24/10/2025
ਗਦਰੀ ਸੂਰਬੀਰਾਂ ਦੇ ਸ਼ਾਨ੍ਹਾਮੱਤੇ ਵਿਰਸੇ ਤੋਂ ਪ੍ਰੇਰਨਾ ਲੈਂਦਿਆ: ਦੇਸੀ-ਵਿਦੇਸ਼ੀ ਸਰਮਾਏਦਾਰਾ ਲੁੱਟ ਵਿਰੁੱਧ ਸੰਘਰਸ਼ਾਂ ਦੀ ਮਸ਼ਾਲ ਜਲਾਓ •ਸੰਪਾਦਕੀ
ਲੁੱਟ, ਗੈਰ-ਬਰਾਬਰੀ ਤੇ ਬੇਇਨਸਾਫੀ ਉੱਪਰ ਟਿਕੇ ਰਾਜ ਪ੍ਰਬੰਧ ਦੇ ਹਾਕਮਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਵਿਰਸੇ ਤੋਂ ਦੂਰ ਰੱਖਿਆ ਜਾਵੇ। ਕਿਉਂਕਿ ਬੀਤੇ ਦੇ ਇਸ ਜੁਝਾਰੂ ਵਿਰਸੇ ਤੋਂ ਸਿੱਖ ਕੇ ਹੀ ਲੋਕ ਜਬਰ-ਜੁਲਮ ਨੂੰ ਵੰਗਾਰਨਾ ਸਿੱਖਦੇ ਹਨ, ਅਜਾਦੀ ਦੇ ਸੁਪਨੇ ਪਾਲਦੇ ਹਨ ਤੇ ਕੁਰਬਾਨ ਹੋਣ ਦੇ ਜਜਬੇ ਹਾਸਲ ਕਰਦੇ ਹਨ। ਭਾਰਤ ਦੇ ਕਿਰਤੀ ਲੋਕਾਂ ਨੇ ਅੰਗਰੇਜਾਂ ਦੀ ਗੁਲਾਮੀ ਤੋਂ ਅਜਾਦੀ ਲਈ ਸੰਘਰਸ਼ਾਂ ਤੇ ਕੁਰਬਾਨੀਆਂ ਦੀ ਸ਼ਾਨ੍ਹਾਮੱਤੀ ਵਿਰਾਸਤ ਸਿਰਜੀ ਹੈ। ਗੁਲਾਮੀ ਦੇ ਇਸ ਜੂਲ਼ੇ ਖਿਲਾਫ ਗਦਰ ਲਹਿਰ ਇੱਕ ਨਿਵੇਕਲੀ ਲਹਿਰ ਸੀ ਜਿਸਨੇ ਨਾ ਸਿਰਫ ਸੁੱਤੇ ਪਏ ਦੇਸ਼ ਵਾਸੀਆਂ ਨੂੰ ਹਲੂਣ ਕੇ ਅਜਾਦੀ ਦੀ ਨਵੀਂ ਚਿਣਗ ਬਾਲ਼ੀ ਸਗੋਂ ਇਸ ਅੱਗੇ ਅੰਗਰੇਜਾਂ ਨੂੰ ਆਪਣਾ ਤਖਤ ਡੋਲਦਾ ਨਜਰ ਆਇਆ। ਗਦਰ ਲਹਿਰ ਅਜਿਹੀ ਲਹਿਰ ਸੀ ਜਿਸ ਤੋਂ ਪ੍ਰੇਰਣਾ ਲੈ ਨਾ ਸਿਰਫ ਉਸ ਵੇਲੇ ਅਜਾਦੀ ਦੇ ਪ੍ਰਵਾਨਿਆਂ ਦੀਆਂ ਨਵੀਆਂ ਪੀੜ੍ਹੀਆਂ ਤਿਆਰ ਹੋਈਆਂ ਸਗੋਂ ਗਦਰੀਆਂ ਦਾ ਸ਼ਾਨ੍ਹਾਮੱਤਾ ਵਿਰਸਾ ਅੱਜ ਵੀ ਇਨਕਲਾਬੀਆਂ ਦੀਆਂ ਪੀੜ੍ਹੀਆਂ ਦਾ ਰਾਹ ਰੁਸ਼ਨਾ ਰਿਹਾ ਹੈ। ਪਰ ਸਾਡੇ ਵੇਲਿਆਂ ਦਾ ਦੁਖਾਂਤ ਹੈ ਇਸ ਸ਼ਾਨ੍ਹਾਮੱਤੀ ਲਹਿਰ, ਇਸਦੇ ਨਾਇਕਾਂ ਦੀਆਂ ਕੁਰਬਾਨੀਆਂ, ਜਜਬਿਆਂ ਤੇ ਉਹਨਾਂ ਦੇ ਆਦਰਸ਼ਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
ਅੰਗਰੇਜ ਗੁਲਾਮੀ ਤੋਂ ਮੁਕਤੀ ਲਈ ਗਦਰ ਪਾਰਟੀ ਦੀ ਜੱਦੋ-ਜਹਿਦ
ਭਾਰਤ ਨੂੰ ਗੁਲਾਮ ਬਣਾਉਣ ਤੋਂ ਬਾਅਦ ਅੰਗਰੇਜ ਸਾਮਰਾਜ ਨੇ ਭਾਰਤ ਦੀਆਂ ਦਸਤਕਾਰੀਆਂ ਨੂੰ ਤਬਾਹ ਕਰ ਦਿੱਤਾ, ਸ਼ਹਿਰਾਂ ਦੀ ਆਮ ਕਿਰਤੀ ਅਬਾਦੀ ਨੂੰ ਭੁੱਖਮਰੀ ਤੇ ਫਾਕਿਆਂ ਦੇ ਦਿਨ ਕੱਟਣ ਲਈ ਮਜਬੂਰ ਕਰ ਦਿੱਤਾ। ਦੂਜੇ ਪਾਸੇ ਉਹਨਾਂ ਨੇ ਭਾਰਤ ਦੇ ਰਾਠਾਂ-ਜਾਗੀਰਦਾਰਾਂ ਨਾਲ਼ ਗੱਠਜੋੜ ਕਾਇਮ ਕਰ ਲਿਆ ਅਤੇ ਕਿਸਾਨਾਂ ਉੱਪਰ ਟੈਕਸਾਂ ਦਾ ਇੰਨਾ ਬੋਝ ਲੱਦ ਦਿੱਤਾ ਕਿ ਆਪਣੇ ਹੱਥੀਂ ਪਾਲੀਆਂ ਫਸਲਾਂ ਵੀ ਉਹਨਾਂ ਦੇ ਢਿੱਡ ਨਾ ਭਰ ਸਕੀਆਂ। ਤੰਗੀਆਂ ਕੱਟਦੇ ਕਿਸਾਨ ਸੂਦਖੋਰਾਂ ਦੇ ਕਰਜਈ ਹੋ ਗਏ। ਸਿੱਟੇ ਵਜੋਂ, ਧਰਤੀ ਦੇ ਜਾਇਆਂ ਨੇ ਬਿਹਤਰ ਰੋਜੀ-ਰੋਟੀ ਲਈ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ ਵਿਦੇਸ਼ਾਂ ਵੱਲ ਰੁਖ ਕਰ ਲਿਆ। ਹਾਂਗਕਾਂਗ, ਮਲੇਸ਼ੀਆ, ਸਿੰਘਾਪੁਰ, ਸ਼ੰਘਾਈ ਤੇ ਫਿਰ ਉੱਥੋਂ ਉਹਨਾਂ ਨੇ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਦੀ ਧਰਤੀ ’ਤੇ ਪੈਰ ਜਾ ਟਿਕਾਏ। ਇਸ ਪ੍ਰਵਾਸ ਵਿੱਚ ਸਭ ਤੋਂ ਮੋਹਰੀ ਰਹੇ ਕੇਂਦਰੀ ਪੰਜਾਬ ਦੇ ਕਿਸਾਨ, ਜਿਹੜੇ ਹੁਣ ਭੂਮੀ ਦੀ ਹਿੱਕ ਖੰਗਾਲਣੀ ਛੱਡ ਕੇ ਕੈਨੇਡਾ, ਅਮਰੀਕਾ ਦੇ ਆਰਿਆਂ ਤੇ ਹੋਰ ਕਾਰਖਾਨਿਆਂ ’ਚ ਮਜਦੂਰੀ ਕਰਨ ਲੱਗੇ ਸਨ। ਕਿਸਾਨਾਂ ਤੋਂ ਬਿਨਾਂ ਅੰਗਰੇਜ ਫੌਜ ’ਚੋਂ ਸੇਵਾਮੁਕਤ ਫੌਜੀ ਵੀ ਇਹਨਾਂ ਪ੍ਰਵਾਸੀਆਂ ’ਚ ਸ਼ਾਮਲ ਸਨ।
ਰਿਜਕ ਕਮਾਉਣ ਦੇ ਉਦੇਸ਼ ਨਾਲ਼ ਗਏ ਇਹਨਾਂ ਕਿਰਤੀਆਂ ਨੂੰ ਪੱਛਮੀ ਸਰਮਾਏਦਾਰ ਨਾ ਸਿਰਫ ਸਸਤੇ ਮਜਦੂਰਾਂ ਵਜੋਂ ਵਰਤਦੇ ਸਨ ਸਗੋਂ ਉਹਨਾਂ ਦੀ ਕਿਰਤ ਨੂੰ ਗੋਰੇ ਮਜਦੂਰਾਂ ਦੀਆਂ ਹੜਤਾਲਾਂ ਤੋੜਨ ਲਈ ਵੀ ਖਰੀਦਦੇ ਸਨ। ਇੰਝ ਗੋਰੇ ਮਜਦੂਰਾਂ ਵਿੱਚ ਇਹਨਾਂ ਭਾਰਤੀ ਮਜਦੂਰਾਂ ਖਿਲਾਫ ਨਫ਼ਰਤ ਫੈਲਣ ਲੱਗੀ। 1907-08 ’ਚ ਆਰਥਿਕ ਮੰਦੀ ਵਧੀ ਤਾਂ ਭਾਰਤੀਆਂ ਖਿਲਾਫ ਇਹ ਹਿੰਸਾ ਤੇ ਨਫ਼ਰਤ ਵੀ ਵਧੀ। ਗੁਲਾਮ ਦੇਸ਼ ਦੇ ਨਾਗਰਿਕ ਹੋਣ ਕਾਰਨ ਉਹਨਾਂ ਨਾਲ਼ ਹੋਰ ਵੀ ਵੱਧ ਬਦਸਲੂਕੀ ਹੁੰਦੀ ਸੀ। ਉਹਨਾਂ ਅੰਦਰ ਇਹ ਅਹਿਸਾਸ ਪੈਦਾ ਹੋਣ ਲੱਗਾ ਕਿ ਸਿਰਫ ਡਾਲਰਾਂ ਦੇ ਥੱਬਿਆਂ ਨਾਲ਼ ਉਹਨਾਂ ਦੇ ਮੱਥੇ ਤੋਂ ਗੁਲਾਮੀ ਦਾ ਨਿਸ਼ਾਨ ਨਹੀਂ ਮਿਟ ਸਕਦਾ, ਪਰਾਈ ਧਰਤੀ ’ਤੇ ਉਹਨਾਂ ਨੂੰ ਇੱਜਤ-ਮਾਣ ਦੀ ਜਿੰਦਗੀ ਨਹੀਂ ਨਸੀਬ ਹੋ ਸਕਦੀ। ਇਉਂ ਦੇਸ਼ ਨੂੰ ਅਜਾਦ ਕਰਵਾਉਣ ਦੀ ਭਾਵਨਾ ਇਹਨਾਂ ਅੰਦਰ ਮੌਲਣ ਲੱਗੀ।
13 ਮਾਰਚ, 1913 ਨੂੰ ਸੋਹਣ ਸਿੰਘ ਭਕਨਾ ਤੇ ਉਹਨਾਂ ਦੇ ਸਾਥੀਆਂ ਦੀ ਪਹਿਲ ’ਤੇ ਐਸਤੋਰੀਆ ਵਿੱਚ ਮੀਟਿੰਗ ਸੱਦੀ ਗਈ ਜਿਸ ਵਿੱਚ ਆਰੀਗਨ ਤੇ ਵਸ਼ਿੰਗਟਨ ਜਿਹੇ ਸ਼ਹਿਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਪਹਿਲੀ ਮੀਟਿੰਗ ਵਿੱਚ ਹੀ ਦੇਸ਼ ਨੂੰ ਅਜਾਦ ਕਰਵਾਉਣ ਦੇ ਖਿਆਲ ਨੂੰ ਭਰਵਾਂ ਹੁੰਘਾਰਾ ਮਿਲ਼ਿਆ। 21 ਅਪ੍ਰੈਲ, 1913 ਨੂੰ ਇੱਕ ਹੋਰ ਵੱਡੀ ਮੀਟਿੰਗ ’ਚ ਹਿੰਦੁਸਤਾਨ ਗਦਰ ਪਾਰਟੀ ਦਾ ਮੁੱਢ ਬੱਝਾ ਅਤੇ ਅਖ਼ਬਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਜਿਸਦਾ ਨਾਮ 1857 ਦੇ ਗਦਰ ਦੀ ਯਾਦ ’ਚ ‘ਗਦਰ’ ਰੱਖਿਆ ਗਿਆ। ਸੋਹਣ ਸਿੰਘ ਭਕਨਾ ਨੂੰ ਪਾਰਟੀ ਦਾ ਪ੍ਰਧਾਨ ਤੇ ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਥਾਪਿਆ ਗਿਆ ਅਤੇ ਅਖ਼ਬਾਰ ਲਈ ਲਾਲਾ ਹਰਦਿਆਲ ਦੇ ਨਾਲ਼ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਪੰਡਿਤ ਜਗਤ ਰਾਮ ਦੀ ਜਿੰਮੇਵਾਰੀ ਲਾਈ ਗਈ। ਇਸ ਹਫਤਾਵਾਰੀ ਅਖ਼ਬਾਰ ਦਾ ਪਹਿਲਾ ਅੰਕ 1 ਨਵੰਬਰ, 1913 ਨੂੰ ਛਪ ਕੇ ਆਇਆ ਅਤੇ ਦਿਨਾਂ ’ਚ ‘ਗਦਰ’ ਇੱਕ ਅਜਿਹੀ ਲਾਟ ਬਣ ਗਿਆ ਜੋ ਜਿੱਧਰ ਵੀ ਪਹੁੰਚਦਾ ਵਿਦਰੋਹ ਦੀਆਂ ਲਪਟਾਂ ਭੜਕਣ ਲਾ ਦਿੰਦਾ ਤੇ ਗਦਰ ਪਾਰਟੀ ਦੀ ਇਕਾਈ ਖੜ੍ਹੀ ਹੋ ਜਾਂਦੀ। ਪਾਰਟੀ ਦੇ ਮੈਂਬਰਾਂ ਦੀ ਗਿਣਤੀ ਕੁਝ ਮਹੀਨਿਆਂ ’ਚ ਹੀ 12,000 ਨੂੰ ਪਹੁੰਚ ਗਈ। ਪਾਰਟੀ ਦਾ ਦਫ਼ਤਰ ਅਮਰੀਕਾ ਦੇ ਸ਼ਹਿਰ ਸਾਨਫ੍ਰਾਂਸਿਸਕੋ ਦਾ ਯੁਗਾਂਤਰ ਆਸ਼ਰਮ ਸੀ ਜਿੱਥੇ ਸਾਰਾ ਦਿਨ ਭਾਰਤੀ ਮਜਦੂਰਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ। ਪਾਰਟੀ ਨੂੰ ਪਤਾ ਸੀ ਕਿ ਅਸਲੀ ਲੜਾਈ ਭਾਰਤ ਦੀ ਜਮੀਨ ’ਤੇ ਹੀ ਹੋਵੇਗੀ। ਦਿਨੋ-ਦਿਨ ਪਾਰਟੀ ਦਾ ਪ੍ਰਚਾਰ ਅਤੇ ਆਉਣ ਵਾਲ਼ੇ ਸੰਗਰਾਮ ਲਈ ਤਿਆਰੀਆਂ ਹੋਰ ਤੇਜੀ ਨਾਲ਼ ਹੋਣ ਲੱਗੀਆਂ।
1914 ਦੀ ਕਾਮਾਗਾਟਾਮਾਰੂ ਦੀ ਘਟਨਾ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ। ਉੱਧਰ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ ਤੇ ਫਰੰਗੀ ਵੀ ਇਸ ਵਿੱਚ ਸ਼ਾਮਿਲ ਹੋ ਚੁੱਕਾ ਸੀ। ਦੇਸ਼ ਨੂੰ ਚੱਲਣ ਦਾ ਐਲਾਨ ਹੋ ਗਿਆ। ਪਾਰਟੀ ਦੇ ਮੈਂਬਰ ਮਿਹਨਤਾਂ ਨਾਲ਼ ਖੜ੍ਹੇ ਕੀਤੇ ਕੰਮਾਂ-ਕਾਰਾਂ ਦੀ ਕਮਾਈ ਦੀ ਇੱਕ-ਇੱਕ ਪਾਈ ਤੇ ਆਪਣਾ ਸਭ ਕੁਝ ਪਾਰਟੀ ਦਫ਼ਤਰ ’ਚ ਜਮ੍ਹਾਂ ਕਰਵਾ ਕੇ ਅਤੇ ਹਥਿਆਰ ਖਰੀਦ ਕੇ ਆਪਣੀ ਮਾਤ-ਭੂਮੀ ਨੂੰ ਤੁਰ ਪਏ। ਪਰ ਤਿਆਰੀਆਂ ਦੌਰਾਨ ਗਦਰੀ ਗੰਭੀਰ ਗਲਤੀਆਂ ਕਰ ਚੁੱਕੇ ਸਨ। ਨਾ ਸਿਰਫ਼ ਉਹਨਾਂ ਨੇ ਆਪਣੀ ਤਿਆਰੀ ਤੇ ਆਪਣੇ ਆਦਰਸ਼ਾਂ ਨੂੰ ਲੁਕਾ ਕੇ ਨਹੀਂ ਰੱਖਿਆ ਸੀ, ਸਗੋਂ ਉਹਨਾਂ ਨੇ ਦੇਸ਼ ਵਾਪਸ ਜਾਣ ਦਾ ਫੈਸਲਾ ਵੀ ਗੁਪਤ ਨਾ ਰੱਖਿਆ। ਸਿੱਟੇ ਵਜੋਂ ਫਰੰਗੀ ਹਕੂਮਤ ਚੌਕੰਨੀ ਹੋ ਚੁੱਕੀ ਸੀ ਅਤੇ ਉਸਨੇ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ ’ਤੇ ਪੁਖਤਾ ਨਾਕਾਬੰਦੀ ਕਰ ਦਿੱਤੀ ਸੀ। ਸਾਰੇ ਆਗੂਆਂ ਦੀ ਨਿਸ਼ਾਨਦੇਹੀ ਹੋ ਗਈ ਸੀ ਜਿਸ ਕਾਰਨ ਬਹੁਤੇ ਆਗੂ ਤਾਂ ਭਾਰਤ ਦੇ ਤੱਟਾਂ ’ਤੇ ਹੀ ਫੜੇ ਗਏ, ਇਹਨਾਂ ਗਿ੍ਰਫਤਾਰ ਹੋਏ ਆਗੂਆਂ ’ਚ ਸੋਹਣ ਸਿੰਘ ਭਕਨਾ ਵੀ ਸ਼ਾਮਲ ਸਨ। ਫਿਰ ਵੀ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਰਹਿਮਤ ਅਲੀ ਵਜੀਦਕੇ, ਜਗਤ ਰਾਮ, ਪੰਡਿਤ ਕਾਂਸ਼ੀ ਰਾਮ ਤੇ ਹੋਰ ਕਈ ਉੱਘੇ ਗਦਰੀ ਦੇਸ਼ ਵਿੱਚ ਦਾਖਲ ਹੋਣ ’ਚ ਸਫ਼ਲ ਹੋ ਗਏ। ਦੇਸ਼ ਪਹੁੰਚਦਿਆਂ ਸਾਰ ਇਹਨਾਂ ਨੇ ਆਗੂ ਕੇਂਦਰ ਨੂੰ ਮੁੜ ਜਥੇਬੰਦ ਕਰਕੇ ਕੰਮ ਸ਼ੁਰੂ ਕਰ ਦਿੱਤਾ। ਸਰਾਭੇ ਬਾਰੇ ਇਹ ਮਸ਼ਹੂਰ ਸੀ ਕਿ ਇਹ ਨੌਜਵਾਨ ਆਪਣੇ ਸਾਈਕਲ ਉੱਤੇ ਜਿਧਰੋਂ ਵੀ ਲੰਘ ਜਾਂਦਾ ਉੱਥੇ ਗਦਰੀਆਂ ਦੀ ਪੂਰੀ ਪਲਟਨ ਪੈਦਾ ਹੋ ਜਾਂਦੀ ਸੀ। ਫੌਜੀ ਛਾਉਣੀਆਂ ’ਚ ਰਾਬਤਾ ਕਾਇਮ ਕੀਤਾ ਗਿਆ ਅਤੇ ਫੌਜੀਆਂ ਨੂੰ ਸਾਮਰਾਜੀਆਂ ਦੀ ਸੇਵਾ ਕਰਨ ਦੀ ਥਾਂ ਮਾਤਭੂਮੀ ਨੂੰ ਅਜਾਦ ਕਰਵਾਉਣ ਖਾਤਰ ਲੜਨ ਲਈ ਪ੍ਰੇਰਿਆ ਗਿਆ। ਫੌਜੀ ਪਹਿਲਾਂ ਹੀ ਬੇਗਾਨੇ ਦੇਸ਼ਾਂ ’ਚ ਜਾ ਕੇ ਲੜਨ ਤੋਂ ਆਕੀ ਹੋਏ ਬੈਠੇ ਸਨ, ਗਦਰੀਆਂ ਦਾ ਪ੍ਰਚਾਰ ਛਾਉਣੀਆਂ ’ਚ ਜੰਗਲ ਦੀ ਅੱਗ ਵਾਂਗ ਫੈਲਿਆ। ਸਿਆਲਕੋਟ, ਮੁਲਤਾਨ, ਰਾਵਲਪਿੰਡੀ, ਫਿਰੋਜਪੁਰ ਤੋਂ ਲੈ ਕੇ ਮੇਰਠ, ਲਖਨਊ ਦੀਆਂ ਛਾਉਣੀਆਂ, ਇੱਥੋਂ ਤੱਕ ਕੇ ਕਲਕੱਤਾ, ਢਾਕਾ ਤੇ ਰੰਗੂਨ ਤੱਕ ਦੀਆਂ ਫੌਜੀ ਛਾਉਣੀਆਂ ਨਾਲ਼ ਰਾਬਤਾ ਕਾਇਮ ਕੀਤਾ ਗਿਆ ਅਤੇ ਆਉਣ ਵਾਲ਼ੀ ਹਥਿਆਰਬੰਦ ਬਗਾਵਤ ਦਾ ਹਿੱਸਾ ਬਣਨ ਲਈ ਤਿਆਰ ਕੀਤਾ ਗਿਆ। ਤੈਅ ਹੋਇਆ ਕਿ ਸ਼ੁਰੂਆਤ ਪੰਜਾਬ ਦੀਆਂ ਛਾਉਣੀਆਂ ਤੋਂ ਕੀਤੀ ਜਾਵੇਗੀ ਅਤੇ ਪੰਜਾਬ ਤੇ ਇਸਦੇ ਲਾਗੇ ਦੇ ਇਲਾਕਿਆਂ ’ਤੇ ਕਬਜਾ ਕਰਕੇ ਅੱਗੇ ਵਧਿਆ ਜਾਵੇਗਾ। ਗਦਰ ਦੀ ਤਾਰੀਖ ਦਾ ਫੈਸਲਾ ਹੋ ਗਿਆ ਜੋ ਕਿ 21 ਫ਼ਰਵਰੀ, 1915 ਮਿਥੀ ਗਈ। ਪਰ ਅੰਗਰੇਜਾਂ ਨੇ ਵੀ ਆਪਣੇ ਜਾਸੂਸ ਗਦਰ ਪਾਰਟੀ ਦੇ ਚੋਖੇ ਅੰਦਰ ਤੱਕ ਫਿੱਟ ਕਰ ਰੱਖੇ ਸਨ। ਅਜਿਹੇ ਹੀ ਗੱਦਾਰ ਕਿਰਪਾਲ ਸਿੰਘ ਨੇ ਐਨ ਆਖਰੀ ਮੌਕੇ ’ਤੇ ਤਾਰੀਖ ਦੀ ਸੂਚਨਾ ਫਰੰਗੀਆਂ ਤੱਕ ਪੁਚਾ ਦਿੱਤੀ। ਗਦਰੀਆਂ ਨੇ ਆਖਰੀ ਕੋਸ਼ਿਸ਼ ਵਜੋਂ ਤਾਰੀਖ ਨੂੰ ਪਹਿਲਾਂ ਕਰਕੇ 19 ਫ਼ਰਵਰੀ ਕਰ ਦਿੱਤਾ ਗਿਆ ਪਰ ਇਸਦਾ ਭੇਦ ਵੀ ਖੁੱਲ੍ਹ ਗਿਆ। ਅੰਗਰੇਜਾਂ ਨੇ ਭਾਰਤੀ ਫੌਜੀਆਂ ਨੂੰ ਨਿਹੱਥੇ ਕਰ ਦਿੱਤਾ ਅਤੇ ਉਹਨਾਂ ’ਤੇ ਗੋਰੇ ਸਿਪਾਹੀਆਂ ਦਾ ਪਹਿਰਾ ਬੈਠਾ ਦਿੱਤਾ। ਗਦਰੀਆਂ ਦੀ ਫੜੋ-ਫੜੀ ਸ਼ੁਰੂ ਹੋ ਗਈ। ਗਦਰ ਨੂੰ ਪਛਾੜ ਲੱਗ ਚੁੱਕੀ ਸੀ। ਬਹੁਤ ਸਾਰੇ ਗਦਰੀ ਗਿ੍ਰਫਤਾਰ ਕਰ ਲਏ ਗਏ, ਕਈ ਪੁਲਿਸ ਨਾਲ਼ ਮੁਕਾਬਲਿਆਂ ’ਚ ਮਾਰੇ ਗਏ। ਬਾਗੀ ਫੌਜੀਆਂ ਦਾ ਕੋਰਟ ਮਾਰਸ਼ਲ ਕਰਕੇ ਸੈਂਕੜਿਆਂ ਨੂੰ ਗੋਲ਼ੀ ਨਾਲ਼ ਉਡਾ ਦਿੱਤਾ ਗਿਆ ਜਾਂ ਫਾਂਸੀ ਲਟਕਾ ਦਿੱਤਾ ਗਿਆ। ਕਰਤਾਰ ਸਿੰਘ ਸਰਾਭਾ, ਜਗਤ ਰਾਮ, ਵੀ. ਜੇ. ਪਿੰਗਲੇ, ਹਰਨਾਮ ਸਿੰਘ ਸਿਆਲਕੋਟ ਸਮੇਤ ਅਨੇਕਾਂ ਗਦਰੀ ਫਾਂਸੀ ਲਗਾ ਦਿੱਤੇ ਗਏ ਅਤੇ ਬਾਕੀ ਬਚਿਆਂ ਨੂੰ ਕਾਲ਼ੇਪਾਣੀ ਭੇਜ ਦਿੱਤਾ ਗਿਆ। ਹੋਰ ਬਚਿਆਂ ਨੂੰ ਅਲੱਗ-ਅਲੱਗ ਜੇਲ੍ਹਾਂ ’ਚ ਕੈਦ ਕਰ ਦਿੱਤਾ ਗਿਆ।
ਇੰਝ ਇਹ ਗਦਰ ਅਸਫਲ ਹੋ ਗਿਆ। ਪਰ ਗਦਰੀਆਂ ਨੇ ਸਿਦਕ ਨਹੀਂ ਹਾਰਿਆ। ਜਿਹੜੇ ਗਦਰੀ ਅੰਡੇਮਾਨ ਦੀ ਬਦਨਾਮ ਕਾਲ਼ੇਪਾਣੀ ਸਜਾ ਕੱਟਣ ਪਹੁੰਚੇ, ਉਹਨਾਂ ਇਸ ਜੇਲ੍ਹ ਨੂੰ ਆਪਣੀ ਨਵੀਂ ਰਣਭੂਮੀ ਬਣਾ ਲਿਆ। ਅੰਤ 1921 ’ਚ ਬਦਨਾਮ ਸੈਲੂਲਰ ਜੇਲ੍ਹ ਨੂੰ ਤੁੜਵਾ ਕੇ ਸਾਹ ਲਿਆ। ਇਸ ਘੋਲ਼ ਦੌਰਾਨ ਉਹਨਾਂ ਮਹੀਨਿਆਂ-ਬੱਧੀ ਭੁੱਖ-ਹੜਤਾਲਾਂ ਕੀਤੀਆਂ, ਸਾਲਾਂ ਤੱਕ ਇਕੱਲਿਆਂ ਕੈਦ ਕੱਟੀ ਤੇ ਅਸਹਿ ਤਸੀਹੇ ਝੱਲੇ ਅਤੇ ਕਈਆਂ ਨੇ ਆਪਣੀ ਜਾਨ ਗੁਆਈ। ਬਾਬਾ ਸੋਹਣ ਸਿੰਘ ਭਕਨਾ ਵਰਗੇ ਕਾਲ਼ੇ ਪਾਣੀਆਂ ਦੀ ਉਮਰ ਕੈਦ ਕੱਟ ਕੇ ਕੁੱਬੇ ਹੋ ਰਿਹਾਅ ਹੋਏ, ਪਰ ਆਪਣੇ ਸਿਦਕ, ਜਜਬੇ ਨੂੰ ਇੰਕ ਇੰਚ ਵੀ ਨਾ ਝੁਕਣ ਦਿੱਤਾ। ਅਜਿਹੀ ਲਾਮਿਸਾਲ ਹੈ ਗਦਰੀਆਂ ਦੀ ਕੁਰਬਾਨੀ, ਬਹਾਦਰੀ ਤੇ ਆਦਰਸ਼ਾਂ ਲਈ ਪ੍ਰਤੀਬੱਧਤਾ।
