ਸਮਕਾਲੀ ਸਮਾਜ ਦਾ ਸਭ ਤੋਂ ਵੱਡਾ ਸੰਕਟ ਘੱਟ ਰਿਹਾ ਸੰਵਾਦ ਹੈ। ਇਹ ਸੰਕਟ ਬਿਲਕੁਲ ਨਵਾਂ ਨਹੀਂ ਹੈ ਪਰ ਪਹਿਲਾਂ ਨਾਲੋਂ ਤੀਖਣ ਜ਼ਰੂਰ ਹੈ। ਇਸ ਲਈ ਮਾਰੂ ਜੰਗਾਂ, ਯੁੱਧਾਂ, ਜ਼ੇਲ੍ਹਾਂ, ਜ਼ੁਰਮਾਂ, ਕੱਟੜਤਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਵਾਦ ਨੇ ਗਿਆਨ ਦੇ ਖੇਤਰ ਵਿਚਲੇ ਵਿਕਾਸ ਲਈ ਸਦਾ ਹੀ ਮੋਹਰੀ ਰੋਲ ਅਦਾ ਕੀਤਾ ਹੈ। ਆਧੁਨਿਕ ਵਿਚਾਰਧਾਰਾ ਨੇ ਵਿਸ਼ੇਸ਼ੱਗਤਾ (specialization) ਨੂੰ ਐਨਾਂ ਜ਼ਿਆਦਾ ਕੇਂਦਰ 'ਚ ਕਰ ਦਿੱਤਾ ਕਿ ਵਿਚਾਰਾਂ ਅਤੇ ਵਰਤਾਰਿਆਂ ਦੀ ਇਕਹਿਰੀ ਸਮਝ
ਅਤੇ ਇਕਹਿਰੀ ਵਿਆਖਿਆ ਦਾ ਦੌਰ ਚਲ ਪਿਆ। ਹਰ ਮਸਲੇ ਦਾ ਇਕੋ ਇਕ ਹੱਲ ਸਮਝਿਆ ਜਾਣ ਲੱਗਾ। ਇਕ ਸੱਭਿਆਚਾਰ, ਇਕ ਭਾਸ਼ਾ ਤੇ ਇਕ ਨਸਲ ਦਾ ਵਿਚਾਰ ਕੇਂਦਰ ਵਿਚ ਆ ਗਿਆ ਤੇ ਇਤਿਹਾਸ ਦੇ ਇੱਕ ਵੱਡੇ ਕਾਲ ਵਿਚ ਇਸੇ ਨੂੰ ਲਾਗੂ ਕਰਨ ਲਈ ਜੰਗਾਂ, ਯੁੱਧ ਤੇ ਕਬਜ਼ੇ ਜਾਰੀ ਰਹੇ। ਅਸੀਂ ਭਾਸ਼ਾਈ, ਨਸਲੀ, ਸਭਿਆਚਾਰਕ ਵਿਭਿੰਨਤਾ ਦੇ ਹਾਮੀ ਹਾਂ। ਭਾਵੇਂ ਉੱਤਰ-ਆਧੁਨਿਕਤਾ ਦੇ ਨਾਂ ਤੇ ਖੇਤਰੀ ਜਾਂ ਸਥਾਨਕ ਸਮੂਹਾਂ, ਵਿਚਾਰਾਂ ਦੀ ਹੋਂਦ ਦੀ ਚਰਚਾ ਜ਼ਰੂਰ ਛਿੜੀ ਹੈ ਪਰ ਸੱਚ ਇਹ ਹੈ ਕਿ ਵਿਸ਼ਵ ਇੱਕ ਪਿੰਡ ਬਣਦਾ ਜਾ ਰਿਹੈ ਅਤੇ ਪਿੰਡ ਇਸ ਵਿਚੋਂ ਗਾਇਬ ਹੋ ਰਿਹੈ। ਲਗਾਤਾਰ ਸੱਤਾ ਦਾ ਕੇਂਦਰੀਕਰਣ ਹੋ ਰਿਹਾ ਹੈ। ਇਹਨਾਂ ਵਰਤਾਰਿਆਂ ਨੇ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤੈ। ਸਿਰਫ਼ ਮਨੁੱਖ ਹੀ ਮਨੁੱਖ ਨਾਲੋਂ ਨਹੀਂ ਟੁੱਟਿਆ ਇਹ ਟੁੱਟ ਭੱਜ ਵਿਸ਼ਵ ਦੇ ਜ਼ੱਰੇ-ਜ਼ੱਰੇ ਤੱਕ ਫੈਲ ਚੁੱਕੀ ਹੈ।
