CNN Punjabi

CNN Punjabi Casual News Network Punjabi

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14  #ਜੰਗਾਂ ਕਿਸ-ਕਿਸ ਦੇ ਖਿਲਾਫ਼ ਅਤੇ ਕਿਉਂ ਲੜੀਆਂ ? ਕੀ ਗੁਰੂ ਸਾਹਿਬ ਕੇਵਲ ਮੁਸਲਮਾਨਾਂ ਖਿ...
26/12/2023

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14 #ਜੰਗਾਂ ਕਿਸ-ਕਿਸ ਦੇ ਖਿਲਾਫ਼ ਅਤੇ ਕਿਉਂ ਲੜੀਆਂ ? ਕੀ ਗੁਰੂ ਸਾਹਿਬ ਕੇਵਲ ਮੁਸਲਮਾਨਾਂ ਖਿਲਾਫ਼ ਲੜੇ ? ਪੂਰਾ ਪੜੋ :

ਇਹ ਲੇਖ ਪੜ ਕੇ ਸਾਫ਼ ਹੋ ਜਾਵੇਗਾ ਕਿ ਜਿਸ ਤਰਾਂ ਪ੍ਰਚਾਰਿਆ ਜਾਂਦਾ ਹੈ ਗੁਰੂ ਸਾਹਿਬ ਦੀ ਲੜਾਈ ਸਿਰਫ਼ ਇਸਲਾਮ ਦੇ ਖਿਲਾਫ਼ ਸੀ, ਉਸ ਵਿੱਚ ਕਿਨ੍ਹਾਂ ਕੁ ਸੱਚ ਹੈ ਜਾਂ ਨਿਰਾ ਝੂਠ ਹੈ। ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਕੁੱਲ 14 ਲੜਾਈਆਂ ਵਿੱਚੋਂ ਕਿੰਨ੍ਹੀਆਂ ਲੜਾਈਆਂ ਇੱਕਲੇ ਮੁਗਲਾਂ ਦੇ ਖਿਲਾਫ਼ ਹਨ ? ਅਤੇ ਬਾਕੀ ਕਿੰਨੀਆਂ ਲੜਾਈਆਂ ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ਼ ਜਾਂ ਹਿੰਦੂ ਅਤੇ ਮੁਸਲਮਾਨ ਰਾਜਿਆਂ ਨੇ ਰਲ ਕੇ ਗੁਰੂ ਸਾਹਿਬ ਤੇ ਹਮਲੇ ਕੀਤੇ ਗਏ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਰੋਧੀਆਂ ਪ੍ਰਤੀ ਰਵੱਈਆ ਕੀ ਸੀ ? ਅਤੇ ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਲੜਾਈਆਂ ਦਾ ਵੇਰਵਾ ਇਸ ਪ੍ਰਕਾਰ ਹੈ:

