਤ ਲੋੜ ਹੈ।
1333- ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ॥
ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨ ਕੋ ਹੋਆ ਨ ਹੋਗ॥
509- ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੇ ਮਰ ਜਾਇ॥
11. ਪ੍ਰਮੇਸ਼ਰ ਪ੍ਰਾਪਤੀ ਦੇ ਸਾਧਨਾਂ ਬਾਰੇ:-
ਕਰਤਾ, ਗੁਰੂ ਦੇ ਸ਼ਬਦ ਦੀ ਕਮਾਈ ਅਤੇ ਸਤਸੰਗ ਰਾਹੀਂ ਹੀ ਮਿਲ ਸਕਦਾ ਹੈ। ਮਨਮਤੀ ਤੇ ਅਨਮਤੀ ਸਾਧਨਾਂ ਦਾ ਗੁਰੂ ਅਮਰਦਾਸ ਜੀ ਨੇ ਖੰਡਨ ਕੀਤਾ ਹੈ। ਜਦ ਤਕ ਮਨ ਵਿਚ ਕਰਤੇ ਲਈ ਸੱਚਾ ਪਿਆਰ ਤੇ ਨਾਮ ਨਹੀਂ ਵਸਾਉਂਦੇ, ਸਾਡੇ ਅਡੰਬਰ ਤੇ ਲੋਕ ਦਿਖਾਵੇ ਵਾਲੀਆਂ ਸਬ ਘਾਲਾਂ ਵਿਅਰਥ ਹਨ।
65- ਮਨਹਠਿ ਕਿਤੈ ਉਪਾਇ ਨ ਛੁਟੀਐ ਸਿਮ੍ਰਿਤ ਸਾਸਤ੍ਰ ਸੋਧਹੁ ਜਾਇ॥
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦ ਕਮਾਇ॥
ਸੂਹੀ ਮ:3- ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਬਿਨ ਸਤਿਗੁਰ ਭਗਤਿ ਨ ਹੋਈ ਰਾਮ॥
ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ॥
12. ਸੰਗਰਾਂਦ ਪੁੰਨਿਆ ਆਦਿਕ ਦਿਨਾਂ ਬਾਰੇ:-
ਅਨਮੱਤਾਂ ਵਿਚ ਸੰਗਰਾਂਦ, ਪੁੰਨਿਆਂ, ਮਸਿਆ, ਏਕਾਦਸ਼ੀ, ਅਸ਼ਟਮੀ ਆਦਿ ਨੂੰ ਵਿਸ਼ੇਸ਼ ਮਹਤੱਤਾ ਦਿਤੀ ਜਾਂਦੀ ਹੈ ਅਤੇ ਕਈ ਧਾਰਮਕ ਪੁੰਨ ਦਾਨ ਤੇ ਕਰਮ ਕਾਂਡ ਕੀਤੇ ਜਾਂਦੇ ਹਨ ਅਤੇ ਵਿਸ਼ੇਸ ਫਲ ਪ੍ਰਾਪਤੀ ਦਾ ਭਰਮ ਪਰਬਲ ਹੈ। ਸਤਿਗੁਰਾਂ ਨੇ ਥਿਤਾਂ-ਵਾਰਾਂ ਦੇ ਸ਼ੁਭ- ਅਸ਼ੁਭ ਹੋਣ ਦੇ ਭਰਮ ਵਹਿਮ ਨੂੰ ਮੰਨਣ ਵਾਲੇ ਲੋਕਾਂ ਨੂੰ ਮੂਰਖ ਅਤੇ ਗਵਾਰ ਕਿਹਾ ਹੈ।
843- ਸਤਿਗੁਰ ਬਾਝਹੁ ਅੰਧ ਗੁਬਾਰ॥ ਥਿਤੀਂ ਵਾਰ ਸੇਵਹਿ ਮੁਗਧ ਗਵਾਰ॥
