Zahida Suleman

  • Home
  • Zahida Suleman

Zahida  Suleman Do you think we got freedom 6 years back? If yes, then here's nothing for you. Good luck
(3)

ਭੁੱਖਮਰੀ ਵਿਚ ਭਾਰਤ ਚਾਰ ਰੈਂਕ ਹੋਰ ਹੇਠਾਂ ਡਿਗਿਆ, 125 ਵਿਚੋਂ 111ਵਾਂ ਸਥਾਨ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਨਾਲੋਂ ਬਹੁਤ ਪਿਛੇ ...
13/10/2023

ਭੁੱਖਮਰੀ ਵਿਚ ਭਾਰਤ ਚਾਰ ਰੈਂਕ ਹੋਰ ਹੇਠਾਂ ਡਿਗਿਆ, 125 ਵਿਚੋਂ 111ਵਾਂ ਸਥਾਨ
ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਨਾਲੋਂ ਬਹੁਤ ਪਿਛੇ ਹੈ ਵਿਸ਼ਵ ਗੁਰੂ

ਗਲੋਬਲ ਹੰਗਰ ਇੰਡੈਕਸ-2023 (ਵਿਸ਼ਵ ਭੁੱਖ ਦਰਜਾਬੰਦੀ) ਵਿਚ ਵਿਸ਼ਵ ਗੁਰੂ ਦਾ ਰੁਤਬਾ ਚਾਰ ਦਰਜੇ ਹੋਰ ਡਿਗ ਗਿਆ ਹੈ। ਭਾਰਤ ਨੂੰ 125 ਦੇਸ਼ਾਂ ਦੀ ਸੂਚੀ ਵਿਚ 111ਵੇਂ ਸਥਾਨ ਉਤੇ ਰੱਖਿਆ ਗਿਆ ਹੈ ਜਦਕਿ ਪਾਕਿਸਤਾਨ (102), ਬੰਗਲਾਦੇਸ਼ (81), ਨੇਪਾਲ (69) ਅਤੇ ਸ੍ਰੀਲੰਕਾ (60) ਭਾਰਤ ਤੋਂ ਬਹੁਤ ਅੱਗੇ ਹਨ। ਪਿਛਲੇ ਸਾਲ ਯਾਨੀ 2022 ਵਿਚਲੀ ਸੂਚੀ ਵਿਚ ਕੁਲ 121 ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 107ਵਾਂ ਸੀ। ਇਕ ਸਾਲ ਵਿਚ ਹੀ ਚਾਰ ਦਰਜੇ ਹੇਠਾਂ ਚਲਿਆ ਗਿਆ ਹੈ। ਕੁਪੋਸ਼ਨ ਕਾਰਨ ਭਾਰਤ ਵਿਚ ਬੱਚਿਆਂ ਦੀ ਮੌਤ ਦਰ 18.7 ਫ਼ੀ ਸਦੀ ਦੱਸੀ ਗਈ ਹੈ। ਗੋਦੀ ਮੀਡੀਆ ਲਗਾਤਾਰ ਖ਼ਬਰਾਂ ਚਲਾਉਂਦਾ ਆ ਰਿਹਾ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਜਨਤਾ ਪਾਈ-ਪਾਈ, ਬੂੰਦ-ਬੂੰਦ ਨੂੰ ਤਰਸ ਰਹੀ ਹੈ ਅਤੇ ਕੁੱਝ ਦਿਨਾਂ ਵਿਚ ਕੰਗਾਲੀ ਕਾਰਨ ਇਨ੍ਹਾਂ ਦੇਸ਼ਾਂ ਦਾ ਨਾਮ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਵੇਗਾ, ਪਰ ਗਲੋਬਲ ਹੰਗਰ ਇੰਡੈਕਸ ਦੀ ਨਵੀਂ ਰਿਪੋਰਟ ਨੇ ਸਾਬਤ ਕਰ ਦਿਤਾ ਹੈ ਕਿ ਗੋਦੀ ਮੀਡੀਆ ਜਾਣਬੁਝ ਕੇ ਦੇਸ਼ ਦੀ ਜਨਤਾ ਅੱਗੇ ਝੂਠੀਆਂ ਅਤੇ ਫ਼ਰਜ਼ੀ ਖ਼ਬਰਾਂ ਪੇਸ਼ ਕਰ ਰਿਹਾ ਹੈ। ਜਿਵੇਂ ਇਜ਼ਰਾਈਲ ਦੇ ਮਾਮਲੇ ਵਿਚ ਕੀਤਾ ਜਾ ਰਿਹਾ ਹੈ। ਇਜ਼ਰਾਈਲ ਉਤੇ ਹਮਲਾ ਕਰਨ ਵਾਲੇ ਹਮਾਸ ਨੂੰ ਫ਼ਰਜ਼ੀ ਅਤੇ ਪੁਰਾਣੀਆਂ ਵੀਡੀਉਜ਼ ਰਾਹੀਂ ਕਰੂੜ, ਬੇਰਹਿਮ ਅਤੇ ਬੱਚਿਆਂ ਤੇ ਔਰਤਾਂ ਦਾ ਕਾਤਲ ਦੱਸ ਰਿਹਾ ਹੈ ਜਦਕਿ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨਾਲ ਜੰਗ ਤੋਂ ਬਾਅਦ 5 ਕਰੋੜ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਹਨ। ਭਾਰਤੀ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਇਸ ਬਾਰੇ ਕਈ ਵਿਸ਼ੇਸ਼ ਰਿਪੋਰਟਾਂ ਜ਼ਾਹਰ ਕੀਤੀਆਂ ਹਨ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਇਕ ਨਜ਼ਮ ਵੀ ਮਨੁੱਖ ਨੂੰ ਰਾਸ਼ਟਰਵਾਦੀ ਬਣਾ ਦਿੰਦੀ ਹੈ!!!!ਪਰ ਪੰਜਾਬੀ ਰਾਸ਼ਟਰਵਾਦ ਦੀ ਕੋਈ ਨਜ਼ਮ ਅਜਿਹੀ ਕਿਉਂ ਨਹੀਂ?3 ਅਕਤੂਰ, 1990 ਨੂੰ ਬਰਲਿਨ ਦੀਵਾ...
12/10/2023

ਇਕ ਨਜ਼ਮ ਵੀ ਮਨੁੱਖ ਨੂੰ ਰਾਸ਼ਟਰਵਾਦੀ ਬਣਾ ਦਿੰਦੀ ਹੈ!!!!
ਪਰ ਪੰਜਾਬੀ ਰਾਸ਼ਟਰਵਾਦ ਦੀ ਕੋਈ ਨਜ਼ਮ ਅਜਿਹੀ ਕਿਉਂ ਨਹੀਂ?

3 ਅਕਤੂਰ, 1990 ਨੂੰ ਬਰਲਿਨ ਦੀਵਾਰ ਮੁਕੰਮਲ ਤੌਰ ਤੇ ਢਾਹ ਦਿਤੀ ਗਈ। ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦਾ ਪੁਨਰ-ਗਠਨ ਕਰਕੇ ਬਰਲਿਨ ਨੂੰ ਇਸ ਦੀ ਰਾਜਧਾਨੀ ਐਲਾਨ ਦਿਤਾ ਗਿਆ। ਬਾਅਦ ਵਿਚ ਪਤਾ ਲੱਗਾ ਕਿ ਲੋਕਾਂ ਨੇ ਕਈ ਅਜਿਹੀਆਂ ਜਰਮਨ ਰਾਸ਼ਟਰਵਾਦ ਦੀਆਂ ਕਵਿਤਾਵਾਂ ਲਿਖੀਆਂ ਸਨ ਜਿਨ੍ਹਾਂ ਨੇ ਲੋਕਾਂ ਅੰਦਰ ਏਕੇ, ਅਪਣੀ ਪਛਾਣ ਅਤੇ ਅਪਣੇ ਸਭਿਆਚਾਰ ਪ੍ਰਤੀ ਚਿੰਤਾ ਪੈਦਾ ਕਰ ਦਿਤੀ ਸੀ। ਲਗਭਗ ਹਰ ਰਾਜ ਅਤੇ ਹਰ ਦੇਸ਼ ਦਾ ਅਪਣਾ ਇਕ ਅਜਿਹਾ ਤਰਾਨਾ ਹੈ ਜਿਹੜਾ ਉਸ ਰਾਜ ਜਾਂ ਦੇਸ਼ ਪ੍ਰਤੀ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਦਾ ਹੈ। 2019 ਵਿਚ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਲਦਾਖ ਅਤੇ ਜੰਮੂ-ਕਸ਼ਮੀਰ ਨਾਮ ਦੇ ਦੋ ਕੇਂਦਰ ਸ਼ਾਸਤ ਰਾਜ ਬਣਾ ਦਿਤੇ ਗਏ। ਉਦੋਂ ਤੋਂ ਹੀ ਦੁਹਾਂ ਰਾਜਾਂ ਵਿਚ ਰਾਜਪਾਲ ਰਾਜ ਲਾਗੂ ਹੈ। ਲਗਭਗ ਚਾਰ ਸਾਲ ਬਾਅਦ ਕਾਰਗਿਲ ਵਿਚ ਕੌਂਸਲ ਚੋਣਾਂ ਹੋਈਆਂ ਤਾਂ ਕਸ਼ਮੀਰੀ ਰਾਸ਼ਟਰਵਾਦ ਵਾਲੀ ਨਜ਼ਮ-ਲਹਿਰਾਏਂ ਕਸ਼ਮੀਰ ਕੇ ਝੰਡੇ-ਨੇ ਲਦਾਖੀਆਂ ਨੂੰ ਮੁੜ ਜੰਮੂ-ਕਸ਼ਮੀਰ ਨਾਲ ਰਲ ਜਾਣ ਲਈ ਉਤੇਜਿਤ ਕਰ ਦਿਤਾ। ਹਾਲਾਂਕਿ 2019 ਵਿਚ ਲਦਾਖ ਨੂੰ ਜੰਮੂ-ਕਸ਼ਮੀਰ ਨਾਲੋਂ ਅਲੱਗ ਕਰਨ ਦਾ ਫ਼ੈਸਲਾ ਲਦਾਖੀਆਂ ਦਾ ਨਹੀਂ ਸੀ ਬਲਕਿ ਕੇਂਦਰ ਸਰਕਾਰ ਦਾ ਸੀ। ਹੁਣ ਕਾਰਗਿੱਲ ਵਿਚ ਜਿਹੜੀਆਂ ਪਾਰਟੀਆਂ ਦੀ ਜ਼ਬਰਦਸਤ ਜਿੱਤ ਹੋਈ ਹੈ, ਉਹ ਧਾਰਾ 370 ਨੂੰ ਖ਼ਤਮ ਕਰਨ ਅਤੇ ਜੰਮੂ-ਕਸ਼ਮੀਰ ਦੇ ਦੋ ਟੁਕੜੇ ਕਰਨ ਦਾ ਵਿਰੋਧ ਕਰਦੀਆਂ ਹਨ। ਦੇਸ ਪੰਜਾਬ ਦੀ ਕਈ ਬਾਰ ਵੰਡ ਹੋ ਚੁੱਕੀ ਹੈ। ਆਜ਼ਾਦੀ ਵੇਲੇ ਦੋ ਦੇਸ਼ਾਂ ਨੇ ਪੰਜਾਬ ਨੂੰ ਵੰਡ ਲਿਆ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਛਾਂਗ ਕੇ ਰੱਖ ਦਿਤਾ ਪਰ ਇਸ ਖਿ਼ੱਤੇ ਦੇ ਕਵੀ ਕੋਈ ਅਜਿਹੀ ਪੰਜਾਬੀ ਰਾਸ਼ਟਰਵਾਦ ਪੈਦਾ ਕਰਨ ਵਾਲੀ ਕਵਿਤਾ ਜਾਂ ਨਜ਼ਮ ਨਹੀਂ ਲਿਖ ਸਕੇ ਜਿਹੜੀ ਜਰਮਨੀ ਵਾਲਾ ਬਿਰਤਾਂਤ ਇਸ ਖੇਤਰ ਵਿਚ ਰਚ ਸਕਦੀ। ਇਹ ਵੀ ਹੋ ਸਕਦਾ ਹੈ ਕਿ ਅਜਿਹੀਆਂ ਕਵਿਤਾਵਾਂ ਲਿਖੀਆਂ ਗਈਆਂ ਹੋਣ ਪਰ ਉਹ ਹਾਲੇ ਤਕ ਮਕਬੂਲੀਅਤ ਹਾਸਲ ਨਹੀਂ ਕਰ ਸਕੀਆਂ। ਕਸ਼ਮੀਰੀ ਰਾਸ਼ਟਰਵਾਦ ਦੀ ਨਜ਼ਮ-ਲਹਿਰਾਏਂ ਕਸ਼ਮੀਰ ਕੇ ਝੰਡੇ-ਨੇ ਦੁਨੀਆਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੀ ਚਾਰ ਸਾਲ ਦੀ ਮਿਹਨਤ ਉਤੇ ਪਾਣੀ ਫੇਰ ਦਿਤਾ। ਇਹ ਗੱਲ ਤਾਂ ਸਪੱਸ਼ਟ ਹੋ ਚੁੱਕੀ ਹੈ ਕਿ ਰਾਸ਼ਟਰਵਾਦ ਸਾਹਿਤ, ਸਹਿਯੋਗ, ਹਮਦਰਦੀ, ਪ੍ਰਸ਼ੰਸਾ, ਮਿਲਵਰਤਨ, ਇੱਜ਼ਤ, ਸਤਿਕਾਰ ਅਤੇ ਪਿਆਰ ਨਾਲ ਤਾਂ ਪੈਦਾ ਕੀਤਾ ਜਾ ਸਕਦਾ ਹੈ ਪਰ ਧੱਕੇ ਨਾਲ ਲੋਕਾਂ ਨੂੰ ਰਾਸ਼ਟਰਵਾਦੀ ਨਹੀਂ ਬਣਾਇਆ ਜਾ ਸਕਦਾ। ਕਿਸੇ ਵੀ ਮੁਲਕ ਦਾ ਮਨੁੱਖ ਡੰਡੇ ਨਾਲ ਰਾਸ਼ਟਰਵਾਦੀ ਨਹੀਂ ਬਣ ਸਕਦਾ। ਰਾਸ਼ਟਰਵਾਦ ਦੀ ਭਾਵਨਾ ਖ਼ੁਦ-ਬ-ਖ਼ੁਦ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ। ਇਹ ਰਾਸ਼ਟਰਵਾਦ ਉਸ ਧਰਤੀ ਲਈ ਪੈਦਾ ਹੁੰਦਾ ਹੈ ਜਿਥੇ ਮਨੁੱਖ ਨੂੰ ਜੀਵਤ ਰਹਿਣ ਅਤੇ ਅਪਣੇ ਧਰਮ ਦਾ ਅਭਿਆਸ ਆਜ਼ਾਦੀ ਨਾਲ ਕਰਨ ਦੀ ਸੁਰੱਖਿਆ ਮਿਲ ਜਾਂਦੀ ਹੈ। ਜੇ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਜਿਊਣ ਦਾ ਅਧਿਕਾਰ ਦੇ ਦਿਤਾ ਜਾਵੇ ਤਾਂ ਉਸ ਖਿ਼ੱਤੇ ਪ੍ਰਤੀ ਰਾਸ਼ਟਰਵਾਦ ਆਪ ਹੀ ਉਤਪੰਨ ਹੋ ਜਾਂਦਾ ਹੈ। ਰਾਜਨੀਤੀ ਸ਼ਾਸ਼ਤਰ ਦੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ ਕਿ ਪਛਮੀ ਵਿਦਵਾਨ ਕਦੇ ਵੀ ਅੰਨ੍ਹੇ ਰਾਸ਼ਟਰਵਾਦ ਨੂੰ ਉਤਸ਼ਾਹਤ ਨਹੀਂ ਕਰਦੇ ਬਲਕਿ ਮਨੁੱਖ ਨੂੰ ਹੀ ਏਨਾ ਆਜ਼ਾਦ ਕਰ ਦਿੰਦੇ ਹਨ ਕਿ ਉਹ ਰਾਸ਼ਟਰਵਾਦੀ ਬਣੇ ਬਿਨਾਂ ਰਹਿ ਹੀ ਨਹੀਂ ਸਕਦਾ। ਏਸ਼ੀਆਈ ਮੁਲਕਾਂ ਦੇ ਲੋਕ ਪਛਮੀ ਦੇਸ਼ਾਂ ਵੱਲ ਨੂੰ ਇਸੇ ਲਈ ਜ਼ਿਆਦਾ ਦੌੜ ਰਹੇ ਹਨ ਕਿਉਂਕਿ ਪਛਮੀ ਦੇਸ਼ਾਂ ਵਿਚ ਸਰਕਾਰ ਦੀ ਇੱਛਾ ਦੀ ਬਜਾਏ ਲੋਕਾਂ ਦੀ ਇੱਛਾ ਜ਼ਿਆਦਾ ਅਹਿਮੀਅਤ ਰੱਖਦੀ ਹੈ। ਫ਼ੈਸਲੇ ਸਰਕਾਰਾਂ ਦੀ ਮਰਜ਼ੀ ਵਾਲੇ ਨਹੀਂ ਹੁੰਦੇ ਸਗੋਂ ਲੋਕਾਂ ਦੀ ਮਰਜ਼ੀ ਵਾਲੇ ਹੁੰਦੇ ਹਨ। ਲੋਕਾਂ ਨੂੰ ਜਾਪਦਾ ਹੈ ਕਿ ਉਹ ਹੀ ਸਰਕਾਰ ਚਲਾ ਰਹੇ ਹਨ। ਏਸ਼ੀਆਈ ਮੁਲਕਾਂ ਅੰਦਰ ਇਸ ਚੀਜ਼ ਦੀ ਘਾਟ ਹੈ। ਇਥੇ ਸਰਕਾਰਾਂ ਚੋਣ ਜਿੱਤਣ ਤੋਂ ਬਾਅਦ ਅਪਣੀ ਮਰਜ਼ੀ ਕਰਨ ਲੱਗ ਪੈਂਦੀਆਂ ਹਨ ਜਿਸ ਕਾਰਨ ਲੋਕ ਸਰਕਾਰ ਨੂੰ ਬੇਗਾਨਾ ਸਮਝਣ ਲੱਗ ਜਾਂਦੇ ਹਨ। ਸਰਕਾਰ ਉਨ੍ਹਾਂ ਨੂੰ ਅਪਣੀ ਦੁਸ਼ਮਣ ਜਾਪਣ ਲੱਗ ਜਾਂਦੀ ਹੈ। ਸਰਕਾਰਾਂ ਵੀ ਅਪਣੀ ਵਿਸ਼ੇਸ਼ ਵਿਚਾਰਧਾਰਾ ਮੁਤਾਬਕ ਲੋਕਾਂ ਅੰਦਰ ਰਾਸ਼ਟਰਵਾਦ ਭਰਨ ਲੱਗ ਜਾਂਦੀਆਂ ਹਨ। ਪੰਜਾਬ ਨੂੰ ਹਮੇਸ਼ਾ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬੀ ਮੋਰਚੇ ਲਾਉਂਦੇ ਰਹਿ ਗਏ ਪਰ ਜ਼ਿਆਦਾ ਅਧਿਕਾਰ ਅਤੇ ਸਹੂਲਤਾਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਗ਼ੈਰਾ ਲੈ ਗਏ। ਪੰਜਾਬ ਨੂੰ ਛੋਟੀਆਂ-ਛੋਟੀਆਂ ਮੰਗਾਂ ਮਨਵਾਉਣ ਲਈ ਧਰਨੇ ਲਗਾਉਣੇ ਪੈਂਦੇ ਹਨ ਜਦਕਿ ਗੁਆਂਢੀ ਰਾਜਾਂ ਨੂੰ ਬਿਨਾਂ ਮੰਗੇ ਸਾਰਾ ਕੁੱਝ ਮਿਲ ਰਿਹਾ ਹੈ। ਜਿਸ ਤਰ੍ਹਾਂ ਸਮੁੱਚੇ ਭਾਰਤੀਆਂ ਅੰਦਰ, ਭਾਰਤੀ ਰਾਸ਼ਟਰਵਾਦ ਪੈਦਾ ਕਰਨ ਦੀ ਲੋੜ ਸਮਝੀ ਜਾਂਦੀ ਹੈ, ਉਸੇ ਤਰ੍ਹਾਂ ਸਮੁੱਚੇ ਪੰਜਾਬੀਆਂ ਅੰਦਰ ਵੀ ਪੰਜਾਬੀ ਰਾਸ਼ਟਰਵਾਦ ਪੈਦਾ ਕੀਤਾ ਜਾਣਾ ਚਾਹੀਦਾ ਹੈ ਤਾਕਿ ਪੰਜਾਬੀ ਲੋਕ ਕੇਂਦਰ ਦੀਆਂ ਸਰਕਾਰਾਂ ਤੋਂ ਕੁੱਝ ਮੰਗਣ ਵੇਲੇ ਇਕੋ ਕਤਾਰ ਵਿਚ ਖੜੇ ਨਜ਼ਰ ਆਉਣ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਪਹਿਲੀ ਹੀ ਚੋਣ ਤੋਂ ਸਪੱਸ਼ਟ ਹੋ ਗਿਆ ਕਿ ਲੱਦਾਖ ਵਿਚ ਜੰਮੂ-ਕਸ਼ਮੀਰ ਦਾ ਝੰਡਾ ਹੀ ਬੁਲੰਦ ਹੋਵੇਗਾਲਹਿਰਾਏਂ ਕਸ਼ਮੀਰ ਕੇ ਝੰਡੇ, ਨਜ਼ਮ ਨੇ ਲਦਾਖੀਆਂ ਨੂੰ ਭ...
12/10/2023

