02/11/2020
ਇੰਡੀਆਂ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਪੰਜਾਬ ਦੀਆਂ ਸਰਹੱਦਾਂ ਨੂੰ ਖੋਲਣ ਦੀ ਬਜਾਇ ਇਰਾਨ ਦੀ ਛਾਬਾਰ ਬੰਦਰਗਾਹ ਖੋਲ੍ਹਣਾਂ ਪੰਜਾਬ ਵਿਰੋਧੀ ਸਾਜਿ਼ਸ : ਮਾਨ
ਫ਼ਤਹਿਗੜ੍ਹ ਸਾਹਿਬ, 02 ਨਵੰਬਰ (ਪੰਥਕ ਮੀਡੀਆ) "ਇੰਡੀਆਂ ਦੀ ਮੌਜੂਦਾ ਮੋਦੀ ਮੁਤੱਸਵੀ ਹਕੂਮਤ ਪੰਜਾਬ ਸੂਬੇ ਦੇ ਨਿਵਾਸੀਆਂ ਅਤੇ ਸਿੱਖ ਕੌਮ ਨਾਲ ਕਿੰਨੀ ਸਿੱਖਰ ਦੀ ਹੱਦ ਤੱਕ ਨਫ਼ਰਤ ਵੀ ਕਰਦੀ ਹੈ ਅਤੇ ਪੰਜਾਬ ਸੂਬੇ ਤੇ ਪੰਜਾਬੀਆਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਕੇ ਉਨ੍ਹਾਂ ਦੇ ਸਭ ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਕੁੱਚਲਣਾ ਚਾਹੁੰਦੀ ਹੈ । ਉਹ ਇਸ ਗੱਲ ਤੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਪੰਜਾਬ ਸੂਬੇ ਦੇ ਕਿਸਾਨਾਂ, ਖੇਤ-ਮਜ਼ਦੂਰ ਅਤੇ ਛੋਟੇ ਵਪਾਰੀਆਂ ਦੇ ਉਤਪਾਦਾਂ, ਫ਼ਸਲਾਂ ਦੀ ਕੌਮਾਂਤਰੀ ਖਰੀਦੋ-ਫਰੋਖਤ ਲਈ ਪਾਕਿਸਤਾਨ ਨਾਲ ਲੱਗਦੀਆਂ ਹੁਸੈਨੀਵਾਲਾ, ਵਾਹਗਾ, ਸੁਲੇਮਾਨਕੀ ਸਰਹੱਦਾਂ ਨੂੰ ਵਪਾਰਿਕ ਤੌਰ ਤੇ ਖੋਲ੍ਹਣ ਦੀ ਅੱਜ ਸਖਤ ਲੋੜ ਹੈ, ਉਸ ਸਮੇਂ ਵੀ ਮੰਦਭਾਵਨਾ ਅਧੀਨ ਇਨ੍ਹਾਂ ਸਰਹੱਦਾਂ ਨੂੰ ਖੋਲਣ ਦੀ ਬਜਾਇ ਮੁੰਬਈ ਨਾਲ ਲੱਗਦੀਆਂ ਅਫਗਾਨੀਸਤਾਨ, ਬਲੋਚੀਸਤਾਨ ਅਤੇ ਇਰਾਨ ਰਾਹੀ ਇਹ ਵਸਤਾਂ ਭੇਜਣ ਹਿੱਤ ਇਰਾਨ ਦੀ ਛਾਬਾਰ ਬੰਦਰਗਾਹ ਨੂੰ ਤਿੰਨੇ ਮੁਲਕਾਂ ਦੇ ਇਕ ਹੋਏ ਸਮਝੋਤੇ ਅਧੀਨ ਖੋਲਿਆ ਗਿਆ ਹੈ । ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਭਰੀ ਸਾਜਿ਼ਸ ਦਾ ਹਿੱਸਾ ਹੈ । ਜਿਸ ਰਾਹੀ ਹੁਕਮਰਾਨ ਪੰਜਾਬ ਨੂੰ ਹਰ ਪੱਖੋ ਮਾਲੀ ਤੌਰ ਤੇ ਨੁਕਸਾਨ ਪਹੁੰਚਾਕੇ ਕੰਗਾਲ ਕਰਨ ਦੀ ਸਾਜਿ਼ਸ ਤੇ ਅਮਲ ਕਰਨ ਜਾ ਰਹੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਨ ।"
