19/09/2021
ਤਰਕਸ਼ੀਲ ਸੋਚ ਦੇ ਮੋਢੀ
* ਡਾਕਟਰ ਇਬਰਾਹੀਮ ਟੀ ਕੋਵੂਰ ਦੇ ਦਿਹਾਂਤ ਦਿਵਸ ਤੇ ਵਿਸ਼ੇਸ਼ *
ਜਿੰਦਗੀ ਜਿਉਣ ਦੇ ਦੋ ਢੰਗ ਹਨ l ਇੱਕ ਤਰਕ ਦੇ ਅਧਾਰ ਤੇ ਅਤੇ ਦੂਜਾ ਲਾਈਲੱਗਤਾ ਦੇ ਅਧਾਰ ਤੇ l ਇਸ ਦੇ ਦਰਮਿਆਨ ਵਾਲਾ ਕੋਈ ਰਾਹ ਨਹੀਂ ਹੈ l ਤਰਕ ਦੇ ਅਧਾਰ ਤੇ ਜਿਉਣ ਵਾਲਾ ਵਿਅਕਤੀ ਹਰ ਗੱਲ ਨੂੰ ਕੀ, ਕਿਉਂ, ਕਿੱਦਾਂ, ਕਿੱਥੇ, ਕਿਸ ਨੇ, ਕਦੋਂ, ਕਿਵੇਂ ਦੀ ਕਸੌਟੀ ਤੇ ਪਰਖੇਗਾ l ਤਰਕਸ਼ੀਲ ਵਿਅਕਤੀ ਕਿਸੇ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ ਸਬੂਤਾਂ ਦੀ ਭਾਲ ਕਰੇਗਾ l ਇਸ ਦੇ ਉਲਟ ਲਾਈਲੱਗ ਵਿਅਕਤੀ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ l ਉਹ ਬਿਨਾਂ ਸੋਚੇ ਸਮਝੇ ਕਿਸੇ ਦੇ ਪਿੱਛੇ ਲੱਗ ਜਾਂਦਾ ਹੈ ਜਿਸ ਕਰਕੇ ਉਸ ਦੀ ਸਰੀਰਕ ਅਤੇ ਮਾਨਸਿਕ ਤੌਰ ਤੇ ਲੁੱਟ ਕੀਤੀ ਜਾਂਦੀ ਹੈ l
ਅੱਜ ਤਰਕਸ਼ੀਲ ਸੋਚ ਦੇ ਮੋਢੀ ਡਾਕਟਰ ਇਬਰਾਹੀਮ ਟੀ ਕੋਵੂਰ ਜੀ ਦਾ ਦਿਹਾਂਤ ਦਿਵਸ ਹੈ l ਉਹ ਅੱਜ ਦੇ ਦਿਨ 1978 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ l ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਮਾਨਸਿਕ ਰੋਗਾਂ ਬਾਰੇ ਕੀਤੀ ਖੋਜ ਦਾ ਲਾਭ ਸਾਰੀ ਦੁਨੀਆਂ ਹਮੇਸ਼ਾਂ ਲੈਂਦੀ ਰਹੇਗੀ l
ਡਾਕਟਰ ਕੋਵੂਰ ਦਾ ਜਨਮ ਕੇਰਲਾ ਵਿੱਚ ਗਿਰਜੇ ਦੇ ਪੁਜਾਰੀ ਦੇ ਘਰ ਹੋਇਆ ਜਿਥੇ ਉਨ੍ਹਾਂ ਮੁੱਢਲੀ ਪੜ੍ਹਾਈ ਆਪਣੇ ਪਿਤਾ ਜੀ ਕੋਲੋਂ ਹੀ ਕੀਤੀ l
