
02/05/2025
ਮੁਕਤਸਰ ਪੁਲਿਸ ਨੇ ਚਲਾਇਆ ਸਰਚ ਅਭਿਆਨ ਦੇਖੋ ਕਿੱਥੇ ਕਿੱਥੇ ਕੀਤੀ ਚੈਕਿੰਗ!
"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ, ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਜਿਲ੍ਹੇ ਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ 'ਤੇ ਅਚਾਨਕ ਸਰਚ ਅਭਿਆਨ ਚਲਾਇਆ। ਇਹ ਕਾਰਵਾਈ ਐਸ.ਐਸ.ਪੀ. ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੁਕਤਸਰ, ਮਲੋਟ, ਗਿੱਦੜਬਾਹਾ ਅਤੇ ਲੰਬੀ ਸਬ-ਡਿਵੀਜ਼ਨਾਂ ਦੇ ਡੀ.ਐਸ.ਪੀ.ਸ ਦੇ ਨਾਲ-ਨਾਲ 300 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਰਹੇ।
ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ, ਮੁੱਖ ਰਾਹਾਂ ਨੂੰ ਸੀਲ ਕਰਕੇ ਨਾਕਾਬੰਦੀਆਂ ਕੀਤੀਆਂ ਗਈਆਂ, ਜਿੱਥੇ ਵਹੀਕਲਾਂ ਦੀ ਜਾਂਚ, ਦਸਤਾਵੇਜ਼ਾਂ ਦੀ ਤਸਦੀਕ, ਬਿਨਾਂ ਨੰਬਰ ਪਲੇਟ ਵਾਲੀਆਂ ਗੱਡੀਆਂ ਦੀ ਪਛਾਣ ਅਤੇ ਲਵਾਰਿਸ ਸਮਾਨ ਦੀ ਛਾਨਬੀਨ ਕੀਤੀ ਗਈ। P.C.R. ਮੋਟਰਸਾਈਕਲ ਟੀਮਾਂ ਰਾਤ-ਦਿਨ ਗਸ਼ਤ ਕਰ ਰਹੀਆਂ ਹਨ ਅਤੇ ਡਰੋਨ ਕੈਮਰਿਆਂ ਰਾਹੀਂ ਸ਼ਹਿਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ।ਡਿਜ਼ੀਟਲ ਤਰੀਕਿਆਂ ਰਾਹੀਂ ਵੀ ਕਾਰਵਾਈ ਹੋਈ – PAIS ਐਪ ਰਾਹੀਂ ਵਿਅਕਤੀਆਂ ਦੀ ਜਾਂਚ, VAHAN ਐਪ ਰਾਹੀਂ ਵਹੀਕਲ ਡਾਟਾ ਇਕੱਠਾ ਕੀਤਾ ਗਿਆ। ਐਂਟੀ-ਸਾਬੋਟਾਜ਼ ਟੀਮਾਂ ਨੇ ਰੇਲਵੇ ਸਟੇਸ਼ਨਾਂ 'ਤੇ ਤਲਾਸ਼ੀ ਲਈ ਵਿਸ਼ੇਸ਼ ਰੂਪ ਰੇਖਾ ਬਣਾਈ।
ਡੀ.ਐਸ.ਪੀ. ਸਤਨਾਮ ਸਿੰਘ ਨੇ ਐਲਾਨ ਕੀਤਾ ਕਿ ਇਹ ਤਰ੍ਹਾਂ ਦੀਆਂ ਕਰਵਾਈਆਂ ਲਗਾਤਾਰ ਕੀਤੀਆਂ ਜਾਣਗੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਢਿੱਲ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਵੀ ਸ਼ੱਕੀ ਜਾਣਕਾਰੀ ਹੋਵੇ, ਤਾਂ ਪੁਲਿਸ ਨੂੰ 112 ਜਾਂ 8054942100 'ਤੇ ਸੰਪਰਕ ਕਰਨ – ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।