ਸਭ ਤੋਂ ਪਹਿਲਾਂ ਯੁੱਧ 1687 ਈ. ਵਿੱਚ ਭੰਗਾਣੀ ਦੇ ਸਥਾਨ ਤੇ ਹੋਇਆ। ਇਸ ਦਾ ਆਰੰਭ ਇੱਕ ਦਰਜਨ ਤੋਂ ਵੱਧ ਪਹਾੜੀ ਹਿੰਦੂ ਰਾਜਿਆ ਵੱਲੋਂ ਇਕੱਠੇ ਹੋਏ ਗੁਰੂ ਸਾਹਿਬ ਉੱਤੇ ਹਮਲਾ ਕਰਨ ਨਾਲ ਹੋਇਆ। ਇਹਨਾਂ'ਚ ਬਿਲਾਸਪੁਰ ਦਾ ਹਿੰਦੂ ਰਾਜਾ ਭੀਮ ਚੰਦ, ਗੜ੍ਹਵਾਲ ਦਾ ਹਿੰਦੂ ਰਾਜਾ ਫ਼ਤਿਹ ਸ਼ਾਹ, ਗੂਲੇਰ ਦਾ ਹਿੰਦੂ ਰਾਜਾ ਗੋਪਾਲ, ਹਿੰਦੌਰ ਦਾ ਹਿੰਦੂ ਰਾਜਾ ਹਰੀ ਚੰਦ , ਜੈਸਵਾਲ ਦਾ ਹਿੰਦੂ ਰਾਜਾ ਕੇਸਰੀ ਚੰਦ ਸਮੇਤ ਕਈ ਹੋਰ ਪੜਾਈ ਹਿੰਦੂ ਰਾਜੇ ਸ਼ਾਮਲ ਸਨ। ਇਸ ਯੁੱਧ'ਚ ਬਹੁਤ ਸਖ਼ਤ ਮੁਕਾਬਲੇ ਤੋਂ ਬਾਅਦ ਪਹਾੜੀ ਹਿੰਦੂ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਦੂਜਾ ਯੁੱਧ ਸੰਨ 1688 ਈ. ਵਿੱਚ ਜੰਮੂ ਦੇ ਮੁਗ਼ਲ ਸੂਬੇਦਾਰ ਨੇ ਆਪਣੇ ਜਰਨੈਲ ਆਲਿਫ਼ ਬੇਗ਼ ਨੂੰ ਪਹਾੜੀ ਹਿੰਦੂ ਰਾਜਿਆਂ ਤੋਂ ਜਬਰੀ ‘ਕਰ’ ਵਸੂਲੀ ਕਰਨ ਲਈ ਭੇਜਿਆ। ਕੁਝ ਰਾਜਿਆਂ ਨੇ ਤਾਂ ਝੱਟਪਟ ਕਰ ਦੇਣਾ ਮੰਨ ਲਿਆ, ਪ੍ਰੰਤੂ ਕਹਿਲੂਰ ਦੇ ਹਿੰਦੂ ਰਾਜਾ ਭੀਮ ਚੰਦ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਇਸ ਸਥਿਤੀ ਵਿੱਚ ਉਸ ਨੇ ਗੁਰੂ ਸਾਹਿਬ ਨੂੰ ਆਲਿਫ਼ ਖ਼ਾਨ ਵਿਰੁੱਧ ਉਸ ਦੀ ਮਦਦ ਕਰਨ ਲਈ ਬੇਨਤੀ ਕੀਤੀ। ਭਾਵੇਂ ਭੰਗਾਣੀ ਯੁੱਧ ਕਰਵਾਉਣ ਪਿੱਛੇ ਹਿੰਦੂ ਰਾਜਾ ਭੀਮ ਚੰਦ ਦੀ ਮੁੱਖ ਜ਼ਿੰਮੇਵਾਰੀ ਸੀ ਪਰ ਗੁਰੂ ਸਾਹਿਬ ਨੇ ਫਿਰ ਵੀ ਉਸ ਦੀ ਮਦਦ ਕਰਨਾ ਪ੍ਰਵਾਨ ਕਰ ਲਿਆ। ਇਹ ਲੜਾਈ ਮੌਜੂਦਾ ਹਿਮਾਚਲ ਪ੍ਰਦੇਸ਼ ਵਿੱਚ ਨਦੌਣ ਦੇ ਸਥਾਨ ਤੇ ਹੋਈ ਜਿਸ ਵਿੱਚ ਆਲਿਫ਼ ਬੇਗ ਦੀ ਹਾਰ ਹੋਈ।

ਸੰਨ 1696 ਈ. ਵਿੱਚ ਇੱਕ ਉੱਚ ਫੌਜੀ ਅਫ਼ਸਰ ਦਿਲਾਵਰ ਖ਼ਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਸੈਨਾ ਦੇ ਕੇ ਗੁਰੂ ਸਾਹਿਬ ਵਿਰੁੱਧ ਅਨੰਦਪੁਰ ਵਿਖੇ ਹਮਲਾ ਕਰਨ ਲਈ ਭੇਜਿਆ। ਇਸ ਦੀ ਇਹ ਯੋਜਨਾ ਸੀ ਕਿ ਰਾਤ ਸਮੇਂ ਅਚਾਨਕ ਹਮਲਾ ਕਰਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ। ਪ੍ਰੰਤੂ ਉਸ ਦੀ ਆਮਦ ਦੀ ਅਗਾਊਂ ਭਿਣਕ ਪੈ ਜਾਣ ਨਾਲ ਸਿੰਘਾਂ ਨੇ ਹਮਲਾਵਰ ਦੇ ਟਾਕਰੇ ਲਈ ਪਹਿਲਾਂ ਹੀ ਅੱਗੇ ਆ ਕੇ ਮੋਰਚੇ ਸੰਭਾਲ ਲਏ ਸਨ। ਇਹ ਦੇਖਦੇ ਹੋਏ ਰੁਸਤਮ ਖਾਨ ਬਿਨਾਂ ਲੜਿਆਂ ਹੀ ਵਾਪਸ ਪਰਤ ਗਿਆ।