ਗਦਰ ਪਾਰਟੀ ਦਾ ਸ਼ਾਨ੍ਹਾਮੱਤਾ ਵਿਰਸਾ
ਗਦਰ ਪਾਰਟੀ ਦੇ ਸੂਰਮਿਆਂ ਨੇ ਨਾ ਸਿਰਫ਼ ਕੁਰਬਾਨੀਆਂ, ਆਪਾ-ਵਾਰਨ ਤੇ ਸਿਦਕ ਨਾ ਹਾਰਨ ਦੀਆਂ ਮਿਸਾਲੀ ਉਦਾਹਰਣਾਂ ਕਾਇਮ ਕੀਤੀਆਂ, ਸਗੋਂ ਇਸਤੋਂ ਵੀ ਵੱਧ ਉਹਨਾਂ ਨੇ ਭਾਰਤ ਦੀ ਜੰਗੇ-ਅਜਾਦੀ ਦੇ ਇਤਿਹਾਸ ’ਚ ਇੱਕ ਨਵੀਂ ਊਰਜਾ ਦਾ ਸੰਚਾਰ ਕੀਤਾ। ਗਦਰ ਪਾਰਟੀ ਦੀਆਂ ਹੇਠਲੀਆਂ ਖੂਬੀਆਂ ਉਸਨੂੰ ਇੱਕ ਵਿਲੱਖਣ ਲਹਿਰ ਤੇ ਆਪਣੇ ਸਮਿਆਂ ਦੀ ਅਗਾਂਹਵਧੂ ਲਹਿਰ ਦਾ ਦਰਜਾ ਦਿੰਦੀਆਂ ਹਨ।
1.) 1857 ਦੇ ਗਦਰ ਤੋਂ ਬਾਅਦ ਗਦਰ ਪਾਰਟੀ ਦੀ ਅਗਵਾਈ ’ਚ ਪਹਿਲੀ ਵੱਡੀ ਲਹਿਰ ਸੀ ਜਿਸਨੇ ਸਾਮਰਾਜੀ ਗੁਲਾਮੀ ਤੋਂ ਮੁਕੰਮਲ ਅਜਾਦੀ ਦਾ ਸੁਪਨਾ ਦੇਖਿਆ, ਜਿਸਨੇ ਰਾਵਲਪਿੰਡੀ ਤੇ ਮੁਲਤਾਨ ਤੋਂ ਲੈ ਕੇ ਢਾਕੇ ਤੱਕ ਵਿਆਪਕ ਬਗਾਵਤ ਲਈ ਤਾਣਾਬਾਣਾ ਬੁਣਿਆ। ਇਸਦਾ ਟੀਚਾ ਸਿਰਫ ਪੂਰਨ ਅਜਾਦੀ ਨਹੀਂ ਸੀ ਸਗੋਂ ਅਜਾਦੀ ਤੋਂ ਬਾਅਦ ਜਮਹੂਰੀ ਗਣਤੰਤਰ ਉਸਾਰਨਾ ਵੀ ਇਸਦੇ ਟੀਚੇ ਦਾ ਹਿੱਸਾ ਸੀ। ਇਸਨੇ ਅਜਾਦੀ ਦੀ ਇਨਕਾਲਾਬੀ ਲੜਾਈ ਦੇ ਘੇਰੇ ਨੂੰ ਖਾੜਕੂ ਵਿਦਿਆਰਥੀਆਂ-ਨੌਜਵਾਨਾਂ ਤੋਂ ਅੱਗੇ ਵਧਾ ਕੇ ਮਜਦੂਰਾਂ, ਕਿਸਾਨਾਂ ਤੱਕ ਵਿਸਥਾਰਿਆ। ਇਸਨੇ ਲੜਾਈ ਨੂੰ ਮੁੱਠੀ ਭਰ ਸਿਰਲੱਥ ਯੋਧਿਆਂ ਦੀਆਂ ਖਾੜਕੂ ਕਾਰਵਾਈਆਂ ਦੀ ਥਾਂ ਇਸਨੂੰ ਲੋਕ ਲਹਿਰ ਬਣਾਉਣ ਉੱਪਰ ਜੋਰ ਦਿੱਤਾ। ਇਸ ਲਹਿਰ ਨੇ ਭਾਰਤੀ ਫੌਜੀਆਂ ਨੂੰ ਦੇਸ਼ ਦੀ ਅਜਾਦੀ ਲਈ ਲੜਨ ਅਤੇ ਅੰਗਰੇਜਾਂ ਖਿਲਾਫ਼ ਬਗਾਵਤ ਕਰਨ ਲਈ ਤਿਆਰ ਕੀਤਾ ਅਤੇ ਅਜਾਦੀ ਦੀ ਲੜਾਈ ਨੂੰ ਅੰਗਰੇਜ ਸਾਮਰਾਜੀਆਂ ਦੀਆਂ ਬੈਰਕਾਂ ਤੱਕ ਲੈ ਗਈ।
2.) ਗਦਰ ਪਾਰਟੀ ਇਸ ਗੱਲੋਂ ਵੀ ਨਿਆਰੀ ਸੀ ਕਿ ਇਸਨੇ ਅਜਿਹੇ ਸਮੇਂ ਪੂਰਨ ਅਜਾਦੀ ਦਾ ਨਾਹਰਾ ਦਿੱਤਾ ਜਦ ਕਾਂਗਰਸ ਵਰਗੀਆਂ ਤਾਕਤਾਂ ਭਾਰਤੀਆਂ ਨੂੰ ਪਹਿਲੀ ਸੰਸਾਰ ਜੰਗ ’ਚ ਅੰਗਰੇਜਾਂ ਦੀ ਮਦਦ ਕਰਨ ਲਈ ਪ੍ਰੇਰ ਰਹੀਆਂ ਸਨ ਤੇ ਜਿਹਨਾਂ ਦਾ ਨਿਸ਼ਾਨਾ ਕਿਸੇ ਖਾੜਕੂ ਸੰਘਰਸ਼ ਰਾਹੀਂ ਅਜਾਦੀ ਦੀ ਥਾਂ ਅੰਗਰੇਜਾਂ ਤੋਂ ਰਿਆਇਤਾਂ ਦੀ ਭੀਖ ਮੰਗਣਾ ਸੀ। ਇੰਝ ਇਸਨੇ ਕਾਂਗਰਸ, ਗਾਂਧੀ ਦੇ ਸਮਝੌਤਾਪ੍ਰਸਤ ਰਵੱਈਏ ਨੂੰ ਉਜਾਗਰ ਕਰਦਿਆਂ ਉਸਦਾ ਬਦਲ ਪੇਸ਼ ਕੀਤਾ।
3.) ਇਹ ਅਜਾਦੀ ਦੀ ਪਹਿਲੀ ਅਜਿਹੀ ਲਹਿਰ ਸੀ ਜਿਹੜੀ ਜਾਤ, ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਮੁਕਤ ਸੀ। ਇਹ ਪੂਰੀ ਤਰ੍ਹਾਂ ਧਰਮ-ਨਿਰਪੱਖ ਲਹਿਰ ਸੀ। ਭਾਵ ਇਸਦੇ ਸਾਰੇ ਮੈਂਬਰ ਨਿੱਜੀ ਤੌਰ ’ਤੇ ਕਿਸੇ ਵੀ ਧਰਮ ਨੂੰ ਮੰਨਣ ਜਾਂ ਨਾ ਮੰਨਣ ਲਈ ਅਜਾਦ ਸਨ, ਪਰ ਇਹ ਲਹਿਰ ਕਿਸੇ ਖਾਸ ਧਰਮ ਉੱਪਰ ਅਧਾਰਤ ਨਹੀਂ ਸੀ, ਕਿਸੇ ਧਾਰਮਿਕ ਅਕੀਦਿਆਂ ਤੋਂ ਪ੍ਰੇਰਣਾ ਨਹੀਂ ਲੈਂਦੀ ਸੀ ਤੇ ਨਾ ਹੀ ਇਸਦਾ ਨਿਸ਼ਾਨਾ ਕੋਈ ਧਰਮ ਅਧਾਰਤ ਰਾਜ ਦੀ ਸਥਾਪਨਾ ਸੀ। ਇਸੇ ਤਰ੍ਹਾਂ ਇਸ ਵਿੱਚ ਜਾਤ-ਰੰਗ ਦਾ ਵੀ ਕੋਈ ਭੇਦਭਾਵ ਨਹੀਂ ਸੀ ਕੀਤਾ ਜਾਂਦਾ। ਭਾਰਤ ਵਿੱਚ ਵਸਦੇ ਵੱਖ-ਵੱਖ ਧਰਮਾਂ, ਜਾਤਾਂ ਦੇ ਲੋਕਾਂ ਨੂੰ ਇੱਕ ਸਾਂਝੀ ਲੜਾਈ ਵਿੱਚ ਪਰੋਣ ਲਈ ਅਜਿਹਾ ਬਹੁਤ ਜਰੂਰੀ ਵੀ ਸੀ ਤੇ ਅੱਜ ਵੀ ਜਰੂਰੀ ਹੈ।
