13/09/2021
ਅਸੀਂ ਪਿੰਡਾਂ ਆਲ਼ੇ ਅਜੇ ਵੀ ਜੇਕਰ ਲੰਗਰ ਘਟ ਜਾਵੇ ਤਾਂ ਵਧ ਗਿਆ ਆਖਦੇ ਆਂ। ਅਸੀਂ ਮੁੱਢ ਤੋਂ ਈ ਬਹੁਤੇ ਜੁਗਾੜੀ ਨਹੀਂ ਸਾਂ, ਨਾ ਈ ਹਿਸਾਬੀ-ਕਿਤਾਬੀ ਸਾਂ, ਗਣਿਤ ਨਾਲ਼ ਸਾਨੂੰ ਮੁੱਢ ਤੋਂ ਈ ਨਕਸ਼ਨ ਸੀ। ਕਦੇ ਜਮ੍ਹਾਂ, ਕਦੇ ਘਟਾਉ, ਕਦੇ ਜ਼ਰਬ, ਕਦੇ ਤਕਸੀਮ ਪੇਸ਼ ਪੈਂਦੀ ਰਹੀ, ਜ਼ਿੰਦਗੀ ਆਪਣੀ ਸਮੀਕਰਨ ਹਰ ਪੈਰ 'ਤੇ ਬਦਲਦੀ ਗਈ। ਇੱਕੀਵੀਂ ਸਦੀ ਕੀ ਚੜ੍ਹੀ, ਕਿੰਨਾ ਕੁਝ ਨਿਗਲ ਗਈ!
ਉੱਚੀਆਂ ਕੰਧਾਂ ਨੇ ਸਾਨੂੰ ਡਰ ਦਿੱਤੇ। ਜਦੋਂ ਨੀਵੀਂਆਂ ਸਨ ਅਸੀਂ ਨਿਧੜਕ ਵੱਸਦੇ ਸਾਂ। ਬਾਰ 'ਚ ਟੰਬਾ ਲਾ ਕੇ ਜਾਂ ਗੱਡਾ ਖਲ੍ਹਿਆਰ ਕੇ ਪਸੂ-ਡੰਗਰ ਨੂੰ ਅੰਦਰ ਆਉਣ ਤੋਂ ਰੋਕ ਲਾ ਦਿੰਦੇ ਸਾਂ। ਕੋਠੀਆਂ ਨੇ ਸਾਡੇ ਕਈ ਸ਼ਬਦ 'ਰਸੋਈ, 'ਚੁੱਲ੍ਹਾ-ਚੌਂਤਾ', 'ਬੈਠਕ', 'ਗੁਸਲਖਾਨਾ', ਖਾ ਲਏ ਤੇ ਕਦੇ ਕੱਚੀ ਕੰਧ 'ਚ ਕਿੱਲ ਗੱਡ ਕੇ ਪਾਈ ਟਾਣ 'ਤੇ ਸਜਾਏ ਪਿੱਤਲ ਦੇ ਭਾਂਡੇ ਕਮਰੇ ਨੂੰ ਮਣਾਂ-ਮੂੰਹੀਂ ਰੂਪ ਚਾੜ੍ਹ ਦਿੰਦੇ ਸਨ।
ਸੱਥ 'ਚ ਬੈਠਿਆਂ ਨੂੰ ਕੋਈ ਪਾੜ੍ਹਾ ਅਖ਼ਬਾਰ ਪੜ੍ਹਕੇ ਸੁਣਾਉਂਦਾ ਹੁੰਦਾ ਸੀ, ਜਿਸ ਦਿਨ ਉਹ ਗ਼ੈਰ-ਹਾਜ਼ਰ ਹੋ ਜਾਂਦਾ, ਬਾਬਿਆਂ ਨੂੰ ਤੋੜ ਲੱਗੀ ਰਹਿੰਦੀ।
ਦੂਹਰੀ ਵਾਰ ਦੇਗ ਲੈਣ ਲਈ ਥੰਧੇ ਹੱਥਾਂ ਨੂੰ ਪਜਾਮੇ ਨਾਲ਼ ਪੂੰਝਕੇ ਖੁਸ਼ਕ ਕਰ ਲੈਣਾ ਤੇ ਵੱਡੇ ਗੱਫੇ ਲਈ ਬੁੱਕ ਬਾਬੇ ਮੂਹਰੇ ਅੱਡ ਦੇਣੇ। ਪਛਾਣੇ ਜਾਣ 'ਤੇ ਮਸਾਂ ਹੀ ਇੱਕ-ਅੱਧੀ ਵਾਰ ਛਾਮਤ ਆਈ ਹੋਊ।
ਜਵਾਕ ਨੂੰ ਘਨੇੜੀ ਚੱਕ ਕੇ ਹੋਕਾ ਦਿੰਦੇ ਫਿਰਨਾ,"ਮਸ਼ਕ ਪਾਣੀ ਲੈ ਲਓ, ਬਈ!" ਤੇ ਜਵਾਕ ਨੇ ਕਿਸੇ ਦੇ ਹੱਥਾਂ 'ਤੇ ਥੁੱਕ ਦੇਣਾ।
ਸ਼ਰਾਰਤ 'ਚ ਪਿਆਂ ਨੇ ਸੰਤਰੇ ਦੇ ਛਿੱਲੜ ਦਾ ਸਤ ਕਿਸੇ ਦੀਆਂ ਅੱਖਾਂ 'ਚ ਨਿਚੋੜ ਦੇਣਾ।
ਗੰਢੇ ਕੱਟਣ ਵੇਲ਼ੇ ਅੱਖਾਂ ਮੱਚਣ ਤੋਂ ਬਚਣ ਲਈ ਗੰਢੇ ਦੇ ਸਿਰੇ ਕੱਟ ਕੇ ਕੰਨਾਂ ਪਿੱਛੇ ਟੰਗ ਲੈਣੇ।
