26/03/2022
-ਮਿੰਟੂ ਗੁਰੂਸਰੀਆ-Mintu Gurusaria ਦੀ ਕੰਧ ਤੋਂ:
ਪੈਨਸ਼ਨ ਦੇ ਨਾਂਅ 'ਤੇ ਹੁੰਦੀ ਲੁੱਟ ਦੀ ਬੰਦੀ ਤੋਂ ਜਿਹੜੇ ਕੁਝ ਲੀਡਰਾਂ ਦੇ ਢਿੱਡ ਵਿੱਚ ਵੱਟ ਪਏ ਹਨ ਤੇ ਜਿਹੜੇ ਕਹਿੰਦੇ ਕਿ 70-80 ਤਨਖ਼ਾਹ ਨਾਲ਼ MLA ਦਾ ਕੀ ਬਣਦੈ, ਉਨ੍ਹਾਂ ਦੀ ਜ਼ੋਰਦਾਰ ਮੰਗ 'ਤੇ ਹਾਜ਼ਰ ਹੈ - 'ਕਿੱਸਾ ਖ਼ਜ਼ਾਨੇ ਦੀਆਂ ਘੀਸੀਆਂ ਦਾ'।
- ਮਹੀਨੇ ਦੀ ਮੌਜੂਦਾ ਵਿਧਾਇਕ ਦੀ ਤਨਖ਼ਾਹ 1 ਲੱਖ ।
- 5,000/- ਮੁਆਵਜ਼ਾ ਭੱਤਾ ਹਰ ਮਹੀਨੇ ।
- 25,000/- ਹਜ਼ਾਰ ਹਲਕਾ, ਸਕੱਤਰੇਤ ਤੇ ਡਾਕ-ਖਰਚ ਭੱਤਾ ਹਰ ਮਹੀਨੇ।
- 10,000 ਹਜ਼ਾਰ ਦਫ਼ਤਰੀ ਭੱਤਾ ਹਰ ਮਹੀਨੇ।
- 3,000 /- ਵਾਧੂ ਭੱਤਾ ਹਰ ਮਹੀਨੇ।
- 1,000/- ਬਿਜਲੀ/ਪਾਣੀ ਭੱਤਾ ਹਰ ਮਹੀਨੇ।
- 15,000/- ਟੈਲੀਫੋਨ ਭੱਤਾ ਹਰ ਮਹੀਨੇ।
- 10,000/- ਵੱਖਰਾ ਸਕੱਤਰੇਤ ਭੱਤਾ।
- ਇਨਕਮ ਟੈਕਸ (ਸਾਰਾ ਗੌਰਮਿੰਟ ਵੱਲੋਂ, ਯਾਨੀ ਲੋਕਾਂ ਦੇ ਪੈਸੇ ਨਾਲ਼)।
- 15/- ਰੋਡ ਮਾਇਲੈਜ ਫੀ ਕਿਲੋਮੀਟਰ।
- 15,00/- ਰੋਜ਼ਾਨਾ ਭੱਤਾ, ਹਰ ਦਿਨ।
- 3,00000/- ਤੱਕ ਟਰੈਵਲ ਸਹੂਲਤ।
ਹੋਰ ਸਹੂਲਤਾਂ ਮੇਰੇ ਸਾਬ੍ਹ ਦੀਆਂ .......
