28/09/2023
ਸਚਿੱਤਰ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ (੧੦)
੧੦. ਵੈਦ ਬੁਲਾਉਣਾ :-
ਗੁਰੂ ਜੀ ਹਰ ਵੇਲੇ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਸਨ। ਕਿਸੇ ਕੰਮ-ਕਾਜ ਵਿਚ ਕੋਈ ਦਿਲਚਸਪੀ ਨਹੀਂ ਸੀ ਰੱਖਦੇ। ਬਹੁਤ ਘੱਟ ਸੌਂਦੇ ਅਤੇ ਬਹੁਤ ਘੱਟ ਖਾਂਦੇ ਸਨ ਅਤੇ ਡੂੰਘੀਆਂ ਸੋਚਾਂ ਵਿਚ ਰਹਿੰਦੇ ਸਨ। ਘਰ ਵਾਲਿਆਂ ਨੂੰ ਚਿੰਤਾ ਹੋਈ ਕਿ ਸ਼ਾਇਦ ਉਨ੍ਹਾਂ ਨੂੰ ਕੋਈ ਰੋਗ ਲੱਗਾ ਹੋਇਆ ਹੈ। ਇਸ ਕਰਕੇ ਉਨ੍ਹਾਂ ਨੇ ਇਕ ਦਿਨ ਪਿੰਡ ਦੇ ਵੈਦ ਨੂੰ ਬੁਲਾ ਲਿਆ। ਵੈਦ ਨਾਲ ਗੱਲ ਕਰਦਿਆਂ ਗੁਰੂ ਜੀ ਨੇ ਆਖਿਆ ਕਿ ਠੀਕ ਇਲਾਜ ਕਰਨ ਲਈ ਪਹਿਲਾਂ ਰੋਗ ਪਛਾਨਣ ਦੀ ਲੋੜ ਹੁੰਦੀ ਹੈ। ਮੇਰੇ ਸਰੀਰ ਨੂੰ ਕੋਈ ਰੋਗ ਨਹੀਂ ਹੈ, ਜੇ ਕੋਈ ਰੋਗ ਹੈ ਤਾਂ ਆਪ ਜੀ ਨੂੰ ਉਸਦੀ ਸਮਝ ਨਹੀਂ। ਵੈਦ ਨੇ ਅੱਗੋਂ ਆਖਿਆ, “ਮੈਂ ਬੜੇ-ਬੜੇ ਰੋਗੀ ਠੀਕ ਕੀਤੇ ਹਨ। ਐਸਾ ਕਿਹੜਾ ਰੋਗ ਹੋ ਸਕਦਾ ਹੈ, ਜਿਸਦੀ ਮੈਨੂੰ ਸਮਝ ਨਹੀਂ ?” ਗੁਰੂ ਜੀ ਨੇ ਆਖਿਆ, “ਸਾਡੇ ਸਮਾਜ ਵਿਚ ਜੋ ਕੁਕਰਮ ਹੋ ਰਹੇ ਹਨ, ਕੀ ਤੁਸੀਂ ਉਸਦੇ ਇਲਾਜ ਬਾਰੇ ਕਦੀ ਸੋਚਿਆ ਹੈ?” ਵੈਦ ਨੇ ਆਖਿਆ ਕਿ ਇਹ ਕੰਮ ਪ੍ਰਮਾਤਮਾ ਦੀ ਦੇਣ ਹੈ। ਗੁਰੂ ਜੀ ਨੇ ਆਖਿਆ ਪ੍ਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ ਕਿ ਉਹ ਲੋਕਾਂ ਦੇ ਦੁਖ-ਸੁਖ ਦਾ ਭਾਈਵਾਲ ਬਣੇ ਅਤੇ ਕਿਸੇ ਮਨੁੱਖ ਜਾਂ ਜਾਨਵਰ ਉੱਤੇ ਕੋਈ ਅੱਤਿਆਚਾਰ ਨਾ ਕਰੇ, ਪਰ ਇੱਥੇ ਤਾਂ ਮਨੁੱਖ ਆਪਣੀ ਜਵਾਨੀ, ਸਮਾਜ ਵਿੱਚ ਆਪਣੀ ਤਾਕਤ ਅਤੇ ਰੁਤਬੇ ਦੇ ਨਸ਼ੇ ਵਿਚ ਕਿਸੇ ਦਾ ਦੁਖ ਵੰਡਾਉਣ ਦੀ ਬਜਾਏ ਲੋਕਾਂ ’ਤੇ ਜ਼ੁਲਮ ਢਾਹੁੰਦਾ ਹੈ, ਜਬਰਨ ਧਰਮ ਬਦਲਦਾ ਹੈ, ਔਰਤਾਂ ਦੀ ਬੇ-ਪੱਤੀ ਕਰਦਾ ਹੈ, ਆਦਿ। ਪਰ ਇਹਨਾਂ ਕੁਕਰਮਾਂ ਦੇ ਵਿਰੁੱਧ ਕੋਈ ਅਵਾਜ਼ ਨਹੀਂ ਉਠਾ ਰਿਹਾ। ਮੈਂ ਤਾਂ ਅਜਿਹੀ ਰੋਗੀ ਇਨਸਾਨੀਅਤ ਨੂੰ ਵੇਖ ਕੇ ਉਦਾਸ ਹਾਂ। ਕੀ ਤੁਹਾਡੇ ਪਾਸ ਇਸਦਾ ਕੋਈ ਇਲਾਜ ਹੈ ?ਗੁਰੂ ਜੀ ਦੀਆਂ ਗੱਲਾਂ ਸੁਣ ਕੇ ਵੈਦ ਦੀ ਨਿਸ਼ਾ ਹੋ ਗਈ। ਉਸਨੇ ਗੁਰੂ ਜੀ ਦੇ ਪਰਿਵਾਰ ਨੂੰ ਆਖਿਆ ਕਿ ਨਾਨਕ ਜੀ ਨੂੰ ਕੋਈ ਸਰੀਰਕ ਦੁਖ ਨਹੀਂ ਹੈ। ਜਿਹੜੇ ਰੋਗ ਤੋਂ ਇਹ ਦੁਖੀ ਹਨ, ਉਸਦਾ ਇਲਾਜ ਕਰਨਾ ਮੈਂ ਨਹੀਂ ਜਾਣਦਾ। ਪਰ ਗੁਰੂ ਜੀ ਆਖਣ ਲੱਗੇ ਕਿ ਲੋਕਾਈ ਦੀ ਆਤਮਾ ਦੁਖੀ ਅਤੇ ਨਿਰਬਲ ਹੈ। ਜਿਸਨੂੰ ਬਲਵਾਨ ਤੇ ਸਿਹਤਮੰਦ ਬਨਾਉਣ ਵਾਸਤੇ ਨਾਮ ਸੱਭ ਤੋਂ ਵੱਡਾ ਦਾਰੂ ਹੈ। ਨਾਮ ਸਿਮਰਨ ਨਾਲ ਮਨ ਨਿਰਮਲ ਅਤੇ ਬਲਵਾਨ ਹੁੰਦਾ ਹੈ ਅਤੇ ਨਿਰਭੈ ਹੋ ਕੇ ਅਨੰਦ ਵਿਚ ਰਹਿਣ ਲੱਗ ਜਾਂਦਾ ਹੈ। ਅਤੇ ਉਸ ਵਿਚ ਪਾਪ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਅਥਾਹ ਸ਼ਕਤੀ ਉਤਪੰਨ ਹੋ ਜਾਂਦੀ ਹੈ।ਵੈਦ, ਗੁਰੂ ਜੀ ਦਾ ਇਲਾਜ ਕਰਨ ਆਇਆ ਸੀ, ਉਲਟਾ ਜ਼ੋਰ, ਜ਼ੁਲਮ ਦਾ ਇਲਾਜ ਕਰਨ ਦਾ ਨੁਸਖਾ ਲੈ ਕੇ ਚਲਾ ਗਿਆ।