14/04/2021
ਪੁਰਖਿਆਂ ਦੀ ਵਿਉਂਤਬੰਦੀ
ਸਾਡੇ ਪੁਰਖਿਆਂ ਦੀ ਯੋਜਨਾਬੰਦੀ ਕਿਆ ਕਮਾਲ ਦੀ ਹੁੰਦੀ ਸੀ। ਸਾਲ ਭਰ ਦੀ ਕਣਕ ਭੰਡਾਰ ਕਰ ਲੈਣੀ, ਆਟੇ ਅਤੇ ਪਸ਼ੂਆਂ ਦੇ ਦਾਣੇ ਲਈ।ਮੌਸਮ ਦੇ ਹਿਸਾਬ ਨਾਲ ਅੰਬ, ਨਿੰਬੂ,ਮਿਰਚਾਂ, ਤੁਕੇ ਤੇ ਡੇਲਿਆਂ ਦਾ ਅਚਾਰ ਪੰਸੇਰੀਆਂ ਦੇ ਹਿਸਾਬ ਨਾਲ ਪਾਕੇ ਮਰਤਬਾਨ ਜਾਂ ਮੱਟੀਆਂ ਭਰ ਲੈਣੀਆਂ ।ਜਿਸ ਦੀ ਖੁਸ਼ਬੋਈ ਭੁੱਖ ਦੂਣਾ ਤੀਣਾ ਕਰ ਦੇਂਦੀ। ਕਿਹੜੀਆਂ ਸਬਜ਼ੀਆਂ ਨਸੀਬ ਹੁੰਦੀਆਂ ਸਨ ਸਾਰਿਆਂ ਨੂੰ।ਪ੍ਰਚੱਲਤ ਦਾਲਾਂ ਮਣ ਮਣ ਕੱਠੀਆਂ ਲੈ ਲੈਣੀਆਂ। ਰੁੱਤਾਂ ਅਨੁਸਾਰ ਸਾਬਤ ਜਾਂ ਪੀਹ ਕੇ ਵੱਖਰਾ ਸੁਆਦ ਪੈਦਾ ਕਰ ਲਿਆ ਜਾਂਦਾ।ਮੂੰਗੀ ਦੀ ਪ੍ਰਧਾਨਗੀ ਸੀ ਸਾਰੀਆਂ ਦਾਲਾਂ ਵਿੱਚੋਂ,ਜਿਸ ਨੂੰ ਅੱਜਕੱਲ੍ਹ ਦੀ ਪੀੜ੍ਹੀ ਹਰੀ/ਪੀਲੀ ਦਾਲ ਆਖਦੀ ਹੈ। ਸਾਰੀ ਸਰਦੀ ਸਾਬਤ ਮੂੰਗੀ,ਗਰਮੀ ਆਉਂਦੀ ਦਾਲ ਦਲ ਲਈ ਜਾਂਦੀ।ਦਰੜੀ ਅਤੇ ਛਿਲਕੇ ਸਮੇਤ ਅਲੱਗ ਅਲੱਗ ਸੁਆਦ।ਬਦਲਾਅ ਲਈ ਦਾਲ ਭਿਓਂ ਦਿੱਤੀ ਜਾਂਦੀ।ਪ੍ਰਾਂਤ ਵਿਚ ਪਾ ਕੇ ਹੱਥਾਂ ਨਾਲ ਰਗੜ ਰਗੜ ਕੇ ਪੀਲੀ ਪੀਲੀ ਦਾਲ ਬਣ ਜਾਂਦੀ ।ਬਚੀ ਹੋਈ ਦਾਲ ਦੀ ਪੀਠੀ ਬਣਾ ਕੇ ਬੜੀਆਂ ਟੁੱਕ ਲਈਆਂ ਜਾਂਦੀਆਂ।
