18/12/2025
ਕਸ਼ਤੀ ਤੁਰੀ ਜਾ ਰਹੀ ਸੀ।
ਮੰਝਦਾਰ 'ਚ ਮਲਾਹ ਨੇ ਆਖਿਆ, ਕਿਸ਼ਤੀ ਚ ਭਰ ਜਿਆਦਾ ਹੈ, ਕੋਈ ਇੱਕ ਬੰਦਾ ਘੱਟ ਜਾਵੇ ਤਾਂ ਠੀਕ ਹੈ, ਨਹੀਂ ਕਿਸ਼ਤੀ ਡੁੱਬ ਜਾਵੇਗੀ।
ਹੁਣ, ਘੱਟ ਜਾਵੇ ਤਾਂ ਕੌਣ ਘੱਟ ਜਾਵੇ? ਕੁਝ ਤਾਂ ਤੈਰਨਾ ਤੱਕ ਵੀ ਨਹੀਂ ਜਾਣਦੇ ਸੀ, ਤੇ ਜਿਹੜੇ ਜਾਣਦੇ ਵੀ ਸੀ ਓਹਨਾ ਲਈ ਵੀ ਤੈਰ ਕੇ ਜਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸ਼ਤੀ ਚ ਹਰ ਤਰ੍ਹਾਂ ਦੇ ਲੋਕ ਸਨ, ਡਾਕਟਰ, ਅਫ਼ਸਰ, ਵਕੀਲ, ਵਪਾਰੀ, ਬਿਜਨਮੈਨ, ਪੁਜਾਰੀ, ਨੇਤਾ ਤੇ ਆਮ ਆਦਮੀ ਵੀ। ਡਾਕਟਰ, ਵਕੀਲ, ਵਪਾਰੀ ਇਹ ਸਾਰੇ ਚਾਹੁੰਦੇ ਸਨ ਆਮ ਆਦਮੀ ਪਾਣੀ ਚ ਉਤਰ ਜਾਵੇ; ਓਹੀ ਤੈਰ ਕੇ ਪਾਰ ਲੰਘ ਸਕਦਾ ਹੈ ਅਸੀਂ ਨਹੀਂ...
ਓਹਨਾ ਨੇ ਆਮ ਆਦਮੀ ਨੂੰ ਕੁੱਦ ਜਾਣ ਲਈ ਆਖਿਆ, ਤਾਂ ਉਸ ਨੇ ਮਨਾ ਕਰ ਦਿੱਤਾ। ਆਖਿਆ ਕਿ ਜਦੋਂ ਮੈਂ ਡੁੱਬਣ ਲਈ ਜਾਂਦਾ ਹਾਂ ਤਾਂ ਤੁਹਾਡੇ ਚੋਂ ਕੌਣ ਮੇਰੀ ਮਦਦ ਕਰਦਾ ਹੈ ਜਿਹੜਾ ਅੱਜ ਮੈਂ ਤੁਹਾਡੀ ਕਰਾਂ?
ਜਦੋਂ ਆਮ ਆਦਮੀ ਕਾਫੀ ਮਨਾਉਣ ਤੋਂ ਬਾਅਦ ਵੀ ਨਹੀਂ ਮੰਨਿਆ ਤਾਂ, ਓਹ ਨੇਤਾ ਕੋਲ ਗਏ। ਜੋ ਸਭ ਤੋਂ ਪਰ੍ਹਾਂ ਹੀ ਬੈਠਾ ਸੀ। ਓਹਨਾ ਨੇ ਸਭ ਕੁਝ ਨੇਤਾ ਨੂੰ ਸੁਣਾਉਣ ਤੋਂ ਬਾਅਦ ਆਖਿਆ ਕਿ ਆਮ ਆਦਮੀ ਸਾਡੀ ਗੱਲ ਨਹੀਂ ਮੰਨੇਗਾ ਤਾਂ ਅਸੀਂ ਉਸ ਨੂੰ ਚੁੱਕ ਕੇ ਨਦੀ ਚ ਸੁੱਟ ਦਿਆਂਗੇ।
ਨਹੀਂ ਨਹੀਂ ਇਓਂ ਕਰਨਾ ਗਲਤੀ ਹੋਵੇਗੀ। ਇਹ ਕਰਨਾ ਆਮ ਆਦਮੀ ਨਾਲ ਇਨਸਾਫ ਨਹੀਂ ਹੋਵੇਗਾ। ਮੈਂ ਦੇਖਦਾ; ਮੈਂ ਭਾਸ਼ਣ ਦਿੰਦਾ ਹਾਂ; ਤੁਸੀਂ ਵੀ ਨਾਲ ਹੀ ਸੁਣਿਓ। ਨੇਤਾ ਨੇ ਆਖਿਆ।
ਨੇਤਾ ਨੇ ਜੋਸ਼ੀਲਾ ਭਾਸ਼ਣ ਸ਼ੁਰੂ ਕੀਤਾ, ਜਿਸ ਚ ਦੇਸ਼, ਰਾਸ਼ਟਰ, ਇਤਿਹਾਸ, ਪ੍ਰੰਪਰਾ ਦੀ ਗਾਥਾ ਦਾ ਗੁਣਗਾਨ ਕਰਦਿਆਂ ਦੇਸ਼ ਲਈ ਬਲੀ ਚੜ੍ਹ ਜਾਣ ਦੇ ਹੱਕ ਚ ਹੱਥ ਤਾਂਹ ਕਰਦਿਆ ਉੱਚੀ ਵਾਜ਼ ਚ ਆਖਿਆ ਅਸੀਂ ਮਰ ਮਿਟਾਂਗੇ, ਪਰ ਆਪਣੀ ਕਿਸ਼ਤੀ ਨਹੀਂ ਡੁੱਬਣ ਦਿਆਂਗੇ; ਨਹੀਂ ਦਿਆਂਗੇ, ਨਹੀਂ ਦਿਆਂਗੇ।
ਸੁਣਦਿਆਂ ਆਮ ਆਦਮੀ ਚ ਏਨਾ ਜੋਸ਼ ਆਇਆ ਕਿ ਉਹ ਝੱਟ ਦੇਣੇ ਨਦੀ ਚ ਕੁੱਦ ਪਿਆ...
[ ਸ਼ੰਕਰ ਪੁਨਤਾਂਬੇਕਰ ਦੀ ਲਿਖੀ ' ਆਮ ਆਦਮੀ ' ]