27/01/2019
ਇਕ ਕਲਾਕਾਰ ਜਿਸ ਨੂੰ ਜਿਉਂਦੇ ਜੀ ਭੁਲਾ ਦਿੱਤਾ ਗਿਆ
ਅੱਜ ਪਹਿਲੀ ਬਰਸੀ ਵੀ ਕਿਸੇ ਨੂੰ ਚੇਤੇ ਨਈ
ਤਾਰਾ ਅੰਬਰਾਂ 'ਤੇ ਕੋਈ-ਕੋਈ ਐ,
ਸਾਡੇ ਫਿਰੇਂ ਹੰਝੂ ਪੂੰਝਦਾ,
ਅੱਖ ਤੇਰੀ ਵੀ ਤਾਂ ਰੋਈ ਹੋਈ ਐ...
ਸਾਬਰ ਦਾ ਇਹ ਗੀਤ, ਉਸ ਦੀ ਹੋਣੀ ਬਣ ਗਿਆ... ਜਿਸ ਵੇਲੇ ਉਹ ਗਿਆ, ਉਸ ਦੇ ਹੰਝੂ ਪੁੰਝਣ ਵਾਲਾ ਕੋਈ ਵੀ ਨਹੀਂ ਸੀ, ਬਾਵਜੂਦ ਉਸ ਦੇ ਉਹ ਤਾਉਮਰ ਆਸ਼ਕਾਂ ਦੇ ਹੰਝੂ ਪੂੰਝਦਾ ਰਿਹਾ...
ਆਪ ਉਹ ਸੁਰਾਂ ਦਾ ਸਾਗਰ ਸੀ, ਉਸ ਦੇ ਉਦਾਸ ਗੀਤਾਂ ਨੇ ਸਾਨੂੰ ਨਬੱਵਿਆਂ ਦੇ 'ਟੁੱਟੇ ਦਿਲ' ਆਸ਼ਕਾਂ ਨੂੰ ਗਲ਼ ਲਾ ਦਿਲਾਸੇ ਦਿੱਤੇ ਸਨ। ਜਦੋਂ ਉਹ ਜਜ਼ਬਾਤਾਂ ਨੂੰ ਆਵਾਜ਼ ਵਿਚ ਭਰ ਕੇ ਗਾਉਂਦਾ ਸੀ ਤਾਂ ਟੁੱਟੇ ਦਿਲ ਦਾ 'ਕੱਲਾ 'ਕੱਲਾ ਟੁਕੜਾ ਅੱਡੋ-ਅੱਡ ਧੜਕਦਾ ਹੋਇਆ ਮਹਿਸੂਸ ਹੁੰਦਾ ਸੀ, ਲੱਗਦਾ ਸੀ, ਜਦੋਂ ਸਾਰੀ ਦੁਨੀਆਂ ਬੇਗਾਨੀ ਹੋ ਗਈ ਐ, ਤਾਂ 'ਕੱਲਾ ਸਾਬਰ ਸਾਡੇ ਦਿਲ ਦਾ ਹਾਲ ਜਾਣਦੈ, ਸਾਡੇ ਦਰਦਾਂ ਨੂੰ ਗੀਤ ਬਣਾ ਗਾ ਰਿਹੈ, ਸਾਨੂੰ ਦਰਦਾਂ ਨੂੰ ਗੀਤ ਬਣਾਉਣਾ ਸਿਖਾ ਰਿਹੈ...
ਉਸ ਦੀਆਂ ਕੈਸਟਾਂ ਤਾਜ਼ੇ ਤਲੇ ਪਕੌੜਿਆਂ ਵਾਂਗ ਵਿਕਦੀਆਂ ਸਨ, ਉਸ ਦੇ ਉਦਾਸ ਗੀਤ ਉਚੇਚੇ ਕੈਸਟਾਂ ਵਿਚ ਭਰਾ ਕੇ 'ਸੈਡ ਸਾਬਰਕੋਟੀ' ਦੀ ਵੱਖਰੀ ਰੀਲ੍ਹ ਬਣਦੀ ਸੀ।
ਰੀਲ੍ਹਾਂ ਦੇ ਜ਼ਮਾਨੇ ਚਲੇ ਗਏ, ਹੁਣ ਟੁੱਟੇ ਦਿਲ ਵਾਲੇ ਗੀਤ ਵਿਚ ਬੀਟ ਦੇ ਨਾਲ ਸ਼ੀਸ਼ਾ ਟੁੱਟਣ ਦੀ ਸਾਊਂਡ ਸੁਣਾਈ ਦਿੰਦੀ ਹੈ ਅਤੇ ਪੱਬ ਨੱਚਦਾ ਹੈ, ਦਿਲ ਬ੍ਰੇਕਅੱਪ ਪਾਰਟੀ ਕਰਦਾ ਹੈ...