ਘਰਾਂ ਵਿੱਚ ਪਾਪੜ ਬਣਾਉਣ ਵੇਲੇ ਤਾਂ ਉਤਸਵ ਵਰਗਾ ਮਾਹੌਲ ਹੁੰਦਾ ਸੀ। ਮੁਹੱਲੇ ਦੀਆਂ ਤਜਰਬੇਕਾਰ ਔਰਤਾਂ ਬੈਠ ਕੇ ਵਿਉਂਤਬੰਦੀ ਕਰਦੀਆਂ,ਕਿਹੜੇ-ਕਿਹੜੇ. ਕਿੰਨੇ-ਕਿੰਨੇ ਮਸਾਲੇ ਪਾਉਣੇ ਹਨ ।ਹਮੇਸ਼ਾਂ ਸਲਾਹ ਮਸ਼ਵਰੇ ਨਾਲ ਹੀ ਹੁੰਦਾ ਸੀ ਕਿਉਂਕਿ ਹਰ ਪਰਿਵਾਰ ਦਾ ਆਪਣਾ ਹੀ ਸੁਆਦ ਹੁੰਦਾ।ਖ਼ਾਸ ਕਰਕੇ ਕਾਲੀ ਜਾਂ ਭੂਰੀ ਮਿਰਚ ਦਾ।ਪੀਠੀ ਦਾਲ ਵਿੱਚ ਦਹੀਂ ਪਾ ਕੇ ਆਟਾ ਗੁੰਨ੍ਹਿਆ ਜਾਂਦਾ।ਕੱਚੇ ਆਟੇ ਨੂੰ ਸੁਆਣੀਆਂ ਚੱਖ ਕੇ ਦੇਖਦੀਆਂ। ਕਈ ਵਾਰ ਬੱਚਿਆਂ ਦੀ ਰਾਏ ਵੀ ਲੈ ਲਈ ਜਾਂਦੀ ਮਤੇ ਕੋਈ ਘਾਟ ਵਾਧ ਤਾਂ ਨੀ। ਕਿਆ ਕਮਾਲ ਦਾ ਜ਼ਾਇਕਾ ਹੁੰਦਾ ਸੀ਼.. ਦਹਾਕਿਆਂ ਬਾਅਦ ਅਜੇ ਵੀ ਸਵਾਦ ਯਾਦ ਹੈ।ਆਟੇ ਨੂੰ ਲੰਬੀਆਂ ਲੰਬੀਆਂ ਪੂਣੀਆਂ ਵਾਂਗ ਵੱਟਿਆ ਜਾਂਦਾ।ਧਾਗੇ ਨਾਲ ਗੋਲ-ਗੋਲ ਪੇੜੇ ਕੱਟੇ ਜਾਂਦੇ ਜਿਸ ਨੂੰ ਲੋਈਏ ਕਿਹਾ ਜਾਂਦਾ ਸੀ ।ਭੈਣ ਵਰਗੀਆਂ ਘਰਾਂ ਵਿਚ ਗਿਣ- ਗਿਣ ਕੇ ਲੋਈਆਂ ਪਾ ਆਉਂਦੀਆਂ।ਸ਼ਾਮ ਤੱਕ ਪਾਪੜ ਘਰੇ ਆਉਣੇ ਸ਼ੁਰੂ ਹੋ ਜਾਂਦੇ।ਪਾਪੜ ਵੇਲਣੇ ਵੀ ਇੱਕ ਕਲਾ ਹੁੰਦੀ ਸੀ।ਪਾਪੜਾਂ ਦੀ ਬਣਤਰ ਵੇਖ ਕੇ ਹੀ ਇਹ ਅੰਦਾਜ਼ਾ ਲਗਾ ਲਿਆ ਜਾਂਦਾ ਸੀ ਕਿ ਕਿਹੜੀ ਕੁੱਢਰ ਹੈ ਤੇ ਕਿਹੜੀ ਸਿਆਣੀ ਕਿਉਂਕਿ ਪਾਪੜ ਵੇਲਣ ਵੇਲੇ ਜੇਕਰ ਪਾਪੜ ਐਨ ਵਿਚਕਾਰੋ ਪਤਲਾ ਪੈ ਜਾਂਦਾ ਤਾਂ ਆਖਿਆ ਜਾਂਦਾ ਪਾਪੜ ਦਾ ਕਾਲਜਾ ਕੱਢ ਦਿੱਤਾ ਹੈ ਭਾਵ ਪਾਪੜ ਸਹੀ ਢੰਗ ਨਾਲ ਨਹੀਂ ਵੇਲਿਆ ਗਿਆ।