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਇਕ ਡੂੰਘੀ ਸਾਜਿ਼ਸ ਤਹਿਤ ਪਾਕਿਸਤਾਨ ਦੀਆਂ ਸਰਹੱਦਾਂ ਖੋਲ੍ਹਣ ਦੀ ਬਜਾਇ ਮੁੰਬਈ ਰਾਹੀ ਜੇ.ਐਨ.ਪੀ.ਟੀ, ਮੁੰਦਰਾ, ਕਾਂਡਲਾ ਅਤੇ ਕੋਚੀਨ ਦੀਆਂ ਬੰਦਰਗਾਹਾਂ ਨੂੰ ਇਰਾਨ ਦੀ ਛਾਬਾਰ ਬੰਦਰਗਾਹ ਨਾਲ ਜੋੜਨ ਦੇ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਸਾਜਿ਼ਸ ਨੂੰ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਅੱਜ ਜੋ ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਆਪਣੇ ਸਰਪ੍ਰਸਤੀ ਕਰਨ ਵਾਲੇ ਕਾਰਪੋਰੇਟ ਅਡਾਨੀ, ਅੰਬਾਨੀ ਵਰਗੇ ਘਰਾਣਿਆ ਨੂੰ ਹੋਰ ਅਮੀਰ ਕਰਨ ਲਈ ਅਤੇ ਇਥੋਂ ਦੀ ਜਨਤਾ ਦੀਆਂ ਭਾਵਨਾਵਾਂ ਨੂੰ ਕੁੱਚਲਣ ਲਈ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ, ਉਸ ਨਾਲ ਸਮੁੱਚੇ ਇੰਡੀਆਂ ਦੇ ਕੇਵਲ ਜਿ਼ੰਮੀਦਾਰਾਂ, ਕਿਸਾਨਾਂ ਵਿਚ ਹੀ ਵੱਡੀ ਬੇਚੈਨੀ ਉਤਪੰਨ ਨਹੀਂ ਹੋਈ, ਬਲਕਿ ਖੇਤ-ਉਦਯੋਗ ਮਜ਼ਦੂਰ, ਟਰਾਸਪੋਰਟ, ਬੇਰੁਜਗਾਰ ਨੌਜ਼ਵਾਨੀ ਅਤੇ ਹੋਰ ਸੰਬੰਧਤ ਛੋਟੇ ਕਾਰੋਬਾਰੀਆਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਲਿਆਂਦੇ ਗਏ ਹਨ । ਇਹੀ ਵਜਹ ਹੈ ਕਿ ਉਪਰੋਕਤ ਸਭ ਵਰਗ ਇਨ੍ਹਾਂ ਕਾਨੂੰਨਾਂ ਦੀ ਡੱਟਕੇ ਵਿਰੋਧਤਾ ਕਰ ਰਹੇ ਹਨ । ਹੁਣ ਜਦੋਂ ਕਿਸਾਨਾਂ ਤੇ ਖੇਤ-ਮਜ਼ਦੂਰਾਂ ਵਿਚ ਬੇਚੈਨੀ ਵੱਧਣ ਦੀ ਬਦੌਲਤ ਕਿਸਾਨ ਸੰਘਰਸ਼ ਸਿੱਖਰਾਂ ਤੇ ਪਹੁੰਚ ਚੁੱਕਿਆ ਹੈ ਅਤੇ ਜਿਸ ਨੂੰ ਹੱਲ ਕਰਨ ਲਈ ਮੋਦੀ ਹਕੂਮਤ ਵੱਲੋਂ ਸੁਹਿਰਦਤਾ ਦੀ ਅਤਿ ਸਖਤ ਲੋੜ ਸੀ, ਤਾਂ ਉਸ ਸਮੇਂ ਹੁਕਮਰਾਨਾਂ ਨੇ ਪੰਜਾਬ ਦੇ ਕਿਸਾਨਾਂ, ਖੇਤ-ਮਜ਼ਦੂਰਾਂ, ਟਰਾਸਪੋਰਟਰਾਂ, ਬੇਰੁਜਗਾਰ ਨੌਜ਼ਵਾਨਾਂ ਦੇ ਮਸਲੇ ਨੂੰ ਹੋਰ ਪੇਚੀਦਾ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਨਾ ਖੋਲ੍ਹਕੇ, ਅਫ਼ਗਾਨੀਸਤਾਨ, ਇੰਡੀਆਂ ਅਤੇ ਇਰਾਨ ਦੇ ਤਿੰਨ ਮੁਲਕੀ ਕੀਤੇ ਗਏ ਸਮਝੋਤੇ ਅਨੁਸਾਰ ਮੁੰਬਈ ਦੇ ਨਜ਼ਦੀਕ ਇਰਾਨ ਨਾਲ ਜੁੜਦੀ ਛਾਬਾਰ ਬੰਦਰਗਾਹ ਨੂੰ ਖੋਲ੍ਹਕੇ ਅਸਲੀਅਤ ਵਿਚ ਸਾਡੇ ਪੰਜਾਬ ਦੇ ਦੋਵੇ ਮੁੱਖ ਕਿੱਤੇ ਖੇਤੀ ਅਤੇ ਟਰਾਸਪੋਰਟ ਨੂੰ ਮਾਲੀ ਤੌਰ ਤੇ ਖ਼ਤਮ ਕਰਨ ਦੀ ਨਿੰਦਣਯੋਗ ਸਾਜਿ਼ਸ ਰਚੀ ਹੈ । ਜਿਸ ਨੂੰ ਸਮੁੱਚੇ ਪੰਜਾਬੀ, ਕਿਸਾਨ, ਮਜ਼ਦੂਰ, ਟਰਾਸਪੋਰਟਰ, ਨੌਜ਼ਵਾਨ ਵਰਗ ਬਿਲਕੁਲ ਸਹਿਣ ਨਹੀਂ ਕਰੇਗਾ ।
ਉਨ੍ਹਾਂ ਹੁਕਮਰਾਨਾਂ ਦੀ ਪੰਜਾਬ ਪ੍ਰਤੀ ਬਦਨੀਤੀ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਮੋਦੀ ਨੇ 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਉਥੇ ਪੱਕੇ ਤੌਰ ਤੇ ਵੱਸੇ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜ਼ਮੀਨਾਂ, ਕਾਰੋਬਾਰਾਂ ਅਤੇ ਘਰਾਂ ਤੋਂ ਬੇਘਰ ਅਤੇ ਬੇਜ਼ਮੀਨੇ ਕਰ ਦਿੱਤਾ ਸੀ। ਕਿਉਂਕਿ ਗੁਜਰਾਤੀ ਸਿੱਖ ਜਿ਼ੰਮੀਦਾਰਾਂ ਦੀਆਂ ਇਹ ਜ਼ਮੀਨਾਂ ਸ੍ਰੀ ਮੋਦੀ ਨੇ ਅਡਾਨੀ, ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆ ਨੂੰ ਦੇਣ ਦਾ ਵਾਅਦਾ ਕੀਤਾ ਸੀ । ਜਿਨ੍ਹਾਂ ਦਾ ਅੱਜ ਤੱਕ ਨਾ ਤਾਂ ਮੁੜ ਵਸੇਬਾ ਉਸ ਸਮੇਂ ਦੇ ਵਜ਼ੀਰ-ਏ-ਆਜ਼ਮ ਡਾ. ਮਨਮੋਹਨ ਸਿੰਘ ਨੇ ਕੀਤਾ ਅਤੇ ਨਾ ਹੀ ਉਸ ਤੋਂ ਬਾਅਦ ਆਈਆ ਬੀਜੇਪੀ ਦੀਆਂ ਸਰਕਾਰਾਂ ਨੇ ਕੀਤਾ । ਜੋ ਮੋਦੀ ਨੇ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕੀਤੀਆ ਹਨ, ਉਹ ਵੀ ਪੰਜਾਬ ਦੇ ਜਿ਼ੰਮੀਦਾਰ, ਖੇਤ-ਮਜ਼ਦੂਰ ਵੱਲੋਂ ਚੱਲ ਰਹੇ ਸੰਘਰਸ਼ ਨੂੰ ਕੰਮਜੋਰ ਕਰਨ ਲਈ ਕੀਤੀਆ ਹਨ ਤਾਂ ਕਿ ਪੰਜਾਬ ਦਾ ਬਿਜਲੀ ਪੈਦਾ ਕਰਨ ਵਾਲਾ ਕੋਲਾ ਵੀ ਨਾ ਆ ਸਕੇ ਅਤੇ ਨਾ ਹੀ ਜਿ਼ੰਮੀਦਾਰਾਂ ਨੂੰ ਇਸ ਤਰ੍ਹਾਂ ਦੀਆਂ ਲੋੜੀਦੀਆਂ ਯੂਰੀਆ, ਡਾਇਆ ਕਣਕ ਦੀ ਫ਼ਸਲ ਵਿਚ ਵਰਤੋਂ ਆਉਣ ਵਾਲੀਆ ਖਾਂਦਾ ਨਾ ਮਿਲ ਸਕਣ ਅਤੇ ਪੰਜਾਬ ਦਾ ਜਿ਼ੰਮੀਦਾਰ ਕੰਗਾਲ ਹੋ ਜਾਵੇ ਅਤੇ ਭੂਗੋਲਿਕ ਤੌਰ ਤੇ ਵੀ ਦੱਬਿਆ ਜਾ ਸਕੇ । ਜਿਸ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਸੈਂਟਰ ਵਿਚ ਸਰਕਾਰ ਭਾਵੇ ਕਾਂਗਰਸ ਦੀ ਹੋਵੇ, ਭਾਵੇ ਬੀਜੇਪੀ ਦੀ ਜਾਂ ਕਿਸੇ ਹੋਰ ਹਿੰਦੂਤਵ ਸੋਚ ਵਾਲੇ ਦੀ, ਪੰਜਾਬੀਆਂ, ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਕਿਸੇ ਵੀ ਹੁਕਮਰਾਨ ਨੇ ਨਾ ਇਨਸਾਫ਼ ਦਿੱਤਾ ਹੈ ਅਤੇ ਨਾ ਹੀ ਇਨ੍ਹਾਂ ਤੋਂ ਅਜਿਹੀ ਕੋਈ ਉਮੀਦ ਕੀਤੀ ਜਾ ਸਕਦੀ ਹੈ । ਇਨ੍ਹਾਂ ਗੰਭੀਰ ਵਿਸਿਆ ਦਾ ਹੱਲ ਇਕੋ ਇਕ ਹੈ ਕਿ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹਿੰਦੂ ਯੂਨੀਅਨ ਤੋਂ ਆਜ਼ਾਦ ਕਰਵਾਇਆ ਜਾਵੇ । ਜਿਸ ਲਈ ਸਭ ਧਿਰਾਂ ਨੂੰ ਇਕੱਤਰ ਹੋ ਕੇ ਇਸ ਮਕਸਦ ਦੀ ਪ੍ਰਾਪਤੀ ਲਈ ਉਦਮ ਕਰਨਾ ਬਣਦਾ ਹੈ ।
ਅਜਿਹਾ ਹੁਕਮਰਾਨਾਂ ਨੇ ਅਫ਼ਗਾਨੀਸਤਾਨ-ਇੰਡੀਆ ਤੇ ਇਰਾਨ ਦੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤਾ ਹੈ । ਜਦੋਂਕਿ ਇਹ ਵਪਾਰ ਹਰ ਪੱਖੋ ਘੱਟ ਲਾਗਤ ਤੇ ਘੱਟ ਕੀਮਤ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਖੋਲ੍ਹਕੇ ਹੋਰ ਵਧੇਰੇ ਕਾਰਗਰ ਢੰਗ ਨਾਲ ਪ੍ਰਫੁੱਲਿਤ ਹੋ ਸਕਦਾ ਸੀ । ਜਿਸ ਨੂੰ ਜਾਣਬੁੱਝ ਕੇ ਪੰਜਾਬ ਦੇ ਜਿ਼ੰਮੀਦਾਰਾਂ, ਟਰਾਸਪੋਰਟਰਾਂ ਨਾਲ ਬਦਲੇ ਦੀ ਭਾਵਨਾ ਅਧੀਨ ਉਨ੍ਹਾਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਹਿੱਤ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਸ. ਮਾਨ ਨੇ ਸਮੁੱਚੇ ਪੰਜਾਬ ਦੇ ਨਿਵਾਸੀਆਂ, ਵਪਾਰੀਆਂ, ਨੌਜ਼ਵਾਨਾਂ ਨੂੰ ਇੰਡੀਆਂ ਹੁਕਮਰਾਨਾਂ ਦੀਆਂ ਪੰਜਾਬ ਵਿਰੋਧੀ ਸਾਜਿ਼ਸਾਂ ਤੋਂ ਸੁਚੇਤ ਕਰਨ ਦੇ ਨਾਲ-ਨਾਲ ਸਮੁੱਚੇ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ.ਐਨ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ ਨੂੰ ਪੰਜਾਬੀਆਂ ਦੇ ਇਨ੍ਹਾਂ ਵਿਧਾਨਿਕ ਅਧਿਕਾਰਾਂ ਨੂੰ ਕੁੱਚਲਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਸੰਜ਼ੀਦਗੀ ਨਾਲ ਅਗਲੇਰੀ ਕੌਮਾਂਤਰੀ ਕਾਰਵਾਈ ਕਰਨ ਅਤੇ ਪੰਜਾਬੀਆਂ ਤੇ ਸਿੱਖ ਕੌਮ ਦੇ ਮਾਲੀ ਹੱਕਾਂ ਦੀ ਕੌਮਾਂਤਰੀ ਕਾਨੂੰਨਾਂ ਅਨੁਸਾਰ ਰੱਖਿਆ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ । ਸ. ਮਾਨ ਨੇ ਜਿਥੇ ਸਮੁੱਚੇ ਕਿਸਾਨਾਂ ਵੱਲੋਂ 05 ਨਵੰਬਰ ਨੂੰ 'ਚੱਕਾ ਜਾਮ' ਕਰਨ ਦੇ ਰੋਸ਼ ਵਿਖਾਵੇ ਕਰਨ ਦਾ ਭਰਪੂਰ ਸਮਰਥਨ ਕੀਤਾ, ਉਥੇ ਸਮੁੱਚੇ ਪੰਜਾਬ ਦੇ ਕਿਸਾਨਾਂ, ਟਰਾਸਪੋਰਟਰਾਂ, ਖੇਤ-ਮਜ਼ਦੂਰਾਂ ਅਤੇ ਨੌਜ਼ਵਾਨ ਵਰਗ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਿਸਾਨ ਯੂਨੀਅਨ ਵੱਲੋਂ ਹੁਸੈਨੀਵਾਲਾ ਬਾਰਡਰ ਨੂੰ ਖੁੱਲ੍ਹਵਾਉਣ ਹਿੱਤ 'ਬਾਰਡਰ ਖੁਲ੍ਹਵਾਓ, ਕਿਸਾਨ ਬਚਾਓ' ਰੈਲੀ ਜੋ 10 ਨਵੰਬਰ ਨੂੰ ਰੱਖੀ ਗਈ ਹੈ, ਵਿਚ ਆਪਣੇ ਇਨਸਾਨੀ ਫਰਜ ਸਮਝਕੇ ਹੁੰਮ-ਹੁੰਮਾਕੇ ਪਹੁੰਚਣ ਅਤੇ ਇਸ ਮਕਸਦ ਨੂੰ ਸਫ਼ਲ ਬਣਾਉਣ ਦੀ ਅਪੀਲ ਵੀ ਕੀਤੀ ।