ਪੜ੍ਹਾਈ ਦੌਰਾਨ ਡਾਕਟਰ ਕੋਵੂਰ ਜੀ ਨੂੰ ਕਲਕੱਤਾ ਵਿੱਚ ਹੁਗਲੀ ਨਦੀ ਦੇ ਲਾਗੇ ਪੜ੍ਹਨ ਦਾ ਮੌਕਾ ਮਿਲਿਆ l ਜਦੋਂ ਉਨ੍ਹਾਂ ਦੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਡਾਕਟਰ ਜੀ ਨਦੀ ਲਾਗੇ ਪੜ੍ਹਦੇ ਹਨ ਤਾਂ ਉਨ੍ਹਾਂ ਦੀਆਂ ਗੁਆਂਢੀ ਔਰਤਾਂ ਨੇ ਡਾਕਟਰ ਸਾਹਿਬ ਨੂੰ ਗੰਗਾ ਵਿੱਚੋਂ ਪਵਿੱਤਰ ਜਲ ਲਿਆਉਣ ਵਾਸਤੇ ਕਿਹਾ l ਔਰਤਾਂ ਦਾ ਵਿਸ਼ਵਾਸ ਸੀ ਕਿ ਗੰਗਾ ਜਲ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ l ਇਸ ਦੌਰਾਨ ਡਾਕਟਰ ਕੋਵੂਰ ਨੇ ਗੰਗਾ ਵਿੱਚ ਸੁੱਟਿਆ ਹੋਇਆ ਗੰਦ ਦੇਖਿਆ ਅਤੇ ਇੱਕ ਲਾਸ਼ ਵੀ ਗੰਗਾ ਦੇ ਪਾਣੀ ਵਿੱਚ ਤੈਰਦੀ ਦੇਖੀ ਤਾਂ ਡਾਕਟਰ ਕੋਵੂਰ ਨੇ ਫੈਸਲਾ ਕੀਤਾ ਕਿ ਉਹ ਇਹ ਗੰਦਾ ਪਾਣੀ ਆਪਣੇ ਪਿੰਡ ਦੀਆਂ ਔਰਤਾਂ ਨੂੰ ਲਿਜਾ ਕੇ ਨਹੀਂ ਦੇਣਗੇ l ਗੰਗਾ ਜਲ ਦੀ ਬਜਾਏ ਉਨ੍ਹਾਂ ਸਾਫ ਪਾਣੀ ਦੀਆਂ ਬੋਤਲਾਂ ਭਰ ਕੇ ਉਨ੍ਹਾਂ ਔਰਤਾਂ ਨੂੰ ਗੰਗਾ ਜਲ ਆਖ ਕੇ ਦੇ ਦਿੱਤੀਆਂ l ਜਦੋਂ ਕੁੱਝ ਮਹੀਨਿਆਂ ਬਾਦ ਡਾਕਟਰ ਕੋਵੂਰ ਦੁਬਾਰਾ ਪਿੰਡ ਗਏ ਤਾਂ ਉਨ੍ਹਾਂ ਔਰਤਾਂ ਨੇ ਡਾਕਟਰ ਕੋਵੂਰ ਨੂੰ ਦੱਸਿਆ ਕਿ ਕਿਵੇਂ ਗੰਗਾ ਜਲ ਵਰਤਣ ਨਾਲ ਉਨ੍ਹਾਂ ਦੀਆਂ ਕਈ ਬਿਮਾਰੀਆਂ ਠੀਕ ਹੋ ਗਈਆਂ ਹਨ l ਇਹ ਪਹਿਲੀ ਘਟਨਾ ਸੀ ਜਦੋਂ ਡਾਕਟਰ ਕੋਵੂਰ ਨੇ ਤਰਕ ਦੇ ਅਧਾਰ ਤੇ ਸੋਚਣਾ ਸ਼ੁਰੂ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਪਾਣੀ ਤਾਂ ਸਧਾਰਣ ਹੀ ਸੀ ਜਿਸ ਨੂੰ ਉਹ ਗੰਗਾ ਜਲ ਸਮਝਦੀਆਂ ਸਨ l ਫਿਰ ਸਧਾਰਣ ਪਾਣੀ ਨਾਲ ਬਿਮਾਰੀਆਂ ਕਿਵੇਂ ਠੀਕ ਹੋਈਆਂ? ਡਾਕਟਰ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਸਿਰਫ ਇਨ੍ਹਾਂ ਤੇ ਮਾਨਸਕ ਅਸਰ ਹੋਣ ਕਰਕੇ ਹੀ ਹੈ l
ਬਾਦ ਵਿੱਚ ਡਾਕਟਰ ਕੋਵੂਰ ਜਿਆਦਾ ਸਮਾਂ ਸ਼੍ਰੀ ਲੰਕਾ ਵਿੱਚ ਹੀ ਰਹੇ ਜਿਥੇ ਉਨ੍ਹਾਂ ਕਈ ਮਾਨਸਿਕ ਰੋਗਾਂ ਦਾ ਇਲਾਜ ਕੀਤਾ l ਡਾਕਟਰ ਕੋਵੂਰ ਨੇ ਉਨ੍ਹਾਂ ਲੋਕਾਂ ਦਾ ਇਲਾਜ ਕੀਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਭੂਤ ਚਿੰਬੜੇ ਹੋਏ ਹਨ, ਕੁੱਝ ਕੀਤਾ ਕਰਾਇਆ ਹੋਇਆ ਹੈ ਜਾਂ ਜਿਨ੍ਹਾਂ ਦੇ ਘਰ ਅੱਗਾਂ ਲਗਦੀਆਂ ਸਨ l ਟੂਣਿਆਂ ਦਾ ਇਲਾਜ ਅਤੇ ਖੂਨ ਦੇ ਛਿੱਟੇ ਡਿਗਣੇ ਆਦਿ ਦਾ ਇਲਾਜ ਲੱਭਿਆ l ਉਹ ਪਹਿਲੇ ਮਨੋਰੋਗ ਚਕਿਤਸਕ (ਮਾਨਸਿਕ ਰੋਗਾਂ ਦੇ ਮਾਹਰ) ਸਨ ਜਿਨ੍ਹਾਂ ਨੂੰ ਅਮਰੀਕਾ ਦੀ ਇੱਕ ਸੰਸਥਾ ਨੇ ਉਨ੍ਹਾਂ ਦੁਆਰਾ ਕੀਤੀਆਂ ਮਾਨਸਿਕ ਰੋਗਾਂ ਬਾਰੇ ਖੋਜਾਂ ਬਦਲੇ ਪੀ ਐਚ ਡੀ ਦੀ ਡਿਗਰੀ ਦਿੱਤੀ ਸੀ l
ਡਾਕਟਰ ਕੋਵੂਰ ਸ਼੍ਰੀ ਲੰਕਾ ਵਿੱਚ ਰਾਤਾਂ ਨੂੰ ਉਨ੍ਹਾਂ ਥਾਵਾਂ ਉਤੇ ਵੀ ਗਏ ਜਿਥੇ ਲੋਕ ਭੂਤਾਂ ਪ੍ਰੇਤਾਂ ਦੇ ਡਰੋਂ ਦਿਨ ਵੇਲੇ ਵੀ ਜਾਣ ਤੋਂ ਡਰਦੇ ਸਨ l ਡਾਕਟਰ ਕੋਵੂਰ ਉਨ੍ਹਾਂ ਕਬਰਸਤਾਨਾਂ ਵਿੱਚ ਗਏ ਜਿਥੋਂ ਆਮ ਲੋਕ ਰਾਤ ਨੂੰ ਲੰਘਣ ਤੋਂ ਡਰਦੇ ਸਨ l ਲੋਕਾਂ ਦਾ ਡਰ ਕੱਢਣ ਵਾਸਤੇ ਉਨ੍ਹਾਂ ਅੱਧੀ ਰਾਤ ਦੇ ਵੇਲੇ ਕਬਰਸਤਾਨ ਦੇ ਵਿੱਚ ਖੜ੍ਹੇ ਹੋ ਕੇ ਰੇਡੀਓ ਵਾਲੇ ਨਾਲ ਇੰਟਰਵਿਊ ਵੀ ਕੀਤੀ l ਰੇਡੀਓ ਵਾਲਾ ਵੀ ਭੂਤਾਂ ਦੇ ਡਰੋਂ ਖੜ੍ਹਾ ਕੰਬ ਰਿਹਾ ਸੀ ਜਦ ਕਿ ਡਾਕਟਰ ਕੋਵੂਰ ਆਪਣੀ ਗੱਲ ਬੇਝਿਜਕ ਕਰ ਰਹੇ ਸਨ l ਡਰ ਦੇ ਕਾਰਨ ਡਾਕਟਰ ਸਾਹਿਬ ਦੀ ਇੰਟਰਵਿਊ ਕਰਨ ਵਾਲੇ ਤੋਂ ਮਾਈਕ ਵੀ ਮੂੰਹ ਅੱਗੇ ਨਹੀਂ ਰੱਖਿਆ ਜਾ ਰਿਹਾ ਸੀ l
ਡਾਕਟਰ ਸਾਹਿਬ ਨੇ ਮਾਨਸਿਕ ਰੋਗਾਂ ਬਾਰੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਨ੍ਹਾਂ ਦੁਆਰਾ ਹੱਲ ਕੀਤੇ ਮਾਨਸਿਕ ਰੋਗਾਂ ਦਾ ਜਿਕਰ ਆਉਂਦਾ ਹੈ l ਉਨ੍ਹਾਂ ਕਿਤਾਬਾਂ ਵਿੱਚ ਦੇਵ ਪੁਰਸ਼ ਹਾਰ ਗਏ ਅਤੇ ਦੇਵ ਦੈਂਤ ਅਤੇ ਰੂਹਾਂ ਕਿਤਾਬਾਂ ਬਹੁਤ ਮਸ਼ਹੂਰ ਹੋਈਆਂ ਜਿਨ੍ਹਾਂ ਦੀਆਂ ਸੈਂਕੜੇ ਕਾਪੀਆਂ ਨਿਊਜ਼ੀਲੈਂਡ ਵਿੱਚ ਵੀ ਮੇਰੇ ਦੁਆਰਾ ਪਾਠਕਾਂ ਤੱਕ ਪਹੁੰਚਾਈਆਂ ਗਈਆਂ ਅਤੇ ਸਾਡੀਆਂ ਨਿਊਜ਼ੀਲੈਂਡ ਦੀਆਂ ਲਾਇਬਰੇਰੀਆਂ ਵਿੱਚ ਵੀ ਉਪਲੱਬਧ ਹਨ l