ਇਨ੍ਹਾਂ ਹਲਾਤਾਂ ਦੇ ਮੱਦੇਨਜ਼ਰ ਹੀ ਮੈਗਜ਼ੀਨ ‘ਕੂਕਾਬਾਰਾ’ ਦੀ ਨੀਂਹ ਰੱਖੀ ਗਈ ਤਾਂ ਜੋ ਸੰਜੀਦਾ ਸੰਵਾਦ ਚਲਾਇਆ ਜਾਵੇ। ਇਸ ਮੈਗਜ਼ੀਨ ਦੀ ਬੁਨਿਆਦ ਆਸਟਰੇਲੀਆ ਵਿਚ ਰੱਖੀ ਹੋਣ ਕਰਕੇ ਇਸਦਾ ਨਾਂ ਕੂਕਾਬਾਰਾ ਰੱਖਿਆ ਗਿਆ। ਕੂਕਾਬਾਰਾ ਇਕ ਅਜਿਹਾ ਪੰਛੀ ਜਿਹੜਾ ਮਨੁੱਖ ਵਾਂਗ ਹੱਸਦਾ ਹੈ। ਹੱਸਦੇ ਪੰਛੀ ਦੇ ਪ੍ਰਤੀਕ ਰਾਹੀਂ ਅਸੀਂ ਹੱਦਾਂ-ਸਰਹੱਦਾਂ ਦੇ ਆਰ-ਪਾਰ ਮਨੁੱਖਤਾ ਲਈ ਬਿਹਤਰੀ ਤੇ ਸੰਵਾਦ ਦੀ ਆਸ ਵਿਚ ਯਤਨਸ਼ੀਲ ਹਾਂ। ਇਸ ਸੰਵਾਦ ਦਾ ਕੇਂਦਰੀ ਸੂਤਰ ਸਾਹਿਤ ਹੈ, ਕਿਉਂਕਿ ਸਾਹਿਤ ਸਮਾਜ ਨਾਲੋਂ ਟੁੱਟਿਆ ਨਹੀਂ ਇਸ ਲਈ ਸਾਹਿਤ ਤੇ ਹੋਰਨਾਂ ਕਲਾਵਾਂ ਦੇ ਆਪਸੀ ਸੰਵਾਦ ਦੇ ਨਾਲ-ਨਾਲ ਉਨ੍ਹਾਂ ਵਿਚਾਰਾਂ/ਵਿਚਾਰਧਾਰਾਵਾਂ/ਵਰਤਾਰਿਆਂ ਨਾਲ ਸੰਵਾਦ ਰਚਾਵਾਂਗੇ, ਜਿਹੜੇ ਮਨੁੱਖਤਾ ਦੀ ਬਿਹਤਰੀ ਲਈ ਕਾਰਜਸ਼ੀਲ ਹਨ।
ਰਾਸਤਾ ਜ਼ਰਾ ਔਖਾ ਹੈ ਪਰ ਤੁਹਾਡੇ ਸਹਿਯੋਗ ਅਤੇ ਸਾਥ ਨਾਲ ਆਪਾਂ ਮੰਜ਼ਿਲ ਸਰ ਕਰ ਹੀ ਲਵਾਂਗੇ...
_________________________________________________________________
ਕੂਕਾਬਾਰਾ ਤਿਮਾਹੀ ਮੈਗਜ਼ੀਨ ਹੈ।
ਪੰਨੇ: 80 (all colored Art paper )
Size: 8.5 x 11" ( Very close to A4 Size)
ਭਾਰਤ ਵਿੱਚ ਇੱਕ ਕਾਪੀ ਦੀ ਕੀਮਤ: 60 /-
ਡਾਕ ਖਰਚ ਸਹਿਤ: 80 /-
10 ਅੰਕਾਂ ਲਈ: 800 /-.
ਵਿਦੇਸ਼ਾਂ ਵਿੱਚ 10 ਅੰਕਾਂ ਲਈ: $80 Aud
_________________________________________________________________