DHURI TODAY

DHURI TODAY News About Punjab and People of Punjab.

27/06/2024
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰਪੰਜਾਬ ਸਰਕਾਰ ਵੱਲੋਂ ਮਿਲਾਵਟਖੋਰੀ ਵਿਰੁੱਧ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼* ਜ਼ਿਲ੍ਹਾ ਸਿਹਤ ਅਫ਼ਸਰ ਦ...
11/06/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਪੰਜਾਬ ਸਰਕਾਰ ਵੱਲੋਂ ਮਿਲਾਵਟਖੋਰੀ ਵਿਰੁੱਧ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼

* ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸੁਨਾਮ ਦੀ ਖਾਧ ਪਦਾਰਥ ਬਣਾਉਣ ਵਾਲੀ ਇੱਕ ਫੈਕਟਰੀ ਦੇ ਗੋਦਾਮ ਕੀਤੇ ਸੀਲ

* ਖੁਰਾਕੀ ਵਸਤਾਂ ਦੇ ਸੈਂਪਲ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜੇ

ਸੁਨਾਮ ਊਧਮ ਸਿੰਘ ਵਾਲਾ /ਸੰਗਰੂਰ, 11 ਜੂਨ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਅੰਦਰ ਖੁਰਾਕੀ ਵਸਤਾਂ ‘ਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਸਿਹਤ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਅੱਜ ਸੁਨਾਮ ਊਧਮ ਸਿੰਘ ਵਾਲਾ ਨੇੜਲੇ ਪਿੰਡ ਜਗਤਪੁਰਾ ਵਿਖੇ ਖੁਰਾਕੀ ਪਦਾਰਥ ਤਿਆਰ ਕਰਨ ਵਾਲੀ ਇੱਕ ਫੈਕਟਰੀ ‘ਚ ਅਚਨਚੇਤ ਛਾਪਾ ਮਾਰ ਕੇ ਸੈਂਪਲਿੰਗ ਤੋਂ ਬਾਅਦ ਫੈਕਟਰੀ ਦੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਮਾਰੇ ਗਏ ਇਸ ਛਾਪੇ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਮੁਰੱਬੇ, ਆਂਵਲਾ ਕੈਂਡੀ, ਚੈਰੀ ਆਦਿ ਖਾਧ ਪਦਾਰਥਾਂ ਦੇ ਚਾਰ ਸੈਂਪਲ ਭਰੇ ਗਏ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਕਿਸੇ ਨਾਗਰਿਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਜਗਤਪੁਰਾ ਸਥਿਤ ਇੱਕ ਪ੍ਰਾਇਵੇਟ ਫੈਕਟਰੀ ‘ਚ ਗੈਰ-ਮਿਆਰੀ ਢੰਗ ਨਾਲ ਖਾਧ ਪਦਾਰਥ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕਰਦਿਆਂ ਖਾਣ ਵਾਲੀਆਂ ਵੱਖ-ਵੱਖ ਵਸਤਾਂ ਦੇ ਨਮੂਨੇ ਭਰੇ ਅਤੇ ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੱਕ ਫੈਕਟਰੀ ਦੇ ਗੋਦਾਮਾਂ ਨੂੰ ਸੀਲ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਫੈਕਟਰੀ ਵਿੱਚ ਸਾਫ-ਸਫਾਈ ਦੀ ਬਹੁਤ ਘਾਟ ਪਾਈ ਗਈ ਜਿਸ ਕਰਕੇ ਸਬੰਧਤ ਫਰਮ ਨੂੰ ਚਾਲਾਨ ਵੀ ਜਾਰੀ ਕੀਤਾ ਗਿਆ ਹੈ।

ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਮਿਲਾਵਟਖੋਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਸੇ ਨੂੰ ਵੀ ਮਿਲਾਵਟੀ ਭੋਜਨ ਪਦਾਰਥ ਵੇਚ ਕੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਸ਼ਾਸਨ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਮੇਂ-ਸਮੇਂ ਉਤੇ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਉਣ ਲਈ ਟੀਮਾਂ ਪੂਰੀ ਤਰ੍ਹਾਂ ਚੌਕਸ ਹਨ।
ਇਸ ਮੌਕੇ ਥਾਣਾ ਸਿਟੀ ਸੁਨਾਮ ਦੇ ਮੁੱਖ ਥਾਣਾ ਅਫਸਰ ਸੁਖਦੀਪ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਿਹਤ ਵਿਭਾਗ ਦੀ ਟੀਮ ਨਾਲ ਛਾਪੇਮਾਰੀ ਦੌਰਾਨ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਜੇਕਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਮਾੜੀ ਆਉਂਦੀ ਹੈ ਤਾਂ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਦਵਿੰਦਰ ਸਿੰਘ ਵੀ ਹਾਜ਼ਰ ਸਨ।

ਜ਼ਿਲ੍ਹਾ ਸੰਗਰੂਰ ਨੂੰ ਹਰਿਆਲੀ ਭਰਪੂਰ ਬਣਾਉਣ ਲਈ ਲਗਾਏ ਜਾਣਗੇ 5 ਲੱਖ ਬੂਟੇ: ਜਤਿੰਦਰ ਜੋਰਵਾਲਸਮੂਹ ਵਿਭਾਗਾਂ ਨੂੰ ਖਾਲੀ ਥਾਵਾਂ ਦੀ ਚੋਣ ਕਰਕੇ ਬੂਟੇ...
11/06/2024

