21/05/2022
ਪ੍ਰੈਸ ਨੋਟ 20.5.2022
ਸੁੰਡਰਾਂ ਕਾਂਡ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਬਸਪਾ ਨੇ ਫੂਕਿਆ ਭਗਵੰਤ ਮਾਨ ਦਾ ਪੁਤਲਾ
ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਦੇ ਹੱਕ ਵਿਚ ਬੀਐਸਪੀ ਵੱਲੋਂ ਆਪ ਦੇ ਖਿਲਾਫ ਜੰਗ ਦਾ ਐਲਾਨ: ਜਸਵੀਰ ਗੜ੍ਹੀ
27ਮਈ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਦਾ ਘਿਰਾਓ ਕਰਾਂਗੇ- ਡਾ ਨੱਛਤਰ ਪਾਲ
ਮੁਹਾਲੀ / ਡੇਰਾਬਸੀ: ਤਹਿਸੀਲ ਡੇਰਾਬਸੀ ਦੇ ਪਿੰਡ ਸੁੰਡਰਾਂ ਵਿਚ ਵਾਪਰੇ ਭਿਆਨਕ ਅਗਨੀ ਕਾਂਡ, ਜਿਸ ਵਿਚ ਇਕ ਮਾਸੂਮ ਬੱਚੀ ਦੀ ਜਾਨ ਵੀ ਜਾਂਦੀ ਰਹੀ ਸਬੰਧੀ ਆਪ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਨ ਖਿਲਾਫ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਅੱਜ ਡੇਰਾਬਸੀ ਦੇ ਐਸਡੀਐਮ ਦਫਤਰ ਦੇ ਸਾਹਮਣੇ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ। ਇਸ ਜ਼ੋਰਦਾਰ ਰੋਸ ਮੁਜ਼ਾਹਰੇ ਦੀ ਅਗਵਾਈ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਕੀਤੀ, ਜਦੋਂਕਿ ਇਸ ਮੌਕੇ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ, ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ.
ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਦੋਸ਼ ਲਾਇਆ ਕਿ ਖੁਦ ਨੂੰ ਆਮ ਆਦਮੀ ਪਾਰਟੀ ਕਹਾਉਣ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਪੂਰੀ ਤਰ੍ਹਾਂ ਜ਼ੋਰਾਵਰਾਂ, ਜਗੀਰਦਾਰਾਂ ਤੇ ਮਾਫੀਆ ਨਾਲ ਮਿਲ ਚੁਕੀ ਹੈ ਤੇ ਸਰਕਾਰ ਦੀ ਸ਼ਹਿ ਉੱਤੇ ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਉੱਤੇ ਜ਼ੁਲਮ ਕੀਤੇ ਜਾ ਰਹੇ ਹਨ. ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਸੁੰਡਰਾਂ ਪਿੰਡ ਵਿਚ ਝੁੱਗੀਆਂ ਪਾਕੇ ਰਹਿ ਰਹੇ ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਨਾਲ ਤ੍ਰਾਸਦੀ ਵਾਪਰਨ ਦੇ ਛੇ ਦਿਨਾਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ, ਅਤੇ ਜਦੋਂ ਉਨ੍ਹਾਂ ਨੂੰ ਅੱਜ ਬਸਪਾ ਵੱਲੋਂ ਕੀਤੇ ਜਾਂ ਵਾਲੇ ਇਸ ਮੁਜ਼ਾਹਰੇ ਦਾ ਪਤਾ ਲੱਗਾ ਤਾਂ ਆਪ ਦਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮਜ਼ਦੂਰਾਂ ਨੂੰ ਦੇਣ ਲਈ ਸਾਮਾਨ ਦਾ ਟਰੱਕ ਭਰਕੇ ਉਨ੍ਹਾਂ ਕੋਲ ਪੁੱਜ ਗਿਆ, ਤਾਂ ਕਿ ਇਹ ਮਜ਼ਦੂਰ ਕਿਤੇ ਬਸਪਾ ਦੇ ਮੁਜ਼ਾਹਰੇ ਵਿਚ ਨਾ ਸ਼ਾਮਿਲ ਹੋ ਜਾਣ. ਉਨ੍ਹਾਂ ਕਿਹਾ ਕਿ ਬਸਪਾ ਨੇ ਆਮ ਆਦਮੀ ਪਾਰਟੀ ਦੀਆਂ ਇਨ੍ਹਾ ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਵਿਰੋਧੀ ਨੀਤੀਆਂ ਖਿਲਾਫ ਤੇ ਦਲਿਤਾਂ, ਪਛੜਿਆਂ, ਮਜ਼ਦੂਰਾਂ ਤੇ ਗਰੀਬਾਂ ਦੇ ਹੱਕ ਵਿਚ ਆਮ ਆਦਮੀ ਪਾਰਟੀ ਵਿਰੁੱਧ ਜੰਗ ਦਾ ਐਲਾਨ ਕੀਤਾ ਹੈ.
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਲਿਤਾਂ, ਮਜ਼ਦੂਰਾਂ ਨੂੰ ਵੱਡੇ ਪੱਧਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜ਼ੁਲਮਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ. ਆਪ ਸਰਕਾਰ ਵੱਲੋਂ ਰਾਤਾਂ ਨੂੰ ਪੁਲਿਸ ਭੇਜ ਕੇ ਦਲਿਤਾਂ, ਮਜ਼ਦੂਰਾਂ ਡਰਾਇਆ ਜਾ ਰਿਹਾ ਹੈ, ਰੇਤ ਮਾਫੀਆ ਦੇ ਨਾਂ ਉੱਤੇ ਪੰਜ-ਪੰਜ ਕਿਲੋ ਰੇਤਾ ਫੜਕੇ ਗਰੀਬਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉਹਨਾਂ ਉੱਤੇ ਝੂਠੇ ਕੇਸ ਪਾਏ ਜਾ ਰਹੇ ਹਨ. ਕਈ ਕਈ ਦਹਾਕਿਆਂ ਤੋਂ ਵੱਸੇ ਹੋਏ ਦਲਿਤਾਂ ਨੂੰ ਉਜਾੜਿਆ ਜਾ ਰਿਹਾ ਹੈ। ਪਰ ਗਰੀਬਾਂ, ਦਲਿਤਾਂ, ਪਛੜਿਆਂ, ਮਜ਼ਦੂਰਾਂ ਦੀ ਪਾਰਟੀ ਬਸਪਾ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗੀ ਤੇ ਭਗਵੰਤ ਮਾਨ ਦੀ ਸਰਕਾਰ ਨਾਲ ਦੋ ਦੋ ਹੱਥ ਕਰਨ ਲਈ ਤਿਆਰ ਹੈ.
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਗ਼ੈਰਜ਼ਿੰਮੇਵਾਰਾਨਾ, ਨਾਅਹਿਲ, ਪੱਖਪਾਤੀ ਅਤੇ ਅਸੰਵੇਦਨਸ਼ੀਲ ਰਵੱਈਏ ਦਾ ਵਿਰੋਧ ਕਰਨ ਅਤੇ ਕੁੰਭਕਰਨ ਦੀ ਨੀਂਦ ਸੁੱਤੀ ਪਈ ਪੰਜਾਬ ਸਰਕਾਰ ਤੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਨੀਂਦ ਖੋਲ੍ਹਣ ਲਈ ਬਸਪਾ ਨੇ ਅੱਜ ਇਹ ਛੋਟਾ ਜੇਹਾ ਟ੍ਰੇਲਰ ਦਿਖਾਇਆ ਹੈ, ਪਰ ਛੇਤੀ ਹੀ ਸਰਕਾਰ ਸਾਰੇ ਪੰਜਾਬ ਵਿਚ ਜ਼ੋਰਦਾਰ ਰੋਸ ਮੁਜ਼ਾਹਰੇ ਲਾਮਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁੰਡਰਾਂ ਪਿੰਡ ਦੀ ਇਸ ਦਰਦਨਾਕ ਘਟਨਾ ਦੇ 48 ਘੰਟੇ ਬਾਅਦ 16 ਮਈ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਉਹ ਖੁਦ, ਵਿਧਾਇਕ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ ਤੇ ਹੋਰ ਸਥਾਨਿਕ ਆਗੂ ਘਟਨਾ ਸਥਾਨ ’ਤੇ ਪੁੱਜੇ ਸਨ, ਕਿਉਂਕਿ ਸਾਨੂੰ ਸੂਚਨਾ ਮਿਲੀ ਸੀ ਕਿ ਉਦੋਂ ਤਕ ਪੰਜਾਬ ਸਰਕਾਰ ਨੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਕੋਈ ਵੀ ਕਦਮ ਨਹੀਂ ਸੀ ਉਠਾਇਆ ਸੀ। ਅਸੀਂ ਮੌਕੇ ਤੇ ਦੇਖਿਆ ਕੇ ਪੀੜਤਾਂ ਦੀਆਂ ਸਾਰੀਆਂ ਝੁੱਗੀਆਂ ਸੜ ਚੁੱਕੀਆਂ ਸਨ, ਉਨ੍ਹਾਂ ਕੋਈ ਖਾਣ ਪੀਣ ਦਾ ਕੋਈ ਸਾਮਾਨ ਤੇ ਸਿਰ ’ਤੇ ਛੱਤ ਆਦਿ ਕੁਝ ਵੀ ਨਹੀਂ ਬਚਿਆ ਸੀ ਤੇ ਪ੍ਰਸ਼ਾਸਨ ਨੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਤਕ ਦਾ ਪ੍ਰਬੰਧ ਨਹੀਂ ਕੀਤਾ ਸੀ। ਇਸ ਦੇ ਮੱਦੇਨਜ਼ਰ ਅਸੀਂ ਮੰਗ ਕੀਤੀ ਸੀ ਕਿ ਮ੍ਰਿਤਕਾ ਬੱਚੀ ਦੇ ਪਰਿਵਾਰ ਨੂੰ ਫੌਰੀ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਾਰੇ 50 ਪੀੜਤ ਪਰਿਵਾਰਾਂ ਨੂੰ 25 ਲੱਖ ਰੁਪਏ ਪ੍ਰਤੀ ਝੁੱਗੀ ਦਿੱਤੇ ਜਾਣ। ਪੀੜਿਤ ਪਰਿਵਾਰਾਂ ਨੂੰ 100 ਵਰਗ ਗਜ਼ ਦੇ ਪਲਾਟ ਗ੍ਰਾਮ ਪੰਚਾਇਤ ਪਿੰਡ ਸੁੰਡਰਾਂ ਤੋਂ ਮਤਾ ਪਵਾ ਕੇ ਦਿੱਤੇ ਜਾਣ ਅਤੇ ਰੈੱਡ ਕਰਾਸ ਫੰਡ ਵਿੱਚੋਂ ਫੌਰੀ ਰਾਹਤ ਵਜੋਂ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਦਿੱਤੇ ਜਾਣ। ਅਸੀਂ ਇਸ ਲਈ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਇਸ ਦੇ ਨਾਲ ਹੀ ਅਸੀਂ ਮੁੱਖ ਮੁਲਜ਼ਮ ਤਰਨਜੀਤ ਸਿੰਘ ਤਰਨੀ, ਜਿਸ ਨੇ ਖੇਤੀ ਵਾਲੀ ਪੰਚਾਇਤੀ ਜ਼ਮੀਨ ਉਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਨਾੜ ਨੂੰ ਅੱਗ ਲਾਉਣ ਵਾਲੇ ਸੋਨੂੰ ਪੁੱਤਰ ਜੀਤ ਸਿੰਘ ਦਾ ਨਾਮ ਐਫਆਈਆਰ ਵਿੱਚ ਪਾਏ ਜਾਣ ਦੀ ਮੰਗ ਵੀ ਕੀਤੀ ਸੀ, ਪਰ ਅੱਜ ਘਟਨਾ ਨੂੰ 6 ਦਿਨ ਬੀਤਣ ਦੇ ਬਾਅਦ ਵੀ ਇਸ ਸਬੰਧੀ ਕੁਝ ਨਹੀਂ ਕੀਤਾ ਜਿਸ ਤੋਂ ਭਗਵੰਤ ਮਾਨ ਸਰਕਾਰ ਦੇ ਦਲਿਤਾਂ ਪ੍ਰਤੀ ਪੱਖਪਾਤੀ ਰਵਈਏ ਦਾ ਪਤਾ ਲੱਗਦਾ ਹੈ ਅਤੇ ਸਾਫ ਹੈ ਕਿ ਸਰਕਾਰ ਦੋਸ਼ੀਆਂ ਨਾਲ ਮਿਲੀ ਹੋਈ ਹੈ ਅਤੇ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਮਿਲ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰ ਬਸਪਾ ਸਰਕਾਰ ਨੂੰ ਅਜਿਹਾ ਨਹੀਂ ਕਰਨ ਦੇਵੇਗੀ ਅਤੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਬੀਐਸਪੀ ਡਟ ਕੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੋਵੇਗੀ।
ਬਸਪਾ ਵਿਧਾਇਕ ਡਾ ਨੱਛਤਰ ਪਾਲ ਨੇ ਕਿਹਾ ਕਿ 27 ਮਈ ਨੂੰ ਜਿਲਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਬਸਪਾ ਵਰਕਰ ਪੂਰੀ ਤਿਆਰੀ ਨਾਲ ਲਾਮਬੰਦ ਕਰਕੇ ਅੰਦੋਲਨ ਦਾ ਆਗਾਜ਼ ਕੀਤਾ ਜਾਵੇਗਾ। ਅਸੀ ਇਹ ਸਵੀਕਾਰ ਨਹੀਂ ਕਰਦੇ ਕਿ ਬਸਪਾ ਦੇ ਹੁੰਦਿਆਂ ਮਜ਼ਲੂਮਾਂ ਤੇ ਜੁਲਮ ਅਤਿਆਚਾਰ ਹੋਵੇ। ਇਹ ਸਾਰੇ ਮਾਮਲੇ ਵਿਧਾਨ ਸਭਾ ਵਿਚ ਉਠਾਏ ਜਾਣਗੇ।
ਜਲ ਮਰੀ ਮਜਦੂਰ ਬੱਚੀ ਦੇ ਬਾਪ ਰਾਮਵੀਰ ਨੇ ਕਿਹਾ ਕਿ ਉਹ ਇਨਸਾਫ਼ ਲਈ ਲੜਨਾ ਚਾਹੁੰਦੇ ਹਨ, ਪ੍ਰੰਤੂ ਸਰਕਾਰ ਤੇ ਸਰਕਾਰੀ ਕਰਿੰਦਿਆਂ ਦੀਆਂ ਦਿੱਤੀਆਂ ਧਮਕੀਆਂ ਨਾਲ ਸਾਨੂੰ ਮਜ਼ਦੂਰਾਂ ਨੂੰ ਘਰੋਂ ਬੇਘਰ ਕਰਕੇ ਰੋਲਣਾ ਚਾਹੁੰਦੇ ਹਨ।
ਇਸ ਮੌਕੇ ਵਿਧਾਇਕ ਡਾ. ਨਛੱਤਰ ਪਾਲ, ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਤੇ ਪਾਰਟੀ ਪ੍ਰੋਗਰਾਮਾਂ ਉਪਰ ਜ਼ਮੀਨੀ ਕੰਮ ਦਾ ਐਲਾਨ ਕੀਤਾ, ਜਿਸ ਤਹਿਤ ਲੋਕਾਂ ਵਿਚ ਬਸਪਾ ਦਾ ਪ੍ਰੋਗਰਾਮ ਪਰਚਾਰਿਆ ਜਾਵੇਗਾ। ਇਸ ਮੌਕੇ ਚਮਕੌਰ ਸਿੰਘ ਵੀਰ, ਸ਼ੀਲਾ ਰਾਣੀ, ਜਗਜੀਤ ਛੜਬੜ , ਮਾ ਰਾਮਪਾਲ ਅਬਿਆਣਾ, ਸੁਖਦੇਵ ਸਿੰਘ ਚਪੜਚਿੜੀ, ਦਰਸ਼ਨ ਸਿੰਘ ਨੰਡਿਆਲੀ, ਹਲਕਾ ਪ੍ਰਧਾਨ ਚਰਨਜੀਤ ਸਿੰਘ ਦੇਵੀਗੜ੍ਹ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਨੇਕ ਸਿੰਘ ਐਸਡੀਓ, ਡਾ ਜਰਨੈਲ ਸਿੰਘ, ਮਾ ਜਗਦੀਸ਼ ਸਿੰਘ, ਸੁਖਵਿੰਦਰ ਮੋਠਾਪੁਰ ਆਦਿ ਹਾਜ਼ਿਰ ਸਨ।