18/11/2025
ਡਿਜੀਟਲ ਗ੍ਰਿਫਤਾਰੀ (Digital Arrest) ਇੱਕ ਨਵੀਂ ਤਰ੍ਹਾਂ ਦੀ ਸਾਈਬਰ ਠੱਗੀ ਹੈ ਜੋ ਮੁੱਖ ਤੌਰ ਤੇ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਵਿੱਚ ਠੱਗ ਆਪਣੇ ਆਪ ਨੂੰ ਪੁਲਿਸ, CBI, NCB, ED ਜਾਂ ਕਿਸੇ ਹੋਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦਾ ਅਫਸਰ ਦੱਸ ਕੇ ਟਾਰਗੇਟ ਵਿਅਕਤੀ ਨੂੰ ਫੋਨ/ਵੀਡੀਓ ਕਾਲ ਕਰਦੇ ਹਨ ਅਤੇ ਇਹ ਡਰਾਉਂਦੇ ਧਮਕਾਉਂਦੇ ਹਨ ਕਿ ਤੁਹਾਡੇ ਨਾਂਅ ਤੇ ਪਾਰਸਲ,ਕੋਰੀਅਰ ਫੜਿਆ ਗਿਆ ਹੈ ਜਿਸ ਵਿੱਚ ਡਰੱਗਜ਼, ਨਕਲੀ ਪਾਸਪੋਰਟ, ਹਥਿਆਰ ਆਦਿ ਮਿਲੇ ਹਨ।ਤੁਹਾਡਾ ਆਧਾਰ ਕਾਰਡ ਕਿਸੇ ਮਨੀ ਲਾਂਡਰਿੰਗ/ਆਤੰਕਵਾਦੀ ਗਤੀਵਿਧੀ ਵਿੱਚ ਵਰਤਿਆ ਗਿਆ ਹੈ।ਤੁਹਾਡੇ ਖਾਤੇ ਤੋਂ ਪੈਸੇ ਗਲਤ ਥਾਂ ਭੇਜੇ ਗਏ ਹਨ।ਤੁਹਾਨੂੰ ਤੁਰੰਤ “ਗ੍ਰਿਫਤਾਰ” ਕੀਤਾ ਜਾ ਰਿਹਾ ਹੈ (ਭਾਵੇਂ ਤੁਸੀਂ ਘਰ ਬੈਠੇ ਹੋ)।ਫਿਰ ਤੁਹਾਨੂੰ ਵੀਡੀਓ ਕਾਲ ਤੇ ਰੱਖ ਕੇ “ਡਿਜੀਟਲ ਗ੍ਰਿਫਤਾਰ” ਕਰ ਲੈਂਦੇ ਹਨ, ਯਾਨੀ ਕਿ ਤੁਹਾਨੂੰ ਕਿਹਾ ਜਾਂਦਾ ਹੈ ਕਿ ਕਿਤੇ ਬਾਹਰ ਨਾ ਜਾਓ, ਕਿਸੇ ਨਾਲ ਨਾ ਬੋਲੋ। ਘੰਟਿਆਂ ਤੱਕ ਸਾਡੇ ਨਾਲ ਵੀਡੀਓ ਕਾਲ ਤੇ ਬਣੇ ਰਹੋ,ਤੁਹਾਡੇ ਸਾਰੇ ਬੈਂਕ ਖਾਤੇ “ਜਾਂਚ ਅਧੀਨ” ਹਨ, ਤੁਹਾਨੂੰ ਪੈਸੇ “ਸੁਰੱਖਿਅਤ” ਕਰਨ ਲਈ ਕਿਸੇ ਖਾਸ ਖਾਤੇ ਵਿੱਚ ਟ੍ਰਾਂਸਫਰ ਕਰਨੇ ਪੈਣਗੇ।ਜੇ ਨਹੀਂ ਕੀਤਾ ਤਾਂ ਪੂਰਾ ਪਰਿਵਾਰ ਗ੍ਰਿਫਤਾਰ ਹੋ ਜਾਵੇਗਾ, ਘਰ ਤੇ ਛਾਪੇ ਪੈਣਗੇ ਆਦਿ।ਇਸ ਤਰ੍ਹਾਂ ਡਰ ਅਤੇ ਦਬਾਅ ਵਿੱਚ ਆ ਕੇ ਲੋਕ ਲੱਖਾਂ-ਕਰੋੜਾਂ ਰੁਪਏ ਠੱਗਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੰਦੇ ਹਨ।