ਤੀਜਾ ਯੁੱਧ ਦੇ ਅਸਾਰ ਉੱਦੋਂ ਬਣੇ ਜਦੋਂ ਸੰਨ 1699 ਈ. ਵਿੱਚ ਖਲਾਸੇ ਦੀ ਸਾਜਨਾ ਮਗਰੋਂ ਸਿੰਘਾਂ ਦੀ ਚੜ੍ਹਤ ਦਿਨੋ ਦਿਨ ਵਧਦੀ ਜਾ ਰਹੀ ਸੀ। ਪਹਾੜੀ ਹਿੰਦੂ ਰਾਜੇ ਇਸ ਚੜ੍ਹਤ ਤੋਂ ਖਾਰ ਖਾਂਦੇ ਸਨ। ਉਨ੍ਹਾਂ ਨੇ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਕੋਲ ਗੁਰੂ ਸਾਹਿਬ ਵਿਰੁੱਧ ਚੁਗਲੀ ਕੀਤੀ ਅਤੇ ਉਹਨਾਂ ਨੂੰ ਆਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ ਅਤੇ ਇਸ ਹਮਲੇ ਉੱਤੇ ਆਉਣ ਵਾਲੇ ਖਰਚ ਦੀ ਅਦਾਇਗੀ ਕਰਨਾ ਵੀ ਪ੍ਰਵਾਨ ਕੀਤਾ। ਇਸ ਦੇ ਸਿੱਟੇ ਵਜੋਂ 1701 ਈ. ਵਿੱਚ ਇਨ੍ਹਾਂ ਮੁਗ਼ਲ ਸੂਬੇਦਾਰਾਂ ਵੱਲੋਂ ਪੈਂਡੇ ਖ਼ਾਨ ਅਤੇ ਦੀਨਾ ਬੇਗ ਦੀ ਅਗਵਾਈ ਵਿੱਚ ਫੌਜ਼ ਦੀ ਇੱਕ ਵੱਡੀ ਟੁੱਕੜੀ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲਈ ਭੇਜੀ ਗਈ। ਰੋਪੜ ਕੋਲ ਇਸ ਫ਼ੌਜ ਵਿੱਚ ਪਹਾੜੀ ਹਿੰਦੂ ਰਾਜਿਆਂ ਦੀ ਆਪਣੀ ਫ਼ੌਜ ਵੀ ਸਾਮਿਲ ਹੋ ਗਈ। ਸਿੰਘ ਭਾਵੇਂ ਗਿਣਤੀ ਵਿੱਚ ਘੱਟ ਸਨ ਪਰ ਉਨ੍ਹਾਂ ਵੱਲੋਂ ਜੰਗ ਦੇ ਮੈਦਾਨ' ਚੋਂ ਇਸ ਸਾਂਝੀ ਫ਼ੌਜ ਨੂੰ ਭਜਾ ਦਿੱਤਾ ਗਿਆ।

ਚੌਥੀ ਲੜਾਈ ਲੜਨ ਲਈ ਹਿੰਦੂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀ ਇਸ ਸਮਿਲਤ ਫ਼ੌਜ ਦੀ ਹਾਰ ਮਗਰੋਂ ਪਹਾੜੀ ਰਾਜਿਆਂ ਨੇ ਫਿਰ ਇਕੱਠੇ ਹੋ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਇਹਨਾਂ'ਚ ਕਹਿਲੂਰ, ਕਾਂਗੜਾ, ਕੁੱਲੂ, ਕੈਥਲ, ਮੰਡੀ, ਜੰਮੂ, ਨੂਰਪੁਰ, ਚੰਪਾਂ, ਗੁਲੇਰ, ਗੜ੍ਹਵਾਲ, ਬਿਜ਼ਰਵਾਲ, ਡਰੌਲੀ, ਡਢਵਾਲ ਦੇ ਹਿੰਦੂ ਰਾਜੇ ਸ਼ਾਮਲਹਨ। ਉਨ੍ਹਾਂ ਨੇ ਕੁਝ ਸਮੇਂ ਮਗਰੋਂ ਹੀ ਆਪਣੇ ਲੋੜੀਦੇ ਸਾਧਨਾਂ ਨੂੰ ਇਕੱਤਰ ਕਰਕੇ ਅਨੰਦਪੁਰ ਸਾਹਿਬ ‘ਤੇ ਫਿਰ ਹਮਲਾ ਕੀਤਾ। ਪ੍ਰੰਤੂ ਹਿੰਦੂ ਰਾਜਿਆਂ ਨੂੰ ਦੁਬਾਰਾ ਹਾਰ ਖਾਣ ਤੋਂ ਇਲਾਵਾ ਕੁਝ ਪੱਲੇ ਨਾ ਪਿਆ।