ਇਸਦੇ ਨਾਲ਼ ਹੀ ਗਦਰ ਪਾਰਟੀ ਦੀਆਂ ਕੁੱਝ ਕਮਜੋਰੀਆਂ ਵੀ ਰਹੀਆਂ ਜਿਹਨਾਂ ਨੂੰ ਇਤਿਹਾਸਕ ਪ੍ਰਸੰਗ ਵਿੱਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ। ਇਸਦਾ ਆਦਰਸ਼ ਅਮਰੀਕਾ, ਕੈਨੇਡਾ ਦੀ ਤਰਜ ਉੱਪਰ ਇੱਕ ਜਮਹੂਰੀ ਗਣਤੰਤਰ ਸੀ ਤੇ ਉਸਤੋਂ ਵੀ ਅਗਾਂਹਵਧੂ ਸਮਾਜਵਾਦੀ ਪ੍ਰਬੰਧ ਨੂੰ ਇਸਨੇ ਆਪਣੇ ਆਦਰਸ਼ ਦੇ ਤੌਰ ’ਤੇ ਨਾ ਅਪਣਾਇਆ। ਇਹ ਸਮਾਜ ਦੀ ਜਮਾਤੀ ਵੰਡ ਨੂੰ ਤੇ ਸਮਾਜਿਕ ਤਬਦੀਲੀ ਵਿੱਚ ਵੱਖ-ਵੱਖ ਜਮਾਤਾਂ ਦੀ ਭੂਮਿਕਾ ਅਤੇ ਸੰਸਾਰ ਭਰ ਵਿੱਚ ਮਜਦੂਰ ਜਮਾਤ ਦੀ ਵਧ ਰਹੀ ਆਗੂ ਤੇ ਇਨਕਲਾਬੀ ਭੂਮਿਕਾ ਨੂੰ ਸਮਝ ਨਹੀਂ ਸਕੀ। ਇਸਨੇ ਅੰਗਰੇਜਾਂ ਨੂੰ ਫੌਜ ਵਿੱਚ ਬਗਾਵਤ ਰਾਹੀਂ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਗੱਠਜੋੜ ਵਾਲ਼ੇ ਭਾਰਤੀ ਰਾਠਾਂ, ਜਗੀਰਦਾਰਾਂ ਖਿਲਾਫ ਇਸਨੇ ਕੋਈ ਲਹਿਰ ਨਹੀਂ ਛੇੜੀ ਜਦਕਿ ਜਗੀਰਦਾਰੀ ਖਿਲਾਫ ਕਿਸਾਨੀ ਨੂੰ ਜਥੇਬੰਦ ਕੀਤਾ ਜਾਣਾ ਚਾਹੀਦਾ ਸੀ। ਇਸਦਾ ਕਾਰਨ ਇਹ ਸੀ ਕਿ ਇਹ ਪਾਰਟੀ ਖੁਦ ਬਹੁਤ ਨਵੀਂ ਸੀ ਤੇ ਸੰਸਾਰ ਵਿੱਚ ਇਸ ਤਰ੍ਹਾਂ ਦੇ ਕੋਈ ਵੱਡੇ ਤਜਰਬੇ ਇਸਦੇ ਸਾਹਮਣੇ ਨਹੀਂ ਸਨ। ਪਰ ਇਹਨਾਂ ਕਮਜੋਰੀਆਂ ਦੇ ਬਾਵਜੂਦ ਇਸਦੀਆਂ ਪ੍ਰਾਪਤੀਆਂ, ਕੁਰਬਾਨੀਆਂ ਹੀ ਇਸਦਾ ਮੁੱਖ ਪੱਖ ਹਨ। ਕਮਜੋਰੀਆਂ ਦੀ ਚਰਚਾ ਅੱਜ ਦੇ ਸਮਿਆਂ ਨੂੰ ਸੰਬੋਧਿਤ ਹੁੰਦਿਆਂ ਵੱਧ ਪ੍ਰਸੰਗਿਕ ਹੈ।
ਗਦਰ ਪਾਰਟੀ ਦੇ ਬਾਕੀ ਬਚੇ ਜੁਝਾਰੂ ਕਾਰਕੁੰਨਾਂ ਦਾ ਵੱਡਾ ਹਿੱਸਾ ਬਾਅਦ ਵਿੱਚ ਸਮਾਜਵਾਦੀ ਖਿਆਲਾਂ ਵੱਲ ਖਿੱਚਿਆ ਗਿਆ। ਇਸ ਵਿੱਚ ਮੁੱਖ ਭੂਮਿਕਾ ਰੂਸ ਵਿੱਚ 1917 ਦੇ ਇਨਕਲਾਬ ਤੋਂ ਬਾਅਦ ਹੋਂਦ ’ਚ ਆਇਆ ਸਮਾਜਵਾਦੀ ਸੋਵੀਅਤ ਯੂਨੀਅਨ ਸੀ। ਕਈ ਗਦਰੀ ਖੁਦ ਸੋਵੀਅਤ ਰੂਸ ਜਾਕੇ ਉੱਥੇ ਦੀਆਂ ਪ੍ਰਾਪਤੀਆਂ ਅੱਖੀਂ ਦੇਖਕੇ ਆਏ ਤੇ ਸਮਾਜਵਾਦੀ ਵਿਚਾਰਾਂ ਨਾਲ਼ ਜੁੜ ਗਏ। ਕਿਰਤੀ ਅਖ਼ਬਾਰ ਸ਼ੁਰੂ ਕਰਨ ਵਾਲ਼ਾ ਸੰਤੋਖ ਸਿੰਘ ਕਿਰਤੀ ਗਦਰੀਆਂ ਦਾ ਹੀ ਸਾਥੀ ਸੀ ਜੋ ਸੋਵੀਅਤ ਯੂਨੀਅਨ ਜਾ ਕੇ ਆਇਆ ਸੀ। ਉਮਰ ਕੈਦਾਂ ਕੱਟਣ ਤੋਂ ਬਾਅਦ ਵੀ ਘਰਾਂ ’ਚ ਟਿਕ ਕੇ ਨਹੀਂ ਬੈਠੇ, ਕਿਸਾਨ ਸਭਾਵਾਂ ਜਥੇਬੰਦ ਕਰਨ ਲੱਗੇ ਅਤੇ ਭਾਰਤ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ। ਇੰਝ ਗਦਰ ਲਹਿਰ ਦਾ ਵਿਰਸਾ ਸਮਾਜਵਾਦੀ ਵਿਚਾਰਾਂ ਤੱਕ ਪਹੁੰਚਦਾ ਹੈ। ਇੰਝ ਗਦਰ ਲਹਿਰ ਦੀ ਵਿਰਾਸਤ ਵਿੱਚ ਸਾਮਰਾਜ ਖਿਲਾਫ ਵੰਗਾਰ ਹੈ, ਜਬਰ ਖਿਲਾਫ ਜੂਝਣ ਤੇ ਲੋਕਾਈ ਲਈ ਆਪਾ ਵਾਰਨ ਦਾ ਜਜਬਾ ਹੈ ਤੇ ਮਨੁੱਖਤਾ ਦੀ ਬਿਹਤਰੀ ਲਈ ਸਮਾਜਵਾਦ ਦਾ ਸੁਪਨਾ ਹੈ।
