06/12/2022
‘ਪਾਠਕ ਪੀਠ’ ਦਾ ਜੇਤੂ ਬੂਟਾ ਸਿੰਘ ਸ਼ਾਦ
-ਸਿੱਧੂ ਦਮਦਮੀ
ਹੁੱਸੜ ਭਰਿਆ ਦਿਨ ਸੀ। ਘੱਗਰ ਦਰਿਆ ਦੇ ਬਾਗੜੀ ਪਸਾਰ ਵਿਚ ਫੈਲੀਆਂ ਦਰਜ਼ਨਾ ਢਾਣੀਆਂ ਵਿਚੋਂ ਅਸੀਂ ਇਕ ਉਸ ਦੀ ਭਾਲ ਕਰ ਰਹੇ ਸਾਂ ਜਿਸ ਵਿਚ , ਇਕ ਸੂਚਨਾ ਮੁਤਾਬਕ, ਬੂਟਾ ਸਿੰਘ ਸ਼ਾਦ ਆਪਣੀ ਜਿੰਦਗੀ ਦੀ ਆਥਣ ਕੱਟ ਰਿਹਾ ਸੀ।
ਇਤਫਾਕਨ, ਕੁਝ ਸਾਲ ਪਹਿਲਾਂ ਉਨ੍ਹਾਂ ਬਾਰੇ ਰਿਕਾਰਡ ਹੋ ਰਹੇ ਮੇਰੇ ਇਕ ਟੀਵੀ ਪੋ੍ਰਗਰਾਮ ਵਿਚ ਹੀ ਉਨ੍ਹਾਂ ਦੀ ਗੰਭੀਰ ਬਿਮਾਰੀ ਦੀਆਂ ਨਿਸ਼ਾਨੀਆਂ ਪ੍ਰਗਟ ਹੋਈਆਂ ਸਨ।ਤਦ ਪ੍ਰੋਗਰਾਮ ਵਿਚੇ ਛੱਡ ਕੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਜਾਣਾ ਪਿਆ ਸੀ। ਉਸ ਪਿਛੋਂ ਮੇਰੇ ਬਦੇਸ ਰਟਨ ਦੀ ਫਿਰਕੀ ਤੇ ਚੜ੍ਹ ਜਾਣ ਕਾਰਨ, ਅਗਲੇ ਕਈ ਵਰ੍ਹੇ ਉਨ੍ਹਾਂ ਦੀ ਸੁੱਖਸਾਂਦ ਪੁੱਛਣ ਦਾ ਸਬੱਬ ਹੀ ਨਹੀਂ ਬਣ ਸਕਿਆ।ਬਿਮਾਰੀ ਕਾਰਨ ਉਹ ਖੁਦ ਵੀ ਲੋਕਾਂ ਤੋਂ ਕੱਟੇ ਰਹੇ।
ਇਸੇ ਦੌਰਾਨ ਉਨ੍ਹਾਂ ਦੇ ਆਪਣੇ ਭਤੀਜਿਆਂ ਕੋਲ ਸਿਰਸੇ ਜਿਲ੍ਹੇ ਦੀ ਕਿਸੇ ਢਾਣੀ ਵਿਚ ਚਲੇ ਜਾਣ ਦੀ ਕੱਚੀ-ਪੱਕੀ ਖਬਰ ਆਈ। ਪੱਤਰਕਾਰ ਮਿੱਤਰਾਂ ਤੋਂ ਖਬਰ ਦੀ ਪੁਸ਼ਟੀ ਕਰਵਾਈ ਤੇ ਅਸੀਂ ਉਨ੍ਹਾਂ ਨੂੰ ਮਿਲਣ ਲਈ ਚੱਲ ਪਏ।
