22/02/2025
“ਮਹਾਰਾਜਾ ਰਣਜੀਤ ਸਿੰਘ”, ਕਿਤਾਬ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕੀਤੀ ਲੋਕ ਅਰਪਣ
ਸੰਗਰੂਰ: ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪ੍ਰਮਾਣੀਕ ਅਤੇ ਪੁਖਤਾ ਜਾਣਕਾਰੀ ਪ੍ਰਦਾਨ ਕਰਦੀ ਵਿਗਿਆਨਕ ਦ੍ਰਿਸ਼ਟੀ ਤੋਂ ਅਜੋਕੇ ਪ੍ਰਸੰਗ ਵਿੱਚ ਇੱਕ ਵੱਖਰਾ ਬਿਰਤਾਂਤ ਸਿਰਜਦੀ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਵੱਲੋਂ ਸੰਪਾਦਤ ਪੁਸਤਕ ਮਹਾਰਾਜਾ ਰਣਜੀਤ ਸਿੰਘ, ਪੰਜਾਬ ਕੈਬਨਿਟ ਸਬ ਕਮੇਟੀ ਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਨਾਲ ਮੀਟਿੰਗ ਦੇ ਅਵਸਰ ਤੇ ਸ. ਹਰਪਾਲ ਸਿੰਘ ਚੀਮਾ ਵਿੱਤ, ਯੋਜਨਾ, ਪ੍ਰੋਗਰਾਮ ਲਾਗੂ ਕਰਨ ਅਤੇ ਕਰ ਤੇ ਆਬਕਾਰੀ ਮੰਤਰੀ ਪੰਜਾਬ ਸਰਕਾਰ, ਸ. ਕੁਲਦੀਪ ਸਿੰਘ ਧਾਲੀਵਾਲ, ਐਨ.ਆਰ.ਆਈ. ਮਾਮਲੇ ਮੰਤਰੀ, ਪੰਜਾਬ ਸਰਕਾਰ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਜਸਵੰਤ ਸਿੰਘ ਗੱਜਣਮਾਜਰਾ ਐਮ.ਐਲ.ਏ., ਜਸਵੰਤ ਸਿੰਘ ਜਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪ੍ਰੋ. ਸੰਧੂ ਵਰਿਆਣਵੀ ਜਨਰਲ ਸਕੱਤਰ ਕੇ.ਪੰ.ਲੇ. ਸਭਾ, ਗੁਲਜਾਰ ਸਿੰਘ ਸ਼ੌਂਕੀ, ਜਗਦੀਸ਼ ਰਾਣਾ, ਬਲਦੇਵ ਸਿੰਘ ਬੱਦਨ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਪ੍ਰੋ. ਪੀ.ਸੀ. ਚੌਹਾਨ, ਦਰਸ਼ਨ ਸਿੰਘ ਪ੍ਰੀਤੀਮਾਨ ਸਮੇਤ ਹੋਰ ਸਾਹਿਤਕਾਰ ਤੇ ਉੱਚ ਅਧਿਕਾਰੀ ਹਾਜ਼ਰ ਸਨ ਇਸ ਪੁਸਤਕ ਵਿੱਚ ਪ੍ਰੋ. ਤੇਜਾ ਸਿੰਘ, ਡਾ. ਗੰਡਾ ਸਿੰਘ, ਸੀਤਾ ਰਾਮ ਕੋਹਲੀ, ਡਾ. ਜੀ.ਐਲ. ਚੋਪੜਾ, ਹਰਦਿੱਤ ਸਿੰਘ ਢਿੱਲੋਂ, ਹਰਬੰਸ ਸਿੰਘ, ਗੁਰਦਿੱਤ ਸਿੰਘ, ਪ੍ਰੋ. ਸੱਯਦ ਅਬਦੁਲ ਕਾਦਿਰ, ਪ੍ਰੋ. ਗੁਲਸ਼ਨ ਰਾਏ, ਪ੍ਰੋ. ਗੁਰਮੁਖ ਨਿਹਾਲ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ, ਕੇ.ਸੀ. ਖੰਨਾ, ਸਰ ਜੋਗੇਂਦ੍ਰਾ ਸਿੰਘ ਜਿਹੇ ਦਿੱਗਜ਼ ਚਿੰਤਕਾਂ ਦੇ ਖੋਜ ਪੱਤਰਾਂ ਰਾਹੀਂ ਸਿੱਖ ਸਿਧਾਤਾਂ, ਮਾਨਤਾਵਾਂ, ਸਿੱਖ ਰਾਜ ਦੀ ਅਰਥ ਵਿਵਸਥਾ, ਸਿੱਖ ਮਿਸਲਾਂ ਦਾ ਸੰਗਠਨ ਤੇ ਖਾਲਸਾ ਫੌਜ, ਮਹਾਰਾਜਾ ਰਣਜੀਤ ਸਿੰਘ ਦੀ ਕਰ ਪ੍ਰਣਾਲੀ, ਖੇਤੀਬਾੜੀ ਪ੍ਰਬੰਧ, ਸਿੰਚਾਈ ਵਿਵਸਥਾ ਸਮੇਤ ਮਹਾਰਾਜਾ ਰਣਜੀਤ ਸਿੰਘ ਦੇ ਸਿਵਲ ਪ੍ਰਸ਼ਾਸਨ, ਮਹਾਰਾਜਾ ਰਣਜੀਤ ਸਿੰਘ ਸਮੇਂ ਭਾਰਤ ਦੀ ਉੱਤਰ ਪੱਛਮੀ ਸੀਮਾ, ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸਕ ਪਿਛੋਕੜ, ਤੇ ਉਸਦਾ ਜੀਵਨ ਚਰਿੱਤਰ ਤੇ ਟਿੱਪਣੀਆਂ, ਇੱਕ ਵਿਅਕਤੀ ਅਤੇ ਸ਼ਾਸਕ ਦੇ ਰੂਪ ਵਿੱਚ ਮਹਾਰਾਜਾ ਰਦਜੀਤ ਸਿੰਘ ਦਾ ਚਰਿੱਤਰ, ਮਹਾਰਜਾ ਰਣਜੀਤ ਸਿੰਘ ਰਾਸ਼ਟਰ ਨਿਰਮਾਤਾ ਦੇ ਰੁਪ ਵਿੱਚ, ਮਹਾਰਾਜਾ ਰਣਜੀਤ ਸਿੰਘ ਦੂਜਿਆਂ ਦੀਆਂ ਨਜ਼ਰਾਂ ਵਿੱਚ, ਰਣਜੀਤ ਸਿੰਘ ਹੋਣ ਦੀ ਮਹੱਤਤਾ ਕੁੱਝ ਸਿੱਟੇ, ਇਸਦੇ ਨਾਲ ਬੰਸਾਵਲੀ ਤੇ ਪਰਿਵਾਰ, ਮਹਾਰਾਜਾ ਦਲੀਪ ਸਿੰਘ ਦੀਆਂ ਚਿੱਠੀਆਂ, ਮਹਾਰਾਜੇ ਦੀ ਮੌਤ ਬਾਰੇ ਸਮਾਚਾਰ ਪਤ੍ਰਿਕਾ, ਮਹਾਰਾਜਾ ਦਾ ਘੋੜਿਆਂ ਪ੍ਰਤੀ ਪ੍ਰੇਮ ਨੂੰ ਸਪੱਸ਼ਟ ਕੀਤਾ ਗਿਆ ਹੈ। ਅਜੋਕੇ ਸਮੇਂ ਦੇ ਪ੍ਰਸਿੱਧ ਸਿੱਖ ਚਿੰਤਕ ਸ. ਗੁਰਤੇਜ ਸਿੰਘ ਆਈ.ਏ.ਐਸ. ਨੇ ਪੁਸਤਕ ਦੀ ਭੂਮਿਕਾ ਵਿੱਚ ਇਸ ਪੁਸਤਕ ਦੇ ਪ੍ਰਯੋਜਨ ਅਤੇ ਮਹੱਤਤਾ ਨੂੰ ਸਪਸ਼ਟ ਕਰਦੇ ਹੋਏ ਲਿਖਿਆ ਹੈ ਕਿ, “ਸ. ਭਗਵੰਤ ਸਿੰਘ ਦੀ ਹਥਲੀ ਪੁਸਤਕ ਦਾ ਏਹੋ ਵੱਡਾ ਗੁਣ ਹੈ ਕਿ ਇਹ ਭਗਵੰਤ ਸਿੰਘ ਦੇ ਬਜ਼ੁਰਗਾਂ ਦੇ ਅਸਰ ਹੇਠ ਅਤੇ ਏਸ ਤੋਂ ਵੀ ਅੱਗੇ ਉਪਰੋਕਤ ਸੂਝ ਬੂਝ ਦੇ ਸੁੱਤੇ—ਸੁਧ ਹੀ ਨੇੜੇ ਬੈਠ ਕੇ ਖਾਲਸਾ ਰਾਜ ਦੀ ਵਿਆਖਿਆ ਕਰਦੀ ਹੈ। ..ਏਸ ਦੌਰ ਵਿੱਚ ਡਾ. ਭਗਵੰਤ ਸਿੰਘ ਤੇ ਰਮਿੰਦਰ ਕੌਰ ਦੀ ਮਾਣਮੱਤੀ ਪ੍ਰਾਪਤੀ ਹੈ ਕਿ ਇਹ ਲਾਟ ਵਾਂਗ ਦੀਵੇ ਨਾਲ ਜੁੜੇ ਰਹੇ।” ਸੰਪਾਦਕੀ ਸਿੱਖ ਰਾਜਸੀ ਤਾਕਤ ਤੇ ਸੁਨਹਿਰੀ ਕਾਲ ਨੂੰ ਅਗਾਰੂਮਿਤ ਕਰਦੀ ਹੈ। ਇਸਦੇ ਨਾਲ ਹੀ ਪਹਿਲੇ ਐਡੀਸ਼ਨ ਬਾਰੇ ਵਿਭਿੰਨ ਚਿੰਤਕਾਂ ਦੇ ਵਿਚਾਰਾਂ ਨੂੰ ਸੰਮਿਲਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਪ੍ਰੋ. ਸ਼ੇਰ ਸਿੰਘ ਕੰਵਲ, ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਗੁਰਮੀਤ ਸਿੰਘ ਦੇ ਨਾ ਪ੍ਰਮੁੱਖ ਹਨ। ਖੂਬਸੂਰਤ ਦਿੱਖ ਵਾਲੀ ਪੁਸਤਕ ਦੁਰਲੱਭ, ਪੁਖਤਾ ਤੇ ਬਹੁਮਲੀ ਜਾਣਕਾਰੀ ਪ੍ਰਦਾਨ ਕਰਦੀ ਹੈ। ਮਾਣਯੋਗ ਮੰਤਰੀ ਸਾਹਿਬਾਨ ਨੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਦੱਸਦੇ ਹੋਏ ਪ੍ਰਸੰਨਤਾ ਜਾਹਿਰ ਕੀਤੀ।
ਜਾਰੀ ਕਰਤਾ: ਡਾ. ਭਗਵੰਤ ਸਿੰਘ ਮੋ. 9814851500