ਪਹਿਲੀ ਹੀ ਚੋਣ ਤੋਂ ਸਪੱਸ਼ਟ ਹੋ ਗਿਆ ਕਿ ਲੱਦਾਖ ਵਿਚ ਜੰਮੂ-ਕਸ਼ਮੀਰ ਦਾ ਝੰਡਾ ਹੀ ਬੁਲੰਦ ਹੋਵੇਗਾ
ਲਹਿਰਾਏਂ ਕਸ਼ਮੀਰ ਕੇ ਝੰਡੇ, ਨਜ਼ਮ ਨੇ ਲਦਾਖੀਆਂ ਨੂੰ ਭਾਵਨਾਮਕ ਕਰ ਦਿਤਾ

ਲੱਦਾਖ ਯੂ.ਟੀ. ਵਿਚ ਸਥਿਤ ਕਾਰਗਿਲ ਕੌਂਸਲ ਚੋਣਾਂ ਵਿਚ ਬੀਜੇਪੀ ਹਿੰਦੂ-ਮੁਸਲਿਮ, ਧਾਰਾ 370, ਹਰ-ਹਰ ਮੋਦੀ, ਜੇਹਾਦੀ ਅਤੇ ਅਜਿਹੇ ਹੀ ਹੋਰ ਨਾਹਰੇ ਲਾ ਕੇ ਕਾਰਗਿਲ ਵਾਸੀਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਰਹੀ ਪਰ ਜਨਤਾ ਨੇ ਇਸ ਪਾਰਟੀ ਨੂੰ ਹਾਸ਼ੀਏ ਉਤੇ ਧੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪੂਰਾ ਜ਼ੋਰ ਲਗਾਉਣ ਅਤੇ ਸਾਰੀ ਸਰਕਰੀ ਮਸ਼ਨਰੀ ਚੋਣਾਂ ਵਿਚ ਝੋਕਣ ਦੇ ਬਾਵਜੂਦ ਬੀਜੇਪੀ ਨੂੰ 26 ਸੀਟਾਂ ਵਿਚੋਂ ਸਿਰਫ਼ 2 ਸੀਟਾਂ ਮਿਲੀਆਂ ਹਨ। 22 ਸੀਟਾਂ ਨੈਸ਼ਨਲ ਕਾਨਫ਼ਰੰਸ-ਕਾਂਗਰਸ ਗਠਜੋੜ ਨੇ ਜਿੱਤ ਲਈਆਂ ਹਨ। ਬੀਜੇਪੀ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਦੀ ਹਾਰ ਉਤੇ ਜ਼ਿਆਦਾ ਖ਼ੁਸ਼ੀ ਜੰਮੂ ਵਾਸੀਆਂ ਨੇ ਕਿਉਂ ਮਨਾਈ ਹੈ? ਜੰਮੂ ਵਿਚ ਕਈ ਜਗ੍ਹਾ ਉਪਰ ਲਗਾਤਾਰ ਦੋ ਦਿਨ ਤਕ ਢੋਲ ਵਜਾਏ ਗਏ। ਜੰਮੂ ਵਾਸੀਆਂ ਨੇ ਸੜਕਾਂ ਉਤੇ ਨਿਕਲ ਕੇ ਬੀਜੇਪੀ ਵਿਰੁਧ ਨਾ ਸਿਰਫ਼ ਨਾਹਰੇ ਲਗਾਏ ਬਲਕਿ ਭੰਗੜੇ ਅਤੇ ਲੁੱਡੀਆਂ ਵੀ ਪਾਈਆਂ। ਇਨ੍ਹਾਂ ਨਤੀਜਿਆਂ ਨੂੰ ਧਾਰਾ 370 ਅਤੇ 35 ਏ ਨੂੰ ਰੱਦ ਕਰਨ ਦੇ ਫ਼ੈਸਲੇ ਵਿਰੁਧ ਫ਼ਤਵਾ ਮੰਨਿਆ ਜਾ ਰਿਹਾ ਹੈ। ਐਨ. ਸੀ ਨੂੰ 12 ਅਤੇ ਕਾਂਗਰਸ ਨੂੰ 10 ਸੀਟਾਂ ਉਪਰ ਜਿੱਤੀ ਮਿਲੀ। ਬੀਜੇਪੀ ਸਿਰਫ਼ 2 ਸੀਟਾਂ ਹੀ ਜਿੱਤ ਸਕੀ। ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। 30 ਮੈਂਬਰੀ ਕੌਂਸਲ ਵਿਚ ਚਾਰ ਮੈਂਬਰ ਨਾਮਜ਼ਦ ਕੀਤੇ ਜਾਣਗੇ। ਇਨ੍ਹਾਂ ਵਿਚੋਂ ਦੋ ਔਰਤਾਂ ਅਤੇ ਦੋ ਘੱਟਗਿਣਤੀਆਂ ਲਈ ਰਾਖਵੀਆਂ ਹਨ। ਇਹ ਪਹਿਲੀ ਅਜਿਹੀ ਚੋਣ ਹੈ ਜਿਹੜੀ 5 ਅਗੱਸਤ 2019 ਵਿਚ ਧਾਰਾ 370 ਅਤੇ 35 ਏ ਮਨਸੂਖ਼ ਕਰਨ ਅਤੇ ਲੱਦਾਖ਼ ਨੂੰ ਜੰਮੂ-ਕਸ਼ਮੀਰ ਨਾਲੋਂ ਵੱਖ ਕਰਕੇ ਕੇਂਦਰ ਸ਼ਾਸਤ ਰਾਜ ਬਣਾਉਣ ਤੋਂ ਬਾਅਦ ਹੋਈ ਹੈ। ਬੀਜੇਪੀ ਅਤੇ ਪ੍ਰੋ-ਮੋਦੀ ਭਾਰਤੀ ਮੀਡੀਆ ਨੇ ਜੰਮੂ ਵਾਸੀਆਂ, ਕਸ਼ਮੀਰੀਆਂ ਅਤੇ ਲੱਦਾਖ਼ ਦੇ ਲੋਕਾਂ ਵਿਚ ਵੰਡੀਆਂ ਪਾਉਣ ਦੀ ਮੁਹਿੰਮ ਵਿੱਢੀ ਹੋਈ ਸੀ ਪਰ ਉਨ੍ਹਾਂ ਦੀ ਯੋਜਨਾ ਸਫ਼ਲ ਨਾ ਹੋ ਸਕੀ। ਉਨ੍ਹਾਂ ਦੇ ਫ਼ਿਰਕੂ ਪ੍ਰਚਾਰ ਨੂੰ ਕਸ਼ਮੀਰ ਦੀ ਇਕ ਉਰਦੂ ਨਜ਼ਮ-ਲਹਿਰਾਏਂ ਕਸ਼ਮੀਰ ਕੇ ਝੰਡੇ- ਨੇ ਧੂੜ ਚਟਾ ਦਿਤੀ। ਇਹ ਨਜ਼ਮ 1950 ਵਿਚ ਕਸ਼ਮੀਰੀ ਰਾਸ਼ਟਰਵਾਦ ਦੀ ਪ੍ਰਸ਼ੰਸਾ ਵਿਚ ਲਿਖੀ ਗਈ ਸੀ। ਇਸ ਨਜ਼ਮ ਨੇ ਕਾਰਗਿੱਲ ਵਾਸੀਆਂ ਨੂੰ ਭਾਵਨਾਤਮਕ ਕਰ ਦਿਤਾ ਅਤੇ ਉਹ ਜੰਮੂ-ਕਸ਼ਮੀਰ ਤੋਂ ਵੱਖ ਹੋਣ ਦੇ ਅਫ਼ਸੋਸ ਵਿਚ ਡੁੱਬ ਗਏ। ਕਾਰਗਿਲ ਵਾਸੀਆਂ ਨੇ ਸੰਦੇਸ਼ ਦਿਤਾ ਹੈ ਕਿ ਉਹ ਨਾ ਤਾਂ ਕਸ਼ਮੀਰ ਤੋਂ ਵੱਖ ਹੋ ਕੇ ਖ਼ੁਸ਼ ਹਨ ਅਤੇ ਨਾ ਹੀ ਧਾਰਾ 370 ਨੂੰ ਖ਼ਤਮ ਕਰਨ ਨੂੰ ਚੰਗਾ ਸਮਝਦੇ ਹਨ। ਜੰਮੂ-ਕਸ਼ਮੀਰ ਅਤੇ ਲੱਦਾਖ਼ ਦੀਆਂ ਸਿਆਸੀ ਪਾਰਟੀਆਂ ਆਖ ਰਹੀਆਂ ਹਨ ਕਿ ਕਾਰਗਿਲ ਚੋਣਾਂ ਸਿਰਫ਼ ਇਕ ਟਰੇਲਰ ਹਨ। ਜੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਤਾਂ ਬੀਜੇਪੀ ਨੂੰ ਉਸ ਦਾ ਅਸਲ ਚਿਹਰਾ ਨਜ਼ਰ ਆ ਜਾਵੇਗਾ। ਅਸਲ ਵਿਚ ਭਾਰਤੀ ਲੋਕਾਂ ਦੀ ਪ੍ਰਾਕਿਰਤੀ ਹੀ ਅਜਿਹੀ ਹੈ। ਉਨ੍ਹਾਂ ਨੂੰ ਜ਼ਿਆਦਾ ਦੇਰ ਤਕ ਗੁਮਰਾਹ ਨਹੀਂ ਕੀਤਾ ਜਾ ਸਕਦਾ। 80 ਦੇ ਦਹਾਕੇ ਵਿਚ ਕਈ ਰਾਜਾਂ ਨੇ ਇੰਦਰਾ ਗਾਂਧੀ ਤੋਂ ਤੰਗ ਆ ਕੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਖ਼ੁਦਮੁਖ਼ਤਾਰੀ ਦੀ ਮੰਗ ਕੀਤੀ ਸੀ। ਰਾਜਾਂ ਦੀ ਮੰਗ ਸੀ ਕਿ ਭਾਰਤ ਦੇ ਸੰਘੀ ਢਾਂਚੇ ਨੂੰ ਮਜ਼ਬੂਤੀ ਦਿੰਦੇ ਹੋਏ ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿਤੇ ਜਾਣ। ਧਾਰਾ 370 ਵਰਗੇ ਅਧਿਕਾਰ ਜੇ ਸਾਰੇ ਰਾਜਾਂ ਨੂੰ ਦੇ ਦਿਤੇ ਜਾਣ ਤਾਂ ਹਰ ਸੂਬੇ ਦੀਆਂ ਨੌਕਰੀਆਂ ਉਸ ਦੇ ਅਪਣੇ ਨਾਗਰਿਕਾਂ ਲਈ ਰਾਖਵੀਆਂ ਹੋ ਜਾਣਗੀਆਂ ਅਤੇ ਜ਼ਮੀਨ ਉਤੇ ਵੀ ਉਸੇ ਸੂਬੇ ਦੇ ਲੋਕਾਂ ਦਾ ਅਧਿਕਾਰ ਰਹੇਗਾ। ਭਾਰਤੀ ਸੰਵਿਧਾਨ ਵਿਚ ਸੰਘਵਾਦ ਦੀ ਜਿਹੜੀ ਧਾਰਨਾ ਦਿਤੀ ਗਈ ਹੈ, ਉਸ ਦੀ ਰੂਹ ਵੀ ਇਹੋ-ਜਿਹੀ ਹੀ ਹੈ। ਬੀਜੇਪੀ ਦਾ ਰਾਸ਼ਟਰਵਾਦ ਅੰਨ੍ਹਾ ਹੈ। ਰਾਸ਼ਟਰਵਾਦ ਦੀ ਆੜ ਹੇਠ ਬੀਜੇਪੀ ਦੀਆਂ ਸਰਕਾਰਾਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਤੋਂ ਵੀ ਪਿਛੇ ਨਹੀਂ ਰਹਿੰਦੀਆਂ। ਇਸ ਵੇਲੇ ਵੀ ਦੇਸ਼ ਅੰਦਰ ਈ.ਡੀ, ਸੀ.ਬੀ.ਆਈ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਵਰਤੋਂ ਸਿਰਫ਼ ਔਰ ਸਿਰਫ਼ ਵਿਰੋਧੀ ਪਾਰਟੀਆਂ ਦੇ ਲੀਡਰਾਂ, ਸਾਹਿਤਕਾਰਾਂ, ਸੱਚੇ-ਸੁੱਚੇ ਪੱਤਰਕਾਰਾਂ, ਫ਼ਿਲਮਸਾਜ਼ਾਂ, ਹਿਦਾਇਤਕਾਰਾਂ, ਸਮਾਜ ਸੇਵੀ ਕਾਰਕੁਨਾਂ ਅਤੇ ਘੱਟਗਿਣਤੀਆਂ ਦੇ ਖਿ਼ਲਾਫ਼ ਕੀਤੀ ਜਾ ਰਹੀ ਹੈ। ਹਰ ਨਵੀਂ ਸਵੇਰ ਇਨ੍ਹਾਂ ਏਜੰਸੀਆਂ ਦੀ ਰੇਡ ਸੱਤਾਹੀਣ ਲੋਕਾਂ ਉਪਰ ਹੋ ਰਹੀ ਹੈ। ਬੀਜੇਪੀ ਲਈ ਇਹ ਬਹੁਤ ਹੀ ਨਾਜ਼ੁਕ ਦੌਰ ਹੈ। ਜੰਮੂ-ਕਸ਼ਮੀਰ ਅਤੇ ਮਨੀਪੁਰ ਵਿਚ ਬੀਜੇਪੀ ਬਿਲਕੁਲ ਹੀ ਸਿਫ਼ਰ ਦੇ ਨੇੜੇ ਹੈ। ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦਮਨਕਾਰੀ ਨੀਤੀਆਂ ਦੀ ਬਜਾਏ ਕਲਿਆਣਕਾਰੀ ਨੀਤੀਆਂ ਅਪਣਾਉਣ ਨਾਲ ਹੀ ਕੋਈ ਸਿਆਸੀ ਪਾਰਟੀ ਲੰਬੇ ਸਮੇਂ ਤਕ ਲੋਕਾਂ ਵਿਚ ਵਿਚਰ ਸਕਦੀ ਹੈ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਹੋਂਦ ਦੀ ਲੜਾਈ ਲੜਨ ਵਾਲੇ ਅੱਤਵਾਦੀ ਨਹੀਂ ਹੋ ਸਕਦੇ!!!!ਫ਼ਲਸਤੀਨ ਵਿਚ ਹਮਾਸ ਨਾਮ ਦਾ ਧਾਰਮਕ ਸੰਗਠਨ ਫ਼ਲਸਤੀਨੀ ਸਰ ਜ਼ਮੀਨ ਉਤੇ ਅਪਣੀ ਹੋਂਦ ਨੂੰ ਬਚਾਉਣ...
11/10/2023

ਹੋਂਦ ਦੀ ਲੜਾਈ ਲੜਨ ਵਾਲੇ ਅੱਤਵਾਦੀ ਨਹੀਂ ਹੋ ਸਕਦੇ!!!!

ਫ਼ਲਸਤੀਨ ਵਿਚ ਹਮਾਸ ਨਾਮ ਦਾ ਧਾਰਮਕ ਸੰਗਠਨ ਫ਼ਲਸਤੀਨੀ ਸਰ ਜ਼ਮੀਨ ਉਤੇ ਅਪਣੀ ਹੋਂਦ ਨੂੰ ਬਚਾਉਣ ਲਈ ਇਜ਼ਰਾਇਲ ਨਾਲ ਜੰਗ ਲੜ ਰਿਹਾ ਹੈ ਪਰ ਪਛਮੀ ਦੇਸ਼ ਅਤੇ ਇਕ ਅੱਧਾ ਏਸ਼ੀਆਈ ਦੇਸ਼ ਹਮਾਸ ਨੂੰ ਅੱਤਵਾਦੀ ਲਕਬ ਦੇ ਕੇ ਅਪਣੀ ਰੂਹ ਰਾਜ਼ੀ ਕਰ ਰਿਹਾ ਹੈ। ਅਪਣੀ ਧਰਤੀ ਤੇ ਮਿੱਟੀ ਨੂੰ ਹਰ ਮਨੁੱਖ ਮੁਹੱਬਤ ਕਰਦਾ ਆਇਆ ਹੈ। ਇਹੀ ਕੁੱਝ ਫ਼ਲਸਤੀਨੀ ਹਮਾਸ ਕਰ ਰਿਹਾ ਹੈ। ਬਾਬਰੀ ਮਸਜਿਦ ਇਸ ਕਰਕੇ ਸ਼ਹੀਦ ਕਰ ਦਿਤੀ ਗਈ ਕਿਉਂਕਿ ਕੁੱਝ ਲੋਕਾਂ ਨੇ ਮੰਨ ਲਿਆ ਕਿ ਇਹ ਉਹ ਪਵਿੱਤਰ ਧਰਤੀ ਹੈ ਜਿਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ। ਭਗਵਾਨ ਰਾਮ ਨੂੰ ਮੰਨਣ ਵਾਲਿਆਂ ਨੇ ਕਾਇਦੇ-ਕਾਨੂੰਨ, ਅਪਣੀ ਜਾਨ ਅਤੇ ਸਰਕਾਰ ਦੀ ਪ੍ਰਵਾਹ ਕੀਤੇ ਬਿਨਾਂ ਬਾਬਰੀ ਮਸਜਿਦ ਢਾਹ ਦਿਤੀ ਅਤੇ ਉਥੇ ਮੰਦਿਰ ਉਸਾਰ ਲਿਆ। ਦੁਨੀਆਂ ਭਰ ਦੇ ਸਿੱਖ ਅਪਣੀ ਗ੍ਰਹਿ ਭੌਂਇ (ਹੋਮਲੈਂਡ) ਉਤੇ ਅਪਣਾ ਪਰਚਮ ਲਹਿਰਾਉਣ ਲਈ ਦਹਾਕਿਆਂ ਤੋਂ ਜੱਦੋ-ਜਹਿਦ ਕਰਦੇ ਆ ਰਹੇ ਹਨ। ਅਨੇਕਾਂ ਸਿੱਖ ਅਪਣੀ ਧਰਤੀ ਲਈ ਅਪਣੀਆਂ ਜਾਨਾਂ ਵਾਰ ਚੁੱਕੇ ਹਨ। ਕਸ਼ਮੀਰੀ, ਡੋਗਰੇ, ਨਾਗਾਈ, ਮਨੀਪੁਰੀਏ, ਪਸ਼ਤੂਨੀ ਅਤੇ ਹੋਰ ਕਈ ਮਨੁੱਖੀ ਨਸਲਾਂ ਅਪਣੀ ਵਖਰੀ ਧਰਤੀ ਤੇ ਪਛਾਣ ਲਈ ਸੰਘਰਸ਼ ਕਰਦੀਆਂ ਅਤੇ ਮਰਦੀਆਂ ਆ ਰਹੀਆਂ ਹਨ। ਇਹੀ ਹਾਲਾਤ ਫ਼ਲਸਤੀਨੀਆਂ ਦੇ ਹਨ। ਫ਼ਲਸਤੀਨੀਆਂ ਤੋਂ ਉਨ੍ਹਾਂ ਦੀ ਜ਼ਮੀਨ ਹੌਲੀ-ਹੌਲੀ ਕਰਕੇ ਇਜ਼ਰਾਇਲ ਨੇ ਖੋਹ ਲਈ। ਇਸਲਾਮ ਵਿਚ ਤੀਜਾ ਸਭ ਤੋਂ ਵੱਡਾ ਪਵਿੱਤਰ ਸਥਾਨ ਮੰਨੀ ਜਾਣ ਵਾਲੀ ਅਲ-ਅਕਸਾ ਮਸਜਿਦ ਦੇ ਇਰਦ-ਗਿਰਦ ਇਜ਼ਰਾਈਲੀ ਫ਼ੌਜਾਂ ਤਾਇਨਾਤ ਹੋ ਗਈਆਂ। ਅਲ-ਅਕਸਾ ਮਸਜਿਦ ਵਿਚ ਜਾ ਕੇ ਇਬਾਦਤ ਕਰਨ ਵਾਲੇ ਲੋਕਾਂ ਨਾਲ ਦੁਰ-ਵਿਵਹਾਰ ਕੀਤਾ ਜਾਣ ਲੱਗਾ। ਫ਼ਲਸਤੀਨੀਆਂ ਦੇ ਖੇਤਰ ਗਾਜ਼ਾ ਪੱਟੀ ਵਿਚ ਇਜ਼ਰਾਈਲੀ ਫ਼ੌਜ ਨੇ ਘੁਸਪੈਠ ਕਰ ਲਈ ਅਤੇ ਚੱਪੇ-ਚੱਪੇ ਉਤੇ ਇਜ਼ਰਾਈਲੀ ਫ਼ੌਜ ਦਾ ਪੱਕਾ ਕਿਆਮ ਹੋ ਗਿਆ। ਇਕ ਪਰਵਾਰ ਉਤੇ ਇਕ ਫ਼ੌਜੀ ਹਥਿਆਰ ਲੈ ਕੇ ਤਾਇਨਾਤ ਹੋ ਗਿਆ। ਜ਼ੁਲਮ ਦੀਆਂ ਜਿੰਨੀਆਂ ਕਹਾਣੀਆਂ ਫ਼ਲਸਤੀਨੀਆਂ ਬਾਰੇ ਸੁਣੀਆਂ ਅਤੇ ਸੁਣਾਈਆਂ ਗਈਆਂ, ਉਨੀਆਂ ਵਿਸ਼ਵ ਦੀ ਹੋਰ ਕੋਈ ਮਖ਼ਲੂਕ ਬਾਰੇ ਨਹੀਂ ਬਣਾਈਆਂ ਗਈਆਂ। ਫ਼ਲਸਤੀਨੀਆਂ ਦੀ ਲੜਾਈ ਵਿਅਕਤੀਗਤ ਆਜ਼ਾਦੀ, ਸੁਤੰਤਰ ਦੇਸ਼, ਅਪਣੇ ਨਿਜ਼ਾਮ ਅਤੇ ਮਸਜਿਦ ਅਲ-ਅਕਸਾ ਉਤੇ ਅਪਣੇ ਕੰਟਰੋਲ ਦੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰਦੁਆਰਾ ਸਾਹਿਬਾਨ ਦਾ ਕੰਟਰੋਲ ਗ਼ੈਰ-ਸਿੱਖਾਂ ਕੋਲ ਹੋਵੇ? ਇਹ ਕਿਵੇਂ ਹੋ ਸਕਦਾ ਹੈ ਕਿ ਮੰਦਿਰਾਂ ਦਾ ਪ੍ਰਬੰਧ ਗ਼ੈਰ-ਹਿੰਦੂ ਲੋਕਾਂ ਹਵਾਲੇ ਕਰ ਦਿਤਾ ਜਾਵੇ? ਇਸੇ ਤਰ੍ਹਾਂ ਇਹ ਵੀ ਨਹੀਂ ਹੋ ਸਕਦਾ ਕਿ ਮਸਜਿਦਾਂ ਦਾ ਪ੍ਰਬੰਧ ਗ਼ੈਰ-ਮੁਸਲਿਮ ਲੋਕਾਂ ਕੋਲ ਹੋਵੇ, ਪਰ ਇਜ਼ਰਾਈਲ ਇਹੀ ਕਰ ਰਿਹਾ ਸੀ। ਤਾਜ਼ਾ ਲੜਾਈ ਵਿਚ ਵੀ ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਸਥਿਤ ਮਸਜਿਦਾਂ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਹੈ। ਉਹ ਲੋਕ ਜਿਨ੍ਹਾਂ ਨੇ ਸੱਭ ਤੋਂ ਵੱਧ ਬੱਚੇ ਕਤਲ ਕਰਵਾਏ ਹੋਣ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਔਰਤਾਂ ਕਤਲ ਕਰਵਾਈਆਂ ਹੋਣ, ਜਿਨ੍ਹਾਂ ਦੀ ਭੂਮੀ ਉਤੇ ਕਬਜ਼ਾ ਕਰ ਲਿਆ ਗਿਆ ਹੋਵੇ, ਜਿਨਾਂ ਤੋਂ ਆਜ਼ਾਦੀ ਅਤੇ ਪੜ੍ਹਾਈ ਦਾ ਅਧਿਕਾਰ ਖੋਹ ਲਿਆ ਗਿਆ ਹੋਵੇ, ਜਿਨ੍ਹਾਂ ਨੂੰ ਇਕ ਖੁੱਲ੍ਹੀ ਜੇਲ ਵਿਚ ਰੱਖਿਆ ਗਿਆ ਹੋਵੇ, ਉਹ ਲੋਕ ਅੱਤਵਾਦੀ ਕਿਵੇਂ ਹੋ ਸਕਦੇ ਹਨ? ਉਨ੍ਹਾਂ ਦਾ ਕਸੂਰ ਸਿਰਫ਼ ਇਹੀ ਹੈ ਕਿ ਉਨ੍ਹਾਂ ਨੇ ਵਿਧੀਵੱਤ ਜ਼ੁਲਮ ਕਰਨ ਵਾਲਿਆਂ ਖਿ਼ਲਾਫ਼ ਬਗ਼ਾਵਤ ਕਰ ਦਿਤੀ ਹੈ। ਇਸ ਬਗ਼ਾਵਤ ਨੂੰ ਅੱਤਵਾਦ ਕਿਵੇਂ ਆਖਿਆ ਜਾ ਸਕਦੈ? ਇਹ ਤਾਂ ਹੱਕ-ਸੱਚ ਦੀ ਲੜਾਈ ਹੈ ਜਿਸ ਨੂੰ ਵਿਸ਼ਵ ਦਾ ਹਰ ਮਨੁੱਖ ਪਵਿੱਤਰ ਸਮਝ ਕੇ ਲੜਦਾ ਆਇਆ ਹੈ। ਜਦ ਕੋਈ ਪਛਮੀ ਦੇਸ਼ ਦੇ ਨਾਗਰਿਕ ਅਜਿਹੀ ਬਗ਼ਾਵਤ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਸ਼-ਭਗਤ, ਕੌਮ-ਪ੍ਰਸਤ ਅਤੇ ਹੱਕ-ਸੱਚ ਦੀ ਲੜਾਈ ਲੜਨ ਵਾਲੇ ਆਖਿਆ ਜਾਂਦਾ ਹੈ ਪਰ ਜੇ ਇਹੀ ਲੜਾਈ ਕੋਈ ਮੱਧ-ਪੂਰਵ ਜਾਂ ਏਸ਼ੀਆਈ ਦੇਸ਼ ਦੇ ਨਾਗਰਿਕ ਲੜਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀਆਂ ਵਾਲੇ ਖਾਨੇ ਵਿਚ ਰੱਖ ਦਿਤਾ ਜਾਂਦਾ ਹੈ। ਮੁਸਲਮਾਨਾਂ ਅਤੇ ਸਿੱਖਾਂ ਨੂੰ ਅਕਸਰ ਇਸ ਖਾਨੇ ਵਿਚ ਰੱਖ ਦਿਤਾ ਜਾਂਦਾ ਹੈ। ਬਗ਼ਾਵਤ ਨੂੰ ਅਦਾਵਤ ਨਹੀਂ ਕਿਹਾ ਜਾ ਸਕਦਾ ਬਲਕਿ ਅਜਿਹੇ ਲੋਕਾਂ ਦੀ ਜ਼ਹਿਨੀਅਤ ਨੂੰ ਸਮਝਣ ਅਤੇ ਤਕਲੀਫ਼ਾਂ ਨੂੰ ਸੁਣ ਕੇ ਹੱਲ ਕਰਨ ਦੀ ਲੋੜ ਹੁੰਦੀ ਹੈ। ਪਛਮੀ ਦੇਸ਼ ਪ੍ਰਚਾਰ ਕਰ ਰਹੇ ਹਨ ਕਿ ਹਮਾਸ ਇਜ਼ਰਾਈਲੀ ਬੱਚਿਆਂ ਅਤੇ ਔਰਤਾਂ ਨੂੰ ਕਤਲ ਕਰ ਰਿਹਾ ਹੈ ਜੋ ਕਿ ਬਿਲਕੁਲ ਝੂਠ ਹੈ। ਹਾਲਾਂਕਿ ਇਸ ਦੇ ਉਲਟ ਇਜ਼ਰਾਈਲ ਗੁੱਸੇ ਵਿਚ ਆ ਕੇ ਗਾਜ਼ਾ ਪੱਟੀ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜ਼ਿਆਦਾ ਔਰਤਾਂ ਅਤੇ ਬੱਚੇ ਫ਼ਲਸਤੀਨ ਦੇ ਮਰੇ ਹਨ। ਪਛਮੀ ਦੇਸ਼ਾਂ ਦੀ ਸ਼ੁਰੂ ਤੋਂ ਹੀ ਇਹੀ ਨੀਤੀ ਰਹੀ ਹੈ। ਜਿਹੜੇ ਲੋਕਾਂ ਨੂੰ ਖ਼ਤਮ ਕਰਨਾ ਹੁੰਦਾ ਹੈ ਜਾਂ ਜਿਨ੍ਹਾਂ ਦੇ ਕੁਦਰਤੀ ਵਸੀਲੇ ਲੁੱਟਣੇ ਹੁੰਦੇ ਹਨ, ਉਨ੍ਹਾਂ ਨੂੰ ਝੂਠਾ ਪ੍ਰਚਾਰ ਰਾਹੀਂ ਅੱਤਵਾਦੀ ਸਾਬਤ ਕਰ ਦਿਤਾ ਜਾਂਦਾ ਹੈ। ਕਦੇ ਲਾਦੇਨ ਪੈਦਾ ਕਰ ਲਿਆ ਜਾਂਦਾ ਹੈ ਅਤੇ ਕਦੇ ਅਲ-ਜਵਾਹਰੀ ਨੂੰ ਖ਼ਤਰਨਾਕ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਪਹਿਲੀ ਬਾਰ ਹੈ ਕਿ ਪਛਮੀ ਦੇਸ਼ਾਂ ਦੀ ਬੋਲੀ ਭਾਰਤ ਦੀ ਮੋਦੀ ਸਰਕਾਰ ਵੀ ਬੋਲ ਰਹੀ ਹੈ। ਪ੍ਰੋ-ਮੋਦੀ ਮੀਡੀਆ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਛੱਡੀਆਂ ਹਨ। ਇਹ ਮੀਡੀਆ ਇਜ਼ਰਾਈਲ ਦੇ ਪੱਖ ਵਿਚ ਡਟ ਗਿਆ ਹੈ ਅਤੇ ਹਮਾਸ ਦੀ ਧੁੱਕੀ ਕੱਢ ਰਿਹਾ ਹੈ। ਅਪਣੇ ਸਟੂਡੀਉਜ਼ ਵਿਚ ਬੈਠੇ ਵਿਕਾਊ ਐਂਕਰ ਅਪਣੀ ਜ਼ਹਾਲਤ ਅਤੇ ਕਮ-ਅਕਲੀ ਦੀ ਅਰਥੀ ਕੱਢ ਰਹੇ ਹਨ। ਪੂਰੀ ਦੁਨੀਆਂ ਨੂੰ ਸਪੱਸ਼ਟ ਰੂਪ ਵਿਚ ਸੰਦੇਸ਼ ਦੇ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਇਜ਼ਰਾਈਲ ਦੇ ਹਰ ਕੰਮ ਦਾ ਪੱਕਾ ਸਮਰਥਕ ਹੈ। ਭਾਰਤੀ ਲੋਕਾਂ ਜਾਂ ਭਾਰਤ ਸਰਕਾਰ ਦਾ ਪਹਿਲਾਂ ਕਦੇ ਏਨਾ ਸਪੱਸ਼ਟ ਸਟੈਂਡ ਵੇਖਣ ਨੂੰ ਨਹੀਂ ਮਿਲਿਆ। ਇਹ ਸਪੱਸ਼ਟ ਸਟੈਂਡ ਸਿਰਫ਼ ਮੀਡੀਆ ਜਾਂ ਕੁੱਝ ਲੋਕਾਂ ਅੰਦਰ ਹੀ ਹੈ ਜਦਕਿ ਇਸੇ ਦੇਸ਼ ਅੰਦਰ ਫ਼ਲਸਤੀਨੀ ਲੋਕਾਂ ਦੇ ਹੱਕ ਵਿਚ ਪ੍ਰਦਰਸ਼ਨ ਵੀ ਹੋ ਰਹੇ ਹਨ ਜਦਕਿ ਇਹ ਸਮਾਂ ਇਕ-ਪਾਸੇ ਖਲੋਣ ਦਾ ਨਹੀਂ ਬਲਕਿ ਦੋਹਾਂ ਦੇਸ਼ਾਂ ਵਿਚ ਮਾਰੇ ਜਾ ਰਹੇ ਬੇਕਸੂਰ ਲੋਕਾਂ ਨੂੰ ਬਚਾਉਣ ਦਾ ਹੈ। ਜੋ ਇਸ ਵੇਲੇ ਹੋ ਰਿਹਾ ਹੈ, ਉਸ ਦਾ ਸ਼ਿਕਾਰ ਆਮ ਅਤੇ ਨਿਹੱਥੇ ਲੋਕ ਬਣ ਰਹੇ ਹਨ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਬੇਸ਼ਰਮ ਸਿਆਸਤ : ਕਾਂਗਰਸ ਵਾਲੇ ਅਪਣਾ ਕੁਟਾਪਾ ਕਰਵਾ ਕੇ ਆਖ਼ਰ ਸਾਬਤ ਕੀ ਕਰਨਾ ਚਾਹੁੰਦੇ ਹਨ?  ਸ਼ਾਹਰੁਖ਼ ਖ਼ਾਨ ਦੀ ਪਠਾਨ ਫ਼ਿਲਮ ਵਿਚ ਇਕ ਗੀਤ ਜਿਸ ਦਾ...
10/10/2023

ਬੇਸ਼ਰਮ ਸਿਆਸਤ : ਕਾਂਗਰਸ ਵਾਲੇ ਅਪਣਾ ਕੁਟਾਪਾ ਕਰਵਾ ਕੇ ਆਖ਼ਰ ਸਾਬਤ ਕੀ ਕਰਨਾ ਚਾਹੁੰਦੇ ਹਨ?

ਸ਼ਾਹਰੁਖ਼ ਖ਼ਾਨ ਦੀ ਪਠਾਨ ਫ਼ਿਲਮ ਵਿਚ ਇਕ ਗੀਤ ਜਿਸ ਦਾ ਸਿਰਲੇਖ ਬੇਸ਼ਰਮ ਰੰਗ ਸੀ, ਨੂੰ ਸੁਣ ਕੇ ਸਾਡੇ ਦੇਸ਼ ਦੇ ਬਹੁਤ ਸਾਰੇ ਲੋਕਾਂ ਦੀਆਂ ਧਾਰਮਕ ਭਾਵਨਾਮਾਂ ਨੂੰ ਸੱਟ ਲੱਗ ਗਈ ਸੀ। ਅਸੀਂ ਧਾਰਮਕ ਤੌਰ ਤੇ ਇਸ ਹੱਦ ਤਕ ਕੋਮਲ ਹਾਂ ਕਿ ਰੰਗਾਂ, ਜਾਨਵਰਾਂ, ਪਸ਼ੂਆਂ ਅਤੇ ਦਿਸ਼ਾਵਾਂ ਕਾਰਨ ਵੀ ਅਸੀਂ ਇੱਟ ਨਾਲ ਇੱਟ ਖੜਕਾ ਦਿੰਦੇ ਹਾਂ। ਪਰ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਜਿਹੜਾ ਸਾਡੇ ਨਾਲ ਵਿਸ਼ਵਾਸਘਾਤ ਕਰਦੀਆਂ ਹਨ, ਉਸ ਬਾਰੇ ਅਸੀਂ ਕਦੇ ਵੀ ਚਿੰਤਿਤ ਨਹੀਂ ਹੋਏ। ਕੱਲ ਚੰਡੀਗੜ੍ਹ ਵਿਚ ਕਾਂਗਰਸੀ ਅਤੇ ਉਸ ਦੇ ਪ੍ਰਧਾਨ ਨਾਲ ਜੋ ਵਾਪਰਿਆ, ਉਹ ਮਜ਼ਾਹੀਆ ਸੋਹਜਵਾਦ ਦੀ ਟੀਸੀ ਸੀ। ਉਸ ਦੇ ਮੂੰਹ ਵਿਚੋਂ ਨਿਕਲੇ ਲਫ਼ਜ਼-ਇਕ ਬੂੰਦ ਪਾਣੀ ਨਹੀਂ ਦੇਵਾਂਗੇ-ਸੁਣ ਕੇ ਇੰਝ ਜਾਪ ਰਿਹਾ ਸੀ ਜਿਵੇਂ ਉਹ ਪੰਜਾਬੀਆਂ ਨੂੰ ਉੱਲੂ ਬਣਾ ਰਹੇ ਹੋਣ। ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਵਰਕਰ ਸੂਬੇ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਖਿ਼ਲਾਫ਼ ਵਿਰੋਧ ਪ੍ਦਰਸ਼ਨ ਕਰ ਰਹੇ ਸਨ। ਉਨ੍ਹਾਂ ਉਤੇ ਜਲ-ਤੋਪਾਂ ਛੱਡੀਆਂ ਗਈਆਂ। ਦਸਤਾਰਾਂ ਰੋਲ ਦਿਤੀਆਂ, ਖ਼ੂਬ ਕੁਟਾਪਾ ਹੋਇਆ। ਪੰਜਾਬ ਵਿਚ ਇਹ ਪਾਰਟੀਆਂ ਇਕ-ਦੂਜੇ ਦੇ ਖ਼ੂਨ ਦੀਆਂ ਪਿਆਸੀਆਂ ਹਨ ਪਰ ਪੰਜਾਬ ਤੋਂ ਨਿਕਲਿਆਂ ਹੀ ਇਕ-ਦੂਜੇ ਦੀਆਂ ਪੂਰਕ ਬਣ ਜਾਂਦੀਆਂ ਹਨ। ਬੇਗ਼ੈਰਤ ਸਿਆਸਤ ਦਾ ਇਹ ਉਤਮ ਨਮੂਨਾ ਹੈ। 2024 ਵਿਚ ਦੋਵੇਂ ਪਾਰਟੀਆਂ ਫ਼ਿਫ਼ਟੀ-ਫ਼ਿਫ਼ਟੀ ਦੀਆਂ ਹਿੱਸੇਦਾਰ ਬਣ ਕੇ ਚੰਡੀਗੜ੍ਹ ਅਤੇ ਪੰਜਾਬ ਦੀਆਂ 7-7 ਸੀਟਾਂ ਉਤੇ ਮਿਲ ਕੇ ਚੋਣ ਲੜਨ ਦੀ ਯੋਜਨਾ ਬਣਾ ਰਹੀਆਂ ਹਨ ਪਰ ਪਾਣੀਆਂ ਦੇ ਮਸਲੇ ਉਤੇ ਇਕ-ਦੂਜੇ ਦਾ ਕੁੱਟ-ਕੁਟਾਪਾ ਕਰਕੇ ਪੰਜਾਬੀਆਂ ਦੇ ਤਰਕ ਦੀ ਪ੍ਰੀਖਿਆ ਲੈ ਰਹੀਆਂ ਹਨ। ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਿੱਧਾ ਹੀ ਭਗਵੰਤ ਮਾਨ ਨਾਲ ਗੱਲ ਕਿਉਂ ਨਹੀਂ ਕਰ ਲੈਂਦੇ? ਅਤੇ ਵਿਧਾਨ ਸਭਾ ਵਿਚ ਪਾਣੀਆਂ ਵਿਰੁਧ ਮਤਾ ਪੁਆ ਲੈਂਦੇ? ਅਜਿਹੀਆਂ ਰਾਜਨੀਤਕ ਪਾਰਟੀਆਂ ਅਤੇ ਅਜਿਹੇ ਦੋਹਰੇ ਚਿਹਰਿਆਂ ਵਾਲੇ ਨੇਤਾਵਾਂ ਨੂੰ ਜੇ ਲੋਕ ਮੂੰਹ ਲਾਉਣਾ ਬੰਦ ਕਰ ਦੇਣ ਤਾਂ ਇਹ ਨਿਸ਼ਚਿਤ ਤੌਰ ਤੇ ਕੋਈ ਚੰਗਾ ਕੰਮ ਕਰਨ ਦੇ ਯੋਗ ਹੋ ਜਾਣਗੇ। ਰਾਹੁਲ ਗਾਂਧੀ ਅਤੇ ਕੇਜਰੀਵਾਲ ਵੀ ਇਸ ਲੜਾਈ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਵੱਡੇ ਨੇਤਾ ਯਾਰੀ ਲਾਈ ਫਿਰਦੇ ਹਨ, ਛੋਟੇ ਨੇਤਾ ਇਕ-ਦੂਜੇ ਦੀਆਂ ਟੰਗਾਂ ਤੋੜ ਰਹੇ ਹਨ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

10/10/2023

ਮੋਦੀ ਸਾਹਿਬ ਅਤੇ ਨੇਤਨਯਾਹੂ ਦੀ ਮਾਨਸਿਕਤਾ ਇਕੋ-ਜਿਹੀ ਹੋਣ ਕਾਰਨ ਵਾਜਪਾਈ ਦੇ ਵਚਨਾਂ ਨੂੰ ਰੋਲ ਦਿਤਾ ਗਿਆ

ਫ਼ਲਸਤੀਨ ਅਤੇ ਇਜ਼ਰਾਈਲ ਦਾ ਇਤਿਹਾਸ ਸਮਝੇ ਬਿਨਾਂ ਹੀ ਗੋਦੀ ਮੀਡੀਆ ਇਕ ਅਜਿਹੇ ਦੇਸ਼ ਦੇ ਪੱਖ ਵਿਚ ਖਲੋ ਗਿਆ ਹੈ ਜਿਸ ਨੂੰ ਹਾਲੇ ਤਕ ਅੱਧੀ ਦੁਨੀਆਂ ਅੱਤਵਾਦੀ ਦੇਸ਼ ਮੰਨਦੀ ਆ ਰਹੀ ਹੈ। ਬੀਜੇਪੀ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਇਜ਼ਰਾਈਲ ਨੂੰ ਸਪੱਸ਼ਟ ਸੁਨੇਹਾ ਫ਼ਲਸਤੀਨੀ ਜ਼ਮੀਨ ਖ਼ਾਲੀ ਕਰਨ ਦਾ ਰਿਹਾ ਸੀ। ਨਵੇਂ ਬੀਜੇਪੀ, ਨਵੇਂ ਮੀਡੀਆ ਅਤੇ ਨਵੀਂ ਕਿਸਮ ਦੇ ਭਗਤਾਂ ਨੇ ਬਿਨਾਂ ਕੁੱਝ ਸੋਚੇ ਸਮਝੇ ਸਾਰਾ ਕੁੱਝ ਹੀ ਬਦਲ ਦਿਤਾ ਅਤੇ ਇਜ਼ਰਾਈਲ ਦੇ ਹੱਕ ਵਿਚ ਖੜੇ ਹੋ ਗਏ। ਹਕੀਕੀ ਰੂਪ ਵਿਚ ਇਜ਼ਰਾਈਲੀ ਨੇਤਾ ਨੇਤਨਯਾਹੂ ਅਤੇ ਮੋਦੀ ਸਾਹਿਬ ਦੀ ਮਾਨਸਿਕਤਾ ਇਕ ਹੀ ਹੈ। ਜਿਸ ਤਰ੍ਹਾਂ ਬੀਜੇਪੀ ਦੀ ਹਕੂਮਤ, ਆਰ.ਐਸ.ਐਸ. ਅਤੇ ਅਜਿਹੀਆਂ ਹੀ ਹੋਰ ਮੋਦੀ ਸਮਰਥਕ ਜਥੇਬੰਦੀਆਂ ਅਖੰਡ ਭਾਰਤ ਦਾ ਨਾਹਰੇ ਦੇ ਕੇ ਭਿੰਨਤਾਵਾਂ ਨੂੰ ਸਮਾਪਤ ਕਰਕੇ ਇਕ-ਰੂਪਤਾ ਕਾਇਮ ਕਰਨਾ ਚਾਹੁੰਦੀਆਂ ਹਨ, ਉਸੇ ਤਰ੍ਹਾਂ ਇਜ਼ਰਾਈਲ ਵੀ ਫ਼ਲਸਤੀਨੀ ਧਰਤੀ ਨੂੰ ਅਪਣੇ ਕਬਜ਼ੇ ਵਿਚ ਲੈਣਾ ਚਾਹੁੰਦਾ ਹੈ। ਪਿਛਲੇ 70-75 ਸਾਲ ਵਿਚ ਇਜ਼ਰਾਈਲ, ਫ਼ਲਸਤੀਨ ਦੇ ਅਧਿਕਾਰ ਖੇਤਰ ਵਾਲੇ ਇਲਾਕਿਆਂ ਨੂੰ ਨਿਗ਼ਲ ਗਿਆ। ਇਜ਼ਰਾਈਲ, ਫ਼ਲਸਤੀਨ ਵਿਚ ਬਿਲਕੁਲ ਉਹੀ ਕੁੱਝ ਕਰਦਾ ਆ ਰਿਹਾ ਸੀ ਜਿਹੜਾ ਕੁੱਝ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਪੰਜਾਬ ਵਿਚ ਸਿੱਖਾਂ ਨਾਲ ਕੀਤਾ ਸੀ ਅਤੇ ਅੱਜ ਕੱਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁਸਲਮਾਨਾਂ ਨਾਲ ਕਰਦੀ ਆ ਰਹੀ ਹੈ। ਫ਼ਲਸਤੀਨੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਇਜ਼ਰਾਈਲ ਦੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਹਥਿਆਰਬੰਦ ਇਜ਼ਰਾਈਲੀ ਫ਼ੌਜ ਫ਼ਲਸਤੀਨੀ ਇਲਾਕਿਆਂ ਵਿਚ ਹਰ ਫ਼ਲਸਤੀਨੀ ਨੂੰ ਨਿਗਰਾਨੀ ਅਧੀਨ ਰੱਖਦੀ ਆ ਰਹੀ ਹੈ। ਫ਼ਲਸਤੀਨੀ, ਇਜ਼ਰਾਈਲ ਸਾਹਮਣੇ ਬਹੁਤ ਕਮਜ਼ੋਰ ਮੁਲਕ ਹੈ ਪਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਹਰ ਮਨੁੱਖ ਤੋੜ ਦੇਣਾ ਚਾਹੁੰਦਾ ਹੈ। ਫ਼ਲਸਤੀਨੀ ਵੀ ਇਹੀ ਕਰ ਰਹੇ ਹਨ। ਪ੍ਰੋ. ਅਪੂਰਵਾ ਨੰਦ ਦੀ ਇਕ-ਇਕ ਗੱਲ ਵਜ਼ਨ ਰੱਖਦੀ ਹੈ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