ਰਾਜਸਥਾਨੀ ਕਾਲਮਨਵੀਸ ਭਾਰਤ ਭੂਸ਼ਨ ਸ਼ੂਨਅ, ਹਰਿਆਣਵੀ ਪਤਰਕਾਰ ਭੂਪਿੰਦਰ ਪੰਨ੍ਹੀਵਾਲ ਤੇ ਪ੍ਰਭਦਿਆਲ ਦੀ ਸੰਗਤ ਵਿਚ ਮੈਂ ਐਲਨਾਬਾਦ ਦੇ ਚਾਰ ਕੁ ਪਿੰਡਾਂ ਦੀ ਛੋਟੀ ਜਿਹੀ ਢਾਣੀ ਕੂਮਥਲਾ ਦਾ ਬੂਹਾ ਜਾ ਖੜਕਾਇਆ। ਖੇਤੀ ਦੇ ਵੱਡੇ-ਛੋਟੇ ਸੰਦਾ ਨਾਲ ਭਰਿਆ ਹੋਇਆ ਘਰ ਸੀ।ਸਾਡੀ ਆਮਦ ਦਾ ਸ਼ੋਰ ਸੁਣ ਕੇ ਬਾਕੀ ਘਰ ਨਾਲੋਂ ਹਟਕੇ ਬਾਣਾਈ ਬੈਠਕ ਵਿਚੋਂ ਬੁਢੇ ਸ਼ੇਰ ਦੀ ਗੁਰਾਹਟ ਜਿਹੀ ਸ਼ਾਦ ਦੀ ਆਵਾਜ ਸੁਣਾਈ ਦਿੱਤੀ।ਉਸ ਨੇ ਉਠਣ ਦੀ ਕੋਸ਼ਿਸ ਕੀਤੀ ਪਰ ਡਾਕਟਰੀ ਓਪਰੇਸ਼ਨਾ ਦੇ ਭੰਨੇ ਤੇ ਸਹਾਰਿਆਂ ਨਾਲ ਹੀ ਉਠਣ ਬੈਠਣ ਜੋਗਾ ਰਹਿ ਗਏ ਸਰੀਰ ਨੇ ਸਾਥ ਨਾ ਦਿੱਤਾ।ਉਸ ਮੁਤਾਬਕ, ਉਸਦੀ ਬੰਬਈ ਵਿਚ ਹੋਈ ਓਪਨ ਹਾਰਟ ਸਰਜਰੀ ਨੇ ਜਿਥੇ ਗਲ ਸਾਂਭ ਲਈ ਸੀ ਉਥੇ ਬਠਿੰਡੇ ‘ਚ ਹੋਏ ਪਰਾਸਟੇਟ ਗਲੈਂਡ ਦੇ ਓਪਰੇਸ਼ਨ ਨੇ ਵਿਗਾੜ ਦਿੱਤੀ।
ਵਾਕਰ ਨਾਲ ਸਰੀਰ ਨੂੰ ਕੁਝ ਹਰਕਤ ਦੇਕੇ ਤੇ ਚੇਤਨ ‘ਤੇ ਜ਼ੋਰ ਪਾ ਕੇ ਨਾ ਕੇਵਲ ਉਸਨੇ ਮੈਨੂੰ ਹੀ ਪਛਾਣ ਲਿਆ ਸਗੋਂ ਧੀਰੇ ਧੀਰੇ ਬੀਤੇ ਦੀਆਂ ਗੱਲਾਂ ਦੀ ਬੱਤੀ ਵੀ ਮਘਾ ਲਈ ਸੀ।
ਪਰਿਵਾਰ ਵਲੋਂ ਪਰੋਸੀ ਗਈ ਚਾਹ ਦੇ ਨਾਲ ਨਾਲ ਸਾਹਿਤ ਤੇ ਫਿਲਮ ਜਗਤ ਵਾਰ ਵਾਰ ਉਸ ਦੀ ਚੇਤਨਾ ਵਿਚ ਜਗ-ਬੁੱਝ ਜੱਗ-ਬੁੱਝ ਕਰਨ ਲਗੇ।ਇਕ ਵੇਰਾਂ ਵੇਖਿਆ, ਬੰਬਈ ਦੇ ਸਮੁੰਦਰੀ ਕਿਨਾਰੇ ਖੜਾ 61 ਜੇਪੀ-1 ਵਰਸੋਵਾ ਵਾਲਾ ਸ਼ਾਦ ਦਾ ਅਪਾਰਟਮੈਂਟ ਮੈਨੂੰ ਯਾਦ ਆ ਰਿਹਾ ਸੀ।ਇਹ ਬਾਲੀਵੁੱਡ ਦੇ ਸਿਰੇ ਦੇ ਸਤਾਰਿਆਂ ਦਾ ਬਸੇਰਾ ਰਹਿੰਦਾ ਰਿਹਾ ਸੀ।