ਪੰਜਵੇਂ ਯੁੱਧ ਦਾ ਪੈਂਤੜਾ ਉਂਦੋ ਘੜਿਆ ਜਦੋਂ ਚੌਥੀ ਲੜਾਈ ਵਿੱਚ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਤਾਂ ਕਹਿਲੂਰ ਦਾ ਰਾਜਾ ਅਜਮੇਰ ਚੰਦ ਅਤੇ ਉਸ ਦੇ ਹੋਰ ਸਾਥੀ ਹਿੰਦੂ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਇਸ ਤੋਂ ਮਗਰੋਂ ਕੋਈ ਵਾਹ ਨਾ ਚਲਦੀ ਦੇਖ ਕੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਲਈ ਇੱਕ ਹੋਰ ਢੰਗ ਵਰਤਿਆ। ਉਨ੍ਹਾਂ ਨੇ ਗਊ ਦੀ ਕਸਮ ਹੇਠ ਗੁਰੂ ਸਾਹਿਬ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਜਾਣ ਅਤੇ ਫਿਰ ਵਾਪਸ ਆ ਜਾਣ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਕੱਢਣ ਦੀਆਂ ਜੋ ਸੌਹਾਂ ਖਾ ਕੇ ਉਹ ਹਮਲਾ ਕਰਨ ਆਏ ਸਨ ਉਹ ਪੂਰੀਆਂ ਹੋ ਜਾਣ। “ਗੁਰੂ ਜੀ ਨੇ ਇਹਨਾਂ ਦੇ ਇਰਾਦੇ ਜੱਗ ਸਾਹਮਣੇ ਸਾਫ਼ ਕਰਨ ਲਈ ਉਹਨਾਂ ਦੀ ਗੱਲ ਮੰਨ ਲਈ ਤਾਂ ਕਿ ਸੰਗਤ ਪਤਾ ਲੱਗ ਸਕੇ ਕਿ ਇਹ ਸੱਚਮੁਚ ਹੀ ਸੁਗੰਦਾਂ ਦੇ ਬੱਧੇ ਹੋਏ ਘੇਰਾ ਪਾਈ ਬੈਠੇ ਹਨ ਅਤੇ ਸਾਡੇ ਇੱਥੋਂ ਕੁਝ ਚਿਰ ਚਲੇ ਜਾਣ ਨਾਲ ਆਪਣੀਆਂ ਸੁਗੰਦਾਂ ਪੂਰੀਆਂ ਹੋ ਗਈਆਂ ਸਮਝ ਕੇ ਘਰੋ ਘਰੀ ਤੁਰ ਜਾਣਗੇ ਜਾਂ ਨਹੀਂ ”। ਇਸ ਲਈ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਅਨੰਦਪੁਰ ਸਾਹਿਬ ਛੱਡ ਕੇ ਨਿਰਮੋਹਗੜ੍ਹ ਆ ਗਏ। ਪਹਾੜੀ ਰਾਜਿਆਂ ਨੇ ਅਚਨਚੇਤੀ ਇੱਥੇ ਹਮਲਾ ਕਰ ਦਿੱਤਾ ਪਰ ਸਿੰਘਾਂ ਨੇ ਸਖ਼ਤ ਲੜਾਈ ਤੋਂ ਬਾਅਦ ਹਿੰਦੂ ਰਾਜਿਆਂ ਨੂੰ ਪਛਾੜ ਦਿੱਤਾ।

ਛੇਵੀਂ ਲੜਾਈ ਦੌਰਾਨ ਪਹਾੜੀ ਰਾਜਿਆਂ ਨੇ ਲਾਹੌਰ ਦੇ ਹਾਕਮ ਨੂੰ ਵੀ ਮਦਦ ਲਈ ਬੇਨਤੀ ਕੀਤੀ ਹੋਈ ਸੀ ਜਿਸ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ। ਇਸ ਲੜਾਈ ਵਿੱਚ ਵੀ ਪਹਾੜੀ ਹਿੰਦੂ ਰਾਜਿਆਂ ਤੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਨੂੰ ਸਫ਼ਲਤਾ ਨਾ ਮਿਲ ਸਕੀ।

ਸੱਤਵਾਂ ਯੁੱਧ ਉਦੋਂ ਹੋਇਆ ਜਦੋੰ ਨਿਰਮੋਹਗੜ੍ਹ ਤੋਂ ਬਾਅਦ ਗੁਰੂ ਸਾਹਿਬ ਬਸੋਲੀ ਚਲੇ ਗਏ। ਇਥੇ ਫਿਰ ਪਹਾੜੀ ਹਿੰਦੂ ਰਾਜਿਆਂ ਵੱਲੋਂ ਗੁਰੂ ਸਾਹਿਬ ‘ਤੇ ਫਿਰ ਹਮਲਾ ਕੀਤਾ ਗਿਆ। ਜਿਸ ਵਿੱਚ ਹਮਲਾਵਰਾਂ ਨੂੰ ਮੂੰਹ ਦੀ ਖਾ ਕੇ ਵਾਪਸ ਪਰਤਣਾ ਪਿਆ।

ਅੱਠਵਾਂ ਯੁੱਧ ਮੌਕੇ ਸੰਨ 1702 ਵਿੱਚ ਗੁਰੂ ਸਾਹਿਬ ਕੁਰਕਸ਼ੇਤਰ ਤੋਂ ਆਉਂਦੇ ਹੋਏ ਲਗਭਗ 500 ਸਿੰਘਾਂ ਸਮੇਤ ਚਮਕੌਰ ਸਾਹਿਬ ਵਿੱਚ ਠਹਿਰੇ ਸਨ। ਉਸੇ ਸਮੇਂ ਮੁਗ਼ਲ ਜਰਨੈਲ, ਆਲਿਫ਼ ਖ਼ਾਨ ਅਤੇ ਸਯਦ ਬੇਗ ਫ਼ੌਜ ਦੀ ਇੱਕ ਵੱਡੀ ਟੁਕੜੀ ਲੈ ਕੇ ਲਾਹੌਰ ਤੋਂ ਦਿੱਲੀ ਜਾ ਰਹੇ ਸਨ। ਕਹਿਲੂਰ ਦੇ ਪਹਾੜੀ ਰਾਜੇ ਅਜਮੇਰ ਚੰਦ ਅਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਚੋਖੀ ਰਕਮ ਦੇਣਾ ਪ੍ਰਵਾਨ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ। ਆਲਿਫ਼ ਖ਼ਾਨ ਨੂੰ ਜੰਗ ਵਿੱਚ ਹਾਰ ਖਾ ਕੇ ਉਥੋਂ ਭੱਜਣਾ ਪਿਆ।

ਨੌਵੇ ਯੁੱਧ ਦੇ ਅਸਾਰ ਉਂਦੋ ਬਣੇ ਜਦੋਂ ਪਿਛਲੀ ਲੜਾਈ ਦੇ ਸਿੱਟੇ ਵਜੋਂ ਪਹਾੜੀ ਹਿੰਦੂ ਰਾਜਿਆਂ ਨੂੰ ਨਾ ਕੇਵਲ ਨਿਰਾਸ਼ਤਾ ਹੋਈ “ਸਗੋਂ ਉਨ੍ਹਾਂ ਨੂੰ ਆਪਣੀ ਨਕਲੀ ਦੋਸਤੀ ਦੇ ਪਾਜ ਖੁੱਲ੍ਹਣ ਉੱਤੇ ਸ਼ਰਮਿੰਦਗੀ ਵੀ ਹੋਈ”। ਪ੍ਰੰਤੂ ਫਿਰ ਵੀ ਉਨ੍ਹਾਂ ਨੇ ਕੁਝ ਦਿਨਾਂ ਪਿਛੋਂ ਹੀ ਅਨੰਦਪੁਰ ਸਾਹਿਬ ਤੇ ਫਿਰ ਹਮਲਾ ਕਰ ਦਿੱਤਾ। ਇਸ ਵਾਰ ਫਿਰ ਸਿੰਘਾਂ, ਜੋ ਗਿਣਤੀ ਵਿੱਚ ਬਹੁਤੇ ਨਹੀਂ ਸਨ, ਨੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਾਰਨ ਪਹਾੜੀ ਹਿੰਦੂ ਰਾਜਿਆਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ।

ਦਸਵਾਂ ਯੁੱਧ : ਆਨੰਦਪੁਰ ਸਾਹਿਬ ਦੀ ਇਸ ਲੜਾਈ ਵਿੱਚ ਭਾਰੀ ਹਾਰ ਖਾਣ ਮਗਰੋਂ ਪਹਾੜੀ ਹਿੰਦੂ ਰਾਜਿਆਂ ਨੇ ਬਾਦਸ਼ਾਹ ਔਰੰਗਜੇਬ ਨੂੰ ਗੁਰੂ ਸਾਹਿਬ ਵਿਰੁੱਧ ਫੌਜ ਭੇਜਣ ਲਈ ਬੇਨਤੀ ਕੀਤੀ। ਇਸ ਲੜਾਈ ਤੇ ਹੋਣ ਵਾਲਾ ਸਾਰਾ ਖਰਚ ਵੀ ਪਹਾੜੀ ਰਾਜਿਆਂ ਨੇ ਦੇਣਾ ਪ੍ਰਵਾਨ ਕਰ ਲਿਆ। ਦਿੱਲੀ ਵੱਲੋਂ ਸਯਦ ਖ਼ਾਨ ਦੀ ਕਮਾਂਡ ਹੇਠ ਲਈ ਕਈ ਹਜ਼ਾਰ ਫੌਜ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜੀ ਗਈ ਜਿਸ ਨਾਲ ਅੱਗੇ ਆ ਕੇ ਸਰਹੰਦ ਦੇ ਸੂਬੇਦਾਰ ਵੱਲੋਂ ਗਏ ਫ਼ੌਜੀ ਦਸਤੇ ਅਤੇ ਪਹਾੜੀ ਰਾਜਿਆਂ ਦੀ ਆਪਣੀ ਫੌਜ ਵੀ ਮਿਲ ਗਏ। ਇਸ ਜੰਗ ਦੇ ਦੌਰਾਨ ਜਦੋਂ ਗੁਰੂ ਸਾਹਿਬ ਅਤੇ ਮੁਗਲ ਜਰਨੈਲ ਸਯਦ ਖ਼ਾਨ ਆਹਮੋ-ਸਾਹਮਣੇ ਆਏ ਤਾਂ ਸਯਦ ਖ਼ਾਨ ਉਨ੍ਹਾਂ ਨੂੰ ਤਕਦਿਆ ਹੀ ਉਨ੍ਹਾਂ ਦਾ ਮੁਰੀਦ ਬਣ ਗਿਆ ਅਤੇ ਆਪਣੀ ਫੌਜ ਦੀ ਕਮਾਂਡ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਹਮਲਾਵਰ ਸੈਨਾ ਦੀ ਕਮਾਂਡ ਰਮਜਾਨ ਖਾਨ ਨੇ ਸੰਭਾਲੀ। ਸਖ਼ਤ ਮੁਕਾਬਲੇ ਤੋਂ ਬਾਅਦ ਹਮਲਾਵਰਾਂ ਨੂੰ ਹਾਰ ਕੇ ਨੱਸਣਾ ਪਿਆ।