- ਰੇਲ ਤੇ ਏਅਰ ਸਫ਼ਰ ਵਿਚ ਬੁੱਲੇ-ਵੱਢ ਸਕੀਮ।
- ਰਹਾਇਸ਼ ਸਕੀਮ : 209 ਰੁਪਏ 'ਚ MLA ਹੋਸਟਲ ਵਿਚ ਫਲੈਟ (ਸਮੇਤ ਬਿਜਲੀ/ਪਾਣੀ), 50 ਰੁਪਈਆਂ ਵਿਚ ਮੋਟਰ ਗੈਰਾਜ ਤੇ 50 ਰੁਪਈਆਂ 'ਚ ਹੀ ਸੇਵਾਦਾਰਾਂ ਲਈ ਕੁਆਰਟਰ ਦੀ ਸਹੂਲਤ।
- ਮੈਡੀਕਲ ਸਹੂਲਤ : ਆਪਣੀ ਅਤੇ ਆਪਣੇ ਕਿਸੇ ਫੈਮਲੀ ਮੈਂਬਰ ਦੇ ਇਲਾਜ਼ ਦੀ ਸਾਰੀ ਰਾਸ਼ੀ , ਚਾਹੇ ਉਹ ਕਰੋੜਾਂ ਵਿਚ ਹੀ ਕਿਉਂ ਨਾ ਹੋਵੇ , ਬਿੱਲ ਦੇ ਕੇ ਵਸੂਲ ਕੀਤੀ ਜਾ ਸਕਦੀ ਹੈ। ਬਾਦਲ, ਬਰਾੜ ਇਤਿਆਦਿਕ ਪਰਵਾਰ ਮਿਸਾਲ ਹਨ।
- ਲੋਨ ਸਹੂਲਤ : ਘਰ ਖਰੀਦਣ ਲਈ 5,00000 /- ਦਾ ਲੋਨ ਹਾਜ਼ਰ , ਵਿਆਜ਼ ਸਮੇਤ ਇੱਕ ਵਾਪਸੀ ਤੋਂ ਬਾਅਦ ਦੋਬਾਰਾ 31,00000/- ਤੱਕ ਦਾ ਲੋਨ ਚੱਕੋ। ਮੋਟਰ-ਕਾਰ ਖਰੀਦਣ ਲਈ 15,00000/- ਦਾ ਵੱਖਰਾ ਲੋਨ।
- ਐਕਸ ਗ੍ਰੇਸ਼ੀਆ ਗ੍ਰਾਂਟ : ਜੋ ਵਿਧਾਨਕਾਰ ਰਹਿ ਚੁੱਕਾ ਹੋਵੇ ਉਹ ਉਹਦੇ ਫ਼ੌਤ ਹੋਣ ਤੋਂ ਬਾਅਦ 5,00000/- ਦੀ ਪਰਵਾਰ ਨੂੰ ਇਮਦਾਦ, ਅੱਤਵਾਦੀ ਗਤੀਵਿਧੀ 'ਚ ਜਾਨ ਜਾਣ 'ਤੇ 3,00000/- ਹੋਰ ਵੀ।
- ਸਾਬਕਾ ਵਿਧਾਇਕਾਂ ਦੀ ਪੈਨਸ਼ਨ : ਸਾਬਕਾ ਵਿਧਾਇਕ ਹੋਣ 'ਤੇ ਬੇਸਿਕ ਪੈਨਸ਼ਨ 15,000/- + 50% DA ਮਰਜ਼ਰ + 234% DA = 75000/- ਉਸ ਤੋਂ ਬਾਅਦ ਜਿੰਨੀਆਂ ਟਰਮਾਂ (ਵਾਰੀਆਂ) ਜੁੜਦੀਆਂ ਜਾਣ 50,000/- ਜੋੜੀ ਚੱਲੋ। ਵਿਧਾਇਕ ਦੇ ਮਰਨ ਤੋਂ ਬਾਅਦ 50% ਪੈਨਸ਼ਨ ਨੂੰ ਪਰਵਾਰ ਨੂੰ ਮਿਲਦੀ ਰਹੇਗੀ।
ਇਥੇ ਵਰਨਣਯੋਗ ਹੈ ਕਿ ਐਕਟ ਦੇ ਮੁਤਾਬਕ ਇਨ੍ਹਾਂ ਨੂੰ ਸਿਰਫ ਸਰਕਾਰੀ ਕਰਮਚਾਰੀਆਂ ਬਰੋਬਰ ਹੀ DA ਦਿੱਤਾ ਜਾ ਸਕਦੈ ਜਿਸ ਦੇ ਅਧਾਰ 'ਤੇ ਪਿਛਲੇ 5 ਸਾਲਾਂ ਦੌਰਾਨ ਅਦਾਇਗੀ ਯੋਗ ਪੈਨਸ਼ਨ 92 ਕਰੋੜ ਬਣਦੀ ਸੀ ਜੋ 192 ਕਰੋੜ ਦਿੱਤੀ ਗਈ , ਮਤਲਬ 100 ਕਰੋੜ ਦਾ ਘਪਲਾ।