ਇਥੇ ਹੀ ਰਚ ਕੇ ਉਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਚਾਲੀ ਨਾਵਲ ਤੇ ਸਤ ਕਹਾਣੀ ਸੰਗ੍ਰਿਹ ਪਾਏ…..ਇਥੇ ਹੀ ਨਿਸ਼ਾਨ ਜਿਹੀਆਂ ਮਲਟੀ ਸਟਾਰ ਫਿਲਮਾ ਕਲਪੀਆਂ ਤੇ ਆਪਣੀ ਪਲੇਠੀ ਫਿਲਮ ‘ਕੁੱਲੀ ਯਾਰ ਦੀ’ ਸਮੇਤ ਅਨੇਕਾਂ ਪੰਜਾਬੀ ਫਿਲਮਾ ਵਿਊਂਤੀਆਂ…ਇਥੇ ਹੀ ਉਸ ਤੋਂ ਨਾਵਲ ਲਿਖਵਾਉਣ ਲਈ ਪੰਜਾਬੀ ਪਬਲਿਸ਼ਰ ਹਜ਼ਾਰਾਂ ਦਾ ਐਡਵਾਂਸ ਦੇਣ ਆਇਆ ਕਰਦੇ ਸਨ।ਉਹ ਨਸ਼ਿੰਗ ਕਹਿੰਦੇ ਹਨ ਕਿ ਇਥੇ ਹੀ ਫਿਲਮਾ ਚੋਂ ਉਨ੍ਹਾਂ ਨੇ ਮੋਟਾ ਪੈਸਾ ਕਮਾਇਆ ਤੇ ਲੋੜਵੰਦਾਂ ਦਰਮਿਆਨ ਵੰਡਿਆ ਵੀ।
ਸ਼ਾਦ ਹੋਰਾਂ ਦੀ ਜਿੰਦਗੀ ਨੇ ਹੱਦ ਦਰਜ਼ੇ ਦਾ ਕੰਟਾਰਸਟ ਭੋਗਿਆ ਹੈ: ਦਾਨ ਸਿੰਘ ਵਾਲਾ ਤੋਂ ਵਰਸੋਵਾ ਤਕ; ਵਰਸੋਵਾ ਦੀ ਫਿਲਮੀ ਦੁਨੀਆ ਦੀ ਰੌਣਕ ਤੋਂ ਲੈਕੇ ਛੋਟੀ ਜਿਹੀ ਢਾਣੀ ਦੀ ਇਕੱਲਤਾ ਤਕ।
ਗੱਲਾਂ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਏਨੀ ਰਚਨਾਤਮਿਕ ਤੇ ਆਰਥਕ ਅਮੀਰੀ ਦੇ ਬਾਵਜੂਦ ਸ਼ਾਦ ਦੀਆਂ ਅੱਖਾਂ ਵਿਚ ਅਤ੍ਰਿਪਤੀ ਦੇ ਗਲੇਡੂ ਅਟਕੇ ਹੋਏ ਸਨ।ਜੋ ਉਸ ਦੇ ਇਹ ਕਹਿੰਦਿਆਂ ਹੀ ਵਗ ਤੁਰੇ ਕਿ ‘2016 ਦੀ ਦਿਵਾਲੀ ਨੂੰ ਬੰਬਈ ਤੋਂ ਪੰਜਾਬ ‘ਚ ਸ਼ਿਫਟ ਕਰਨ ਵੇਲੇ ਮੇਰੀ ਕਲਮ ਦੀ ਸਿਆਹੀ ਹਮੇਸ਼ਾਂ ਲਈ ਸੁੱਕ ਗਈ..ਹੱਥ ਲਿਖਣ ਤੋਂ ਇਨਕਾਰੀ ਹੋ ਬੈਠੇ ….’
