15/10/2022
ਅੱਜ ਹਰ ਦੂਸਰਾ ਬੰਦਾ ਮਾਨਸਿਕ ਪ੍ਰੇਸ਼ਾਨੀ ਨਾਲ ਗੁਜ਼ਰ ਰਿਹਾ ਹੈ । ਕਦੇ ਸੋਚਿਆ ਹੈ ਕਿਉਂ ? ਕਿਉਂਕਿ ਅਸੀਂ ਉਨ੍ਹਾਂ ਚੀਜ਼ਾਂ ਨੂੰ ਵਧੇਰੇ ਸੋਚਣਾ ਸ਼ੁਰੂ ਕਰ ਦਿੱਤਾ ਜੋ ਸਾਨੂੰ ਨਹੀਂ ਮਿਲਿਆ ਤੇ ਉਨ੍ਹਾਂ ਦਾ ਸ਼ੁਕਰੀਆ ਕਰਨਾ ਬੰਦ ਕਰ ਦਿੱਤਾ ਜੋ ਸਾਨੂੰ ਮਿਲਿਆ ਹੈ । ਸਾਡੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਐਨੀ ਭਰ ਗਈ ਕਿ ਅਸੀਂ ਵੱਡਾ,, ਵੱਡਾ,, ਹੋਰ ਵੱਡਾ ਪਾਉਣ ਦੇ ਚੱਕਰਾਂ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਨਜ਼ਰਅੰਦਾਜ਼ੀ ਦਾ ਨਤੀਜਾ ਇਹ ਹੋਇਆ ਕਿ ਅਸੀਂ ਜ਼ਿੰਦਗੀ ਦੀਆਂ ਛੋਟੀਆਂ ਖ਼ੁਸ਼ੀਆਂ ਤੋਂ ਦੂਰ ਚਲੀ ਗਈ। ਪਹਿਲਾਂ ਲੋਕ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਪ੍ਰਮਾਤਮਾ ਦਾ ਸ਼ੁਕਰੀਆ ਕਰਦੇ ਸਨ । ਪਰ ਸਾਡੇ ਕੋਲ ਹੁਣ ਭਾਂਤ ਭਾਂਤ ਦੇ ਪਕਵਾਨ ਵੀ ਹੋਣ ਤਾਂ ਸਾਡਾ ਮਨ ਸ਼ੁਕਰੀਆ ਨਹੀਂ ਕਰਦਾ ਸਗੋਂ ਉਨ੍ਹਾਂ ਵਿਚ ਕਈ ਤਰ੍ਹਾਂ ਦੇ ਨੁਕਸ ਕੱਢਦਾ ਹੈ। ਜਦੋਂ ਤਕ ਸਾਡੇ ਮਨ ਵਿੱਚ ਪ੍ਰਮਾਤਮਾ ਵੱਲੋਂ ਬਖ਼ਸ਼ੀਆਂ ਚੀਜ਼ਾਂ ਲਈ ਸ਼ੁਕਰੀਆ ਨਹੀਂ ਆਉਂਦਾ ਉਦੋਂ ਤੱਕ ਸਾਡੇ ਅੰਦਰ ਸਹਿਜ ਹਲੀਮੀ ਤੇ ਸਕੂਨ ਨਹੀਂ ਆਵੇਗਾ। ਲੋਕ ਆਖਦੇ ਨੇ ਸਾਨੂੰ ਬਹੁਤ ਦੁੱਖ ਤਕਲੀਫ਼ ਹੈ ਕਿਸ ਗੱਲ ਦਾ ਸ਼ੁਕਰੀਆ ਕਰੀਏ ? ਇਕ ਗੱਲ ਸਵੀਕਾਰ ਕਰ ਲਓ ਇਹ ਜ਼ਿੰਦਗੀ ਦੁੱਖ ਸੁੱਖ ਦੋਹਾਂ ਦਾ ਸੁਮੇਲ ਹੈ । ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਦੀ ਜ਼ਿੰਦਗੀ ਵਿੱਚ ਦੁਖ ਜਾ ਕੋਈ ਤਕਲੀਫ ਨਾ ਆਈ ਹੋਵੇ । ਦੂਰੋਂ ਦੂਰੋਂ ਹਰ ਕਿਸੇ ਦੀ ਜ਼ਿੰਦਗੀ ਬਹੁਤ ਬਿਹਤਰੀਨ ਲੱਗਦੀ ਹੈ । ਦੁੱਖ ਤਾਂ ਸਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦੇ ਨੇ ਇਸ ਲਈ ਦੁੱਖਾਂ ਦੇ ਵੀ ਸ਼ੁਕਰਗੁਜ਼ਾਰ ਹੋਵੋ । ਤੁਹਾਨੂੰ ਪ੍ਰਮਾਤਮਾ ਨੇ ਹੱਥ ਪੈਰ ਦਿੱਤੇ ਨੇ ਸਿਰ ਤੇ ਛੱਤ ਦਿੱਤੀ ਹੈ ਖਾਣ ਨੂੰ ਰੋਟੀ ਦਿੱਤੀ ਹੈ, ਇਨ੍ਹਾਂ ਨਿੱਕੀਆਂ- ਨਿੱਕੀਆਂ ਚੀਜ਼ਾ ਤੋਂ ਹੀ ਸ਼ੁਕਰੀਆ ਆਪਣੇ ਮਨ ਵਿੱਚ ਲੈ ਕੇ ਆਓ ।
ਨਹੀਂ ਤਾਂ ਜ਼ਿੰਦਗੀ ਦਾ ਸਕੂਨ ਖੋਹ ਜਾਵੇਗਾ ਅਤੇ ਤੁਸੀਂ ਮਾਨਸਿਕ ਬਿਮਾਰੀਆਂ ਨਾਲ ਘਿਰ ਜਾਣਗੇ । ਆਪਣੀ ਜ਼ਿੰਦਗੀ ਨੂੰ ਇਕ ਮੌਕਾ ਦਿਓ ਸ਼ੁਕਰਗੁਜ਼ਾਰ ਹੋਵੋ.......