ਡਾਕਟਰ ਕੋਵੂਰ ਜੀ ਦਾ ਦਾਅਵਾ ਸੀ ਕਿ ਜਿਹੜੇ ਲੋਕ ਅਲੌਕਿਕ ਸ਼ਕਤੀਆਂ ਜਾਂ ਰੂਹਾਨੀ ਤਾਕਤ ਦਾ ਪਖੰਡ ਕਰਦੇ ਹਨ ਉਹ ਮਾਨਸਿਕ ਰੋਗੀ ਹਨ ਜਾਂ ਧੋਖੇਬਾਜ ਹਨ l
ਡਾਕਟਰ ਕੋਵੂਰ ਨੇ ਦਾਅਵਾ ਕੀਤਾ ਸੀ ਕਿ ਕੋਈ ਵੀ ਉਨ੍ਹਾਂ ਨੂੰ ਕਿਸੇ ਗੈਬੀ ਸ਼ਕਤੀ, ਪ੍ਰਾਰਥਨਾ, ਪੂਜਾ ਨਾਲ, ਜੋਤਿਸ਼ ਨਾਲ ਜਾਂ ਜਾਦੂ ਟੂਣੇ ਨਾਲ ਜੇਕਰ ਮਿਥੇ ਸਮੇਂ ਵਿੱਚ ਨੁਕਸਾਨ ਪਹੁੰਚਾ ਦੇਵੇ ਤਾਂ ਉਹ ਆਪਣੀ ਮੌਤ ਦੀ ਜਿੰਮੇਵਾਰੀ ਖੁਦ ਲੈਂਦੇ ਹਨ l ਇਸ ਤੋਂ ਬਾਦ ਉਨ੍ਹਾਂ ਨੂੰ ਬਹੁਤ ਸਾਰੇ ਟੂਣੇ ਸਾਧਾਂ, ਸੰਤਾਂ ਅਤੇ ਚੇਲਿਆਂ ਵਲੋਂ ਦਿੱਤੇ ਗਏ ਅਤੇ ਕਈ ਡਾਕ ਰਾਹੀਂ ਭੇਜੇ ਗਏ ਜਿਨ੍ਹਾਂ ਦਾ ਡਾਕਟਰ ਸਾਹਿਬ ਤੇ ਕੋਈ ਅਸਰ ਨਹੀਂ ਹੋਇਆ l
ਡਾਕਟਰ ਸਾਹਿਬ ਦੀਆਂ ਲਿਖਤਾਂ ਅਤੇ ਖੋਜਾਂ ਤੋਂ ਸਿੱਖਦੇ ਹੋਏ 1984 ਤੋਂ ਤਰਕਸ਼ੀਲ ਸੋਸਾਇਟੀ ਅਤੇ ਉਸ ਨਾਲ ਜੁੜੇ ਹੋਰ ਹਜ਼ਾਰਾਂ ਤਰਕਸ਼ੀਲ ਸਾਥੀਆਂ ਨੇ ਪੰਜਾਬ ਦੇ ਪਿੰਡਾਂ ਵਿੱਚ ਜਾਦੂ ਟੂਣੇ, ਅੱਗਾਂ ਲੱਗਣ, ਲੀੜੇ ਕੱਟ ਹੋਣ, ਵਾਲ ਕੱਟ ਹੋਣ, ਕਸਰ ਆਉਣ ਅਤੇ ਪੁਨਰ ਜਨਮ ਦੇ 45,000 ਤੋਂ ਵੱਧ ਕੇਸ ਹੱਲ ਕੀਤੇ ਹਨ l ਲੱਖਾਂ ਦੀ ਗਿਣਤੀ ਵਿੱਚ ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾਈਆਂ ਹਨ l
ਡਾਕਟਰ ਇਬਰਾਹੀਮ ਟੀ ਕੋਵੂਰ ਆਪਣੀ ਖੋਜ ਭਰਭੂਰ ਜਿੰਦਗੀ ਜੀ ਕੇ 18 ਸਤੰਬਰ 1978 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਅਤੇ ਆਪਣਾ ਸਰੀਰ ਸਾਇੰਸ ਦੀਆਂ ਖੋਜਾਂ ਵਾਸਤੇ ਦਾਨ ਦੇ ਗਏ ਸਨ l ਉਨ੍ਹਾਂ ਦੀਆਂ ਕੀਤੀਆਂ ਖੋਜਾਂ ਕਰਕੇ ਉਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147