28/10/2023
ਜਗਦੀਪ ਸਿੰਘ ਨਿਯੁਕਤ ਹੋਏ ਯੂਨੀਵਰਸਿਟੀ ਆਫ ਵਾਟਰਲੂ (University of Waterloo) ਦੇ ਚਾਂਸਲਰ
ਵਾਟਰਲੂ, ਉਨਟਾਰੀਓ: ਜਗਦੀਪ ਸਿੰਘ ਕੈਨੇਡਾ ਦੀ ਨਾਮੀਂ ਸੰਸਥਾ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਬਣਾਏ ਗਏ ਹਨ। ਯੂਨੀਵਰਸਿਟੀ ਆਫ ਵਾਟਰਲੂ ਕੈਨੇਡਾ ਦੀ ਚੋਟੀ ਦੀ ਯੂਨੀਵਰਸਿਟੀ ਹੈ ਜਿੱਥੇ ਹਰ ਸਾਲ ਤਕਰੀਬਨ 42,000 ਦੇ ਕਰੀਬ ਵਿਦਿਆਰਥੀ ਪੜਨ ਲਈ ਆਉਂਦੇ ਹਨ। ਵਾਟਰਲੂ ਯੂਨੀਵਰਸਿਟੀ ਐਕਸਪੈਰੀਮੈੰਟਲ ਲਰਨਿੰਗ ਲਈ ਕੈਨੇਡਾ 'ਚ ਪਹਿਲੇ ਨੰਬਰ ਦੀ ਯੂਨੀਵਰਸਿਟੀ ਹੈ।
ਜਗਦੀਪ ਸਿੰਘ ਦੀ ਗੱਲ ਕਰੀਏ ਤਾਂ ਉਨਾਂ ਵੱਲੋ ਵਾਟਰਲੂ ਯੂਨੀਵਰਸਿਟੀ ਤੋਂ ਹੀ ਬੈਚਲਰ ਆਫ ਐਪਲਾਈਡ ਸਾਇੰਸ, ਮੈਨੇਜਮੈਂਟ ਸਾਇੰਸ,ਪੀਐਚਡੀ ਮੈਨੇਜਮੈਂਟ ਸਾਇੰਸ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਸਤੋਂ ਇਲਾਵਾ ਜਗਦੀਪ ਸਿੰਘ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਮੁੱਖ ਨਿਵੇਸ਼ ਅਧਿਕਾਰੀ ਅਤੇ ਉਪ ਪ੍ਰਧਾਨ ਵੀ ਹਨ, ਜਿੱਥੇ ਉਹ $164 ਬਿਲੀਅਨ ਦੇ ਨਿਵੇਸ਼ ਪੋਰਟਫੋਲੀਓ ਦੀ ਨਿਗਰਾਨੀ ਕਰਦੇ ਹਨ।
ਚਾਂਸਲਰ ਵਜੋਂ ਆਪਣੀ ਨਵੀਂ ਭੂਮਿਕਾ ਵਿੱਚ, ਯੂਨੀਵਰਸਿਟੀ ਦੇ ਮੁਖੀ ਵਜੋਂ ਉਹ ਸੰਸਥਾ ਲਈ ਇੱਕ ਮੁੱਖ ਐਮਬੈਸਡਰ ਹੋਣਗੇ, ਵਾਟਰਲੂ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਵਾਟਰਲੂ ਯੁਨੀਵਰਸਿਟੀ ਦੇ ਮਿਸ਼ਨ ਨੂੰ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਗੇ ਵਧਾਉਣਗੇ। ਉਹ ਯੂਨੀਵਰਸਿਟੀ ਕਨਵੋਕੇਸ਼ਨ ਸਮਾਰੋਹਾਂ ਦੀ ਪ੍ਰਧਾਨਗੀ, ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਪ੍ਰਦਾਨ ਕਰਦੇ ਨਜ਼ਰ ਆਉਣਗੇ ਅਤੇ ਭਾਈਚਾਰੇ ਲਈ ਇੱਕ ਪ੍ਰੇਰਨਾ ਸਰੋਤ ਵਜੋਂ ਕੰਮ ਕਰਨਗੇ।