10/10/2023

ਨਹਿਰੂ ਨੂੰ ਮੁਸਲਿਮ ਅਤੇ ਸਾਵਰਕਰ ਨੂੰ ਦੁੱਧ-ਧੋਤਾ ਸਾਬਤ ਕਰਨ ਦੀ ਜੰਗ ਛੇੜੀ ਬੈਠੇ ਲੋਕਾਂ ਨੂੰ ਅਸ਼ੋਕ ਕੁਮਾਰ ਪਾਂਡੇ ਦਾ ਭਾਸ਼ਨ ਜ਼ਰੂਰ ਸੁਣ ਲੈਣਾ ਚਾਹੀਦਾ ਹੈ!!!
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਚੀਚੀ ਜਿੰਨੇ ਇਜ਼ਰਾਈਲ ਨੇ ਫ਼ਲਸਤੀਨ ਦੇ ਨੱਕ ਵਿਚ ਦਮ ਕਰੀ ਰੱਖਿਆ ਸੀਹੁਣ ਇਜ਼ਰਾਈਲ ਦੀਆਂ ਚੀਕਾਂ ਪੂਰਾ ਵਿਸ਼ਵ ਸੁਣ ਰਿਹਾ ਹੈਇਜ਼ਰਾਈਲ ਅਤੇ ਫ਼ਲਸਤੀਨ ਦਰਮਿਆ...
09/10/2023

ਚੀਚੀ ਜਿੰਨੇ ਇਜ਼ਰਾਈਲ ਨੇ ਫ਼ਲਸਤੀਨ ਦੇ ਨੱਕ ਵਿਚ ਦਮ ਕਰੀ ਰੱਖਿਆ ਸੀ
ਹੁਣ ਇਜ਼ਰਾਈਲ ਦੀਆਂ ਚੀਕਾਂ ਪੂਰਾ ਵਿਸ਼ਵ ਸੁਣ ਰਿਹਾ ਹੈ

ਇਜ਼ਰਾਈਲ ਅਤੇ ਫ਼ਲਸਤੀਨ ਦਰਮਿਆਨ ਝਗੜਾ ਦਹਾਕਿਆਂ ਪੁਰਾਣਾ ਹੈ। 1948 ਤੋਂ ਪਹਿਲਾਂ ਜਦ ਯਹੂਦੀਆਂ ਕੋਲ ਕੋਈ ਦੇਸ਼ ਨਹੀਂ ਸੀ, ਉਸ ਸਮੇਂ ਬ੍ਰਿਟਿਸ਼ ਹਕੂਮਤ ਨੇ ਅਪਣੀ ਬਸਤੀ ਫ਼ਲਸਤੀਨ ਵਿਚੋਂ ਯਹੂਦੀਆਂ ਨੂੰ ਇਕ ਖਿ਼ੱਤਾ ਦੇਸ਼ ਦੇ ਰੂਪ ਵਿਚ ਦਿਤਾ ਜਿਥੇ ਦੁਨੀਆਂ ਭਰ ਤੋਂ ਯਹੂਦੀ ਜਾ ਕੇ ਵਸ ਗਏ। ਜਰਮਨੀ ਵਿਚ ਕਤਲੇਆਮ ਦਾ ਸਾਹਮਣਾ ਕਰ ਚੁੱਕੇ ਯਹੂਦੀਆਂ ਨੇ ਬਹੁਤ ਮਿਹਨਤ ਕੀਤੀ ਅਤੇ ਇਜ਼ਰਾਈਲ ਨੂੰ ਮਜ਼ਬੂਤ ਦੇਸ਼ ਬਣਾਉਣ ਵਿਚ ਕੋਈ ਕਸਰ ਨਾ ਛੱਡੀ ਪਰ ਇਜ਼ਰਾਈਲ ਦਾ ਰਵਈਆ ਆਸੇ-ਪਾਸੇ ਵਸੇ ਇਸਲਾਮਿਕ ਦੇਸ਼ਾਂ ਲਈ ਬਹੁਤ ਜ਼ਿਆਦਾ ਉਗਰ ਰਿਹਾ। ਇਜ਼ਰਾਈਲ ਨੇ ਫ਼ਲਸਤੀਨ ਨੂੰ ਸਭ ਤੋਂ ਜ਼ਿਆਦਾ ਸ਼ਿਕਾਰ ਬਣਾਇਆ। ਅਮਰੀਕਾ ਦਾ ਸਮਰਥਨ ਪ੍ਰਾਪਤ ਇਜ਼ਰਾਈਲ ਨੇ ਹੌਲੀ-ਹੌਲੀ ਫ਼ਲਸਤੀਨੀ ਜ਼ਮੀਨ ਉਤੇ ਹੀ ਕਬਜ਼ਾ ਕਰਨਾ ਆਰੰਭ ਕਰ ਦਿਤਾ। ਇਸ ਸਮੇਂ ਫ਼ਲਸਤੀਨ ਬਹੁਤ ਛੋਟਾ ਮੁਲਕ ਬਣ ਕੇ ਰਹਿ ਗਿਆ ਹੈ। ਇਜ਼ਰਾਈਲ ਦੀ ਫ਼ੌਜ ਹਮੇਸ਼ਾ ਫ਼ਲਸਤੀਨੀਆਂ ਉਤੇ ਜਬਰ-ਜ਼ੁਲਮ ਕਰਦੀ ਆ ਰਹੀ ਹੈ। ਪੂਰੀ ਦੁਨੀਆਂ ਜਾਣਦੀ ਹੈ ਕਿ ਇਜ਼ਰਾਇਲ ਨੇ ਕਿੰਝ ਫ਼ਲਸਤੀਨੀ ਨਾਗਰਿਕਾਂ ਦੀ ਜਿਊਣਾ ਹਰਾਮ ਕੀਤਾ ਹੋਇਆ ਸੀ। ਫ਼ਲਸਤੀਨ ਦੇ ਕਈ ਇਲਾਕਿਆਂ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਵੱਡੀਆਂ-ਵੱਡੀਆਂ ਹਿਮਾਰਤਾਂ ਤਕ ਤਬਾਹ ਕਰ ਦਿਤੀਆਂ ਗਈਆਂ। ਫ਼ਲਸਤੀਨੀਆਂ ਦੀ ਨਵੀਂ ਨਸਲ ਖ਼ਤਮ ਕਰਨ ਦੀਆਂ ਸਾਜ਼ਸ਼ਾਂ ਰਚਨ ਦੇ ਦੋਸ਼ ਇਜ਼ਰਾਈਲ ਉਤੇ ਲਗਦੇ ਰਹੇ ਹਨ। ਪਿਛਲੇ ਸਾਲ ਇਜ਼ਰਾਈਲ ਨੇ ਫ਼ਲਸਤੀਨ ਦੀ ਰਾਜਧਾਨੀ ਯੇਰੂਸ਼ੇਲਮ ਨੂੰ ਅਪਣੀ ਰਾਜਧਾਨੀ ਤਕ ਐਲਾਨ ਕਰ ਦਿਤਾ ਸੀ। ਫ਼ਲਸਤੀਨ ਇਕ ਅਜਿਹਾ ਮੁਲਕ ਮੰਨਿਆ ਜਾਂਦਾ ਰਿਹਾ ਹੈ ਜਿਥੇ ਕੌਮਾਤਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਭ ਤੋਂ ਜ਼ਿਆਦਾ ਹੁੰਦੀ ਰਹੀ ਹੈ। ਇਸ ਦਾ ਕਾਰਨ ਸਿਰਫ਼ ਔਰ ਸਿਰਫ਼ ਇਜ਼ਰਾਈਲ ਰਿਹਾ ਹੈ। ਭਾਰਤ ਹਮੇਸ਼ਾ ਫ਼ਲਸਤੀਨ ਦੇ ਹੱਕ ਵਿਚ ਖੜਾ ਰਿਹਾ ਹੈ। ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਜਦ ਹੁਣ ਹਮਾਸ ਨਾਮ ਦੇ ਸੰਗਠਨ ਨੇ ਇਜ਼ਰਾਈਲ ਉਤੇ ਹਮਲੇ ਕੀਤੇ ਹਨ ਅਤੇ ਇਜ਼ਰਾਈਲ ਦੇ ਕਈ ਇਲਾਕਿਆਂ ਉਤੇ ਕਬਜ਼ਾ ਕਰ ਲਿਆ ਹੈ ਤਾਂ ਇਜ਼ਰਾਈਲ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਅਤੇ ਫ਼ਰਾਂਸ ਦੀਆਂ ਵੀ ਚੀਕਾਂ ਨਿਕਲ ਗਈਆਂ ਹਨ। ਸਾਡੇ ਮੋਦੀ ਸਾਹਿਬ ਵੀ ਪਾਸਾ ਬਦਲ ਗਏ ਹਨ। ਭਾਰਤ, ਮੋਦੀ ਸਰਕਾਰ ਤੋਂ ਪਹਿਲਾਂ ਤਕ ਹਮੇਸ਼ਾ ਫ਼ਲਸਤੀਨ ਦੇ ਪੀੜਤ ਲੋਕਾਂ ਨਾਲ ਖੜਦਾ ਰਿਹਾ ਹੈ। ਹੁਣ ਮੋਦੀ ਸਾਹਿਬ ਨੇ ਹਮਾਸ ਦੇ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਜ਼ਰਾਈਲ ਲਈ ਮੁਸ਼ਕਿਲ ਵਕਤ ਹੈ ਅਤੇ ਅਸੀਂ ਉਸ ਦੇ ਨਾਲ ਖੜੇ ਹਾਂ। ਮੋਦੀ ਸਾਹਿਬ ਇਹ ਵੀ ਦੱਸ ਦੇਣ ਕਿ ਫ਼ਲਸਤੀਨ ਵਿਚ ਨਸਲਕੁਸ਼ੀ ਜਿਸ ਨੂੰ ਇਜ਼ਰਾਈਲੀ ਫ਼ੌਜ ਅੰਜਾਮ ਦਿੰਦੀ ਰਹੀ ਹੈ, ਉਹ ਅੱਤਵਾਦੀ ਹਮਲਾ ਸੀ ਜਾਂ ਫਿਰ ਇਜ਼ਰਾਈਲੀਆਂ ਦੀ ਪਾਕ-ਪਵਿੱਤਰ ਧਾਰਮਕ ਜੰਗ ਸੀ? ਅਸਲ ਵਿਚ ਮੋਦੀ ਹਕੂਮਤ ਨੇ ਘੱਟ-ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨਾਂ ਨੂੰ ਦਬਾਉਣ ਦੀ ਉਹੀ ਨੀਤੀ ਅਪਣੇ ਰਾਜ ਵਿਚ ਲਾਗੂ ਕੀਤੀ ਹੋਈ ਹੈ ਜਿਹੜੀ ਇਜ਼ਰਾਈਲ, ਫ਼ਲਸਤੀਨ ਵਿਰੁਧ ਵਰਤਦਾ ਰਿਹਾ ਹੈ। ਜੰਮੂ-ਕਸ਼ਮੀਰ, ਅਸਾਮ ਅਤੇ ਉੱਤਰ ਪ੍ਰਦੇਸ਼ ਬੈਨਜ਼ਾਮਿਨ ਨੇਤਨਯਾਹੂ ਤੇ ਨਰਿੰਦਰ ਦਾਮੋਦਰ ਦਾਸ ਮੋਦੀ ਦੀ ਹਮ-ਖਿ਼ਆਲੀ ਦੀਆਂ ਉੱਤਮ ਉਦਾਹਰਣਾਂ ਹਨ। ਵਰਨਾ, ਵਿਸ਼ਵ ਗੁਰੂ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਨਜ਼ਰ-ਅੰਦਾਜ਼ ਕਿਵੇਂ ਕਰ ਸਕਦਾ ਹੈ? ਦੁਨੀਆਂ ਇਹ ਭੁੱਲ ਗਈ ਕਿ ਜਦ ਹਦਾਕਿਆਂ ਦੇ ਜ਼ੁਲਮ ਤੋਂ ਬਾਅਦ ਜਦ ਫ਼ਲਸਤੀਨੀ ਨਾਗਰਿਕਾਂ ਕੋਲ ਹੋਰ ਕੋਈ ਰਸਤਾ ਨਾ ਬਚਿਆ ਤਾਂ ਉਨ੍ਹਾਂ ਨੇ ਇਜ਼ਰਾਇਲ ਨਾਲ ਆਰ-ਪਾਰ ਦੀ ਲੜਾਈ ਆਰੰਭ ਕੀਤੀ ਹੈ। ਇਸ ਤੋਂ ਪਹਿਲਾਂ ਫ਼ਲਸਤੀਨੀ ਹਮੇਸ਼ਾ ਨੀਵੇਂ ਹੁੰਦੇ ਆਏ ਹਨ। ਇਸ ਬਾਰ ਬੱਚਿਆਂ, ਔਰਤਾਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰੇ ਨਾਗਰਿਕ ਇਸ ਲੜਾਈ ਵਿਚ ਕੁੱਦੇ ਹੋਏ ਹਨ। ਇਸ ਨੂੰ ਜੇ ਜ਼ੁਲਮ ਦੀ ਇੰਤਹਾ ਤੋਂ ਬਾਅਦ ਦੀ ਪ੍ਰਤੀਕਿਰਿਆ ਵਜੋਂ ਵੇਖਿਆ ਜਾਵੇ ਤਾਂ ਦੁਨੀਆਂ ਦੇ ਕਈ ਦੇਸ਼ ਇਸ ਤੋਂ ਸਬਕ ਲੈ ਸਕਦੇ ਹਨ। ਜੇ ਹਾਲੇ ਵੀ ਫ਼ਲਸਤੀਨੀ ਚੁੱਪ ਕਰ ਕੇ ਬੈਠੇ ਰਹਿੰਦੇ ਤਾਂ ਇਹ ਇਨਸਾਨੀ ਬੇਗ਼ੈਰਤੀ ਦੀ ਹੱਦ ਹੋ ਜਾਣੀ ਸੀ ਕਿਉਂਕਿ ਫ਼ਲਸਤੀਨ ਦੁਨੀਆਂ ਦੇ ਨਕਸ਼ੇ ਤੋਂ ਸੁਕੜਦਾ ਜਾ ਰਿਹਾ ਹੈ। ਜ਼ਾਲਮਾਂ ਦਾ ਖੇਤਰ ਵਧਦਾ ਗਿਆ ਤੇ ਮਜ਼ਲੂਮਾਂ ਦਾ ਖੇਤਰ ਘਟਦਾ ਗਿਆ। ਇਸ ਨੂੰ ਹੱਕ ਅਤੇ ਸੱਚ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

92 ਵਿਧਾਇਕ ਇਹ ਸੋਚ ਲੈਣ ਕਿ ਉਨ੍ਹਾਂ ਲਈ ਸੰਜੇ ਸਿੰਘ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਪਾਣੀ?ਪੰਜਾਬ ਉਤੇ ਦਿੱਲੀ ਅਤੇ ਹਿਰਆਣਾ ਦਾ ਅਪ੍ਰਤਖ ਰੂਪ ਵਿਚ ਸਪੱ...
07/10/2023

92 ਵਿਧਾਇਕ ਇਹ ਸੋਚ ਲੈਣ ਕਿ ਉਨ੍ਹਾਂ ਲਈ ਸੰਜੇ ਸਿੰਘ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਪਾਣੀ?