ਭਰਿੰਡ ਲੜ ਜਾਣਾ ਤਾਂ ਲੋਹੇ ਦਾ ਕੜਾ ਮਲ ਲਿਆ ਕਰਦੇ ਸਾਂ।
ਢਿੱਲੀ ਪੈਂਦ ਵਾਲ਼ੇ ਮੰਜੇ 'ਤੇ ਪੈਣ ਲਈ ਜਿਦ-ਜਦਾਈ ਹੁੰਦੀ ਸੀ।
ਛੱਪੜਾਂ 'ਚ ਛੱਡੀ ਸਣ ਮੁਸ਼ਕ ਪਈ ਮਾਰਦੀ ਹੁੰਦੀ ਸੀ ਤੇ ਹੁਣ ਉਹ ਨਜ਼ਾਰੇ ਚੇਤੇ ਆਉਂਦੇ ਨੇ।
ਲੱਗਦਾ ਹੁੰਦਾ ਸੀ ਜਿਹੜਾ ਚਾਂਦੀ ਦੇ ਵਰਕ ਆਲ਼ੀ ਬਰਫ਼ੀ ਲੈ ਗਿਆ ਸਮਝੋ ਬਾਜ਼ੀ ਲੁੱਟ ਗਿਆ।
ਤੇਜ਼ ਭੱਜਣ ਵੇਲ਼ੇ ਕੈਂਚੀ ਚੱਪਲ ਹੱਥਾਂ 'ਤੇ ਚਾੜ੍ਹ ਕੇ ਸਿੱਧਾ ਪੰਜਵਾਂ ਗੇਅਰ ਪਾ ਦਿੰਦੇ ਸਾਂ।
ਚਾਹ ਦੇ ਨਾਲ਼ ਖਾਧੇ ਭੁਜੀਏ-ਬਦਾਨੇ ਦਾ ਸਵਾਦ ਦਹਾਕਿਆਂ ਬਾ'ਦ ਵੀ ਜੀਭ 'ਤੇ ਤੈਰਦਾ ਫਿਰਦਾ ਏ।
ਅੰਗ੍ਰੇਜ਼ੀ ਸਕੂਲਾਂ ਦੇ ਬੱਚੇ ਅੱਧੀ ਛੁੱਟੀ ਖਾਣਾ ਖਾਂਦੇ ਹੁਣ ਕਿੱਥੇ ਆਖਦੇ ਨੇ,"ਰਾਜੇ, ਰਾਜੇ ਰੋਟੀ ਖਾਂਦੇ, ਬਿੱਲੀਆਂ ਖੜ੍ਹੀਆਂ ਝਾਕਦੀਆਂ।"
"ਕੁੱਕੜੂ ਘੜੂੰ, ਤੇਰੀ ਬੋਦੀ ਵਿੱਚ ਜੂੰ!" ਜੇ ਭੁੱਲ-ਭੁਲੇਖੇ ਕਿਸੇ ਦੇ ਮੂੰਹ 'ਚੋਂ ਨਿੱਕਲ ਜਾਵੇ, ਉਹਨੂੰ ਪੇਂਡੂ, ਦੇਸੀ, ਗਵਾਰ ਆਖ ਦਿੱਤਾ ਜਾਂਦਾ ਏ।
ਹੁਣ ਚਾਚਿਆਂ-ਤਾਇਆਂ ਨੂੰ 'ਤੂੰ' ਕਹਿਣਾ ਛੱਡਕੇ 'ਤੁਸੀਂ' ਕਹਿਣ ਲੱਗ ਪਏ ਆਂ ਪਰ ਦਿਲੀ ਇੱਜ਼ਤਾਂ ਘਟ ਗਈਆਂ ਨੇ।
ਜਿਵੇਂ ਕੋਈ ਮੁਟਿਆਰ ਖੂਹ ਤੋਂ ਪਾਣੀ ਭਰ ਕੇ ਇੱਕ ਘੜਾ ਢਾਕ 'ਤੇ ਤੇ ਇੱਕ ਸਿਰ 'ਤੇ ਚੁੱਕੀ ਆਉਂਦੀ ਹੋਵੇ ਭਾਈਚਾਰੇ ਦੇ ਸਿਰ 'ਤੇ ਜ਼ਿੰਦਗੀ ਅਣਨਾਪਿਆ-ਤੋਲਿਆ ਬੋਝ ਚੁੱਕੀ ਫਿਰਦੀ ਸੀ
ਸੱਚਮੁੱਚ, ਕਿੰਨਾ ਕੁਝ ਬਦਲ ਗਿਆ ਏ, ਮਨ ਉਦਾਸ ਏ, ਜ਼ਿੰਦਗੀ ਇਉਂ ਲੱਗਦੈ,"ਕੋਕਾ ਕਢਵਾ ਦੇ ਵੇ ਮਾਹੀਆ, ਕੋਕਾ!" ਗੀਤ ਗਾਉਣ ਭੁੱਲ ਗਈ ਏ।
"ਏਨੀ ਮੇਰੀ ਬਾਤ, ਉੱਤੋਂ ਪੈ ਗੀ ਰਾਤ, ਛੱਤਣਾ ਸੀ ਕੋਠਾ ਤੇ ਛੱਤ 'ਤੀ ਸਵਾਤ," ਕਹਿਣ ਵਾਂਗ ਮੇਰੀ ਬਾਤ ਵੀ ਅੱਜ ਏਥੇ ਈ ਮੁੱਕਦੀ ਏ।
ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ।