03/02/2025
ਲਾਹੌਰ ਦਾ ਸਬੱਬ ਬਣਿਆ ਤਾਂ ਚਵਿੰਡੇ ਚੋਧਰੀ ਰਹਿਮਤ ਬਾਜਵੇ ਨੂੰ ਸੁਨੇਹਾ ਘਲ ਦਿਤਾ ਐਤਕੀ ਪਿੰਡ ਭਧਾਨੇ ਜਰੂਰ ਜਾਣਾ..ਲਾਹੌਰ ਤੋਂ ਤਕਰੀਬਨ ਚੌਂਤੀ ਕਿਲੋਮੀਟਰ..ਕਸੂਰ ਰੋਡ ਤੇ..ਐਨ ਬਾਡਰ ਦੀ ਹਿੱਕ ਤੇ..!
ਰਾਹ ਵਿਚ ਇੱਕ ਥਾਂ ਪੁਲ ਤੋਂ ਭੁਲੇਖਾ ਪੈ ਗਿਆ..ਸੇਮ ਨਾਲੇ ਤੇ ਇੱਕ ਬਾਬਾ ਮਹੀਆਂ ਬੱਕਰੀਆਂ ਚਾਰੀ ਜਾਵੇ..ਅਸਾਂ ਕੋਲ ਗੱਡੀ ਖਲਿਆਰ ਲਈ..!
ਐਨਕਾਂ ਸਹੀ ਕਰਦਾ ਆਖਣ ਲੱਗਾ..ਆ ਗਏ ਓ ਸਰਦਾਰੋ..ਜੀ ਆਇਆਂ ਨੂੰ..!
ਜੀ ਕੀਤਾ ਘੜੀ ਕੂ ਕੋਲ ਬੈਠ ਜਾਵਾਂ..ਪੁੱਛਿਆ ਬਾਬਾ ਥੋੜੇ ਕੋਲ ਬੈਠ ਜਾਵਾਂ..?
ਆਖਣ ਲੱਗਾ ਕੋਲ ਕੀ ਤੁਸੀਂ ਸਰਦਾਰ ਤਾਂ ਮੇਰੇ ਦਿਲ ਵਿਚ ਬੈਠੇ ਓ..ਅੱਬਾ ਗੁਲਾਮ ਹੈਦਰ ਅਖੀਰ ਤੀਕਰ ਆਪਣੇ ਯਾਰ ਹਰਨਾਮ ਸਿੰਘ ਨੂੰ ਚੇਤੇ ਕਰਦਾ ਮੁੱਕ ਗਿਆ..!
ਦਸਾਂ ਮਿੰਟਾਂ ਦੀ ਮਿਲਣੀ..ਕਿੰਨੀ ਵੇਰ ਰੋਇਆ ਹੋਣਾ..ਮੈਨੂੰ ਵੀ ਰਵਾਇਆ..ਚੁਮਾਸਾ ਪੂਰਾ ਲੱਗਾ ਸੀ..ਮੁੜਕਾ ਚੋਈ ਜਾਵੇ..ਅਸਾਂ ਪਾਣੀ ਦੀ ਬੋਤਲ ਦਿੱਤੀ..ਹੱਸ ਪਿਆ ਅਖ਼ੇ ਰਾਵੀ ਝਨਾਬ ਬੋਤਲਾਂ ਅੰਦਰ ਕੈਦ ਹੋ ਕੇ ਰਹਿ ਗਏ!
ਐਨ ਪਿੰਡ ਅੰਦਰ ਛੇਵੀਂ ਪਾਤਸ਼ਾਹੀ ਦਾ ਗੁਰੂਦੁਆਰਾ..ਕੋਲ ਇੱਕ ਚੋਬਰ ਟੋਕੇ ਤੇ ਪੱਠੇ ਕੁਤਰੀ ਜਾਵੇ..ਮੂੰਹ ਪੂੰਝਦਾ ਕੋਲ ਆ ਗਿਆ..ਆਖਣ ਲੱਗਾ ਜੀ ਅਸੀ ਇਸ ਥਾਂ ਦਾ ਬੜਾ ਇਹਤਰਾਮ ਕਰਦੇ ਹਾਂ..ਕਦੇ ਡੰਗਰ ਨਹੀਂ ਬੰਨੇ..
ਗੁਰੂ ਘਰ ਦੀ ਕੰਧ ਤੇ ਬਾਹਰ ਗੁਰਮੁਖੀ ਵਿਚ ਕਿੰਨੇ ਸਾਰੇ ਨਾਮ..ਅੰਦਰ ਰਹਿੰਦੇ ਕੁਝ ਟੱਬਰ..ਇੱਕ ਆਖਣ ਲੱਗਾ ਅਸੀ ਹਮਾਤੜ ਕੀ ਕਰ ਸਕਦੇ ਹਾਂ..ਪਰ ਜੇ ਹਕੂਮਦ ਜਾੰ ਸੰਗਤ ਸੇਵਾ ਲਵੇ ਤਾਂ ਪੰਜ ਕੂ ਕਰੋੜ ਦਾ ਖਰਚਾ..ਐਨ ਸੋਹਣਾ ਬਣ ਸਕਦਾ!
