03/12/2022
ਨਾਵਲ ‘ਮੜ੍ਹੀ ਦਾ ਦੀਵਾ’ 1964 ’ਚ ਛਪਿਆ ਸੀ। ਅਨੇਕਾਂ ਵਾਰ ਉਹ ਬੀ.ਏ., ਐਮ.ਏ. ਦੇ ਪਾਠਕ੍ਰਮਾਂ ਵਿਚ ਵੀ ਸ਼ਾਮਲ ਹੋ ਚੁੱਕਿਆ ਹੈ।
ਹੈਰਾਨੀ ਹੈ ਕਿ ਇਸ ਨਾਵਲ ਦੇ ਸ਼ੁਰੂ ਵਿਚ ਲਿਖੀਆਂ ਦੋ ਪੰਗਤੀਆਂ ਦੇ ਅਰਥ, ਸ਼ਾਇਦ ਬਹੁਤ ਅਧਿਆਪਕਾਂ ਨੂੰ ਵੀ ਸਮਝ ਨਹੀਂ ਆਉਂਦੇ। ਕਈ ਪੁੱਛ ਵੀ ਲੈਂਦੇ ਹਨ, ਕਈ ਇਸ ਕਰਕੇ ਝਿਜਕ ਜਾਂਦੇ ਹਨ ਕਿ ਉਨ੍ਹਾਂ ਨੂੰ ਹੀਣਤਾ ਮਹਿਸੂਸ ਹੋਏਗੀ।
ਇਹ ਪੰਗਤੀਆਂ ਹਨ:
ਬੰਦਿਆ ਤੇਰੀਆਂ ਦਸ ਦੇਹੀਆਂ
ਇੱਕੋ ਗਈ ਵਿਹਾਅ ਨਉਂ ਕਿੱਧਰ ਗਈਆਂ।
ਸ਼ਾਇਦ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਵੀ ਦੋਸ਼ ਨਹੀਂ, ਕਿਉਂਕਿ ਸਦੀਆਂ ਤੋਂ ਧਰਮ ਤੇ ਸੰਸਕ੍ਰਿਤੀ ਉੱਤੇ, ਵਿਸ਼ੇਸ਼ ਜਾਤੀਆਂ ਦਾ ਹੀ ‘ਕਬਜ਼ਾ’ ਰਿਹਾ ਹੈ: ਆਮ ਬੰਦੇ ਨੂੰ ਪਤਾ ਹੀ ਨਹੀਂ ਕਿ ਅਜਿਹੇ ਪ੍ਰਸੰਗ ਕਿੱਥੇ ਜਾ ਜੁੜਦੇ ਹਨ। ਇਸ ਲਈ ਦੱਸਣ ਦੀ ਲੋੜ ਮਹਿਸੂਸ ਹੋਈ ਹੈ।
ਭਾਰਤ ਦੇ ਮੂਲ ਧਰਮ (ਹਿੰਦੂ) ਅਨੁਸਾਰ ਚਾਰ ਜਾਤੀਆਂ ਲਈ ਜੋ ਅਧਿਆਤਮਕ ਤੇ ਨੈਤਿਕ ਨਿਯਮ ਮਿੱਥੇ ਗਏ (ਤੇ ਲਾਗੂ ਕੀਤੇ ਗਏ) ਉਨ੍ਹਾਂ ਅਨੁਸਾਰ, ਬੰਦੇ ਦੀ ਉਮਰ ਸੌ ਸਾਲ ਮਿਥ ਕੇ ਉਹਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ। ਹਰੇਕ ਭਾਗ ਨੂੰ ‘ਆਸ਼ਰਮ’ ਦਾ ਨਾਂ ਦਿੱਤਾ ਗਿਆ। ਜਿਵੇਂ:
ਪੰਝੀ ਸਾਲ ਦੀ ਉਮਰ ਤਕ- ‘ਬ੍ਰਹਮਚਰਯ ਆਸ਼ਰਮ’
ਪੰਝੀ ਤੋਂ ਪੰਜਾਹ ਸਾਲ ਤਕ- ‘ਗ੍ਰਹਿਸਥ ਆਸ਼ਰਮ’
ਪੰਜਾਹ ਤੋਂ ਪੰਝੱਤਰ ਸਾਲ ਤਕ- ‘ਵਾਨਪ੍ਰਸਥ ਆਸ਼ਰਮ’
ਪੰਝੱਤਰ ਤੋਂ ਸੌ ਸਾਲ ਤਕ- ‘ਸੰਨਿਆਸ ਆਸ਼ਰਮ’
ਪਰ ਜਦੋਂ ਅਜਿਹੇ ਧਾਰਮਿਕ ਤੇ ਸਾਂਸਕ੍ਰਿਤਿਕ ਨਿਯਮ, ਕਿਸੇ ਤਰ੍ਹਾਂ ਵੀ ਆਮ ਲੋਕਾਂ ਤਕ ਪਹੁੰਚੇ (ਵਿਸ਼ੇਸ਼ ਕਰਕੇ ਪੰਜਾਬੀ ਲੋਕਾਂ ਤਕ) ਤਾਂ ਉਨ੍ਹਾਂ ਲਈ ਯਥਾਰਥਕ ਜੀਵਨ ਵਿਚ ਉਨ੍ਹਾਂ ਨੂੰ ਅਪਣਾਉਣਾ ਸੰਭਵ ਨਹੀਂ ਸੀ। ਪਰ ਇਨ੍ਹਾਂ ਨੂੰ ਨਕਾਰਨਾ ਵੀ ਮੁਸ਼ਕਲ ਸੀ।
