18/01/2024
ਕਿਤਾਬ ‘ ਸ਼ਾਹਸਵਾਰ ’ ਦਾ ਰੀਵਿਊ
ਰੀਵਿਊ ਕਰਤਾ : ਲਵਨੀਤ ਸਿੰਘ ਸੂਈ
ਕਿਤਾਬ ‘ ਸ਼ਾਹਸਵਾਰ ’ ਕਹਾਣੀ ਸੰਗ੍ਰਿਹ ਹੈ। ਇਸ ਵਿੱਚ ਕੁੱਲ ਸੱਤ ਕਹਾਣੀਆਂ ਦਰਜ ਹਨ। ਕਿਤਾਬ ਦੇ ਲੇਖਕ ਬਾਰੇ ਗੱਲ ਕਰੀਏ ਤਾਂ ਕਿਤਾਬ ਨੂੰ ‘ ਵਰਿੰਦਰ ਖੁਰਾਣਾ ’ ਵੱਲੋਂ ਲਿਖਿਆ ਗਿਆ ਹੈ। ਵਰਿੰਦਰ ਖੁਰਾਣਾ ਇਸ ਵਖਤ ਪੰਜਾਬੀ ਯੂਨੀਵਰਸਿਟੀ ਵਿੱਚ ਗੈਸਟ ਫ਼ੈਕਲਟੀ ਪ੍ਰੋਫੈਸਰ ਵਜੋਂ ਨਿਯੁਕਤ ਹਨ।
ਗੱਲ ਕਰੀਏ ਕਿਤਾਬ ਬਾਰੇ ਤਾਂ ਕਿਤਾਬ ਵਿੱਚ ਅਜੋਕੇ ਸਮੇਂ ਦੀਆਂ ਮੁਸ਼ਕਿਲਾਂ ਜੋ ਕੇ ਨੌਜਵਾਨਾਂ ਨੂੰ ਦੇਖਣੀਆਂ/ਝੱਲਣੀਆਂ ਪੈਂਦੀਆਂ ਹਨ, ਉਹਨਾਂ ਵਾਰੇ ਗੱਲ ਕੀਤੀ ਗਈ ਹੈ। ਕਹਾਣੀਆਂ ਵਿੱਚ ਰੋਚਕਤਾਂ ਪੂਰਨ ਰੂਪ ਵਿੱਚ ਭਰਪੂਰ ਹੈ। ਇਹੀ ਕਾਰਨ ਹੈ ਕਿ ਕਿਤਾਬ ਪਾਠਕ ਨੂੰ ਆਪਣੇ ਆਪ ਨਾਲ ਬੰਨਕੇ ਰੱਖਦੀ ਹੈ। ਹਰੇਕ ਕਹਾਣੀ ਆਪਣੇ ਸਿਰਲੇਖ ਨਾਲ ਇਨਸਾਫ ਕਰਦੀ ਨਜ਼ਰ ਆਉਂਦੀ ਹੈ। ਕਿਤਾਬ ਦੇ ਸਿਰਲੇਖ ‘ ਸ਼ਾਹਸਵਾਰ ’ ਦੀ ਗੱਲ ਕਰੀਏ ਤਾਂ ਇਸ ਤੋਂ ਭਾਵ ‘ ਸਵਾਰੀ ਵਿੱਚ ਮਾਹਰ ’, ਉਸੇ ਮਾਹਰ ਨੂੰ ਸ਼ਾਹਸਵਾਰ ਕਿਹਾ ਜਾਂਦਾ ਹੈ। ਕਿਤਾਬ ਵਿਚਲੀਆਂ ਸਾਰੀਆਂ ਕਹਾਣੀਆਂ ਸ਼ਾਹਸਵਾਰ ਦਾ ਕੰਮ ਕਰਦਿਆਂ ਹਨ। ਹਰੇਕ ਕਹਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਕੋਈ ਵੀ ਕਹਾਣੀ ਜੋ ਵੀ ਸਮੱਸਿਆ ਨੂੰ ਉੱਭਾਰਦੀ ਤਾਂ ਉਸ ਦਾ ਪੂਰਨ ਰੂਪ ਵਿੱਚ ਨਿਪਟਾਰਾ ਵੀ ਕਰਦੀ ਹੈ। ਕਹਾਣੀਆਂ ਵਿਚਲੀ ਵਾਕ ਬਣਤਰ ਦੀ ਕਰੀਏ ਤਾਂ ਉਸ ਵਿੱਚ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਦਿੱਖਦੀ। ਇੱਕ ਗੱਲ ਇਸਦੇ ਨਾਲ ਜੋੜਕੇ ਹੀ ਲਿਖਦਾ ਕਿ ਕਿਤਾਬ ਵਾਲੀਆਂ ਕਹਾਣੀਆਂ ਰਵਾਨਗੀ ਵਿੱਚ ਚਲਦੀਆਂ ਹਨ, ਕੀਤੇ ਵੀ ਰੁਕਦੀਆਂ ਨਹੀਂ ਅਤੇ ਨਾ ਹੀ ਪਾਠਕ ਦੀ ਰੋਚਕਤਾ ਵਿੱਚ ਅੜਿੱਕਾ ਪਾਉਂਦੀਆਂ ਨਜ਼ਰ ਆਉਂਦੀਆਂ ਹਨ। ਲੇਖਕ ਦਾ ਭਾਸ਼ਾ ਦਾ ਵਿਦਿਆਰਥੀ ਹੋਣਾ ਉਸਦੀ ਕਹਾਣੀਆਂ ਵਿੱਚੋਂ ਦੇਖਿਆ ਜਾ ਸਕਦਾ ਹੈ। ਕਹਾਣੀਆਂ ਵਿੱਚ ਪਾਤਰਾਂ ਦੀ ਵਾਰਤਾਲਾਪ ਨੂੰ ਮੋਲਿਕ ਹੀ ਰੱਖਿਆ ਗਿਆ ਹੈ। ਜੋ ਵੀ ਪਾਤਰ ਜਿਸ ਤਰੀਕੇ ਦੇ ਪਿਛੋਕੜ ਨਾਲ ਸੰਬੰਧ ਰੱਖਦਾ ਹੈ ਉਸਦੀ ਵਾਰਤਾਲਾਪ ਉਸ ਭਾਸ਼ਾ ਵਿੱਚ ਹੀ ਲਿਖੀ ਗਈ ਹੈ। ਜਿਵੇਂ ਕਿ ਕਹਾਣੀ ‘ ਗੱਲਵਕੜੀ ’ ਵਿੱਚ ਦੇਵ ਤੇ ਉਸਦੀ ਸਹਿਕਰਮੀ ਰਜੇਸ਼ਵਰੀ ਵਿਚਲੀ ਵਾਰਤਾਲਾਪ ਉਸੇ ਲਹਿਜੇ [ ਅੰਗ੍ਰੇਜ਼ੀ ] ਨਾਲ ਹੀ ਰਚੀ ਗਈ ਹੈ ਜਿਸ ਲਹਿਜੇ ਉਹ ਬੋਲਦੇ ਹੋਣਗੇ। ਇਸਦਾ ਕਾਰਨ ਜਾਨਣ ਲਈ ਤੁਹਾਨੂੰ ਕਿਤਾਬ ‘ ਸ਼ਾਹਸਵਾਰ ’ ਪੜ੍ਹਨੀ ਪਵੇਗੀ। ਤੁਹਾਨੂੰ ਫੇਰ ਹੀ ਪਾਤਰਾਂ ਦੀ ਵਾਰਤਾਲਾਪ ਅੰਗ੍ਰੇਜ਼ੀ ਵਿੱਚ ਲਿਖਣ ਦੇ ਕਰਨ ਪਤਾ ਲੱਗ ਸਕਦੇ ਹਨ। ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਤਾਬ ਨੌਜਵਾਨਾਂ ਦੇ ਮਨ ਵਿੱਚ ਉਠਦੇ ਸਵਾਲਾਂ ਦੇ ਜਵਾਬ ਵੀ ਦਿੰਦੀ ਨਜ਼ਰ ਆਉਂਦੀ ਹੈ।