ਪਾਪੜ ਭੁੰਨਣਾ ਵੀ ਕੋਈ ਸੌਖਾ ਨਹੀਂ ਸੀ ਹੁੰਦਾ ਚੁੱਲ੍ਹੇ ਜਾਂ ਅੰਗੀਠੀ ਉੱਤੇ ।ਮੈਂ ਸੁਣਿਆ ਰਾਜਸਥਾਨ ਵਿੱਚ ਕੁੜੀ ਦੀ ਸੁੱਘੜਤਾ ਪਰਖਣ ਲਈ ਉਸਨੂੰ ਪਾਪੜ ਭੁੰਨਣ ਲਈ ਕਿਹਾ ਜਾਂਦਾ ਹੈ ।ਸਿਰਫ਼ ਜ਼ਾਇਕੇ ਲਈ ਨਹੀਂ ਸਗੋਂ ਹਾਜ਼ਮੇ ਦੀ ਤੰਦਰੁਸਤੀ ਅਤੇ ਅਚਾਨਕ ਲੱਗੀ ਭੁੱਖ ਦਾ ਇਲਾਜ ਵੀ ਹੋਇਆ ਕਰਦੇ ਸਨ ਪਾਪੜ।
ਕਾਸ਼ਤਕਾਰ-ਗੈਰ ਕਾਸ਼ਤਕਾਰ,ਅਮੀਰ-ਗ਼ਰੀਬ ਸਭ ਆਪਣੀ ਹੈਸੀਅਤ ਮੁਤਾਬਕ ਘਰ ਵਿੱਚ ਲਵੇਰਾ ਜ਼ਰੂਰ ਰਖਦੇ। ਤੂੜੀ ਤੰਦ ਲਈ ਵੱਖਰਾ ਕੋਠਾ ਹੁੰਦਾ।ਤੂੜੀ ਵਾਲੇ ਕੋਠੇ ਵਿੱਚ ਲੇਟੀ ਅਤੇ ਤੂੜੀ ਦੀ ਖੁਸ਼ਬੋ ਅਤੇ ਕੰਡ ।ਲੁੱਕਣ ਮੀਟੀ ਖੇਡਣ ਵੇਲੇ ਜਦੋਂ ਤੂੜੀ ਵਾਲੇ ਕੋਠੇ ਵਿੱਚ ਲੁਕ ਜਾਂਦੇ ਅਚਾਨਕ ਤੂੜੀ ਦੀ ਢਿੱਗ ਡਿੱਗ ਪੈਂਦੀ। ਕਪੜੇ ਝਾੜ ਫਿਰ ਖੇਡਣਾ ਸ਼ੁਰੂ ਕਰ ਦਿੰਦੇ।ਦੁੱਧ,ਦਹੀਂ,ਮੱਖਣ ਤੇ ਲੱਸੀ ਹਰ ਘਰ ਵਿੱਚ ਆਮ ਹੁੰਦਾ ਸੀ।ਘਿਓ ਦੀ ਕੋਈ ਚਿੰਤਾ ਨਹੀਂ ਸੀ ਹੁੰਦੀ ਸ਼ੁੱਧ ਦੇਸੀ ਘੀ ਜਿਸ ਦੀ ਆਪਣੀ ਹੀ ਖ਼ੁਸ਼ਬੋਈ ਹੁੰਦੀ ਸੀ।ਸਬਜ਼ੀ ਨਹੀਂ ਤਾਂ ਨਾ ਸਹੀ ਦਹੀਂ ਚ ਖੰਡ ਪਾ ਲਓ ਜਾ ਪਿਆਜ ਕੱਟ ਕੇ ਲੂਣ ਮਿਰਚਾਂ ਪਾ ਲਓ ਸਬਜ਼ੀ ਤਿਆਰ ।ਭੁੱਖ ਲੱਗੀ ਤਾਂ ਘਿਓ ਜਾਂ ਮੱਖਣ ਨਾਲ ਰੋਟੀ ਤੇ ਚਾਟਾ ਮਾਟਾ ਕਰਕੇ ਉੱਪਰ ਲੂਣ ਮਿਰਚ ਭੁੱਕ ਲਓ।ਗੋਲ ਕਰੋ,ਬੁਰਕੀਆਂ ਵੱਢੋ,ਉੱਤੋਂ ਲੱਸੀ,ਪਾਣੀ ਜਾਂ ਚਾਹ ਪੀ ਲਓ ਹਾਜ਼ਮੇਦਾਰ ਡਕਾਰ ਆਉਂਦਾ।