ਜ਼ਿਲ੍ਹਾ ਸੰਗਰੂਰ ਨੂੰ ਹਰਿਆਲੀ ਭਰਪੂਰ ਬਣਾਉਣ ਲਈ ਲਗਾਏ ਜਾਣਗੇ 5 ਲੱਖ ਬੂਟੇ: ਜਤਿੰਦਰ ਜੋਰਵਾਲ

ਸਮੂਹ ਵਿਭਾਗਾਂ ਨੂੰ ਖਾਲੀ ਥਾਵਾਂ ਦੀ ਚੋਣ ਕਰਕੇ ਬੂਟੇ ਲਗਾਉਣ ਲਈ ਪ੍ਰੇਰਿਆ

ਬੂਟੇ ਲਗਾਉਣ ਤੇ ਸਹੀ ਸਾਂਭ ਸੰਭਾਲ ਕਰਨ ਲਈ ਲੋਕਾਂ ਤੋਂ ਸਰਗਰਮ ਸਹਿਯੋਗ ਮੰਗਿਆ

ਸੰਗਰੂਰ, 11 ਜੂਨ:
ਜ਼ਿਲ੍ਹਾ ਸੰਗਰੂਰ ਨੂੰ ਹਰਿਆਲੀ ਪੱਖੋਂ ਭਰਪੂਰ ਬਣਾਉਣ ਦੇ ਮਿੱਥੇ ਟੀਚੇ ਤਹਿਤ ਮੌਜੂਦਾ ਵਿੱਤੀ ਵਰ੍ਹੇ ਅੰਦਰ 5 ਲੱਖ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਪਰਵਰਿਸ਼ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਮਿੱਥੇ ਗਏ ਇਸ ਟੀਚੇ ਨੂੰ ਹਾਸਲ ਕਰਨ ਲਈ ਲੋਕਾਂ ਦੀ ਸਰਗਰਮ ਹਿੱਸੇਦਾਰੀ ਦੀ ਜ਼ਰੂਰਤ ਹੈ ਕਿਉਂਕਿ ਹਰ ਨਾਗਰਿਕ ਦਾ ਵੀ ਇਹ ਨੈਤਿਕ ਫਰਜ਼ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ ਹਰਿਆਲੀ ਭਰਪੂਰ ਬਣਾਉਣ ਲਈ ਕੁਦਰਤ ਨਾਲ ਆਪਣੀ ਸਾਂਝ ਨੂੰ ਮਜ਼ਬੂਤ ਕਰੇ।
ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਵਿਭਾਗ ਦੇ ਅਧੀਨ ਆਉਂਦੀਆਂ ਥਾਵਾਂ ਵਿੱਚੋਂ ਅਜਿਹੇ ਖਾਲੀ ਸਥਾਨਾਂ ਦੀ ਸੂਚੀ ਮੁਹੱਈਆ ਕਰਵਾਈ ਜਾਵੇ ਜਿਥੇ ਕਿ 1 ਜੁਲਾਈ ਤੋਂ ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਣ ਵਿਭਾਗ ਵੱਲੋਂ ਇਸ ਟੀਚੇ ਦੀ ਪ੍ਰਾਪਤੀ ਲਈ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਨੂੰ ਸਾਰਿਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਗਨਰੇਗਾ ਰਾਹੀਂ 1.5 ਲੱਖ ਬੂਟੇ ਲਗਾਏ ਜਾਣਗੇ ਜਦਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਾਲ ਕਿਸਾਨਾਂ, ਸਮਾਜ ਸੇਵੀ ਸੰਗਠਨਾਂ, ਗੈਰ ਸਿਆਸੀ ਜਥੇਬੰਦੀਆਂ, ਵਿਦਿਅਕ ਅਦਾਰਿਆਂ, ਯੂਥ ਕਲੱਬਾਂ, ਖੇਡ ਕਲੱਬਾਂ ਨਾਲ ਤਾਲਮੇਲ ਕਰਦੇ ਹੋਏ ਵੀ ਇਸ ਉਦੇਸ਼ ਦੀ ਪੂਰਤੀ ਲਈ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਵਣ ਮੰਡਲ ਅਧਿਕਾਰੀ ਮੋਨਿਕਾ ਦੇਵੀ ਯਾਦਵ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਨਿਵਾਸੀਆਂ ਨੂੰ 1 ਲੱਖ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋਕ ਆਪਣੇ ਆਲੇ ਦੁਆਲੇ ਖਾਲੀ ਪਈਆਂ ਥਾਵਾਂ, ਪਲਾਟਾਂ ਆਦਿ ਵਿੱਚ ਬੂਟੇ ਲਗਾ ਸਕਣ। ਉਨ੍ਹਾਂ ਦੱਸਿਆ ਕਿ ਰਵਾਇਤੀ ਕਿਸਮਾਂ ਦੇ ਬੂਟੇ ਜਿਵੇਂ ਬੋਹੜ, ਪਿੱਪਲ, ਕਿੱਕਰ, ਟਾਹਲੀ, ਨਿੰਮ ਆਦਿ ਦੇ ਨਾਲ ਨਾਲ ਫੁੱਲਾਂ ਦੀਆਂ ਵਿਭਿੰਨ ਕਿਸਮਾਂ, ਛਾਂਦਾਰ ਬੂਟੇ ਵੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵਣ ਵਿਭਾਗ ਦੀਆਂ 6 ਨਰਸਰੀਆਂ ਵਿੱਚ 8 ਲੱਖ ਬੂਟੇ ਤਿਆਰ ਕੀਤੇ ਗਏ ਹਨ ਜਦਕਿ 5 ਨਰਸਰੀਆਂ ਵਿੱਚ ਮਗਨਰੇਗਾ ਸਕੀਮ ਤਹਿਤ ਬੂਟੇ ਵਿਕਸਤ ਕੀਤੇ ਗਏ ਹਨ।
ਮੀਟਿੰਗ ਦੌਰਾਨ ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਦਿੜ੍ਰਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਸਮੇਤ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।

ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ 70 ਪ੍ਰਤੀਸ਼ਤ ਤੱਕ ਸਬਸਿਡੀਸੰਗਰੂਰ, 11 ਜੂਨ:  ਡੇਅਰੀ ਵਿਕਾਸ ਵਿਭਾਗ ਸੰਗਰੂਰ ਦੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰ...
11/06/2024

ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ 70 ਪ੍ਰਤੀਸ਼ਤ ਤੱਕ ਸਬਸਿਡੀ

ਸੰਗਰੂਰ, 11 ਜੂਨ:
ਡੇਅਰੀ ਵਿਕਾਸ ਵਿਭਾਗ ਸੰਗਰੂਰ ਦੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂਪਾਲਕਾਂ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਰਾਸ਼ਟਰੀ ਪਸ਼ੂਧੰਨ ਮਿਸ਼ਨ ਸਕੀਮ ਅਧੀਨ ਪਸ਼ੂਆਂ (ਮੱਝਾਂ ਅਤੇ ਗਾਵਾਂ) ਦਾ ਸਬਸਿਡੀ ‘ਤੇ ਬੀਮਾ ਕਰਵਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂਧੰਨ ਦੇ ਬੀਮੇ ਦੀ ਰਾਸ਼ੀ ‘ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਪ੍ਰਤੀਸ਼ਤ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਕੀਮ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਂਝੀ ਸਕੀਮ ਹੈ ਜੋ ਪ੍ਰਤੀ ਪਰਿਵਾਰ 1 ਤੋਂ 5 ਪਸ਼ੂਆਂ ਤੱਕ ਹੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿੱਚ ਇੱਕ ਪਸ਼ੂ ਦੀ ਕੀਮਤ 70,000 ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ
ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲਾਭਪਾਤਰੀਆਂ ਦੇ ਪਸ਼ੂਆਂ ਦਾ ਇੱਕ ਸਾਲ ਦਾ ਬੀਮਾ 672 ਰੁਪਏ ਵਿੱਚ ਅਤੇ ਜਨਰਲ ਲਾਭਪਾਤਰੀਆਂ ਦੇ ਪਸ਼ੂਆਂ ਦਾ ਇੱਕ ਸਾਲ ਦਾ ਬੀਮਾ 1120 ਰੁਪਏ ਵਿੱਚ ਕੀਤਾ ਜਾ ਰਿਹਾ ਹੈ।

ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਜਿਵੇਂ ਕਿ ਮੂੰਹਖੁਰ, ਲੰਪੀ ਸਕਿਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਮਾਰਜਿਨਲ ਡੇਅਰੀ ਫਾਰਮਰਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਪਸ਼ੂਆਂ ਦਾ ਸਮੇਂ ਸਮੇਂ ‘ਤੇ ਟੀਕਾਕਰਨ ਕੀਤਾ ਜਾਂਦਾ ਹੈ ਪਰ ਫਿਰ ਵੀ ਸਰਕਾਰ ਵਲੋਂ ਪਸ਼ੂਧੰਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦੇ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਰਾਸ਼ੀ ਵਿੱਚ ਜਨਰਲ ਵਰਗ ਲਈ 50 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀਆਂ/ਕਬੀਲਿਆਂ ਨਾਲ ਸਬੰਧਤ ਵਰਗਾਂ ਲਈ 70 ਪ੍ਰਤੀਸ਼ਤ ਸਬਸਿਡੀ ਕੱਟ ਕੇ ਦੁੱਧ ਉਤਪਾਦਕ ਵੱਲੋਂ ਇਹ ਰਾਸ਼ੀ ਅਦਾ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸਨੇ ਬੈਂਕ ਤੋਂ ਡੇਅਰੀ ਕਰਜ਼ਾ ਲਿਆ ਹੈ ਜਾਂ ਨਹੀਂ ਲਿਆ ਹੈ, ਕੇ.ਸੀ.ਸੀ. ਸਕੀਮ ਲਈ ਹੈ ਜਾਂ ਨਹੀਂ ਲਈ ਹੈ, ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਸਿੱਧੇ ਤੌਰ ‘ਤੇ ਡੇਅਰੀ ਦਾ ਕਿੱਤਾ ਕਰਨ ਵਾਲੇ ਵੀ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੁੱਧ ਉਤਪਾਦਕਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਅਪੀਲ ਵੀ ਕੀਤੀ ਅਤੇ ਕਿਹਾ ਕਿ ਬੀਮਾ ਕਰਵਾਉਣ ਲਈ ਫੋਨ ਨੰ. 9779822271 ਜਾਂ 9779400959 ਨਾਲ ਸੰਪਰਕ ਕਰ ਲਿਆ ਜਾਵੇ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਵਿਭਾਗੀ ਮੁਖੀਆਂ ਨੂੰ...
11/06/2024

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

ਵਿਭਾਗੀ ਮੁਖੀਆਂ ਨੂੰ ਸਮੇਂ ਸਿਰ ਹਰ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ

ਬਰਸਾਤੀ ਨਾਲਿਆਂ, ਨਹਿਰਾਂ, ਛੱਪੜਾਂ ਦੀ ਸਫ਼ਾਈ ਤੁਰੰਤ ਯਕੀਨੀ ਬਣਾਉਣ ਦੇ ਆਦੇਸ਼

15 ਜੂਨ ਤੋਂ ਸਥਾਪਤ ਹੋਵੇਗਾ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ

ਸੰਗਰੂਰ, 11 ਜੂਨ:
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਵਰ੍ਹੇ ਆਏ ਹੜ੍ਹਾਂ ਦੌਰਾਨ ਦਰਪੇਸ਼ ਆਈਆਂ ਚੁਣੌਤੀਆਂ ਤੇ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤੇ ਗਏ ਉਪਰਾਲਿਆਂ ਤੋਂ ਸੇਧ ਲੈਂਦੇ ਹੋਏ ਇਸ ਵਾਰ ਹਰ ਪੱਧਰ ’ਤੇ ਅਗੇਤੇ ਤੌਰ ’ਤੇ ਲੋੜੀਂਦੇ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ 15 ਜੂਨ ਤੋਂ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਨੰਬਰ ਅਤੇ ਸਬ ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਜਾਵੇਗਾ ਅਤੇ ਸਮੂਹ ਅਧਿਕਾਰੀ ਕਰਮਚਾਰੀ ਇਸ ਸਬੰਧੀ ਪਰਸਪਰ ਸਹਿਯੋਗ ਤੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਪਾਬੰਦ ਹੋਣਗੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਐਕਸੀਅਨ ਡਰੇਨੇਜ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਕਾਰਜਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਬਰਸਾਤੀ ਨਾਲਿਆਂ, ਨਹਿਰਾਂ, ਛੱਪੜਾਂ ਆਦਿ ਦੀ ਸਾਫ਼ ਸਫਾਈ ਨੂੰ ਤੁਰੰਤ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮੀਂਹ ਦਾ ਮੌਸਮ ਆਰੰਭ ਹੋਣ ਸਮੇਂ ਪਾਣੀ ਦੇ ਨਿਰੰਤਰ ਵਹਾਅ ਵਿੱਚ ਕੋਈ ਅੜਚਣ ਪੈਦਾ ਨਾ ਹੋਵੇ। ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਮਿੱਟੀ ਨਾਲ ਭਰੇ ਥੈਲਿਆਂ ਦੀ ਉਪਲਬਧਤਾ, ਪੋਕਲੇਨ ਤੇ ਜੇ.ਸੀ.ਬੀ ਮਸ਼ੀਨਾਂ, ਕਿਸ਼ਤੀਆਂ, ਤੈਰਾਕਾਂ, ਮੈਡੀਕਲ ਸੁਵਿਧਾਵਾਂ, ਬਿਜਲੀ ਸਪਲਾਈ, ਟੈਲੀਫੋਨ ਸੇਵਾਵਾਂ, ਪਸ਼ੂਆਂ ਦੇ ਚਾਰੇ, ਜਰਨੇਟਰ, ਲਾਈਟਾਂ ਸਮੇਤ ਹੋਰ ਫਲੱਡ ਰਿਲੀਫ਼ ਵਸਤਾਂ ਦੀ ਉਪਲਬਧਤਾ ਬਾਰੇ ਜਾਇਜ਼ਾ ਲਿਆ ਤੇ ਢੁਕਵੇਂ ਦਿਸ਼ਾ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘੱਗਰ ਨੇੜਲੀਆਂ ਸੰਵੇਦਨਸ਼ੀਲ ਥਾਵਾਂ ’ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਬੰਨ੍ਹਾਂ ਦੀ ਮਜ਼ਬੂਤੀ ਲਈ ਮਗਨਰੇਗਾ ਵਰਕਰਾਂ ਰਾਹੀਂ ਕਰਵਾਏ ਜਾ ਰਹੇ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ।
ਮੀਟਿੰਗ ਦੌਰਾਨ ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਜ਼ਿਲ੍ਹਾ ਮਾਲ ਅਫ਼ਸਰ ਬਾਦਲ ਦੀਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪੜਾ, ਐਕਸੀਅਨ ਡਰੇਨੇਜ਼ ਗੁਨਦੀਪ ਬਾਂਸਲ ਸਮੇਤ ਹੋਰ ਐਕਸੀਅਨ ਤੇ ਵਿਭਾਗੀ ਮੁਖੀ ਵੀ ਹਾਜ਼ਰ ਸਨ।

Address


Website

Alerts

Be the first to know and let us send you an email when DHURI TODAY posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share