13. ਜੀਵਨ ਵਿਚ ਅਉਗੁਣ ਤਿਆਗ ਕੇ ਗੁਣ ਅਪਨਾਉਣ ਦੀ ਲੋੜ:-
ਗੁਰਮਤ ਦਾ ਆਦਾਰ ਇਹ ਹੈ ਕਿ ਮਨੁੱਖ ਨੇ ਅਉਗਣਾਂ ਦਾ ਤਿਆਗ ਕਰਨਾ ਹੈ ਅਤੇ ਨਾਮ ਸਿਮਰਨ ਕੇਵਲ ਤਦ ਹੀ ਹੋ ਸਕਦਾ ਹੈ ਜੇ ਅਸੀਂ ਅਉਗਣਾਂ ਅਰਥਾਤ ਬਦੀਆਂ ਤੋਂ ਤੋਬਾ ਕਰੀਏ ਤੇ ਨੇਕ ਚਾਲ ਚਲਨ ਵਾਲੇ ਬਣੀਏ। ਦੇਹਧਾਰੀ ਗੁਰੂਆਂ ਕੋਲੋਂ ਨਾਮ ਲੈ ਲੈਣਾ ਪਰ ਜੀਵਨ ਜਾਚ ਨੂੰ ਸਿੱਧੇ ਰਸਤੇ ਨਾ ਪਾਉਣਾ ਜਾਂ ਚਤੁਰਾਈ ਨਾਲ ਪ੍ਰਭੂ ਨੂੰ ਪ੍ਰਾਪਤ ਕਰਨਾ ਨਾਮੁੰਮਕਨ ਹੈ। ਰੱਬੀ ਗੁਣਾਂ ਵਾਲਾ ਜੀਵ ਹੀ ਨਾਮ ਸਿਮਰਨ ਕਰ ਸਕਦਾ ਹੈ। ਆਪਾ-ਭਾਵ ਦੂਰ ਕਰਨਾ ਅਤੇ ਗੁਣਾਂ ਅਤੇ ਅਉਗਣਾਂ ਦੀ ਪਛਾਣ ਕਰਨ ਵਾਲਾ ਜੀਵ ਹੀ ਭਗਤੀ ਦੇ ਰਾਹ ਤੇ ਤੁਰ ਸਕਦਾ ਹੈ। ਜੇਕਰ ਇਨਸਾਨ ਖਿਨ-ਭੰਗਰ ਪਦਾਰਥਾਂ ਦੇ ਮੋਹ ਅਤੇ ਅਉਗਣਾਂ ਵਿਚ ਚਿਤ ਲਾਉਂਦਾ ਹੈ ਤਾਂ ਉਹ ਮਨਮੁਖ ਹੀ ਬਣਿਆ ਰਹਿੰਦਾ ਹੈ, ਵੇਖਣ ਨੂੰ ਭਾਵੇਂ ਭਲਾ ਭਲੇਰਾ ਲੱਗੇ।
ਸੂਹੀ ਮ;3- ਗੁਣ ਕੀ ਸਾਝ ਸੁਖੁ ਉਪਜੇ ਸਚੀ ਭਗਤਿ ਕਰੇਨਿ॥
ਸਚੁ ਵਣਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ॥
ਰਾਮਕਲੀ ਮ:3, ਅਨੰਦ ਸਾਹਿਬ-ਸਾਥਿ ਤੇਰੇ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥
14. ਨਾਮ ਸਿਮਰਨ ਬਾਰੇ ਇਕ ਭੁਲੇਖੇ ਦੀ ਨਿਵਿਰਤੀ:-
ਗੁਰੂ ਅਮਰਦਾਸ ਜੀ ਨੇ ਇਹ ਬਹੁਤ ਸਪਸ਼ਟ ਸਮਝਾ ਦਿੱਤਾ ਹੈ ਕਿ ਕੇਵਲ ਤੋਤਾ-ਰਟਨ ਮਾਤਰ ਨਾਮ ਸਿਮਰਨ ਨਹੀਂ ਹੋ ਸਕਦਾ। ਸਿਮਰਨ ਤੱਦੇ ਹੀ ਹੋ ਸਕਦਾ ਹੈ ਜੱਦ ਜਗਿਆਸੂ ਦੇ ਹਿਰਦੇ ਵਿਚ ਦ੍ਰਿੜ ਵਿਸ਼ਵਾਸ ਹੋਵੇ ਕਿ ਸਾਹਿਬ ਸਦਾ ਉਸਦੇ ਨਾਲ ਹੈ ਅਤੇ ਉਹ ਸਿਰਜਣਹਾਰ ਤੇ ਪਾਲਣਹਾਰ ਰੱਬ ਤੋਂ ਕੁਰਬਾਨ ਜਾਏ। ਗੁਰੂ ਦੀ ਸ਼ਰਨ ਪਏ ਬਿਨਾ ਅਤੇ ਦਸੀ ਜੀਵਨ ਜਾਚ ਅਪਨਾਏ ਬਿਨਾ ਨਾਮ ਸਿਮਰਨ ਅਧੂਰਾ ਹੈ ਅਤੇ ਦਰਗਾਹ ਵਿਚ ਕਬੂਲ ਨਹੀਂ ਹੁੰਦਾ।
