14/04/2023
ਜਥੇਦਾਰ ਰਣਬੀਰ ਸਿੰਘ ਜੀ ਦਾ ਜਨਮ ਸੰਨ 1935 ਪਿੰਡ ਥਰਾਜ ਜਿਲ੍ਹਾ ਫਰੀਦਕੋਟ ਚ ਹੋਇਆ । ਉਹਨਾਂ ਦੇ ਤਿੰਨ ਹੋਰ ਭਰਾ ਤੇ ਇੱਕ ਭੈਣ ਸਨ । ਉਹਨਾਂ ਦੇ ਪਿਤਾ ਸਰਦਾਰ ਕਾਲਾ ਸਿੰਘ ਇੱਕ ਕਿਸਾਨ ਸਨ ਤੇ ਜੈਤੋ ਦੇ ਮੋਰਚੇ ਦੌਰਾਨ ਉਹਨਾਂ ਨੂੰ 14 ਸਾਲ ਜੇਲ੍ਹ ਦੀ ਸਜ਼ਾ ਹੋਈ ਸੀ, ਜਿਸ ਵਿੱਚੋਂ ਉਹਨਾਂ ਨੇ ਪੰਜ ਸਾਲ ਭੁਗਤੀ ਸੀ । ਸਰਦਾਰ ਕਾਲਾ ਸਿੰਘ ਦਾ ਪਰਿਵਾਰ ਗੁਰਸਿੱਖੀ ਜੀਵਨ ਵਿਚ ਪਰਪੱਕ ਸੀ ਅਤੇ ਉਹ ਖੇਤੀਬਾੜੀ ਦੀ ਕਿਰਤ ਦੇ ਨਾਲ ਨਾਲ ਪੰਥਕ ਸਰਗਰਮੀਆਂ ਵਿਚ ਵੀ ਹਿੱਸਾ ਪਾਉਂਦੇ ।ਸਰਦਾਰ ਕਾਲਾ ਸਿੰਘ ਸ਼ਹੀਦ ਭਗਤ ਸਿੰਘ ਦੀ ਜਥੇਬੰਦੀ ਨੌਜਵਾਨ ਸਭਾ ਦੇ ਉੱਘੇ ਮੈਂਬਰ ਸਨ ।
ਜਥੇਦਾਰ ਰਣਬੀਰ ਸਿੰਘ ਜੀ ਨੇ 6 ਸਾਲ ਦੀ ਉਮਰ ਵਿਚ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਆਪਜੀ ਨੇ ਮੁੱਢਲੀ ਵਿੱਦਿਆ ਹਾਸਿਲ ਕਰਨ ਤੋ ਬਾਅਦ ਫੌਜ ਵਿਚ ਨੋਕਰੀ ਕਰ ਲਈ ।ਆਪ ਜੀ ਬਹੁਤ ਹੀ ਸ਼ਰਧਾਲੂ ਗੁਰਸਿੱਖ ਸਨ ਤੇ ਉਹਨਾਂ ਨੂੰ ਬਹੁਤ ਬਾਣੀਆਂ ਜ਼ੁਬਾਨੀ ਕੰਠ ਸਨ । ਇਸੇ ਕਰਕੇ ਹੀ ਫੋਜ ਵਿੱਚ ਆਪ ਜੀ ਨੂੰ ਧਾਰਮਿਕ ਡਿਊਟੀ ਵੀ ਦਿੱਤੀ ਗਈ ਸੀ । ਆਪਜੀ ਦਾ ਅਨੰਦ ਕਾਰਜ ਬੀਬੀ ਰਾਜਵੰਤ ਕੌਰ ਜੀ ਨਾਲ ਹੋਇਆ ਤੇ ਆਪਜੀ ਦੇ ਪਰਿਵਾਰ ਵਿਚ ਦਲਜੀਤ ਸਿੰਘ ਅਤੇ ਪਰਮਜੀਤ ਕੌਰ ਦਾ ਜਨਮ ਹੋਇਆ ।
20 ਸਾਲ ਫੌਜੀ ਜੀਵਨ ਬਿਤਾ ਕੇ ਜਦੋਂ ਆਪ ਪੈਨਸ਼ਨ ਆਏ ਤਾਂ ਆਪ ਸੰਤ ਕਰਤਾਰ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਮਹਿਤਾ ਕੋਲ ਰਹਿਣ ਲੱਗ ਪਏ । ਸੰਤ ਜੀ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਉਸਾਰੀ ਲਈ ਆਪ ਨੂੰ ਜਥੇਦਾਰ ਨਿਯੁਕਤ ਕਰ ਦਿੱਤਾ। ਆਪ ਜੀ ਨੇ ਆਪਣੀ ਪੈਨਸ਼ਨ, ਟਰੈਕਟਰ ਟਰਾਲੀ ਵੀ ਵੇਚ ਕੇ ਸੇਵਾ ਵਿਚ ਲਾ ਦਿੱਤੀ।
13 ਅਪ੍ਰੈਲ 1978 ਦੀ ਵਿਸਾਖੀ ਵਾਲੇ ਦਿਨ ਜਥੇਦਾਰ ਰਣਬੀਰ ਸਿੰਘ 100 ਕੁ ਹੋਰ ਸਿੰਘਾਂ ਦੇ ਜਥੇ ਨਾਲ ਨਿਰੰਕਾਰੀ ਗੁਰਬਚਨੇ ਵੱਲੋਂ ਕੱਢੇ ਜਾ ਰਹੇ ਜਲੂਸ ਖਿਲਾਫ ਸ਼ਾਤਮਈ ਵਿਰੋਧ ਕਰਨ ਗਏ ਸਨ । ਨਿਰੰਕਾਰੀ ਗੁਰਬਚਨਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਖੁਲੇਆਮ ਬੇਅਦਬੀ ਕਰ ਰਿਹਾ ਸੀ । ਭਾਈ ਫੋਜਾ ਸਿੰਘ ਦੀ ਅਗਵਾਈ ਵਿੱਚ ਜਥੇਦਾਰ ਰਣਬੀਰ ਸਿੰਘ ਤੇ ਬਾਕੀ ਸਿੰਘ ਗੁਰਬਾਣੀ ਦਾ ਉਚਾਰਨ ਕਰ ਰਹੇ ਸਨ । ਨਿਰੰਕਾਰੀਆਂ ਦੇ ਚੇਲੇ ਪੂਰੀ ਤਿਆਰੀ ਵਿੱਚ ਆਏ ਹੋਏ ਸਨ ਤੇ ਉਹਨਾਂ ਨੇ ਨਿਹੱਥੇ ਸਿੰਘਾਂ ਦੇ ਜਥੇ ਉੱਤੇ ਹਮਲਾ ਕਰ ਦਿੱਤਾ । 12 ਹੋਰ ਸਿੰਘਾਂ ਦੇ ਨਾਲ ਜਥੇਦਾਰ ਰਣਬੀਰ ਸਿੰਘ ਸ਼ਹੀਦ ਹੋ ਗਏ ਤੇ 75 ਦੇ ਕਰੀਬ ਸਿੰਘ ਜ਼ਖਮੀ ਹੋ ਗਏ ।
ਧੰਨ ਗੁਰੂ ਧੰਨ ਗੁਰੂ ਪਿਆਰੇ