ਸੋ, ਮੋਟੇ ਤੌਰ 'ਤੇ ਖਾਲ੍ਹੇ ਦੀ ਇੱਕ ਖੁੱਡ ਬੰਦ ਹੋਈ ਐ ਜਦਕਿ 'ਚੂਹਿਆਂ' ਨੇ ਸਾਰਾ ਖਾਲ੍ਹ ਈ ਪੱਟ ਰੱਖਿਆ ਹੈ। ਦੱਸੋ 15,000/- ਦਾ ਮਹੀਨੇ ਦਾ ਕਿਹੜਾ ਰਿਚਾਰਚ ਹੁੰਦੈ ਫੋਨ ਦਾ ? ਆਮ ਬੰਦਾ ਦੋ-ਚਾਰ ਸੌ ਦਾ ਕਰਾ ਕੇ ਮਹੀਨਾ ਸਾਰ ਲੈਂਦੈ। ਬਿਨ੍ਹਾਂ ਕਿਸੇ ਸਬੂਤ ਤੋਂ ਜਾ ਕੇ ਤਿੰਨ ਲੱਖ ਦਾ ਟਰੈਵਲ ਭੱਤਾ ਜਦੋਂ ਮਰਜ਼ੀ ਕਢਵਾ ਲਵੋ, ਕੋਈ ਟਿਕਟ ਤੱਕ ਦੇਣ ਦੀ ਲੋੜ ਨਹੀਂ , ਸਿੱਧੂ ਨੇ ਪਿਛਲੇ ਸਾਲ ਪੈਸੇ ਕਢਾਏ ਸਨ। 200/- ਕੋਈ ਸਾਲੀ ਇਕ ਦਿਨ ਅਚਕਨ ਪਾਉਣ ਲਈ ਕਿਰਾਏ 'ਤੇ ਨਹੀਂ ਦੇਂਦਾ,ਇਹ ਫਲੈਟ ਲੈਕੇ ਬੈਠੇ ਨੇ। ਮੈਡੀਕਲ ਖਰਚੇ ਦੀ ਇੱਕ ਹੱਦ ਹੋਵੇ, ਬਾਦਲ ਵਰਗਾ ਗਰੀਬੜਾ ਤਾਂ ਚਲੋ 3.5 ਕਰੋੜ ਲੈ ਗਿਆ ਪਰ ਕੱਲ੍ਹ ਨੂੰ ਕੋਈ 20 ਕਰੋੜ ਦਾ ਬਿੱਲ ਵੀ ਦੇ ਦੇਊਗਾ, ਅਮੀਰ-ਗਰੀਬ ਵਿਧਾਇਕ ਸਭ ਇੱਕੋ ਰੱਸੇ ਬੰਨ੍ਹ ਦਿੱਤੇ ਗਏ।
ਜਿਨ੍ਹਾਂ ਲੋਕਾਂ ਨੇ ਨਰਮ ਗੋਡਿਆ ਹੋਊ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਤਾਂਦਲਾ ਉੱਤੋਂ-ਉੱਤੋਂ ਕਸੀਏ ਨਾਲ਼ ਮੁੱਛੀਏ ਤਾਂ ਫੇਰ ਉੱਗ ਆਉਂਦੈ, ਜੜ੍ਹ 'ਚ ਮਾਰੋ ਕਸੀਆ ਤਾਂ ਕਾਜੀਆ ਈ ਨਿੱਬੜ ਜਾਂਦੈ, ਸੋ - ਇਸ ਲਈ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਬੇਲੋੜੇ ਭੱਤੇ ਤੇ ਲੁੱਟ ਬੰਦ ਕੀਤੀ ਜਾਵੇ , ਤਾਂ ਹੀ ਖੱਲ੍ਹ ਦੀਆਂ ਸਾਰੀਆਂ ਖੁੱਡਾਂ ਬੰਦ ਹੋ ਕੇ ਕੰਨੀ ਦੇ ਕਿਆਰੀ ਤੱਕ ਪਾਣੀ ਅੱਪੜੇਗਾ !!!!