ਸਲੋਕ ਵਾਰਾਂ ਤੇ ਵਧੀਕ, ਮ;3-
ਹਰਹਟ ਬੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ॥
ਸਾੋਿਹਬ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ॥
ਜਿਨਿ ਜਗਤ ਉਪਾਇ ਹਰਿ ਰੰਗ ਕੀਆ ਤਿਸੈ ਵਿਟਹੁ ਕੁਰਬਾਨ॥
ਆਪੁ ਛੋਡਹਿ ਤਾ ਸਹੁ ਮਿਲੈ ਸਚਾ ਇਹੁ ਵਿਚਾਰ॥
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵਚਿਾਰ॥
15. ਬਖਸ਼ਸ਼ ਤੇ ਅਰਦਾਸ ਉਤੇ ਟੇਕ:-
ਪ੍ਰਮੇਸ਼ਰ ਪ੍ਰਾਪਤੀ ਲਈ ਉਸ ਅੱਗੇ ਅਰਦਾਸ ਕਰਨੀ ਅਤੇ ਬਖਸ਼ਸ਼ ਦੀ ਮੰਗ ਕਰਨੀ ਚਾਹੀਦੀ ਹੈ। ਇਸ ਲਈ ਇਹ ਵੀ ਜਰੂਰੀ ਹੈ ਕਿ ਆਪਣੇ ਖੋਟੇ ਕਰਮਾਂ ਨੂੰ ਉਸ ਅੱਗੇ ਮੰਨਣਾ ਤੇ ਉਸਦੇ ਬਖਸ਼ਿੰਦ ਹੋਣ ਦੇ ਗੁਣ ਨੂੰ ਚਿਤਾਰਨਾ। ਕੋਈ ਹਿਸਾਬ-ਕਿਤਾਬ, ਗਿਣਤੀ-ਮਿਣਤੀ ਸੱਚੀ ਭਗਤੀ ਨਹੀਂ ਹੈ। ਇਹ ਸਦਾ ਮੰਨ ਵਿਚ ਧਾਰਨਾ ਕਿ ਸਾਡੇ ਅੰਦਰ ਅਉਗੁਣ ਬਹੁਤ ਹਨ ਪਰ ਨੇਕੀ ਨਾਂਹ ਦੇ ਬਰਾਬਰ ਹੈ ਇਸ ਕਰਕੇ ਉਸਦੀ ਰਹਿਮਤ ਸਦਕਾ ਹੀ ਸਾਡਾ ਪਾਰਉਤਾਰਾ ਹੋ ਸਕਦਾ ਹੈ। ਗੁਰੂ ਅਮਰਦਾਸ ਜੀ ਨੇ ਇਸ ਨੂੰ ਇੰਝ ਦਸਿਆ ਹੈ
ਸਲੋਕ ਮ;3- ਅਸੀਂ ਖਤੇ ਬਹੁਤੁ ਕਮਾਵਦੇ ਅੰਤ ਨ ਪਾਰਾਵਾਰੁ॥
ਹਰਿ ਕਿਰਪਾ ਕਰਕੇ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰ॥
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸ ਮਿਲਾਵਣਹਾਰੁ॥
ਗੁਰ ਤੁਠੇ ਹਰਿ ਪ੍ਰਭ ਮੇਲਿਆ ਸਬ ਕਿਲਵਿਖ ਕਟਿ ਵਿਕਾਰ॥
ਜਿਨਾ ਹਰਿ ਹਰਿ ਨਾਮ ਧਿਆਇਆ ਜਨੁ ਨਾਨਕ ਤਿਨ੍ ਜੈਕਾਰ॥
16. ਪ੍ਰਚਾਰਕਾਂ ਲਈ ਅਮਲੀ ਜੀਵਨ ਦੀ ਲੋੜ:-
ਦੂਜਿਆਂ ਵਿਚ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਆਪਣਾ ਜੀਵਨ ਉੱਚਾ ਸੁੱਚਾ, ਪਾਕ-ਪਵਿਤਰ ਹੋਵੇ ਅਤੇ ਗੁਰੂ ਸਾਹਿਬ ਆਖਦੇ ਹਨ ਕਿ ਪ੍ਰਚਾਰਕ ਲਈ ਜਰੂਰੀ ਹੈ ਕਿ ਉਹ ਰੱਬੀ ਗੁਣਾਂ ਨੂੰ ਖੁਦ ਚੰਗੀ ਤਰ੍ਹਾਂ ਸਮਝਦਾ ਹੋਵੇ। ਰੱਬੀ ਗੁਣਾਂ ਤੇ ਰੱਬੀ ਪਿਆਰ ਨਾਲ ਰੰਗਿਆ ਹੋਵੇ ਤੇ ਅਮਲ ਵਿਚ ਲਿਆਉਂਦਾ ਹੋਵੇ। ਪ੍ਰਚਾਰਕ ਨੂੰ ਆਪਣੇ ਗਿਆਨ ਵਿਦਵਤਾ ਤੇ ਦਿਲ- ਖਿਚਵੀਂ ਜਾਂ ਵਖਿਆਨ ਸ਼ਕਤੀ ਉਤੇ ਭੁਲਕੇ ਵੀ ਮਾਣ ਨਹੀਂ ਕਰਨਾ ਚਾਹੀਦਾ। ਇਹ ਗੁਣ ਰੱਬੀ ਦਾਤ ਹਨ ਫਿਰ ਮਾਣ ਕਾਹਦਾ!
832- ਆਪ ਨ ਬੂਝੈ ਲੋਕ ਬੁਝਾਵੇ॥ ਮਨ ਕਾ ਅੰਧਾ ਅੰਧ ਕਮਾਵੈ॥
ਦਰੁ ਘਰੁ ਮਹਲੁ ਠਉਰ ਕੈਸੇ ਪਾਵੈ॥
797- ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ॥
ਜਬ ਅਪੁਨੀ ਜੋਤਿ ਖਿੰਚਹਿ ਤੂੰ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ॥
ਗੁਰੂ ਅਮਰਦਾਸ ਜੀ ਦੀ ਮਹਾਨ ਸ਼ਖਸੀਅਤ ਨੂੰ ਭੱਟ ‘ਸਤਾ ਜੀ’ ਨੇ ਇਉਂ ਬਿਆਨ ਕੀਤਾ ਹੈ ਕਿ ਉਹ ਆਪਣੇ ਵੱਡੇ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਵਰਗੇ ਹੀ ਮਹਾਨ ਸਨ। ਗੁਰੂ ਅਮਰਦਾਸ ਜੀ ਦੇ ਮਸਤਕ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਵਰਗਾ ਨੂਰ ਹੀ ਦਿਸਦਾ ਸੀ। ਗੁਰੂ ਅਮਰਦਾਸ ਜੀ ਦੇ ਅੰਮ੍ਰਿਤ-ਲੰਗਰ ਰਾਹੀਂ ਲੋਕੀਂ ਆਤਮਕ ਜੀਵਨ ਦੀ ਉਸਾਰੀ ਕਰ ਰਹੇ ਹਨ। ਆਪ ਦੇ ਗੁਣਾਂ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਅਕਾਲ ਪੁਰਖ ਜਾਣੋ ਗੁਰੂ ਅਮਰਦਾਸ ਜੀ ਦੇ ਰੂਪ ਵਿਚ ਪ੍ਰਤੱਖ ਵਿਚਰ ਰਿਹਾ ਹੈ।
968-ਸੋ ਟਿਕਾ ਸੋ ਬੈਹਣਾ ਸੋਈ ਦੀਵਾਣੁ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ॥