ਇਸ ਕਾਰਨ ਉਨ੍ਹਾਂ ਨੇ ਸੌ ਸਾਲ ਦੀ ਉਮਰ ਨੂੰ ਦਸ ਭਾਗਾਂ ਵਿਚ ਵੰਡ ਲਿਆ। ‘ਆਸ਼ਰਮ’ ਸ਼ਬਦ ਨੂੰ ਸਿੱਧਾ ਕੁਦਰਤੀ ਨਿਯਮ ਅਨੁਸਾਰ ‘ਦੇਹੀ’ ਦਾ ਨਾਂ ਦੇ ਦਿੱਤਾ। ਇਸ ਵੰਡ ਦੇ ਯਥਾਰਥਕ ਅਰਥ ਸਨ ਕਿ ਦਸ ਸਾਲ ਬਾਅਦ ਮਨੁੱਖੀ ਸਰੀਰ ’ਚ ਜੋ ਤਬਦੀਲੀ ਆਉਂਦੀ ਹੈ (ਜਿਵੇਂ ਦਸ ਸਾਲ ਦਾ ਬੱਚਾ ਵੀਹ ਸਾਲ ’ਚ ਭਰ ਜਵਾਨ ਹੋ ਜਾਂਦਾ ਹੈ) ਉਹੋ ਜੀਵਨ ਦਾ ਯਥਾਰਥ ਹੈ। (ਇਸੇ ਕਾਰਨ ਲੋਕਾਂ ਨੇ ਅਜਿਹੇ ਮੁਹਾਵਰੇ ਬਣਾਏ ਕਿ ‘ਬਾਰ੍ਹੀਂ ਵਰ੍ਹੀਂ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਹੈ।’) ਪਰ ਸੰਸਾਰਿਕ ਜੀਵਨ ਵਿਚ ਆਮ ਆਦਮੀ ਸਿਰਫ ਦੇਹ ਦੀ ਤਬਦੀਲੀ ਤਕ ਹੀ ਸੀਮਤ ਨਹੀਂ ਰਹਿ ਸਕਦਾ। ਉਹ ਹਰ ਦਸ ਸਾਲ ਬਾਅਦ, ਜੀਵਨ ਦੀ ਸਮਰਿਧੀ, ਸੁੱਖ ਤੇ ਸੰਤੁਸ਼ਟੀ ਵੀ ਚਾਹੁੰਦਾ ਹੈ, ਜੋ ਨਿੱਜੀ ਪਰਿਵਾਰਕ ਤੇ ਸਮਾਜਿਕ ਜੀਵਨ ਦੀ ਸੁਭਾਵਕ ਇੱਛਾ ਹੈ। ਪਰ ਯਥਾਰਥ ਇਹ ਰਿਹਾ ਹੈ ਕਿ ਕੁਝ ਵਿਰਲੇ ਲੋਕਾਂ ਨੂੰ ਛੱਡ ਕੇ, ਕਿਸੇ ਵੀ ਸਮਾਜ ਤੇ ਰਾਜ-ਪ੍ਰਬੰਧ ਵਿੱਚ, ਬਹੁਤੇ ਲੋਕ ਜਿਹੋ-ਜਿਹੇ (ਮੰਦੇ) ਹਾਲਾਤ ਵਿਚ ਜਨਮ ਲੈਂਦੇ ਹਨ, ਉਹ ਸਾਰੀ ਉਮਰ ਉਸੇ ਦਸ਼ਾ ਵਿਚ (ਕਈ ਪਹਿਲਾਂ ਤੋਂ ਵੀ ਮੰਦੀ) ਜੀਵਨ ਬਿਤਾ ਕੇ ਤੁਰ ਜਾਂਦੇ ਹਨ। ਅਜਿਹੇ ਲੋਕਾਂ ਨੇ ਕੁਦਰਤ, ਸਮਾਜ, (ਬ੍ਰਹਮ ਸਮੇਤ) ਆਪਣੀ ਨਿਰਾਸ਼ਾ ਵਿਅੰਗ ਰੂਪ ’ਚ ਪੇਸ਼ ਕੀਤੀ ਹੈ ਕਿ, ‘ਬੰਦਿਆ ਤੇਰੀ ਸਮੁੱਚੀ ਉਮਰ ਵਿਚ ਤਾਂ ਦਸ ਵਾਰ ਸਮਰਿਧੀ, ਸੁੱਖ, ਸੰਤੁਸ਼ਟੀ ਆਉਣੀ ਚਾਹੀਦੀ ਹੈ, ਪਰ ਤੂੰ ਜਿਵੇਂ ਬਚਪਨ ਬਿਤਾਇਆ, ਉਸੇ ਹਾਲਾਤ ਵਿਚ (ਜਾਂ ਉਸ ਤੋਂ ਵੀ ਮੰਦੀ ਦਸ਼ਾ ’ਚ) ਜੀਵਨ ਬਿਤਾ ਕੇ ਤੁਰ ਗਿਆ, ਇਸ ਲਈ ਤੈਨੂੰ ਤਾਂ ਇਕੋ ਹੀ ਦੇਹੀ ਮਿਲੀ, ਬਾਕੀ ਨਉਂ ਕਿਉਂ ਨਹੀਂ ਮਿਲੀਆਂ (ਭਾਵ, ਉਹ ਕਿੱਧਰ ਚਲੀਆਂ ਗਈਆਂ)?
ਇਹ ਪੰਗਤੀ, ਨਾਵਲ ਦੇ ਨਾਇਕ ਜਗਸੀਰ ਦੇ ਜੀਵਨ ਉੱਤੇ ਢੁਕਦੀ ਹੋਣ ਕਾਰਨ ਹੀ ਲਿਖੀ ਸੀ।
(ਨਾਵਲਕਾਰ ਗੁਰਦਿਆਲ ਸਿੰਘ ਵਲੋਂ)
Educating With Excellence