ਪੰਜਾਬ ਉਤੇ ਦਿੱਲੀ ਅਤੇ ਹਿਰਆਣਾ ਦਾ ਅਪ੍ਰਤਖ ਰੂਪ ਵਿਚ ਸਪੱਸ਼ਟ ਕਬਜ਼ਾ ਹੋ ਚੁੱਕਾ ਹੈ। ਇਹ ਕਬਜ਼ਾ ਤੀਬਰ ਬੁੱਧੀ ਦਾ ਮਾਲਕ ਅਤੇ ਦੂਰ ਤਕ ਵੇਖਣ ਦੀ ਸਮਝ ਤੇ ਸਮਰੱਥਾ ਰੱਖਣ ਵਾਲਾ ਮਨੁੱਖ ਹੀ ਵੇਖ ਸਕਦਾ ਹੈ। ਗ਼ੈਰ-ਦਿਮਾਗ਼ੀ ਜਾਂ ਗ਼ੈਰ-ਹਵਾਸੀ ਮਨੁੱਖ ਇਸ ਅਦਿਖ ਕਬਜ਼ੇ ਨੂੰ ਮਹਿਸੂਸ ਨਹੀਂ ਕਰ ਸਕਦਾ। ਇਸੇ ਲਈ ਪੰਜਾਬ ਵਿਚ ਇਕ ਵਰਗ ਅਜਿਹਾ ਵੀ ਹੈ ਜਿਸ ਨੂੰ ਇਹ ਕਬਜ਼ਾ ਨਜ਼ਰ ਨਹੀਂ ਆ ਰਿਹਾ ਅਤੇ ਉਹ ਅੱਜ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਝਾੜੂ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਛੁਡਾਉਣ ਲਈ ਚੰਡੀਗੜ੍ਹ ਪੁਲਿਸ ਤੋਂ ਜੁੱਤੀਆਂ ਅਤੇ ਡਾਂਗਾਂ ਖਾ ਰਹੇ ਹਨ ਪਰ ਪੰਜਾਬ ਦੀ ਬਰਬਾਦੀ ਨੂੰ ਰੋਕਣ ਲਈ ਕੁੱਝ ਵੀ ਕਰਨ ਨੂੰ ਤਿਆਰ ਨਹੀਂ ਬਲਕਿ ਜਿਹੜਾ ਕੋਈ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਹੈ, ਉਸ ਦੇ ਪਿੱਛੇ ਇਹ ਵਰਗ ਜੁੱਤੀਆਂ ਖੋਲ੍ਹ ਕੇ ਪੈ ਜਾਂਦਾ ਹੈ। ਕੇਂਦਰ ਤੇ ਗੁਆਂਢੀ ਸੂਬੇ ਪੰਜਾਬ ਦਾ ਸਭ ਕੁੱਝ ਲੁੱਟ ਲੈਣਾ ਚਾਹੁੰਦੇ ਹਨ। ਉਸ ਲਈ ਚਾਹੇ ਸਰਕਾਰਾਂ ਦਾ ਸਹਾਰਾ ਲੈਣਾ ਪਵੇ ਜਾਂ ਫਿਰ ਨਿਆਪਾਲਿਕਾ ਦੀ ਸਰਬ-ਉੱਚਤ ਦੀ ਧੂਲ ਅੱਖਾਂ ਵਿਚ ਪਾਉਣੀ ਪਵੇ। ਮਕਸਦ ਹਰ ਉਹ ਕੰਮ ਕਰ ਗੁਜ਼ਰਨ ਦਾ ਹੈ ਜਿਹੜਾ ਸਿੱਧੇ ਤੌਰ ਤੇ ਪੰਜਾਬੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ, ਪੰਜਾਬ ਵਿਰੋਧ ਸਿਆਸੀ ਪਾਰਟੀਆਂ ਨੂੰ ਅਪਣਾ ਮਕਸਦ ਪੂਰਾ ਕਰਨ ਦਾ ਉਗਰ ਜਨੂਨ ਚੜ੍ਹਿਆ ਹੋਇਆ ਹੈ। ਪੰਜਾਬ ਸਰਕਾਰ ਹੀ ਪੰਜਾਬ ਨੂੰ ਕਮਜ਼ੋਰ ਕਰਨ ਲਈ ਇਸ ਹੱਥ ਤਕ ਆਤਮ-ਸਮਰਪਣ ਕਰ ਚੁੱਕੀ ਹੈ ਕਿ ਹਰਿਆਣਾ ਦੇ ਨੇਤਾ ਪੰਜਾਬ ਦੇ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿਚ ਡੇਰੇ ਲਾ ਚੁੱਕੇ ਹਨ ਅਤੇ ਇਥੋਂ ਹੀ ਪਾਣੀਆਂ ਉਪਰ ਡਾਕਾ ਮਾਰਨ ਦੇ ਮਨਸੂਬੇ ਬਣਾ ਰਹੇ ਹਨ। ਬੀਤੇ ਦਿਨ ਸਰਕਾਰੀ ਕੋਠੀ ਵਿਚੋਂ ਪ੍ਰੈਸ ਕਾਨਫ਼ਰੰਸ ਕਰਨਾ, ਇਸ ਦੀ ਉਤਮ ਨਜ਼ੀਰ ਹੈ। ਹਰਿਆਣ ਦਾ ਮੁੱਖ ਮੰਤਰੀ ਅਪਣੇ ਘਰ ਨੂੰ ਬਹੁਤ ਸਿਆਣਾ ਹੈ। ਉਹ ਪੰਜਾਬੀਆਂ ਨੂੰ ਸੁਪਰੀਮ ਕੋਰਟ ਦੇ ਆਦੇਸ਼ ਮੰਨਣ ਦੀਆਂ ਨਸੀਹਤਾਂ ਦੇ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਦਾ ਗਰੁਪ ਪੰਜਾਬ ਸਰਕਾਰ ਵਿਚ ਘੁਸਪੈਠ ਕਰਕੇ ਇਸ ਕੇਸ ਵਿਚ ਕਾਗ਼ਜ਼ੀ ਪੱਧਰ ਤੇ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ। ਪੰਜਾਬ ਸਰਕਾਰ ਸੁਪਰੀਮ ਕੋਰਟ ਵਿਚ ਇਹ ਦੱਸ ਹੀ ਨਾ ਸਕੀ ਕਿ ਪੰਜਾਬ ਵਿਚ ਐਸ.ਵਾਈ.ਐਲ. ਨਾਮ ਦੀ ਕੋਈ ਨਹਿਰ ਨਹੀਂ ਹੈ। 2017 ਵਿਚ ਅਕਾਲੀ-ਭਾਜਪਾ ਦੀ ਸਰਕਾਰ ਇਸ ਕੋਹੜ ਨੂੰ ਮੁਕੰਮਲ ਰੂਪ ਵਿਚ ਖ਼ਤਮ ਕਰਕੇ, ਐਕਵਾਇਰ ਕੀਤੀ ਜ਼ਮੀਨ ਮੁੜ ਕਿਸਾਨਾਂ ਨੂੰ ਦੇ ਚੁੱਕੀ ਹੈ। ਪੰਜਾਬ ਦੇ ਵਕੀਲਾਂ ਨੇ ਸੁਪਰੀਮ ਕੋਰਟ ਵਿਚ ਉਹੀ ਕੁੱਝ ਕਿਹਾ ਜਿਹੜਾ ਕੁੱਝ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਲੀਡਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਲੀਡਰ ਚਾਹੁੰਦੇ ਸਨ। ਮੁੱਖ ਮੰਤਰੀ ਸਮੇਤ 92 ਵਿਧਾਇਕਾਂ ਵਿਚੋਂ ਇਕ ਨੂੰ ਵੀ ਇਹ ਗੱਲ ਸਮਝ ਨਹੀਂ ਆਈ ਕਿ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਨਾਲੋਂ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਹੈ। ਪੰਜਾਬ ਵਿਚ ਪਾਣੀ ਨਹੀਂ ਹੈ, ਜਿਹੜਾ ਕੁੱਝ ਬਾਕੀ ਬਚਿਆ ਹੈ, ਉਹ ਸਾਜ਼ਿਸ਼ ਤਹਿਤ ਜ਼ਹਿਰੀਲਾ ਕਰ ਦਿਤਾ ਗਿਆ ਹੈ। ਜਿਹੜੇ ਸੂਬੇ ਨੇ ਹੜ੍ਹਾਂ ਮੌਕੇ ਪੰਜਾਬ ਦਾ ਪਾਣੀ ਬੰਦ ਕਰਕੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਹੇਠ ਲਿਆ ਦਿਤਾ, ਉਸ ਨੂੰ ਪਾਣੀ ਦੇਣ ਲਈ ਇਨ੍ਹਾਂ 92 ਵਿਧਾਇਕਾਂ ਦੀ ਰੂਹ ਕਿਵੇਂ ਤਿਆਰ ਹੋ ਸਕਦੀ ਹੈ? ਇਹ ਬਿਲਕੁਲ ਸਮਝ ਤੋਂ ਪਰੇ ਹੈ। 92 ਵਿਧਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਜੇ ਸਿੰਘ ਲਈ ਜੁੱਤੀਆਂ ਖਾਣ ਦੀ ਬਜਾਏ ਪਾਣੀ ਨੂੰ ਬਚਾਉਣ ਲਈ ਸੜਕਾਂ ਉਤੇ ਆਉ, ਵਰਨਾ ਕਾਫ਼ੀ ਦੇਰ ਹੋ ਜਾਵੇਗੀ। ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਸਹਾਰਾ ਲੈ ਕੇ ਕੇਂਦਰ ਅਤੇ ਹਰਿਆਣਾ ਨੇ ਐਸ.ਵਾਈ.ਐਲ ਬਾਰੇ ਸਰਵੇਖਣ ਸ਼ੁਰੂ ਕਰ ਲੈਣਾ ਹੈ ਅਤੇ ਤੁਸੀਂ ਸੰਜੇ ਸਿੰਘ ਨੂੰ ਬਚਾਉਂਦੇ ਰਹਿ ਜਾਉਗੇ। ਪੰਜਾਬੀਆਂ ਲਈ ਸੰਜੇ ਸਿੰਘ ਦੀ ਥਾਂ ਪਾਣੀ ਜ਼ਿਆਦਾ ਜ਼ਰੂਰੀ ਹੈ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਨੇਪਾਲ ਦੇ ਨੇਪਾਲਗੰਜ ਵਿਚ ਮੁਸਲਮਾਨਾਂ ਬਾਰੇ ਪੋਸਟ ਪਾਉਣ ਤੋਂ ਬਾਅਦ ਕਸਦੀਗੀ ਵਧੀਇਸਲਾਮ, ਮੁਸਲਮਾਨ, ਹਜ਼ਰਤ ਮੁਹੰਮਦ ਸਾਹਿਬ (ਸ), ਨਮਾਜ਼ ਅਤੇ ਮਦਰੱਸਿ...
05/10/2023

ਨੇਪਾਲ ਦੇ ਨੇਪਾਲਗੰਜ ਵਿਚ ਮੁਸਲਮਾਨਾਂ ਬਾਰੇ ਪੋਸਟ ਪਾਉਣ ਤੋਂ ਬਾਅਦ ਕਸਦੀਗੀ ਵਧੀ

ਇਸਲਾਮ, ਮੁਸਲਮਾਨ, ਹਜ਼ਰਤ ਮੁਹੰਮਦ ਸਾਹਿਬ (ਸ), ਨਮਾਜ਼ ਅਤੇ ਮਦਰੱਸਿਆਂ ਵਿਰੁਧ ਭੜਕਾਊ ਅਤੇ ਜ਼ਹਿਰ ਫੈਲਾਊ ਬਿਆਨਬਾਜ਼ੀ ਕਰਨ ਦਾ ਰਿਵਾਜ ਭਾਰਤ ਵਿਚ ਹੀ ਨਹੀਂ ਹੈ, ਇਹ ਲਾਇਲਾਜ ਬਿਮਾਰੀ ਨੇਪਾਲ ਵਿਚ ਵੀ ਫੈਲੀ ਹੋਈ ਹੈ। ਮਾਨਸਿਕ ਰੋਗੀ ਲੋਕ ਆਮ ਮੀਡੀਆ ਤੋਂ ਇਲਾਵਾ ਸੋਸ਼ਲ ਮੀਡੀਆ ਉਤੇ ਭੜਕਾਊ ਪੋਸਟਾਂ ਪਾ ਕੇ ਸ਼ਾਂਤ ਮੁਸਲਮਾਨਾਂ ਨੂੰ ਅਸ਼ਾਂਤ ਕਰਦੇ ਹਨ। ਜੇ ਪ੍ਰਸ਼ਾਸਨ ਦੋਸ਼ੀਆਂ ਵਿਰੁਧ ਕਾਰਵਾਈ ਕਰਦਾ ਹੈ ਤਾਂ ਭਾਰਤ ਦੀ ਤਰਜ ਉਤੇ ਹੀ ਉਨ੍ਹਾਂ ਨੂੰ ਬਚਾਉਣ ਲਈ ਬਹੁਗਿਣਤੀ ਵਲੋਂ ਰੈਲੀਆਂ ਕੀਤੀਆਂ ਜਾਂਦੀਆਂ ਹਨ ਅਤੇ ਮੁਸਲਿਮ ਵਿਰੋਧ ਨਾਹਰੇ ਲਗਾਏ ਜਾਂਦੇ ਹਨ। ਨੇਪਾਲ ਵਿਚ ਮੁਸਲਮਾਨਾਂ ਦੀ ਅਬਾਦੀ ਸਿਰਫ਼ 5 ਫ਼ੀ ਸਦੀ ਹੈ। ਅੱਜ ਕੱਲ ਨੇਪਾਲ ਦਾ ਸ਼ਹਿਰ ਨੇਪਾਲਗੰਜ ਇਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ। ਉਥੇ ਇੰਟਰਨੈੱਟ ਬੰਦ ਕਰਨ ਅਤੇ ਕਰਫ਼ਿਊ ਲਗਾਉਣ ਦੀ ਦਵਾਈ ਦੇ ਕੇ ਇਸ ਬਿਮਾਰੀ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਰਹੀ ਹੈ। ਇਹ ਬਿਮਾਰੀ ਕਰੋਨਾ ਵਾਂਗ ਸਰਹੱਦਾਂ ਪਾਰ ਕਰਦੀ ਜਾ ਰਹੀ ਹੈ। ਪਾਕਿਸਤਾਨ, ਅਫ਼ਗ਼ਾਨਿਸਤਾਨ, ਯੂਰਪੀ ਯੂਨੀਅਨ, ਅਮਰੀਕਾ, ਇੰਗਲੈਂਡ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚੋਂ ਵੀ ਕਦੇ-ਕਦੇ ਇਸ ਬਿਮਾਰੀ ਦੇ ਲੱਛਣ ਮਿਲ ਜਾਂਦੇ ਹਨ। ਇਨ੍ਹਾਂ ਮੁਲਕਾਂ ਵਿਚ ਕਿੰਨੇ ਵਿਹਲੇ ਲੋਕ ਹਨ, ਜਿਹੜੇ ਅਪਣੀ ਭੜਾਸ ਕੱਢਣ ਲਈ ਸਰਕਾਰਾਂ, ਪੁਲਿਸ ਅਤੇ ਸਮੁੱਚੇ ਦੇਸ਼ ਨੂੰ ਵਕਤ ਪਾਈ ਰੱਖਦੇ ਹਨ। ਹਰ ਦੇਸ਼ ਅਤੇ ਹਰ ਮਜ਼ਹਬ ਵਿਚ ਮੌਜੂਦ ਅਜਿਹੇ ਅਨਸਰਾਂ ਦੀ ਥਾਂ ਜੇਲ ਹੋਣੀ ਚਾਹੀਦੀ ਹੈ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71
https://www.thehindu.com/news/international/nepal-town-imposes-lockdown-and-beefs-up-security-to-prevent-clashes-between-hindus-and-muslims/article67380662.ece

ਪੰਜਾਬੀਆਂ ਦੇ ਸਿਰ ਤੇ ਐਸ਼ੋ-ਇਸ਼ਰਤ ਤੇ ਜ਼ੈੱਡ ਪਲੱਸ, ਮੁਸਲਮਾਨਾਂ ਨੂੰ ਗਾਲਾਂ ਕੱਢ ਕੇ ਵੱਡੀ ਕੁਰਸੀ ਮਿਲ ਹੀ ਜਾਂਦੀ ਹੈਪੰਜਾਬੀਆਂ ਦੇ ਸਿਰ ਤੇ ਇਕ ਨੌਜ...
05/10/2023

ਪੰਜਾਬੀਆਂ ਦੇ ਸਿਰ ਤੇ ਐਸ਼ੋ-ਇਸ਼ਰਤ ਤੇ ਜ਼ੈੱਡ ਪਲੱਸ, ਮੁਸਲਮਾਨਾਂ ਨੂੰ ਗਾਲਾਂ ਕੱਢ ਕੇ ਵੱਡੀ ਕੁਰਸੀ ਮਿਲ ਹੀ ਜਾਂਦੀ ਹੈ