ਸੁਚੇਤ ਰਹੋ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਹਾਂ ਕੋਈ ਵੀ ਅਸਲ ਪੁਲਿਸ ਜਾਂ CBI ਵਾਲਾ ਵੀਡੀਓ ਕਾਲ/ਵਟਸਐਪ ਤੇ ਗ੍ਰਿਫਤਾਰੀ ਦੀ ਧਮਕੀ ਨਹੀਂ ਦਿੰਦਾ।ਅਸਲ ਗ੍ਰਿਫਤਾਰੀ ਲਈ ਤੁਹਾਡੇ ਘਰ ਆ ਕੇ ਵਾਰੰਟ ਦਿਖਾਇਆ ਜਾਂਦਾ ਹੈ।ਕੋਈ ਵੀ ਸਰਕਾਰੀ ਏਜੰਸੀ “ਜਾਂਚ” ਲਈ ਤੁਹਾਡੇ ਪੈਸੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਨ ਨੂੰ ਨਹੀਂ ਕਹਿੰਦੀ।ਸਰਕਾਰੀ ਅਫਸਰ ਸਕਾਈਪ, ਵਟਸਐਪ ਜਾਂ ਨਿੱਜੀ ਨੰਬਰ ਤੋਂ ਕਾਲ ਨਹੀਂ ਕਰਦੇ।
ਕੀ ਕਰਨਾ ਚਾਹੀਦਾ ਹੈ ਜੇ ਅਜਿਹੀ ਕਾਲ ਆਵੇ?
ਤੁਰੰਤ ਕਾਲ ਕੱਟ ਦਿਓ। ਪਰਿਵਾਰ ਜਾਂ ਦੋਸਤ ਨੂੰ ਜਰੂਰ ਦੱਸੋ।ਨਜ਼ਦੀਕੀ ਥਾਣੇ ਜਾ ਕੇ ਸ਼ਿਕਾਇਤ ਕਰੋ ਜਾਂ 1930 (ਸਾਈਬਰ ਕ੍ਰਾਈਮ ਹੈਲਪਲਾਈਨ) ਤੇ ਕਾਲ ਕਰੋ।cybercrime.gov.in ਤੇ ਆਨਲਾਈਨ ਸ਼ਿਕਾਇਤ ਦਰਜ ਕਰੋ।ਯਾਦ ਰੱਖੋ: “ਡਿਜੀਟਲ ਗ੍ਰਿਫਤਾਰੀ” ਨਾਂ ਦੀ ਕੋਈ ਕਾਨੂੰਨੀ ਚੀਜ਼ ਹੀ ਨਹੀਂ ਹੈ। ਇਹ ਸਿਰਫ਼ ਠੱਗਾਂ ਦਾ ਬਣਾਇਆ ਸ਼ਬਦ ਹੈ ਜੋ ਤੁਹਾਨੂੰ ਡਰਾਉਣ ਲਈ ਵਰਤਿਆ ਜਾਂਦਾ ਹੈ।ਆਪਣੇ ਬੱਚਿਆਂ ਬਜ਼ੁਰਗਾਂ-ਮਾਪਿਆਂ ਨੂੰ ਵੀ ਇਸ ਬਾਰੇ ਜਰੂਰ ਦੱਸੋ, ਕਿਉਂਕਿ ਇਹ ਠੱਗੀ ਜ਼ਿਆਦਾਤਰ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਉਂਦੀ ਹੈ।
#ਚੜ੍ਹਦੀਕਲਾ