ਗਦਰ ਪਾਰਟੀ ਦੀ ਵਿਰਾਸਤ ਤੇ ਅੱਜ ਦਾ ਸਮਾਂ
ਗਦਰੀ ਸੂਰਬੀਰਾਂ, ਉਹਨਾਂ ਦੇ ਵਾਰਸਾਂ ਤੇ ਕਿਰਤੀ ਲੋਕਾਂ ਦੀਆਂ ਕੁਰਬਾਨੀਆਂ ਭਰੀ ਜੱਦੋ-ਜਹਿਦ ਸਦਕਾ 15 ਅਗਸਤ 1947 ਨੂੰ ਮੁਲਕ ਅੰਗਰੇਜਾਂ ਤੋਂ ਅਜਾਦ ਹੋਇਆ। ਪਰ ਉਸ ਵੇਲੇ ਕਿਰਤੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲ਼ੀ ਧਾਰਾ ਕਮਜੋਰ ਹੋਣ ਕਾਰਨ ਇਸ ਅਜਾਦੀ ਦੀ ਵਾਗਡੋਰ ਭਾਰਤੀ ਸਰਮਾਏਦਾਰਾਂ ਦੀ ਸੇਵਕ ਕਾਂਗਰਸ ਦੇ ਹੱਥ ਆ ਗਈ। ਉਸਤੋਂ ਬਾਅਦ ਕਿਰਤੀ ਲੋਕਾਂ ਦੀ ਪੁੱਗਤ ਵਾਲ਼ਾ ਰਾਜ ਪ੍ਰਬੰਧ ਉਸਾਰਨ ਦੀ ਥਾਂ ਇਹ ਅਜਾਦੀ ਦੇਸ਼ ਦੇ ਮੁੱਠੀ ਭਰ ਸਰਮਾਏਦਾਰਾਂ, ਧਨਾਢਾਂ ਤੱਕ ਸੀਮਤ ਹੋ ਕੇ ਰਹਿ ਗਈ। ਪਿਛਲੇ 78 ਸਾਲਾਂ ਵਿੱਚ ਕਿਰਤੀ ਲੋਕਾਂ ਦੇ ਹਿੱਸੇ ਨਵੀਂ ਤਰ੍ਹਾਂ ਦੀ ਗੁਲਾਮੀ, ਗ਼ਰੀਬੀ, ਲੁੱਟ, ਜਬਰ ਤੇ ਬੇਇਨਸਾਫੀਆਂ ਹੀ ਆਈਆਂ ਹਨ ਤੇ ਦੂਜੇ ਪਾਸੇ ਅੰਬਾਨੀ, ਅਡਾਨੀ, ਟਾਟੇ ਤੇ ਬਿਰਲੇ ਵਰਗੇ ਸਰਮਾਏਦਾਰਾਂ ਨੇ ਦੇਸ਼ ਦੇ ਸਾਧਨਾਂ ’ਤੇ ਕਿਰਤੀ ਲੋਕਾਂ ਨੂੰ ਲੁੱਟ ਕੇ ਜਾਇਦਾਦ ਦੇ ਅਥਾਹ ਅੰਬਾਰ ਲਾਏ ਹਨ। ਹੁਣ ਤੱਕ ਸਭ ਵੋਟ ਪਾਰਟੀਆਂ ਦੀਆਂ ਸਰਕਾਰਾਂ ਵੀ ਇਹਨਾਂ ਸਰਮਾਏਦਾਰਾਂ ਦੇ ਹੱਕਾਂ ਦੀ ਰਾਖੀ ਹੀ ਕਰਦੀਆਂ ਆਈਆਂ ਹਨ।
2014 ’ਚ ਭਾਜਪਾ ਵੱਲੋਂ ਯੂਨੀਅਨ ਹਕੂਮਤ ਸੰਭਾਲਣ ਤੋਂ ਬਾਅਦ ਲੋਕਾਂ ਦੀ ਹਾਲਤ ਵਿੱਚ ਹੋਰ ਵੀ ਨਿਘਾਰ ਆਇਆ ਹੈ। ਨੋਟਬੰਦੀ, ਜੀ.ਐਸ.ਟੀ. ਨੇ ਕਰੋੜਾਂ ਲੋਕਾਂ ਦੇ ਰੁਜਗਾਰ ਤੇ ਕੰਮ-ਧੰਦੇ ਠੱਪ ਕਰ ਦਿੱਤੇ। ਦੇਸ਼ ਦੀ ਆਰਥਿਕਤਾ ਡਿੱਗ ਰਹੀ ਹੈ। ਗਰੀਬੀ, ਭੁੱਖਮਰੀ ਦਿਨੋਂ-ਦਿਨ ਵਧ ਰਹੀ ਹੈ। ਮਹਿੰਗਾਈ ਨੇ ਲੋਕਾਂ ਨੂੰ ਆਪਣੀ ਰੋਟੀ ਦੇ ਖਰਚੇ ਪੂਰੇ ਕਰਨੇ ਵੀ ਔਖੇ ਕਰ ਦਿੱਤੇ ਹਨ। ਬੇਰੁਜਗਾਰੀ ਨੇ ਪਿਛਲੇ 45 ਸਾਲਾਂ ਦੇ ਸਭ ਕੀਰਤੀਮਾਨ ਤੋੜ ਦਿੱਤੇ ਹਨ। ਨੌਜਵਾਨ ਨਿਰਾਸ਼ ਹਨ। ਮਜਦੂਰ, ਗ਼ਰੀਬ ਕਿਸਾਨ ਤੇ ਵਿਦਿਆਰਥੀ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। 1991 ਤੋਂ ਸ਼ੁਰੂ ਹੋਈਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਭਾਜਪਾ ਧੜੱਲੇ ਨਾਲ਼ ਲਾਗੂ ਕਰ ਰਹੀ ਹੈ ਜਿਸ ਤਹਿਤ ਸਰਕਾਰੀ ਵਿਭਾਗਾਂ, ਜਨਤਕ ਅਦਾਰਿਆਂ ਨੂੰ ਅੰਬਾਨੀ, ਅਡਾਨੀ ਵਰਗੇ ਵੱਡੇ ਸਰਮਾਏਦਾਰਾਂ ਹੱਥ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ।