ਪੰਜਾਬੀਆਂ ਦੇ ਸਿਰ ਤੇ ਇਕ ਨੌਜੁਆਨ ਰਾਜ ਸਭਾ ਦਾ ਮੈਂਬਰ ਬਣ ਗਿਆ। ਅਭਿਨੇਤਰੀ ਨਾਲ ਸਰਕਾਰੀ ਖ਼ਰਚੇ ਉਤੇ ਵਿਆਹ ਕਰਵਾ ਲਿਆ। ਦੁਨੀਆਂ ਭਰ ਵਿਚ ਠੁੱਕ ਬਣਾ ਲਈ ਅਤੇ ਅੱਜ ਕੱਲ ਸੋਸ਼ਲ ਮੀਡੀਆ ਉਤੇ ਮਨੋਰੰਜਨ ਦੀਆਂ ਰੰਗ-ਬਰੰਗੀਆਂ ਤਸਵੀਰਾਂ ਵਾਇਰਲ ਕਰ ਰਿਹਾ ਹੈ। ਉਸ ਦੀ ਜ਼ਿੰਦਗੀ ਵਿਚ ਕੋਈ ਗ਼ਮ, ਮੁਸ਼ਕਿਲ, ਰੁਕਾਵਟ, ਸੂਬੇ ਦੀ ਵਖਰੀ ਪਛਾਣ, ਮਾਤ-ਭਾਸ਼ਾ, ਸਭਿਆਚਾਰ ਜਾਂ ਧੁੰਦਲੇ ਭਵਿੱਖ ਦਾ ਕੋਈ ਡਰ-ਭੈਅ ਨਜ਼ਰ ਨਹੀਂ ਆ ਰਿਹਾ। ਉਸ ਨੂੰ ਜ਼ਿੰਦਗੀ ਬਹੁਤ ਖ਼ੂਬਸੂਰਤ ਅਤੇ ਭੈਅ-ਮੁਕਤ ਲਗਦੀ ਹੈ। ਦੂਜੇ ਪਾਸੇ ਜਿਨ੍ਹਾਂ ਨੂੰ ਪੰਜਾਬ ਦਾ ਵਾਰਸ ਹੋਣਾ ਚਾਹੀਦਾ ਹੈ, ਉਨ੍ਹਾਂ ਪੰਜਾਬੀ ਨੌਜੁਆਨਾਂ ਨੂੰ ਜੰਗੀ ਕੈਦੀਆਂ ਵਾਂਗ ਸੰਗੀਨ ਧਾਰਾਵਾਂ ਲਗਾ ਕੇ ਜੇਲ ਵਿਚ ਬੰਦ ਕਰ ਛੱਡਿਆ ਹੈ। ਵਿਆਹ ਤਾਂ ਉਨ੍ਹਾਂ ਦਾ ਵੀ ਹੋਇਆ ਸੀ। ਨਾ 10 ਲੱਖ ਦਾ ਕਮਰਾ ਕਿਰਾਏ ਉਪਰ ਲਿਆ ਗਿਆ। ਨਾ ਪੰਜਾਬ ਪੁਲਿਸ ਨੂੰ ਵੇਟਰਾਂ ਦੇ ਰੂਪ ਵਿਚ ਵਰਤਿਆ ਗਿਆ। ਨਾ ਹੀ ਸੋਸ਼ਲ ਮੀਡੀਆ ਉਪਰ ਅਧ-ਨੰਗੀਆਂ ਤਸਵੀਰਾਂ ਆਈਆਂ। ਦੋਹਾਂ ਦੀ ਮੁਲਾਕਾਤ ਤਕ ਔਖੀ ਹੋਈ ਹੈ। ਜਿਨ੍ਹਾਂ ਦਾ ਪੰਜਾਬ ਉਪਰ ਰਾਜ ਕਰਨ ਦਾ ਹੱਕ ਬਣਦਾ ਹੈ, ਉਹ ਜਾਂ ਤਾਂ ਜੇਲਾਂ ਵਿਚ ਹਨ ਜਾਂ ਫਿਰ ਹੜ ਮਾਰੇ ਲੋਕਾਂ ਨੂੰ ਅਪਣੇ ਖ਼ਰਚਿਆਂ ਉਤੇ ਬਚਾਉਂਦੇ ਫਿਰਦੇ ਹਨ ਜਾਂ ਧਰਨੇ-ਮੁਜ਼ਾਹਰੇ ਲਗਾਉਣ ਲਈ ਮਜਬੂਰ ਹਨ। ਜਿਨ੍ਹਾਂ ਦਾ ਪੰਜਾਬ ਉਤੇ ਰਾਜ ਕਰਨ ਦਾ ਕੋਈ ਹੱਕ ਨਹੀਂ ਬਣਦਾ, ਉਹ ਸੱਤਾ ਦਾ ਅਨੰਦ ਮਾਣਨ ਦੇ ਨਾਲ-ਨਾਲ ਜ਼ੈਡ ਪਲੱਸ ਸੁਰੱਖਿਆ ਲਈ ਫਿਰਦੇ ਹਨ। ਇਹ ਇਕੋ ਦੇਸ਼ ਵਿਚ ਦੋ ਰਵੱਈਏ ਹੋਣ ਦੀ ਸਪੱਸ਼ਟ ਨਿਸ਼ਾਨੀ ਹੈ। ਗ਼ਲਤੀ ਪੰਜਾਬੀਆਂ ਦੀ ਹੈ ਜਿਹੜੇ ਖ਼ੁਦ ਨੂੰ ਰਾਜ ਸੱਤਾ ਉਤੇ ਬਿਠਾਉਣ ਦੀ ਬਜਾਏ ਹਮੇਸ਼ਾ ਦੂਜਿਆਂ ਉਤੇ ਵਿਸ਼ਵਾਸ ਕਰਦੇ ਹਨ। ਫਿਰ ਦੂਜੇ, ਪੰਜਾਬੀਆਂ ਨਾਲ ਦੂਜਿਆਂ ਵਾਲਾ ਹੀ ਵਿਵਹਾਰ ਕਰਦੇ ਹਨ। ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਰਿਹਾ, ਬਲਕਿ ਪੰਜਾਬੀ ਖ਼ੁਦ ਨਵ-ਵਿਆਹੇ ਜੋੜੇ ਦੀਆਂ ਨੰਗੀਆਂ-ਫੁੰਗੀਆਂ ਤਸਵੀਰਾਂ ਹੇਠ ਵਾਹ-ਵਾਹ ਦੇ ਮੈਸਿਜ਼ ਲਿਖ ਰਹੇ ਹਨ।
ਇਕ ਹੋਰ ਨੇਤਾ ਸੰਸਦ ਵਿਚ ਮੁਸਲਮਾਨਾਂ ਨੂੰ ਗਾਲਾਂ ਕੱਢ ਕੇ ਦੇਸ਼ ਭਰ ਵਿਚ ਮਸ਼ਹੂਰ ਹੋ ਗਿਆ ਅਤੇ ਭਾਰਤੀ ਜਨਤਾ ਪਾਰਟੀ ਉਸ ਨੂੰ 2024 ਦੀਆਂ ਚੋਣਾਂ ਵਿਚ ਸਟਾਰ ਪ੍ਰਚਾਰਕ ਬਣਾਉਣ ਜਾ ਰਹੀ ਹੈ। ਗੋਦੀ ਮੀਡੀਆ ਪੀੜਤ ਸੰਸਦ ਮੈਂਬਰ ਦੇ ਨਾਲ ਖੜਨ ਦੀ ਬਜਾਏ ਅਪਰਾਧ ਕਰਨ ਵਾਲੇ ਸੰਸਦ ਮੈਂਬਰ ਨੂੰ ਅਪਣੇ ਪ੍ਰੋਗਰਾਮਾਂ ਵਿਚ ਬੁਲਾ ਕੇ ਉਸ ਦੀ ਸੋਚ ਅਤੇ ਵਿਚਾਰਧਾਰਾ ਦਾ ਪ੍ਰਚਾਰ ਕਰ ਰਿਹਾ ਹੈ। ਇਹ ਵੀ ਸਾਫ਼ ਤੌਰ ਤੇ ਬਹੁ-ਗਿਣਤੀ ਵਲੋਂ ਘੱਟ-ਗਿਣਤੀਆਂ ਦੀ ਧੌਣ ਮਰੋੜਨ ਦੀ ਨਿਸ਼ਾਨੀ ਹੈ। ਪਿਛਲੇ ਹਫ਼ਤੇ ਰਾਜਸਥਾਨ ਅਤੇ ਦਿੱਲੀ ਵਿਚ ਦੋ ਮੁਸਲਿਮ ਨੌਜੁਆਨਾਂ ਦੀ ਮੌਬ-ਲਿੰਚਿੰਗ ਹੋ ਗਈ। ਮਨੁੱਖਤਾ ਉਪਰ ਲੱਗੇ ਇਸ ਕਲੰਕ ਵਿਰੁਧ ਕੋਈ ਆਵਾਜ਼ ਨਹੀਂ ਉੱਠੀ। ਰਾਜਨੀਤੀ ਬਿਲਕੁਲ ਗੂੰਗੀ-ਬੋਲੀ ਅਤੇ ਨੇਤਰਹੀਣ ਹੋ ਚੁੱਕੀ ਹੈ। ਨਾਗਰਿਕਾਂ ਦੀ ਪਛਾਣ ਭਾਰਤੀ ਨਾ ਹੋ ਕੇ ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਜਾਂ ਪਾਰਸੀ ਹੋਣ ਲੱਗੀ ਹੈ। ਲੋਕਾਂ ਦੀ ਮਾਨਸਿਕਤਾ ਵਿਚੋਂ ਇਹ ਵਖਰੇਵਾਂ ਪਤਾ ਨਹੀਂ ਕਦ ਖ਼ਤਮ ਹੋਵੇਗਾ ਅਤੇ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਿਆ ਜਾਵੇਗਾ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਪੰਜਾਬ ਦਾ ਹਾਲ : ਤਿੰਨ ਮਾਸੂਮ ਧੀਆਂ ਦੀਆਂ ਲਾਸ਼ਾਂ ਟਰੰਕ ਵਿਚ ਲੁਕੋਈਆਂਜਲੰਧਰ ਵਿਖੇ ਇਕ ਪ੍ਰਵਾਸੀ ਪਰਵਾਰ ਨੇ ਅਪਣੀਆਂ ਤਿੰਨ ਧੀਆਂ ਨੂੰ ਆਰਥਿਕ ਤੰਗੀ...
03/10/2023

ਪੰਜਾਬ ਦਾ ਹਾਲ : ਤਿੰਨ ਮਾਸੂਮ ਧੀਆਂ ਦੀਆਂ ਲਾਸ਼ਾਂ ਟਰੰਕ ਵਿਚ ਲੁਕੋਈਆਂ

ਜਲੰਧਰ ਵਿਖੇ ਇਕ ਪ੍ਰਵਾਸੀ ਪਰਵਾਰ ਨੇ ਅਪਣੀਆਂ ਤਿੰਨ ਧੀਆਂ ਨੂੰ ਆਰਥਿਕ ਤੰਗੀ ਕਾਰਨ ਜ਼ਹਿਰ ਦੇ ਕੇ ਮਾਰ ਦਿਤਾ। ਸੁਸ਼ੀਲ ਮੰਡਲ ਅਤੇ ਉਸ ਦੀ ਪਤਨੀ ਮੰਜੂ ਦੇਵੀ ਨੇ ਇਹ ਕਾਰਾ ਕੀਤਾ ਹੈ। ਇਹ ਦਰਿੰਦਗੀ ਦੀ ਹੱਦ ਹੈ। ਮਾਸੂਮ ਅਤੇ ਬੇਸੋਝ ਬੱਚਿਆਂ ਦਾ ਕੀ ਕਸੂਰ? ਅਪਰਾਧ ਦੀ ਇਸ ਖ਼ਬਰ ਨੇ ਦੇਸ਼ ਅਤੇ ਦੁਨੀਆਂ ਵਿਚ ਪੰਜਾਬ ਦਾ ਨਾਮ ਕਲਿੰਤ ਕਰ ਦਿਤਾ ਹੈ। ਇਸ ਜੋੜੇ ਨੇ ਅਪਣੇ ਬਿਆਨ ਵਿਚ ਸਾਫ਼ ਆਖਿਆ ਕਿ ਆਰਥਿਕ ਤੰਗੀ ਕਾਰਨ, ਉਨ੍ਹਾਂ ਨੇ ਇਹ ਕੰਮ ਕੀਤਾ ਹੈ। ਪੰਜਾਬ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹੀ ਘਟਨਾ ਪਹਿਲਾਂ ਕਦੇ ਪੰਜਾਬ ਵਿਚ ਨਹੀਂ ਵਾਪਰੀ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਗੋਦੀ ਮੀਡੀਆ ਦਾ ਨਵਾਂ ਐਂਗਲ, ਕਹਿੰਦਾ ਮਨੀਪੁਰ ਵਿਚਲੀ ਅਸਥਿਰਤਾ ਪਿੱਛੇ ਕੈਨੇਡਾ ਦਾ ਹੱਥਪਿਛਲੇ ਕਰੀਬ 6 ਮਹੀਨਿਆਂ ਤੋਂ ਮਨੀਪੁਰ ਵਿਚ ਨਸਲੀ ਹਿੰਸਾ ਹ...
03/10/2023

ਗੋਦੀ ਮੀਡੀਆ ਦਾ ਨਵਾਂ ਐਂਗਲ, ਕਹਿੰਦਾ ਮਨੀਪੁਰ ਵਿਚਲੀ ਅਸਥਿਰਤਾ ਪਿੱਛੇ ਕੈਨੇਡਾ ਦਾ ਹੱਥ

ਪਿਛਲੇ ਕਰੀਬ 6 ਮਹੀਨਿਆਂ ਤੋਂ ਮਨੀਪੁਰ ਵਿਚ ਨਸਲੀ ਹਿੰਸਾ ਹੋ ਰਹੀ ਹੈ। ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਔਰਤਾਂ ਨੂੰ ਨਿਰ-ਵਸਤਰ ਕਰਕੇ ਘੁਮਾਇਆ ਗਿਆ। ਥਾਣਿਆਂ ਵਿਚੋਂ ਅਸਲਾ ਲੁੱਟਿਆ ਗਿਆ। ਇਸ ਨੂੰ ਕੁਕੀਜ਼ ਅਤੇ ਮੇਤਈਜ਼ ਭਾਈਚਾਰਿਆਂ ਦੀ ਦਹਾਕਿਆਂ ਪੁਰਾਣੀ ਦੁਸ਼ਮਣੀ ਦਾ ਸਿੱਟਾ ਦੱਸਿਆ ਜਾ ਰਿਹਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਝਗੜਾ ਨਾ ਨਬੇੜਨ ਲਈ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਕਾਂਗਰਸ ਪਾਰਟੀ ਦੋਸ਼ੀ ਹੈ। ਪਰ ਜਦ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤੇ ਕਾਫ਼ੀ ਖਟਾਈ ਵਿਚ ਆ ਗਏ ਹਨ, ਉਦੋਂ ਤੋਂ ਗੋਦੀ ਮੀਡੀਆ ਕੈਨੇਡਾ ਨੂੰ ਅੱਤਵਾਦ ਦਾ ਅੱਡਾ ਦੱਸਣ ਲੱਗ ਪਿਆ ਅਤੇ ਹੁਣ ਮਨੀਪੁਰ ਹਿੰਸਾ ਪਿੱਛੇ ਵੀ ਕੈਨੇਡਾ ਅਤੇ ਖ਼ਾਲਿਸਤਾਨੀਆਂ ਦਾ ਹੱਥ ਹੋਣ ਦੀਆਂ ਰਿਪੋਰਟਾਂ ਪੇਸ਼ ਕਰਨ ਲੱਗ ਪਿਆ ਹੈ। ਇਨ੍ਹਾਂ ਦੀ ਮਦਦ ਕਰਨ ਦਾ ਦੋਸ਼ ਬੰਗਲਾਦੇਸ਼ ਅਤੇ ਮਿਆਂਮਾਰ ਵਰਗੇ ਕਮਜ਼ੋਰ ਦੇਸ਼ਾਂ ਉਤੇ ਲਗਾਇਆ ਜਾ ਰਿਹਾ ਹੈ। ਲੈ ਦੇ ਕੇ ਜਿਹੜੇ ਨਿੱਕੇ-ਮੋਟੇ ਗੁਆਂਢੀ ਦੇਸ਼ ਕੌਮਾਂਤਰੀ ਪੱਧਰ ਉਤੇ ਭਾਰਤ ਦੇ ਨਾਲ ਖੜਨ ਦੀ ਉਮੀਦ ਕੀਤੀ ਜਾ ਰਹੀ ਸੀ, ਉਹ ਵੀ ਗੋਦੀ ਮੀਡੀਆ ਨੇ ਡੌਂਡੀ ਪਿੱਟ ਕੇ ਖ਼ਤਮ ਕਰ ਦਿਤੀ। ਗੋਦੀ ਮੀਡੀਆ ਅਪਣੇ ਨਿਊਜ਼ ਰੂਮਜ਼ ਵਿਚ ਹੀ ਵਿਦੇਸ਼ ਨੀਤੀ ਤਿਆਰ ਕਰਨ ਲੱਗ ਪਿਆ ਜਾਪਦਾ ਹੈ। ਗੋਦੀ ਮੀਡੀਆ ਕੋਲ ਬਦਨਾਮੀ ਕਰਨ ਅਤੇ ਹਰ ਘਟਨਾ ਦੀ ਜ਼ਿੰਮੇਦਾਰੀ ਸੁੱਟਣ ਲਈ ਪਹਿਲਾਂ ਪਾਕਿਸਤਾਨ ਸੀ, ਫਿਰ ਕਾਂਗਰਸ ਅਤੇ ਉਸ ਦੇ ਲੀਡਰ ਸਨ ਅਤੇ ਹੁਣ ਕੈਨੇਡਾ ਅਤੇ ਖ਼ਾਲਿਸਤਾਨੀ। ਕਿਹੋ ਜਿਹਾ ਅਜੀਬ ਇਤਫ਼ਾਕ ਹੈ ਕਿ ਜਿਹੜੀ ਪਾਰਟੀ ਦੀ ਮਨੀਪੁਰ ਅਤੇ ਕੇਂਦਰ ਵਿਚ ਸਰਕਾਰ ਹੈ, ਉਸ ਨੂੰ ਕਸੂਰਵਾਰ ਠਹਿਰਾਉਣ ਦੀ ਬਜਾਏ ਮੀਡੀਆ ਤੋਪਾਂ ਪੁੱਠੀਆਂ ਦਿਸ਼ਾਵਾਂ ਵੱਲ ਨੂੰ ਸੇਧ ਦਿਤੀਆਂ ਗਈਆਂ ਹਨ। ਖ਼ਲਸਾ ਰਾਜ ਮੰਗਣ ਵਾਲਿਆਂ ਨੇ ਅੱਜ ਤਕ ਕਦੇ ਵੀ ਯਮੁਨਾ ਪਾਰ ਦੇ ਇਲਾਕਿਆਂ ਉਪਰ ਕੋਈ ਦਾਅਵਾ ਪੇਸ਼ ਨਹੀਂ ਕੀਤਾ, ਫਿਰ ਮਨੀਪੁਰ ਵਿਚ ਉਹ ਹਿੰਸਾ ਕਿਉਂ ਫੈਲਾਉਣਗੇ? ਇਹ ਤਰਕ ਹਜ਼ਮ ਨਹੀਂ ਹੋ ਰਿਹਾ। ਮਨੀਪੁਰ ਵੈਸੇ ਵੀ ਅਜਿਹੀ ਥਾਂ ਹੈ ਜਿਥੇ ਸਿੱਖਾਂ ਦੀ ਆਬਾਦੀ ਆਟੇ ਵਿਚ ਲੂਣ ਬਰਾਬਰ ਵੀ ਨਹੀਂ। ਗੋਦੀ ਮੀਡੀਆ ਦਾ ਇਹ ਐਂਗਲ ਬਿਲਕੁਲ ਵੀ ਤਰਕ-ਯੁਕਤ ਨਹੀਂ ਲੱਗ ਰਿਹਾ। ਜੇ ਕੁੱਝ ਹੋਰ ਐਂਗਲ ਹੈ ਤਾਂ ਉਹ ਪੇਸ਼ ਕਰਨ ਦੀ ਕਿਰਪਾਲਤਾ ਕੀਤੀ ਜਾਵੇ। ਇਹ ਦਾਅਵੇ ਤਾਂ ਬਿਲਕੁਲ ਹੀ ਬੁੱਧੂ ਬਣਾਉਣ ਵਾਲੇ ਜਾਪ ਰਹੇ ਹਨ। ਮਨੀਪੁਰ ਵਿਚ ਹਿੰਸਕ ਘਟਨਾਵਾਂ ਰਾਜਧਾਨੀ ਇੰਫ਼ਾਲ ਤਕ ਪਹੁੰਚ ਚੁੱਕੀਆਂ ਹਨ। ਭਾਜਪਾ ਦੇ ਮਨੀਪੁਰ ਦਫ਼ਤਰ ਉਤੇ ਪਥਰਾਅ ਕੀਤਾ ਗਿਆ। ਭਾਜਪਾ ਪ੍ਰਘਾਨ ਏ. ਸ਼ਾਰਧਾ ਦੇਵੀ ਦੇ ਘਰ ਉਤੇ ਹਮਲਾ ਕੀਤਾ ਗਿਆ ਜਿਸ ਦੌਰਾਨ ਉਸ ਦੀ ਭੈਣ ਜ਼ਖ਼ਮੀ ਹੋ ਗਈ। ਮੁੱਖ ਮੰਤਰੀ ਬੀਰੇਂਦ ਸਿੰਘ ਦੀ ਰਿਹਾਇਸ਼ ਉਤੇ ਪੱਥਰਬਾਜ਼ੀ ਕੀਤੀ ਗਈ। ਹੱਤਿਆਵਾਂ, ਲੁੱਟਾਂ-ਖੋਹਾਂ ਤੇ ਅਗ਼ਵਾ ਕਰਨ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਇੰਟਰਨੈੱਟ ਬੰਦ ਹਨ, ਸਕੂਲ-ਕਾਲਜਾਂ ਸਮੇਤ ਸਮੁੱਚਾ ਜਨ-ਜੀਵਨ ਲੀਹ ਤੋਂ ਲੱਥ ਚੁੱਕਾ ਹੈ ਪਰ ਗੋਦੀ ਮੀਡੀਆ ਦੇ ਆਂਗਣ ਵਿਚ ਕੁੱਝ ਹੀ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ। ਗੋਦੀ ਮੀਡੀਆ ਨੂੰ ਸ਼ਾਇਦ ਪਤਾ ਨਹੀਂ ਕਿ ਜਸਟਿਨ ਟਰੂਡੋ ਜਾਂ ਕੈਨੇਡਾ ਏਨਾ ਵਿਹਲਾ ਨਹੀਂ ਕਿ ਉਹ ਕਿਸੇ ਦੇਸ਼ ਵਿਚ ਧਾਰਮਕ ਨਫ਼ਰਤ ਫੈਲਾਉਂਦਾ ਫਿਰੇ, ਇਹ ਕੰਮ ਕੌਣ ਅਤੇ ਕਿਹੜੀ ਪਾਰਟੀ ਕਰਦੀ ਹੈ, ਇਹ ਪੂਰੀ ਦੁਨੀਆਂ ਨੂੰ ਪਤਾ ਹੈ। ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਵਰਗੇ ਦੇਸ਼ਾਂ ਦਾ ਅੱਜ ਦੀ ਘੜੀ ਕੋਈ ਅਜਿਹਾ ਖੁੱਲ੍ਹਾ ਏਜੰਡਾ ਨਹੀਂ ਜਿਸ ਤੋਂ ਇਹ ਸਮਝਿਆ ਜਾਵੇ ਕਿ ਇਹ ਦੇਸ਼ ਅਜਿਹੀ ਕੋਈ ਵਿਚਾਰਧਾਰਾ ਰੱਖਦੇ ਹਨ। ਧਾਰਮਕ ਨਫ਼ਰਤ ਫੈਲਾਉਣ ਦਾ ਸਭ ਤੋਂ ਵੱਡਾ ਅੱਡਾ ਇਜ਼ਰਾਇਲ ਹੈ ਜਿਸ ਨੇ ਹਮੇਸ਼ਾ ਖਾੜੀ ਦੇਸ਼ਾਂ ਵਿਚ ਤਰਥੱਲੀ ਮਚਾ ਕੇ ਰੱਖੀ ਹੈ। ਮਨੀਪੁਰ ਦੀ ਹਿੰਸਾ ਬਾਰੇ ਕੇਂਦਰ ਸਰਕਾਰ ਵੀ ਕਈ ਬਾਰ ਸਪੱਸ਼ਟ ਕਰ ਚੁੱਕੀ ਹੈ ਕਿ ਇਹ ਮਸਲਾ ਉਥੋਂ ਦੇ ਲੋਕਾਂ ਦਰਮਿਆਨ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। ਗੋਦੀ ਮੀਡੀਆ ਟਰੂਡੋ, ਖ਼ਾਲਿਸਤਾਨ, ਮਿਆਂਮਾਰ ਜਾਂ ਬੰਗਲਾਦੇਸ਼ ਬਾਰੇ ਕਹਾਣੀਆਂ ਸੁਣਾ ਕੇ ਜਨਤਾ ਦਾ ਹਾਸਾ ਨਾ ਕਢਵਾਵੇ ਬਲਕਿ ਦਲੀਲ-ਪੂਰਨ ਅਤੇ ਸੱਚੀਆਂ ਰਿਪੋਰਟਾਂ ਪੇਸ਼ ਕਰੇ। ਕੈਨੇਡਾ ਤੇ ਖ਼ਾਲਿਸਤਾਨ ਨੂੰ ਵਿਚ ਲਿਆ ਕੇ ਗੋਦੀ ਮੀਡੀਆ ਕੇਂਦਰ ਸਰਕਾਰ ਦੇ ਹੁਣ ਤਕ ਦਾਅਵੇ ਨੂੰ ਝੂਠਾ ਕਰ ਰਿਹਾ ਹੈ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੂੰ ਕਲੀਨ ਚਿੱਟ ਦੇ ਰਿਹਾ ਹੈ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਕੁੱਝ ਹੀ ਮਹੀਨਿਆਂ ਅੰਦਰ 100 ਫ਼ੀ ਸਦੀ ਤਬਦੀਲ ਹੋ ਜਾਣਾ ਗੋਦੀ ਮੀਡੀਆ ਦੀ ਸਚਾਈ ਉਪਰ ਵੀ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਹੈ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

ਬਾ-ਅਦਬ, ਬਾ-ਮੁਹਾਵਰਾ, ਬਾ-ਮੁਲਾਹਿਜ਼ਾ ਹੁਸ਼ਿਆਰ!!! ਬਾਬਾ ਬਾਗੇਸ਼ਵਰ ਧਾਮ ਸਰਕਾਰ ਜੀ ਪੰਜਾਬ ਪਧਾਰ ਰਹੇ ਹਨ!!!ਹਿੰਦੂ ਰਾਸ਼ਟਰ ਲਈ ਦੇਸ਼ ਭਰ ਵਿਚ ਪ੍ਰਚਾਰ...
30/09/2023

ਬਾ-ਅਦਬ, ਬਾ-ਮੁਹਾਵਰਾ, ਬਾ-ਮੁਲਾਹਿਜ਼ਾ ਹੁਸ਼ਿਆਰ!!! ਬਾਬਾ ਬਾਗੇਸ਼ਵਰ ਧਾਮ ਸਰਕਾਰ ਜੀ ਪੰਜਾਬ ਪਧਾਰ ਰਹੇ ਹਨ!!!

ਹਿੰਦੂ ਰਾਸ਼ਟਰ ਲਈ ਦੇਸ਼ ਭਰ ਵਿਚ ਪ੍ਰਚਾਰ ਕਰ ਰਹੇ ਬਾਗੇਸ਼ਵਰ ਧਾਮ ਸਰਕਾਰ ਵਾਲੇ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਜੀ ਦੀ ਪੰਜਾਬ ਵਿਚ ਐਂਟਰੀ ਹੋਣ ਜਾ ਰਹੀ ਹੈ। ਬਾਬਾ ਜੀ ਪੰਜਾਬ ਦੇ ਪਠਾਨਕੋਟ ਵਿਚ 22, 23 ਅਤੇ 24 ਅਕਤੂਬਰ, 2023 ਨੂੰ ਅਪਣਾ ਦਿਵਯ ਦਰਬਾਰ ਲਗਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਮਹਾਰਾਸ਼ਟਰ, ਬਿਹਾਰ, ਮੱਧ-ਪ੍ਰਦੇਸ਼, ਉਤਰ ਪ੍ਦੇਸ਼ ਅਤੇ ਦਿੱਲੀ ਵਰਗੇ ਰਾਜਾਂ ਵਿਚ ਦਰਬਾਰ ਸਜਾ ਚੁੱਕੇ ਹਨ ਅਤੇ ਹਿੰਦੂ ਰਾਸ਼ਟਰ ਦੀ ਲਹਿਰ ਨੂੰ ਪ੍ਰਚੰਡਤਾ ਤਕ ਪਹੁੰਚਾ ਚੁੱਕੇ ਹਨ। ਹੁਣ ਪੰਜਾਬ ਦੀ ਵਾਰੀ ਹੈ। ਜਿਹੜੇ ਬਾਬੇ ਪੰਜਾਬ ਵਿਚ ਖ਼ਾਲਿਸਤਾਨ ਬਾਰੇ ਹਲਕੀ-ਫੁਲਕੀ ਬਿਆਨਬਾਜ਼ੀ ਕਰ ਰਹੇ ਸਨ ਅਤੇ ਪੰਜਾਬੀਆਂ, ਸਿੱਖਾਂ ਅਤੇ ਪੰਜਾਬੀਅਤ ਨਾਲ ਕੇਂਦਰੀ ਵਿੱਤਕਰੇ ਨੂੰ ਬੰਦ ਕਰਕੇ ਮਾਨ-ਸਤਿਕਾਰ, ਬਰਾਬਰੀ ਤੇ ਸਰਕਾਰੀ ਪੱਖਪਾਤ ਦੇ ਖ਼ਾਤਮੇ ਦੀ ਗੱਲ ਕਰ ਰਹੇ ਸਨ, ਉਹ ਇਸ ਵੇਲੇ ਡਿਬਰੂਗੜ੍ਹ ਦੀ ਜੇਲ ਵਿਚ ਹਨ। ਉਨ੍ਹਾਂ ਦੇ ਵਕੀਲ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਲੋੜੀਂਦਾ ਭੋਜਨ ਨਹੀਂ ਦਿਤਾ ਜਾ ਰਿਹਾ। ਉਹ ਜ਼ਮਾਨਤ ਵੀ ਨਹੀਂ ਲੈ ਸਕਦੇ ਕਿਉਂਕਿ ਐਨ.ਐਸ.ਏ. ਲੱਗਾ ਹੋਇਆ ਹੈ। ਇਹ ਤਾਂ ਬਿਲਕੁਲ ਬੇਇਮਾਨੀ ਅਤੇ ਪੱਖਪਾਤ ਹੀ ਹੈ। ਇਸ ਪੱਖਪਾਤ ਨੂੰ ਵਿਸ਼ਵ ਭਰ ਦੇ ਲੋਕ ਅਤੇ ਦੇਸ਼ ਵਾਸੀ ਜ਼ਹਿਨ-ਨਸ਼ੀਨ ਵੀ ਕਰ ਰਹੇ ਹਨ। ਜੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਜੀ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰ ਸਕਦੇ ਹਨ ਤਾਂ ਫਿਰ ਕੋਈ ਖ਼ਾਲਿਸਤਾਨ ਜਾਂ ਅਜਿਹੀਆਂ ਹੋਰ ਧਾਰਨਾਵਾਂ ਬਾਰੇ ਕਿਉਂ ਗੱਲ ਨਹੀਂ ਕਰ ਸਕਦਾ? ਜਾਂ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤਕ ਸਾਰਾ ਕੂੜ-ਪ੍ਰਚਾਰ ਹੀ ਬੰਦ ਕਰ ਦਿਉ ਅਤੇ ਇਸ ਮਹਾਨ ਦੇਸ਼ ਨੂੰ ਬਦਲਣ ਜਾਂ ਤੋੜਨ ਦੀ ਗੱਲ ਕਰਨ ਵਾਲਿਆਂ ਨੂੰ ਇਕੋ ਅੱਖ ਨਾਲ ਵੇਖਦੇ ਹੋਏ ਜੇਲਾਂ ਵਿਚ ਸੁੱਟ ਦਿਉ ਜਾਂ ਫਿਰ ਸਾਰਿਆਂ ਨੂੰ ਅਪਣੀ-ਅਪਣੀ ਡਫ਼ਲੀ ਵਜਾਉਣ ਦੀ ਇਜਾਜ਼ਤ ਦਿਉ।
ਜ਼ਾਹਿਦਾ ਸੁਲੇਮਾਨ
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/IndianFirst71

Address


Telephone

+919877060785

Website

Alerts

Be the first to know and let us send you an email when Zahida Suleman posts news and promotions. Your email address will not be used for any other purpose, and you can unsubscribe at any time.

Contact The Business

Send a message to Zahida Suleman:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share