ਲੱਸੀ ਨੂੰ ਖੱਦਰ ਦੇ ਪੋਣੇ ਵਿੱਚ ਪਾ ਉੱਤੇ ਕੂੰਡਾ ਮੂਧਾ ਮਾਰ ਦਿੱਤਾ ਜਾਂਦਾ ਅਤੇ ਮੱਠਾ ਤਿਆਰ ਹੋ ਜਾਂਦਾ।ਉਬਲੇ ਹੋਏ ਆਲੂ ਉਸ ਵਿੱਚ ਪਾ ਦਿੱਤੇ ਜਾਂਦੇ ਦੁਪਹਿਰ ਦੀ ਸਬਜ਼ੀ ਦਾ ਡੰਗ ਮਰ ਜਾਂਦਾ।ਨਹੀਂ ਤਾਂ ਫਿਰ ਹਰਦਿਲ ਅਜ਼ੀਜ਼ ਕੜ੍ਹੀ ਤਾਂ ਕਿਧਰੇ ਗਈ ਹੀ ਨਹੀਂ।ਸਵਾਦ ਅਤੇ ਗੁਣਕਾਰੀ ਹੋਣ ਕਾਰਨ ਬਹੁਤੇ ਲੋਕ ਇਸ ਨੂੰ ਅਮਰਤੀ ਵੀ ਆਖਦੇ ਹਨ।ਭੰਡਾਰੇ ਅਤੇ ਲੰਗਰਾਂ ਦੀ ਜਿੰਦ ਜਾਨ। ਕੜ੍ਹੀ ਵਿੱਚ ਪੈਣ ਵਾਲੇ ਪਕੌੜੇ ਘੱਟ ਅਤੇ ਝਿੜਕਾਂ ਜਿਆਦਾ ਮਿਲਦੀਆਂ ਸਨ ਛੋਟੇ ਹੁੰਦਿਆਂ।
ਕਾਲੇ ਛੋਲਿਆਂ ਦੀ ਵੀ ਘਰਾਂ ਵਿੱਚ ਸਰਦਾਰੀ ਹੁੰਦੀ ਸੀ।ਰਾਤ ਨੂੰ ਛੋਲੇ ਭਿੋਓ ਦਿੱਤੇ ਜਾਂਦੇ।ਅਗਲੇ ਦਿਨ ਸਬਜ਼ੀ ਤਿਆਰ ।ਬਾਕੀ ਬਚੀ ਹੋਈ ਨੂੰ ਚਾਹ ਵੇਲੇ ਤੜਕਾ ਲਾ ਕੇ ਉਸ ਵਿੱਚ ਪਿਆਜ, ਹਰੀ ਮਿਰਚ,ਟਮਾਟਰ ਬਰੀਕ ਕੱਟ ਕੇ ਪਾ ਦਿੱਤੇ ਜਾਂਦੇ ਅਤੇ ਉੱਤੋਂ ਦੀ ਨਿੰਬੂ ਨਿਚੋੜ ਦਿੱਤਾ ਜਾਂਦਾ। ਛੋਲਿਆਂ ਨੂੰ ਉਬਾਲ ਕੇ ਪਸ਼ੂਆਂ ਲਈ ਤਿਆਰ ਕੀਤੀਆਂ ਜਾਂਦੀਆਂ ਬੱਕਲੀਆਂ ਪਸ਼ੂਆਂ ਦੀਆਂ ਖੁਰਲੀਆਂ ਵਿੱਚੋਂ ਕੱਢ ਕੱਢ ਕੇ ਖਾਣ ਦਾ ਸੁਆਦ ਵੱਖਰਾ ਹੁੰਦਾ ਸੀ। ਸ਼ਾਮ ਨੂੰ ਲਗਪਗ ਹਰ ਰੋਜ਼ ਭੁੱਖ ਲੱਗਦੀ ਤਾਂ ਭੱਠੀ ਤੇ ਛੋਲੇ ਭੁੰਨਾਕੇ ਲੈ ਆਉਣੇ।ਭਾਵੇਂ ਹੋਰ ਦਾਣੇ ਵੀ ਭੁੰਨਾਏ ਜਾਂਦੇ ਪ੍ਰੰਤੂ ਛੋਲਿਆਂ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ।ਵੱਖਰਤਾ ਪੈਦਾ ਕਰਨ ਲਈ ਛੋਲਿਆ ਵਿੱਚ ਥੋੜ੍ਹਾ ਜਿਹਾ ਦੇਸੀ ਘਿਓ ਪਾ ਉੱਤੇ ਲੂਣ ਮਿਰਚਾਂ ਭੁੱਕ ਲਏ ਜਾਂਦੇ ਜਾਂ ਫਿਰ ਕੂੰਡੇ ਘੋਟੇ ਵਿਚ ਛੋਲਿਆਂ ਨੂੰ ਪੀਸ ਕੇ ਖੰਡ ਜਾਂ ਸ਼ੱਕਰ ਪਾ ਦਿੱਤੀ ਜਾਂਦੀ।ਛੋਲੂਆ ਆਉਂਦਾ ।ਛੋਲਿਆਂ ਦਾ ਸਾਗ।ਖੱਟੀ ਖੱਟੀ ਚਟਨੀ ।ਹਰੀਆਂ ਟਾਟਾਂ ਦਾ ਸਵਾਦ ਤੇ ਫੇਰ ਸੁੱਕੇ ਛੋਲਿਆਂ ਦੀਆਂ ਹੋਲਾਂ,ਗਰਮਾਂ ਗਰਮ,ਕੱਚੀਆਂ ਪੱਕੀਆਂ ।ਕਈ ਵਾਰ ਹੋਲਾ ਭੁਲਾਵੇਂ ਕੋਲਾ ਵੀ ਖਾ ਜਾਂਦੇ।ਹੱਥ ਮੂੰਹ ਤੇ ਕਈ ਵਾਰ ਜੇਬਾਂ ਕਾਲੀਆਂ ਹੋਣ ਕਾਰਨ ਝਿੜਕਾਂ ਵੀ ਪੈਂਦੀਆਂ..ਪਰ ਬੇਪਰਵਾਹ ਬਚਪਨ।
ਹੋਰ ਤਾਂ ਹੋਰ ਪਿਆਜਾਂ ਦੇ ਵੀ ਗੱਟੇ ਲਏ ਜਾਂਦੇ। ਤੜਕੇ ਅਤੇ ਸਲਾਦ ਤੋਂ ਇਲਾਵਾ ਇਹ ਸਬਜ਼ੀ ਦਾ ਡੰਗ ਵੀ ਸਾਰ ਦਿੰਦੇ ਸਨ।
ਗੁੱਗਾ ਆਉਂਦਾ ਤਾਂ ਸਾਲ ਭਰ ਲਈ ਸੇਵੀਆਂ ਘਰ ਹੀ ਵੱਟ ਲਈਆਂ ਜਾਂਦੀਆਂ।ਸਵਾਦੀ ਤੇ ਸਿਹਤ ਵਰਧਕ।ਗਰਮੀਆਂ ਵਿੱਚ ਬਿਸਕੁਟ ਤੇ ਸਰਦੀਆਂ ਵਿਚ ਪਿੰਨੀਆਂ ਦੇ ਪੀਪੇ ਭਰ ਲਏ ਜਾਂਦੇ। ਪਿੰਡਾਂ ਵਿਚ ਤਾਂ ਕੱਪੜੇ ਧੋਣ ਵਾਲੀ ਸਾਬਣ ਵੀ ਆਪ ਤਿਆਰ ਕੀਤੀ ਜਾਂਦੀ।
ਸਰ੍ਹੋਂ ਦੀ ਘਾਣੀ ਕੱਢਵਾ ਤਿਆਰ ਕੀਤਾ ਤੇਲ ਰਸੋਈ ਤੋਂ ਗੁਸਲਖਾਨੇ ਤੱਕ ਵਰਤਿਆ ਜਾਂਦਾ ਸੀ।