ਗਿਆਰਵਾਂ ਯੁੱਧ : ਇਨ੍ਹਾਂ ਸਾਰੇ ਯੁੱਧਾਂ ਵਿੱਚ ਸਿੰਘਾਂ ਦੀਆਂ ਜਿੱਤਾਂ ਬਾਰੇ ਖ਼ਬਰਾਂ ਬਾਦਸ਼ਾਹ ਔਰੰਗਜੇਬ ਨੂੰ ਉਸ ਦੇ ਆਪਣੇ ਸਰੋਤਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਸਨ। ਉੱਧਰ ਪਹਾੜੀ ਰਾਜੇ ਵੀ ਗੁਰੂ ਸਾਹਿਬ ਵਿਰੁੱਧ ਉਸ ਦੇ ਅਕਸਰ ਕੰਨ ਭਰਦੇ ਆ ਰਹੇ ਸਨ। ਇਨ੍ਹਾਂ ਗੱਲਾਂ ਦੇ ਮਿਲਵੇਂ ਪ੍ਰਭਾਵ ਸਦਕਾ ਔਰੰਗਜੇਬ ਨੇ ਲਾਹੌਰ, ਕਸ਼ਮੀਰ ਅਤੇ ਸਰਹੰਦ ਦੇ ਤਿੰਨ ਸੂਬੇਦਾਰਾਂ ਨੂੰ ਅਨੰਦਪੁਰ ਸਾਹਿਬ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਰੋਪੜ ਦੇ ਲਾਗੇ ਪਹੁੰਚ ਕੇ ਪਹਾੜੀ ਹਿੰਦੂ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਉਨ੍ਹਾਂ ਨਾਲ ਰਲ ਗਏ। ਇਸ ਤਰ੍ਹਾਂ ਮਈ 1704 ਈ. ਨੂੰ ਅਨੰਦਪੁਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੂੰ ਸਿੰਘਾਂ ਵੱਲੋਂ ਭਾਰੀ ਮੁਕਾਬਲੇ ਮਗਰੋਂ ਹਮਲਾਵਰਾਂ ਨੂੰ ਪਛਾੜ ਦਿੱਤਾ ਗਿਆ।