ਜਾਣੈ ਬਿਰਥਾ ਜੀੳ ਕੀ ਜਾਣੀ ਹੂ ਜਾਣੁ॥
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ॥
ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ॥ ਨਾਨਕ ਹੰਦਾ ਛਤ੍ਰ ਸਿਰਿ ਉਮਤਿ ਹੈਰਾਣੁ॥
ਸੋ ਟਿਕਾ ਸੋ ਬੈਹਣਾ ਸੋਈ ਦੀਵਾਣੁ॥ ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਆਪ ਨੇ ਜੋਤੀ ਜੋਤ ਸਮਾਉਣ (1 ਸਤੰਬਰ-1574) ਤੋਂ ਪਹਿਲਾਂ ਜੋ ਸੰਗਤਿ ਨੂੰ ਉਪਦੇਸ਼ ਦਿਤੇ ਉਹ ‘ਸਦੁ’ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 923-24) ਸਿਰਲੇਖ ਹੇਠ ਦਰਜ਼ ਹਨ। ਇਹ 6 ਪਾਉੜੀਆਂ ਆਪ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਦੀਆਂ ਹਨ ਜੋ ਬਾਬਾ ਅਨੰਦ ਜੀ ਦੇ ਸਪੁਤਰ ਅਤੇ ਬਾਬਾ ਮੋਹਰੀ ਜੀ ਦੇ ਪੋਤਰੇ ਸਨ। ਇਸ ਵਿਚ ਹਿੰਦੂ ਧਰਮ ਦੀਆਂ ਚਲਦੀਆਂ ਆ ਰਹੀਆਂ ਕੁਰੀਤੀਆਂ ਅਤੇ ਸੋਗ ਨਾ ਕਰਨ ਦੀ ਤਾਕੀਦ ਕੀਤੀ ਗਈ ਹੈ। ਸੰਗਤ ਵਿਚ ਬੈਠ ਕੇ ਕੀਰਤਨ ਅਤੇ ਨਾਮ ਸਿਮਰਨ ਲਈ ਹੁਕਮ ਕੀਤਾ ਗਿਆ ਹੈ ਅਤੇ ਇਹ ਵੀ ਆਖਿਆ ਕਿ ਜੋ ਐਸਾ ਕਰੇਗਾ ਉਸਨੂੰ ਹੀ ਅਸੀਂ ਆਪਣਾ ਮਿੱਤਰ ਸਮਝਾਂਗੇ। ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿਚ ਮਿਲਦੀ ਹੈ ਅਤੇ 4 ਵਾਰਾਂ ਹਨ। ਗਿਣਤੀ ਦੇ ਆਧਾਰ ਤੇ ਆਪ ਜੀ ਦੀ ਕੁਲ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਤੋਂ ਬਾਆਦ ਆਉਂਦੀ ਹੈ। ਆਪ ਦੀ ਰਾਮਕਲੀ ਰਾਗ ਦੀ ‘ਅਨੰਦ ਸਾਹਿਬ’ ਜੀ ਦੀ ਬਾਣੀ ਨਿਤਨੇਮ ਦੀਆਂ ਪੰਜ ਬਾਣੀਆਂ ਵਿਚੋਂ ਇਕ ਹੈ ਅਤੇ ਹਰ ਕੀਰਤਨ ਸਮਾਗਮ ਵਿਚ ਇਸਦੀਆਂ 6 ਪਉੜੀਆਂ ਦਾ ਕੀਰਤਨ ਜਰੂਰ ਕੀਤਾ ਜਾਂਦਾ ਹੈ।
----