ਕੂੰਡੇ ਘੋਟੇ ਵਿਚ ਰਗੜੀ ਚਿੱਬੜ, ਧਨੀਏ , ਪੂਦੀਨੇ ,ਪਿਆਜ ਟਮਾਟਰ ਅਦਰਕ ਅਤੇ ਹਰੀ ਮਿਰਚ ਦੀ ਚੱਟਣੀ ਦਾ ਮੁਕਾਬਲਾ ਕੀ ਅੱਜ ਕੱਲ੍ਹ ਦੇ ਸ਼ਾਹੀ ਪਨੀਰ ਕਰ ਸਕਦੇ ਹਨ ?ਬਹੀ ਰੋਟੀ ਨੂੰ ਤਲ ਕੇ ਹੋਰ ਸੁਆਦਲੀ ਬਣਾ ਲਿਆ ਜਾਂਦਾ।
ਸਰਦੀ ਵਿੱਚ ਮੋਠ, ਬਾਜਰੇ ਦੀ ਤਿਉੜ ਪਾ ਕੇ ਤਿਆਰ ਕੀਤੀ ਖਿੱਚੜੀ ਕੌਣ ਭੁੱਲ ਸਕਦਾ ਹੈ ??ਕਿੰਨੇ ਤਰ੍ਹਾਂ ਦੀ ਚੂਰੀ ਸੁਆਦੀ ਅਤੇ ਸਿਹਤਮੰਦ।
ਮਾਮਜਿਸਤੇ ਦੀ ਠਨ ਠਨ ਅਜੇ ਵੀ ਕੰਨਾਂ ਵਿੱਚ ਗੂੰਜਦੀ ਹੈ।ਹਰ ਘਰ ਵਿੱਚ ਲਾਲ ਮਿਰਚ ਆਪ ਹੀ ਪੀਸੀ ਜਾਂਦੀ। ਕੁੜੱਤਣ ਮਾਰਨ ਲਈ ਸਰ੍ਹੋਂ ਦਾ ਤੇਲ ਪਾ ਲਿਆ ਜਾਂਦਾ।
ਅਚਾਨਕ ਲੱਗੀ ਭੁੱਖ ਨੂੰ ਕੜਾਹ ਪ੍ਰਸ਼ਾਦ,ਦਲੀਆ ਜਾਂ ਫਿਰ ਬਾਲ ਭੋਗ ਤਿਆਰ ਕਰਕੇ ਵੀ ਸ਼ਾਂਤ ਕਰ ਦਿੱਤਾ ਜਾਂਦਾ ਸੀ।ਕਦੇ ਕਦੇ ਪਕੌੜੇ ਵੀ ਤਲ ਲਏ ਜਾਂਦੇ।
ਸਭ ਕੁਝ ਘਰ ਵਿੱਚ ਹੀ ਉਪਲੱਬਧ ਹੁੰਦਾ ਸੀ।ਤੰਦਰੁਸਤ ਸਰੀਰ,ਸ਼ਾਂਤ ਮਨ ਤੇ ਨਰੋਏ ਰਿਸ਼ਤੇ ।ਗੁਆਂਢੀਆਂ ਨਾਲ ਸਾਂਝ ਏਨੀ ਕਿ ਰੋਟੀ ਭਾਜੀ ਤੇ ਦਾਤਣ ਤੱਕ ਵੀ ਹੱਕ ਨਾਲ ਮੰਗ ਲਈ ਜਾਂਦੀ ਸੀ ਪੈਸੇ ਦੀ ਥਾਂ ਭਾਈਚਾਰਾ ਮੁੱਖ ਹੁੰਦਾ ਸੀ,ਮੁਹੱਲਾ ਇਕ ਪਰਿਵਾਰ ।
ਇਕੱਲਤਾ ਦੇ ਮਾਰੇ ਬੀਮਾਰ ਤਨ,ਵਿਚੱਲਤ ਮਨ ਵਾਲੇ ਆਧੁਨਿਕ ਤਰੱਕੀਆਂ ਛੂਹਣ ਵਾਲੇ ਪੜ੍ਹੇ ਲਿਖੇ ਇਸ ਦੌਰ ਨਾਲੋਂ ਉਹ ਪੱਛੜਿਆ ਘੱਟ ਪੜ੍ਹਿਆ ਲਿਖਿਆ ਤੇ ਸਿਹਤਮੰਦ ਯੁੱਗ ਸੈਂਕੜੇ ਗੁਣਾਂ ਬਿਹਤਰ ਸੀ।