ਸਾਬਰਕੋਟੀ ਜਲੰਧਰ ਦੀ ਇਕ ਗੁੰਮਨਾਮ ਬਸਤੀ ਵਿਚ, ਇਕ ਗੁੰਮਨਾਮ ਹਸਤੀ ਨਾਲ, ਦਿਨ ਬ ਦਿਨ ਹੱਡੀਆਂ ਦੀ ਮੁੱਠ ਵਿਚ ਤਬਦੀਲ ਹੁੰਦਾ ਰਿਹਾ, ਲੰਮੇ ਸਮੇਂ ਤੋਂ ਨਾ ਉਸ ਨੂੰ ਸੰਗੀਤ ਕੰਪਨੀਆਂ ਨੇ ਪੁੱਛਿਆ, ਨਾ ਮੀਡੀਆ ਨੇ ਅਤੇ ਨਾ ਹੀ ਉਸ ਦੇ ਪ੍ਰਸ਼ੰਸਕਾਂ ਨੇ.... ਆਖ਼ਰੀ ਸਮੇਂ ਤੱਕ ਉਹ ਆਖਦਾ ਰਿਹਾ ਸੀ, 'ਕਿ ਕੋਈ ਹਾਲ ਪੁੱਛਣ ਵਾਲਾ ਵੀ ਨਹੀਂ'
ਬਾਕੀਆਂ ਦੀ ਤਾਂ ਛੱਡੋ, ਇਹ ਪ੍ਰਸ਼ੰਸਕ ਵੀ ਬੜੇ ਨਿਰਮੋਹੇ ਹੁੰਦੇ ਨੇ, ਚੜ੍ਹਦੇ ਸੂਰਜ ਨੂੰ ਸਲਾਮ ਕਰਦੇ ਨੇ
ਬਿਜ਼ੀ ਹੋ ਜਾਂਦੇ ਨੇ, ਅੱਜ ਕੱਲ ਮੂਸੇ ਵਾਲੇ ਦੇ ਘਨੇੜੇ ਚੜ੍ਹੇ ਹੋਏ ਨੇ...
ਸਾਬਰਕੋਟੀ ਦੀ ਦੇਹ ਭਾਵੇਂ ਤੁਰਦੀ ਫਿਰਦੀ ਸੀ, ਪਰ ਉਨ੍ਹਾਂ ਲਈ ਉਹ ਹੈ ਈ ਨਹੀਂ ਸੀ।
ਦੇਖਣ ਵਾਲਿਆਂ ਨੂੰ, ਕਿਤੇ-ਕਿਤੇ ਉਹ ਕਿਸੇ ਜਗ੍ਹਾ ਨਜ਼ਰ ਆਉਂਦਾ ਤਾਂ ਬਿਮਾਰੀ ਅਤੇ ਕਮਜ਼ੋਰੀ ਨਾਲ ਉਸ ਦੀ ਜੋ ਹਾਲਤ ਹੋ ਚੁੱਕੀ ਸੀ ਦੇਖ ਕੇ ਡਰ ਜਿਹਾ ਲੱਗਦਾ, ਹੈਰਾਨੀ ਵੀ ਹੁੰਦੀ... ਚੀਸ ਉੱਠਦੀ ਸੀ...
ਉਹ ਪਿਛਲੇ ਲੰਮੇ ਅਰਸੇ ਤੋਂ ਸੰਗੀਤ ਜਗਤ ਦੀ ਹਾਲਤ ਬਾਰੇ ਉਦਾਸ ਸੀ, ਉਸ ਨੇ ਸੁਰ ਕਮਾਏ ਸਨ, ਉਸ ਦੇ ਸੁਰਾਂ ਨੇ ਰੋਟੀ ਵੀ ਕਮਾਈ ਸੀ, ਸ਼ੋਹਰਤ ਵੀ... ਪਰ ਜਿਸ ਤਰ੍ਹਾਂ ਹੁਣ ਬਿਨ੍ਹਾਂ ਸੁਰਾਂ ਅਤੇ ਸਾਜ਼ਾਂ ਦੇ ਹੀ ਸੰਗੀਤ ਦਾ ਸਰਨ ਲੱਗ ਪਿਆ ਸੀ, ਉਹ 'ਬੀਟ' ਦੀ 'ਸੱਟ' ਔਖੇ-ਸੌਖੇ ਸੀਨੇ 'ਤੇ ਜਰਨ ਲੱਗ ਪਿਆ ਸੀ।
ਪਰ ਜਿਸ ਨੇ ਉਸਤਾਦਾਂ ਦੀਆਂ ਫੱਟੀਆਂ ਖਾਂ ਕੇ ਗ਼ਲਾ ਤਰਾਸ਼ਿਆ ਹੋਵੇ, ਉਸਦੇ ਕੰਨ 'ਠਕ-ਠਕ' ਕਿੰਨੀ ਕੁ ਦੇਰ ਜਰ ਸਕਦੇ ਸਨ, ਉਸ ਦਾ ਇਸ ਤਰ੍ਹਾਂ ਉਦਾਸ ਹੋ ਕੇ ਜਿਉਣ ਦਾ ਕੋਈ ਹੱਜ ਨਹੀਂ ਸੀ...
ਉਹ ਕਿਤੇ ਗਿਆ ਨਹੀਂ, ਉਹ ਉਸ ਅਜਾਬ ਤੋਂ ਸੁਰਖ਼ਰੂ ਹੋ ਗਿਆ ਹੈ, ਜੋ ਉਸ ਨੂੰ ਅੰਦਰੋਂ ਖਾਈ ਜਾ ਰਿਹਾ ਸੀ।
ਉਸ ਦੀ ਮਿੱਟੀ, ਉਸ ਦੀ ਕਬਰ ਵਿਚੋਂ, ਮੰਦਰ ਤੋਂ ਤਾਰ ਸਪਤਕ ਤੱਕ ਦਾ ਅਲਾਪ ਬਣ ਕੇ ਗੂੰਜਦੀ ਰਹੇਗੀ!
ਅਲਵਿਦਾ ਸਾਬਰ, ਤੂੰ ਤੇ ਕਦੋਂ ਦਾ ਚਲਾ ਗਿਐਂ ਸੈਂ, ਅੱਜ ਤਾਂ ਬੱਸ ਤੂੰ ਖ਼ਬਰ ਬਣਿਐਂ...
-ਦੀਪ ਜਗਦੀਪ ਸਿੰਘ