ਬਾਰਵਾਂ ਯੁੱਧ: ਇਸ ਉਪਰੰਤ ਹਮਲਾਵਰਾਂ ਵੱਲੋਂ ਅਨੰਦਪੁਰ ਸਾਹਿਬ ਦਾ ਮੁਕੰਮਲ ਘੇਰਾ ਪਾਇਆ ਗਿਆ ਜੋ ਕਈ ਮਹੀਨੇ ਚਲਦਾ ਗਿਆ। ਬਾਹਰੋਂ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਪਹਾੜੀ ਰਾਜਿਆਂ ਵੱਲੋਂ ਗਊ ਦੀਆਂ ਸੋਹਾਂ ਅਤੇ ਮੁਗ਼ਲ ਹਾਕਮਾਂ ਵੱਲੋਂ ਕੁਰਾਨ ਦੀਆਂ ਕਸਮਾਂ ਵਾਲੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਗਈਆਂ। ਇਨ੍ਹਾਂ ਸਭ ਪੱਤਰਾਂ ਵਿੱਚ ਕਸਮਾਂ ਹੇਠ ਇਹ ਲਿਖਿਆ ਗਿਆ ਸੀ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ। ਭਾਵੇਂ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਸਨ ਪਰੰਤੂ ਸਿੰਘਾਂ ਦੇ ਜ਼ੋਰ ਪਾਉਣ ਤੇ ਉਨ੍ਹਾਂ ਨੇ 1704 ਈ. ਵਿਖੇ ਦਸੰਬਰ ਦੇ ਤੀਜੇ ਹਫ਼ਤੇ ਸਮੇਂ ਰਾਤ ਦੇ ਪਹਿਲੇ ਪਹਿਰ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਗੁਰੂ ਸਾਹਿਬ ਅਜੇ ਅਨੰਦਪੁਰ ਸਾਹਿਬ ਤੋਂ ਕੁਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਨੇ ਸਭ ਕਸਮਾਂ ਅਤੇ ਲਿਖਤੀ ਵਾਹਦਿਆਂ ਨੂੰ ਛਿੱਕੇ ਟੰਗ ਕੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਸਰਸਾ ਦਰਿਆ ਦੇ ਕੰਡੇ ਪਹੁੰਚੇ। ਉਨ੍ਹਾਂ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਕਰਕੇ ਇਸ ਦਰਿਆ ਵਿੱਚ ਹੜ੍ਹ ਆਇਆ ਹੋਇਆ ਸੀ ਜਿਸ ਕਾਰਨ ਇਸ ਨੂੰ ਪਾਰ ਕਰਨਾ ਕਾਫ਼ੀ ਔਖਾ ਬਣ ਗਿਆ। ਇਸੇ ਕਾਰਨ ਸਰਸੇ ਦੇ ਉੱਤਰ ਵੱਲ ਹਮਲਾਵਰਾਂ ਨਾਲ ਭਾਰੀ ਜੰਗ ਹੋਈ ਜਿਸ ਵਿੱਚ ਦੋਹਾਂ ਧਿਰਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ, ਪਰ ਹਮਲਾਵਰ ਗੁਰੂ ਸਾਹਿਬ ਨੂੰ ਫੜਨ'ਚ ਨਾ ਕਾਮਯਾਬ ਰਹੇ।

ਤੇਰਵੀਂ ਲੜਾਈ: ਸਰਸਾ ਦਰਿਆ ਦੇ ਕੰਡੇ ਹੋਏ ਯੁੱਧ ਤੋਂ ਬਾਅਦ ਅਗਲਾ ਜੰਗ ਚਮਕੌਰ ਸਾਹਿਬ ਵਿਖੇ ਹੋਇਆ। ਇਥੇ ਪਹੁੰਚਦੇ ਹੋਏ ਗੁਰੂ ਸਾਹਿਬ ਨਾਲ ਕੇਵਲ ਚਾਲੀ ਸਿੰਘ ਰਹਿ ਗਏ ਸਨ। ਗੁਰੂ ਸਾਹਿਬ ਨੇ ਉੱਚੀ ਥਾਂ ਸਥਿਤ ਇੱਕ ਕੱਚੀ ਗੜ੍ਹੀ ਵਿੱਚ ਬੈਠ ਕੇ ਲੱਖਾਂ ਦੀ ਗਿਣਤੀ ਵਿੱਚ ਆਏ ਹਮਲਾਵਰਾਂ ਦਾ ਭਰਪੂਰ ਮੁਕਾਬਲਾ ਕੀਤਾ। ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਇਸ ਜੰਗ ਵਿੱਚ ਸ਼ਹੀਦੀ ਪਾ ਗਏ ਸਨ, ਪਰ ਗੁਰੂ ਸਾਹਿਬ ਨੂੰ ਫੜਨ ਜਾਂ ਜਾਨੀ ਨੁਕਸਾਨ ਪਹੁੰਚਉਣ'ਚ ਹਮਲਾਵਰ ਫਿਰ ਨਾ ਕਾਮਯਾਬ ਰਹੇ।