ਕਿਤਾਬ ਦੀ ਪਹਿਲੀ ਕਹਾਣੀ ਜਿੱਥੇ ਅੱਜ ਦੀ ਸੋਚ ਉਪਰ ਪ੍ਰਕਾਸ਼ ਪਾਉਂਦੀ ਹੈ ਉੱਥੇ ਨਾਲ ਨਾਲ ਹੀ ਪੁਰਾਣੀਆਂ ਸੋਚ ਦੇ ਘੇਰੇ ਨੂੰ ਵੀ ਤੋੜਦੀ ਨਜ਼ਰ ਆਉਂਦੀ ਹੈ। ਜਿਸ ਤਰੀਕੇ ਨਾਲ ਲੇਖਕ ਨੇ ਔਰਤਾਂ ਦੇ ਹੱਕ ਤੇ ਪੱਖ ਨੂੰ ਦਰਸਾਇਆ, ਉਹ ਤਰੀਕਾ ਬੜਾ ਬਕਮਾਲ ਹੈ। ਦੂਜੀ ਕਹਾਣੀ ਵਿਚ ਲੇਖਕ ਨੇ ਮਾਮੇ ਭਾਣਜੇ ਦੇ ਵਿਚਲੇ ਰਿਸ਼ਤੇ ਨੂੰ ਉਭਾਰਿਆ ਹੈ। ਕਿਸ ਤਰੀਕੇ ਨਾਲ ਇਨਸਾਨ ਦੇ ਬੋਧਿਕ ਪੱਧਰ ਦੇ ਵਿਕਾਸ ਨਾਲ ਵਰਤਾਓ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਤੀਜੀ ਕਹਾਣੀ ਮਨ ਦੇ ਸਫ਼ਰਾਂ ਨੂੰ ਉਭਾਰਦੀ ਹੈ। ਕਹਾਣੀ ਵਿਚ ਮੁੱਖ ਪਾਤਰ ਜੀਤ ਕਿਸੇ ਕਾਰਨ ਕਰਕੇ ਆਪਣੇ ਆਪ ਨੂੰ ਬੰਨਕੇ ਰੱਖਦਾ ਹੈ। ਚੁੱਪ ਤੇ ਉਦਾਸ ਰਹਿੰਦਾ ਹੈ। ਪਰ ਉਹਦੇ ਨਾਲ ਸਫ਼ਰ ਕਰਦੀ ਕੁੜੀ ਦੀਪਤੀ ਉਹਨੂੰ ਕੁਝ ਇਹੋ ਜਿਹੀਆਂ ਗੱਲਾਂ ਕਹਿੰਦੀ ਹੈ ਕਿ ਉਹਦੇ ਮਨ ਉੱਪਰ ਗਹਿਰਾ ਅਸਰ ਕਰਦੀਆਂ ਹਨ। ਹੁਣ ਉਹਦਾ ਚੁੱਪ ਰਹਿਣ ਨੂੰ ਮਨ ਨਹੀਂ ਕਰਦਾ ਸਗੋਂ ਉਸਦਾ ਹੁਣ ਗੱਲਾਂ ਕਰਨ ਨੂੰ ਮਨ ਕਰਦਾ ਹੈ। ਇਹੋ ਜਿਹਾ ਕੀ ਕਿਹਾ ਹੋਣਾ ਦੀਪਤੀ ਨੇ ਜੋ ਜੀਤ ਹੁਣ ਗੱਲਾਂ ਕਰਨੀਆਂ ਚਾਹੁੰਦਾ ਹੈ, ਇਹ ਸਭ ਜਾਨਣ ਲਈ ਤੁਹਾਨੂੰ ਇਹ ਕਹਾਣੀ ਪੜ੍ਹਨੀ ਪਵੇਗੀ। ਕਿਤਾਬ ਵਿਚਲੀ ਚੌਥੀ ਕਹਾਣੀ ਇੱਕ ਔਰਤ ਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਹੈ। ਕਿਵੇਂ ਇੱਕ ਔਰਤ ਦੇ ਆਪਣੇ ਪਿਆਰ ਦੇ ਵਿਛੜਨ ਤੋਂ ਬਾਅਦ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਲੇਖਕ ਨੇ ਇੱਕ ਔਰਤ ਦੇ ਜਜ਼ਬਾਤਾਂ ਨੂੰ ਬੜੀ ਹੀ ਖੁਬਸੂਰਤੀ ਨਾਲ ਪੇਸ਼ ਕੀਤਾ ਹੈ। ਕਿਤਾਬ ਵਿਚਲੀ ਪੰਜਵੀਂ ਅਤੇ ਛੇਵੀਂ ਕਹਾਣੀ ਇੱਕੋ ਕਹਾਣੀ ਦੇ ਦੋ ਭਾਗ ਹਨ। ਸੰਪੂਰਨ ਰੂਪ ਵਿੱਚ ਗੱਲ ਕਰੀਏ ਤਾਂ ਕਹਾਣੀ ਵਿੱਚ ਕਿਰਤੀਆਂ ਦੀ ਲੁੱਟ ਅਤੇ ਇਨਸਾਨ ਦੇ ਮਜਬੂਰੀ ਵਿੱਚ ਕਰ ਰਹੇ ਕੰਮ ਨੂੰ ਛੱਡਕੇ ਉਸ ਕੰਮ ‘ਚੋਂ ਬਾਹਰ ਨਿਕਲਣ ਦੀ ਕਹਾਣੀ ਹੈ। ਕਹਾਣੀ ਵਿੱਚ ਮਨ ਦੀ ਅਜ਼ਾਦੀ, ਕਿਰਤੀਆਂ ਦੀ ਲੁੱਟ, ਕੈਰੀਅਰ, ਜ਼ਿੰਦਗੀ ਅਤੇ ਬਦਲਾਵ ਵਰਗੇ ਕਈ ਪੱਖਾਂ ਉੱਪਰ ਗੱਲ ਕਰੀ ਗਈ ਹੈ। ਅਖੀਰਲੀ ਕਹਾਣੀ ਇਸ ਕਿਤਾਬ ਦੀ ਜਿਸਦਾ ਸਿਰਲੇਖ ‘ ਸ਼ਾਹਸਵਾਰ ’ ਹੈ ਜੋ ਕਿ ਇਸ ਕਿਤਾਬ ਦਾ ਵੀ ਸਿਰਲੇਖ ਹੈ। ਕਹਾਣੀ ਇੱਕ ਗੈਸਟ ਫ਼ੈਕਲਟੀ ਪ੍ਰੋਫੈਸਰ ਦੀ ਹੈ ਜੋ ਕੇ ਹਲਾਤਾਂ ਅਤੇ ਸਰਕਾਰਾਂ ਦਾ ਮਾਰਿਆ ਹੋਇਆ ਹੈ। ਕਹਾਣੀ ਵਿੱਚ ਗੈਸਟ ਫ਼ੈਕਲਟੀ ਪ੍ਰੋਫੈਸਰ ਦੀ ਜ਼ਿੰਦਗੀ ਤੇ ਉਹਦੇ ਸੰਘਰਸ਼ ਨੂੰ ਬਿਆਨ ਕੀਤਾ ਗਿਆ ਹੈ। ਇਹ ਕਿਹਾ ਜਾ ਸਕਦਾ ਹੈ ਹਰੇਕ ਕਹਾਣੀ ਕੋਈ ਨਾ ਕੋਈ ਨਵੀਂ ਸੋਝੀ ਪ੍ਰਦਾਨ ਕਰਦੀ ਹੈ। ਅਖੀਰ ਵਿੱਚ ਇਹੀ ਕਹਿਣਾ ਹੈ ਕਿ ਕਿਤਾਬ ਦੇ ਲੇਖਕ ‘ ਵਰਿੰਦਰ ਖੁਰਾਣਾ ’ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਏਨੀ ਸੋਹਣੀ ਕਿਤਾਬ ਰਚੀ ਅਤੇ ਉਮੀਦ ਹੈ ਕਿ ਭਵਿੱਖ ਵਿੱਚ ਵੀ ਉਹ ਇਸ ਤਰੀਕੇ ਦਾ ਸਾਹਿਤ ਰਚਦੇ ਰਹਿਣਗੇ।
Varinder Khurana