26/06/2024
**ਵਾਰ-ਵਾਰ ਸਮਝਾ ਕੇ ਹੀ ਛੁੜਵਾਈ ਜਾ ਸਕਦੀ ਹੈ ਨਸ਼ੇ ਦੀ ਲਤ**
**ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਹਾੜੇ 'ਤੇ ਸਿਹਤ ਵਿਭਾਗ ਦੀ ਲੋਕਾਂ ਨੂੰ ਅਪੀਲ- ਨਸ਼ੇ ਦੇ ਆਦੀ ਲੋਕਾਂ ਨੂੰ ਵਾਰ-ਵਾਰ ਸਮਝਾਓ, ਦੂਜੇ ਕੰਮਾ 'ਚ ਲਗਾਓ, ਤਾਂ ਜੋ ਨਸ਼ੇ ਵੱਲ ਉਨ੍ਹਾਂ ਦਾ ਧਿਆਨ ਹੀ ਨਾ ਜਾਵੇ**
ਆਦਮਪੁਰ (26 ਜੂਨ 2024): ਸਮਾਜ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣ ਅਤੇ ਇਸਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵਲੋਂ ਬੁੱਧਵਾਰ ਨੂੰ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਹਾੜਾ ਮਨਾਇਆ ਗਿਆ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਸੀਨੀਅਰ ਮੈਡੀਕਲ ਅਫਸਰ ਡਾ. ਕਮਲਜੀਤ ਕੌਰ ਦੀ ਅਗਵਾਈ ਵਿੱਚ ਜਾਗਰੁਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਕਮਲਜੀਤ ਕੌਰ ਨੇ ਕਿਹਾ ਕਿ ਜੋ ਲੋਕ ਨਸ਼ਾ ਕਰਦੇ ਹਨ, ਉਨ੍ਹਾਂ ਨੂੰ ਵਾਰ-ਵਾਰ ਟੋਕਣ, ਸਮਝਾਉਣ ਅਤੇ ਕਿਸੇ ਕੰਮ ਵਿੱਚ ਰੁਝਾ ਕੇ ਰੱਖਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦਾ ਧਿਆਨ ਨਸ਼ੇ ਵੱਲ ਨਾ ਜਾਵੇ ਅਤੇ ਉਹ ਇਸ ਨੂੰ ਛੱਡ ਸਕਣ। ਬਹੁਤ ਸਾਰੇ ਲੋਕ ਅਜੀਹੇ ਹਨ, ਜੋ ਨਸ਼ੇ ਦੀ ਆਦਤ ਛੱਡਣਾ ਚਾਹੁੰਦੇ ਹਨ, ਲੇਕਿਨ ਉਨ੍ਹਾਂ ਦਾ ਸਰੀਰ ਸਾਥ ਨਹੀਂ ਦਿੰਦਾ। ਅਜੀਹੇ ਲੋਕਾਂ ਦੇ ਲਈ ਸਿਹਤ ਵਿਭਾਗ ਨੇ ਨਸ਼ਾ ਛੁਡਾਓ ਕੇਂਦਰ ਅਤੇ ਓਟ ਸੈਂਟਰ ਸ਼ੁਰੂ ਕੀਤੇ ਹਨ।
ਸਿਵਲ ਹਸਪਤਾਲ ਜਲੰਧਰ 'ਚ ਬਣਾਏ ਗਏ ਨਸ਼ਾ ਛੁਡਾਓ ਕੇਂਦਰ 'ਚ ਮਰੀਜ਼ਾ ਨੂੰ ਭਰਤੀ ਕਰਕੇ ਇਲਾਜ ਕੀਤਾ ਜਾਂਦਾ ਹੈ। ਇੱਥੇ ਉਨ੍ਹਾਂ ਨੂੰ ਤਸੀਹੇ ਨਹੀਂ ਦਿੱਤੇ ਜਾਂਦੇ, ਸਗੋਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਕਾਉਂਸਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾ 'ਚ ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕ ਹਨ, ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਜੋ ਸਮਾਜ ਤੋਂ ਇਹ ਬੁਰਾਈ ਦੂਰ ਹੋ ਸਕੇ। ਇਸ ਮੌਕੇ 'ਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮਨੋਹਰ ਲਾਲ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।