ਚੌਦਵੀਂ ਲੜਾਈ: ਗੁਰੂ ਸਾਹਿਬ ਵਿਰੁੱਧ ਇੱਕ ਹੋਰ ਵੱਡਾ ਹਮਲਾ ਸਰਹੰਦ ਦੇ ਸੂਬੇਦਾਰ ਵੱਲੋਂ ਸੰਨ 1705 ਈ. ਨੂੰ ਮਈ ਦੇ ਮਹੀਨੇ ਦੇ ਦੂਜੇ ਹਫਤੇ ਕੀਤਾ ਗਿਆ ਜਦੋਂ ਗੁਰੂ ਸਾਹਿਬ ਖਿਦਰਾਣੇ (ਮੁਕਤਸਰ) ਵਿਖੇ ਠਹਿਰੇ ਹੋਏ ਸਨ। ਹਮਲਾਵਰ ਫੌਜ ਦੀ ਗਿਣਤੀ 7-8 ਹਜ਼ਾਰ ਸੀ ਜੋ ਮੁਕਾਬਲੇ ਵਿੱਚ ਬੈਠੇ ਸਿੰਘਾਂ ਦੀ ਗਿਣਤੀ ਤੋਂ ਕਿਤੇ ਜਿਆਦਾ ਸੀ। ਸਖ਼ਤ ਲੜਾਈ ਤੋਂ ਮਗਰੋਂ ਮੁਗ਼ਲ ਸੈਨਾ ਨੂੰ ਵਾਪਸ ਪਰਤਣ ਲਈ ਮਜ਼ਬੂਰ ਹੋਣਾ ਪਿਆ। ਇਸ ਲੜਾਈ ਵਿੱਚ ਮੁਗ਼ਲਾਂ ਦਾ ਪਹਿਲਾ ਟਾਕਰਾ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਆਏ ਉਨ੍ਹਾਂ ਮਝੈਲ ਸਿੰਘਾਂ ਨਾਲ ਹੋਇਆ ਜੋ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਆਏ ਸਨ।
ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 14 ਲੜਾਈਆਂ ਵਿਚੋਂ ਜ਼ਿਆਦਾਤਰ ਲੜਾਈਆਂ ਪਹਾੜੀ ਹਿੰਦੂ ਰਾਜਿਆਂ ਨਾਲ ਅਤੇ ਜਾਂ ਉਨ੍ਹਾਂ ਅਤੇ ਮੁਗਲਾਂ ਦੀਆਂ ਸਾਂਝੀਆਂ ਫੋਜਾਂ ਨਾਲ ਹੋਏ। ਇਕੱਲੇ ਮੁਗਲ ਹਾਕਮਾਂ ਵੱਲੋਂ ਹਮਲਾ ਤਿੰਨ ਵਾਰ ਕੀਤਾ ਗਿਆ ਜਿਨ੍ਹਾਂ ਵਿੱਚ ਚਮਕੌਰ ਸਾਹਿਬ ਦੀ ਜੰਗ ਅਤੇ ਖਿਦਰਾਣੇ (ਮੁਕਤਸਰ) ਦੀ ਜੰਗ ਸ਼ਾਮਿਲ ਹਨ। ਇਸ ਤਰ੍ਹਾਂ ਜੇਕਰ ਸਾਰੇ ਤੱਥਾਂ ਨੂੰ ਧਿਆਨ ਨਾਲ ਵਾਚਿਆ ਜਾਏ ਤਾਂ ਗੁਰੂ ਸਾਹਿਬ ਵਿਰੁੱਧ ਯੁੱਧਾਂ ਲਈ ਪਹਾੜੀ ਹਿੰਦੂ ਰਾਜੇ ਜ਼ਿਆਦਾ ਅਤੇ ਨਾਲ ਦੀ ਨਾਲ ਮੁਗ਼ਲ ਸ਼ਾਸ਼ਕ ਦੋਨੋ ਹੀ ਜ਼ਿੰਮੇਵਾਰ ਸਨ। ਗੁਰੂ ਸਾਹਿਬ ਦੀ ਲੜਾਈ ਇਮਲਾਮ ਵਿਰੱਧ ਨਹੀਂ ਸੀ, ਸਗੋੰ ਸਮੁੱਚੀ ਇਨਸਾਨੀਅਤ ਦੀ ਭਲਾਈ ਅਤੇ ਮਨੁੱਖੀ ਹੱਕਾਂ ਲਈ ਸੀ। ਗੁਰੂ ਸਾਹਿਬ ਕਿਸੇ ਧਰਮ ਜਾਂ ਫਿਰਕੇ ਦੇ ਵਿਰੋਧ ਨਹੀਂ ਸਨ ਅਤੇ ਨਾ ਹੀ ਕਿਸੇ ਦੇਸ਼ ਲਈ ਲੜ ਰਹੇ ਸੀ। ਗੁਰੂ ਸਾਹਿਬ ਤਾਂ ਸਮੁੱਚੀ ਲੁਕਾਈ ਦੇ ਭਲੇ ਲਈ ਦੁਨੀਆਂ ਤੇ ਆਏ ਸਨ, ਉਹਨਾਂ ਨੂੰ ਹੱਦਾਂ, ਸਰਹੱਦਾਂ ਤੱਕ ਸੀਮਤ ਕਰਕੇ ਦੇਸ਼-ਭਗਤ ਸਾਬਤ ਕਰਨਾ ਗੁਰੂ ਸਾਹਿਬ ਦਾ ਅਪਮਾਨ ਹੈ।

- ਸਤਵੰਤ ਸਿੰਘ

ਵਾਹਿਗੁਰੂ
15/12/2023

ਵਾਹਿਗੁਰੂ

Address


Website

Alerts

Be the first to know and let us send you an email when CNN Punjabi posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share