ਇਥੋਂ ਚੜ੍ਹਦੇ ਪੰਜਾਬ ਦਾ ਪਿੰਡ ਨੁਸ਼ਿਹਰਾ ਢਾਲਾ..ਮਸੀਂ ਡੇਢ ਕਿਲੋਮੀਟਰ ਦੀ ਵਿੱਥ..ਐਤਕੀ ਲੋਹੜੀ ਤੇ ਹਵਾ ਏਧਰ ਦੀ ਸੀ..ਕਿੰਨੀਆਂ ਪਤੰਗਾ ਬੋ ਹੋ ਕੇ ਆਈਆਂ..ਇੱਕ ਤੇ ਚੜ੍ਹਦੇ ਵੱਲ ਦਾ ਸੌ ਰੁਪਈਆ..ਆਟੇ ਨਾਲ ਜੋੜਿਆ ਹੋਇਆ..ਨਾਲ ਲਿਖਿਆ ਛੇਵੀਂ ਪਾਤਸ਼ਾਹੀ ਗੁਰੂ ਘਰ..ਦੇਗ ਚੜਾ ਦਿਓ..ਮੇਰੇ ਦਿਲ ਵਿਚੋਂ ਉੱਠਦੀ ਏ ਹੂ..ਕ..ਮਾਈਆ ਮੈਨੂੰ ਯਾਦ ਆਵੰਦਾ..
ਸਾਡੇ ਨਾਲੋਂ ਤੇ ਜਿਊਣ ਜੋਗੇ ਚਿੜੀਆਂ ਤੋਤੇ ਹੀ ਚੰਗੇ..ਉਸਾਰੀਆਂ ਮਸਨੂਈ ਕੰਧਾਂ ਨੂੰ ਟਿਚਕਰ ਕਰਦੇ ਲੰਘ ਜੂ ਜਾਂਦੇ!
ਕੋਲ ਸਰਦਾਰ ਜਵਾਲਾ ਸਿੰਘ ਦੀ ਹਵੇਲੀ..ਮਹਾਰਾਜਾ ਰਣਜੀਤ ਸਿੰਘ ਦਾ ਸਾਂਢੂ..ਮਹਾਰਾਣੀ ਜਿੰਦਾ ਦਾ ਜੀਜਾ ਜੀ..ਸਰਕਾਰ-ਏ-ਖਾਲਸਾ ਵਿਚ ਫੌਜੀ ਜਰਨੈਲ..ਹਵੇਲੀ ਦੀ ਪੰਜ ਫੁੱਟ ਚੋੜੀ ਕੰਧ..ਪਰ ਹੁਣ ਢੱਠ ਰਹੀ..!
ਕੋਠੇ ਤੇ ਚੜੇ ਤਾਂ ਸਾਮਣੇ ਦੋਹਾਂ ਪੰਜਾਬਾਂ ਦੀ ਹਿੱਕ ਤੇ ਉਸਾਰੀ ਕੰਡਿਆਲੀ ਤਾਰ..ਦੱਸਦੇ ਰਾਤ ਨੂੰ ਕਰੰਟ ਵੀ ਛੱਡ ਦਿੰਦੇ..!
ਗੁੱਲੀ ਡੰਡਾ ਖੇਡਦੇ ਜਵਾਕ..ਅਜੇ ਸਾਥੋਂ ਵੀਹ ਤੀਹ ਸਾਲ ਪਿੱਛੇ..ਰੱਬ ਕਰੇ ਪਿੱਛੇ ਹੀ ਰਹਿਣ..!
ਪੱਛੀ ਲੌਣੀ ਐਸੀ ਤਰੱਕੀ ਨੂੰ..ਇਹਸਾਸ ਹੀ ਮਰ ਗਏ..ਵਾਪਿਸ ਲਾਹੌਰ ਮੁੜਨ ਲੱਗੇ ਤਾਂ ਜੀ ਕੀਤਾ ਨੁਸ਼ਿਹਰਾ ਢਾਲਾ ਥੋੜਾ ਕੋਲ ਦੀ ਹੋ ਕੇ ਵੇਖਿਆ ਜਾਵੇ ਪਰ ਟਾਈਮ ਪੰਜ ਵਜੇ ਸਨ..ਹੁਣ ਨੇੜੇ ਜਾਣਾ ਵਰਜਿਤ..!
ਪਹਿਲੀ ਵੇਰ ਅੰਦਰੋਂ ਇੱਕ ਅਰਦਾਸ ਨਿੱਕਲੀ..ਦੋਹਾਂ ਪੰਜਾਬਾਂ ਦੀ ਹਿੱਕ ਤੇ ਉੱਸਰੀ ਕਰੰਟ ਛੱਡਦੀ ਕੰਡਿਆਲੀ ਤਾਰ ਦੇ ਗ਼ਰਕ ਹੋ ਜਾਣ ਦੀ..ਬੇ-ਰੋਕਟੋਕ ਆਉਣ ਜਾਣ ਦੀ ਖੁੱਲ..ਕਿੰਨੀਆਂ ਪੀੜੀਆਂ ਮੁੱਕ ਗਈਆਂ ਇਸੇ ਆਸ ਵਿਚ..!
ਕਿਧਰੇ ਅਸੀਂ ਵੀ ਨਾ ਮੁੱਕ ਜਾਈਏ!
ਹਰਪ੍ਰੀਤ ਸਿੰਘ ਜਵੰਦਾ
#ਹੁੰਦਲ_ਮੋਹਾਲੀ_ਆਲਾ #ਸ਼ੇਅਰ #ਫ਼ਾਲੋ