ਭਾਜਪਾ ਦੇ ਪਿੱਛੇ ਅਸਲ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਸਰਗਰਮ ਹੈ ਜੋ ‘ਹਿੰਦੀ, ਹਿੰਦੂ, ਹਿੰਦੁਸਤਾਨ’ ਦੇ ਨਾਹਰੇ ਹੇਠ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ ਪੂਰੀ ਵਾਹ ਲਾ ਰਿਹਾ ਹੈ। ਇਸ ਮਕਸਦ ਲਈ ਲੋਕਾਂ ਵਿੱਚ ਧਰਮ, ਜਾਤ ਦੇ ਅਧਾਰ ਨਫ਼ਰਤ ਤੇ ਤਣਾਅ ਵਧਾਇਆ ਜਾ ਰਿਹਾ ਹੈ। ਮੋਦੀ ਦੇ ਆਉਣ ਤੋਂ ਬਾਅਦ ਭਗਵੇਂ ਲੀੜਿਆਂ ਵਾਲ਼ੇ ਬੁੱਚੜ ਸ਼ਰ੍ਹੇਆਮ ਗੁੰਡਾਗਰਦੀ ਕਰ ਰਹੇ ਹਨ ਤੇ ਮੁਸਲਮਾਨਾਂ, ਦਲਿਤਾਂ ਤੇ ਲੋਕ ਪੱਖੀ ਕਾਰਕੁੰਨਾਂ ਉੱਪਰ ਹਮਲੇ ਕਰ ਰਹੇ ਹਨ। ਰਾਮ ਮੰਦਰ ਦੀ ਉਸਾਰ ਗਿਆ ਹੈ, ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀ ਭਾਜਪਾ ਆਗੂ ਬਰੀ ਕਰ ਦਿੱਤੇ ਗਏ ਹਨ, ਧਾਰਾ 370 ਤੇ 35-ਏ ਖਤਮ ਕਰਕੇ ਕਸ਼ਮੀਰੀ ਲੋਕਾਂ ਉੱਪਰ ਜਬਰ ਵਧਾ ਦਿੱਤਾ ਗਿਆ ਹੈ। ਫਿਰਕੂ ਵੰਡੀਆਂ ਦੀ ਇਸ ਸਿਆਸਤ ਤਹਿਤ ਹੀ ਨਾਗਰਿਕਤਾ ਸੋਧ ਕਨੂੰਨ ਲਿਆਂਦਾ ਗਿਆ ਸੀ ਜਿਸਨੂੰ ਦੇਸ਼ ਭਰ ਵਿੱਚ ਲੋਕਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਕਨੂੰਨ ਉੱਪਰ ਹੁਣ ਭਾਵੇਂ ਚੁੱਪੀ ਵਾਲ਼ਾ ਮਾਹੌਲ ਹੈ ਪਰ ਭਾਜਪਾ ਹਕੂਮਤ ਅੰਦਰੋ-ਅੰਦਰੀ ਨਾਗਰਿਕਤਾ ਕਨੂੰਨ ਨੂੰ ਲਾਗੂ ਕਰਨ ਦੀ ਤਿਆਰੀ ਵਿੱਚ ਹੈ। ਹਿੰਦੂ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਵੱਡੇ ਸਰਮਾਏਦਾਰਾਂ ਦੇ ਪੱਖ ਵਿੱਚ ਨੀਤੀਆਂ ਬਣਾਉਣ ਦੀ ਲੋੜ ਵਿੱਚੋਂ ਭਾਜਪਾ ਸਿਆਸੀ ਤਾਕਤਾਂ ਦਾ ਅੰਨ੍ਹਾ ਕੇਂਦਰੀਕਰਨ ਕਰ ਰਹੀ ਹੈ ਤੇ ਸੂਬਿਆਂ ਦੇ ਖੇਤਰੀ ਖੁਦਮੁਖਤਿਆਰੀ ਖੋਹਣ ਦਾ ਕੌਮੀ ਜਬਰ ਕਰ ਰਹੀ ਹੈ। ਇਸ ਨਾਲ਼ ਬਹੁਕੌਮੀ ਭਾਰਤ ਵਿੱਚ ਕੌਮੀ ਰੱਟੇ ਵੀ ਤਿੱਖੇ ਹੋਣ ਵੱਲ ਵਧ ਰਹੇ ਹਨ।
ਇੰਝ ਮੌਜੂਦਾ ਮਹੌਲ ਅੰਦਰ ਸਾਡੇ ਗਦਰੀ ਸੂਰਬੀਰਾਂ ਦੀ ਯਾਦ ਦੀ ਸ਼ਮ੍ਹਾ ਬਾਲਣਾ, ਉਹਨਾਂ ਦੇ ਵਿਰਸੇ ਨੂੰ ਜਾਨਣਾ ਤੇ ਉਸਤੋਂ ਪ੍ਰੇਰਣਾ ਲੈਣਾ ਅੱਜ ਬਹੁਤ ਜਰੂਰੀ ਹੈ। ਗਦਰੀ ਯੋਧਿਆਂ ਨੇ ਜਬਰ ਨਾਲ਼ ਆਢਾ ਲਿਆ, ਸਾਮਰਾਜੀ ਲੁੱਟ ਨੂੰ ਵੰਗਾਰਿਆ, ਲੋਕਾਂ ਲਈ ਆਪਾ ਵਾਰਨ ਤੇ ਅੰਡੇਮਾਨ ਦੀਆਂ ਜੇਲ੍ਹਾਂ ’ਚ ਤਸੀਹਿਆਂ ਭਰੀ ਉਮਰ ਕੈਦ ਕੱਟਣ ਦਾ ਸਿਦਕ ਰੱਖਣ ਦੀਆਂ ਰਵਾਇਤਾਂ ਕਾਇਮ ਕੀਤੀਆਂ ਹਨ ਤੇ ਮਨੁੱਖਤਾ ਦੀ ਬਿਹਤਰੀ ਲਈ ਪਹਿਲਾਂ ਜਮਹੂਰੀ ਗਣਰਾਜ ਤੇ ਫੇਰ ਸਮਾਜਵਾਦੀ ਪ੍ਰਬੰਧ ਦਾ ਰਾਹ ਦਿਖਾਇਆ ਹੈ। ਆਉ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਦੇਸੀ-ਵਿਦੇਸ਼ੀ ਸਰਮਾਏਦਾਰਾ ਪ੍ਰਬੰਧ ਖਿਲਾਫ ਜੂਝਣ ਦਾ ਅਹਿਦ ਲਈਏ ਤੇ ਲੋਕਾਂ ਦੀ ਪੁੱਗਤ ਵਾਲ਼ੇ ਸਮਾਜ ਦੇ ਗਦਰੀਆਂ ਦੇ ਆਦਰਸ਼ ਨੂੰ ਪੂਰਾ ਕਰਨ ਲਈ ਤਾਣ ਲਾਈਏ।
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅਕਤੂਬਰ 2025 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