ਸ਼ਾਦ ਨਾਲ ਕੀਤੀਆਂ ਦੋ ਲੰਬੀਆਂ ਟੀਵੀ ਮੁਲਾਕਾਤਾਂ ਮੇਰੇ ਚੇਤੇ ਵਿਚ ਖੁਲ੍ਹਣ ਲਗੀਆਂ : ਕਿਵੇਂ ਚਿੱੜੀ ਦੇ ਪੌਂਚੇ ਜਿੱਡੇ ਪਿੰਡ ਦਾਨ ਸਿੰਘ ਵਾਲੇ ਦੇ ਗਲੀਆਂ ਵਿਚ ਖੇਡਣ ਵਾਲੇ ਇੱਕ ਅੜੀਅਲ ਮੁੰਡੇ ਨੇ ਰੰਗਦਾਰ ਸੁਫਨਾ ਲਿਆ ਤੇ ਸਿਰੇ ਚਾੜ੍ਹਿਆ….ਕਿਵੇਂ ਭਲੇ ਵਕਤਾਂ ਵਿਚ ਕੁਝ ਹਜ਼ਾਰ ਰੁਪਇਆਂ ਨਾਲ ਹੀ ਰੇਤੀਲੇ ਸ਼ਹਿਰ ਬਠਿੰਡੇ ਦੀ ਬਾਲੀਵੁੱਡ ਨਾਲ ਦੋਸਤੀ ਪਵਾਈ….ਕਿਵੇਂ ਫਿਲਮੀ ਸੰਸਾਰ ਦੀਆਂ ਰੰਜਸ਼ਾ ਭੁਗਤੀਆਂ ਤੇ ਪਿਆਰ ਪੁਗਾਏ…
ਤੁਰਦਿਆਂ ਫਿਰਦਿਆਂ ਦੇ ਸਟਾਇਲ ਵਿਚ ਕੀਤੀਆਂ ਟੀਵੀ ਮੁਲਾਕਾਤਾਂ ਵਿਚਲੇ ਛੇਅ ਫੁੱਟੇ ਸ਼ਾਦ ਨੂੰ ਹੁਣ ਵਾਕਰ ਦੀ ਮੁਥਾਜਗੀ ਸਹਾਰਦਿਆਂ ਵੇਖ ਉਦਾਸੀ ਦੀ ਇਕ ਛੱਲ ਮੇਰੇ ਅੰਦਰ ਉਠ ਪਈ।ਮੇਰੇ ਚੇਤੇ ਵਿਚ ਮੇਰੇ ਵਿਦਿਆਰਥੀ ਜੀਵਨ ਦਾ ਉਹ ਦਿਨ ਉਘੜ ਪਿਆ ਸੀ ਜਿਸ ਦਿਨ ‘ਆਰਸੀ’ ਦੇ ਇਕੋ ਅੰਕ ਵਿਚ ਮੇਰੀ ਪਲੇਠੀ ਕਵਿਤਾ ਤੇ ਸ਼ਾਦ ਹੋਰਾਂ ਦੀ ਚਰਚਿਤ ਕਹਾਣੀ ‘ਪੰੁਨਣ’ ਛਪੀ ਸੀ।ਤੇ ਬਾਵਰਿਆਂ ਹਾਰ ਪਰਚਾ ਚੁਕੀ, ਖੁਸ਼ੀ ਸਾਂਝੀ ਕਰਨ ਲਈ, ਮੈਂ ਉਨ੍ਹਾਂ ਨੂੰ ਬਠਿੰਡੇ ਦੇ ਗਲੀਆਂ ਬਜ਼ਾਰਾਂ ਵਿਚ ਲੱਭਦਾ ਫਿਰਿਆ ਸਾਂ।ਮਿਲਿਆ ਤਾਂ ਉਸ ਦੀ ਮੱਤ ਸੀ : ਗੱਠ ਬੰਨ੍ਹ ਲੈ - ਹੁਣ ਆਰਸੀ ਨਾਗਮਣੀ ਤੋਂ ਘੱਟ ਨਹੀਂ ਛਪਣਾ।
ਦਿਲਚਸਪ ਗੱਲ ਇਹ ਕਿ ਫਿਲਮੀ ਸੰਸਾਰ ਦੀ ਮਕਿਨਾਤੀਸੀ ਖਿੱਚ ਦੇ ਬਾਵਜੂਦ ਸ਼ਾਦ ਦਾ ਪਹਿਲਾ ਪਿਆਰ ਲਿਖਣਾ ਹੀ ਰਿਹਾ। ਉਸ ਦੇ ਪਾਠਕਾਂ ਦਾ ਮੰਨਣਾ ਹੈ ਕਿ ਦਹਾਕਿਆਂ ਪਿਛੋਂ ਵੀ ਉਸ ਦੇ ਰਚੇ ਬਿਰਤਾਂਤ ਅੰਦਰਲਾ ਕਥਾ ਰਸ, ਫਿਕਰਿਆਂ ‘ਚ ਗਿੱੜਦੀ ਊਰਜ਼ਾ ਤੇ ਗੱਲਾਂ ‘ਚ ਖੜਕਦਾ ਯਥਾਰਥ ਉਨ੍ਹਾਂ ਨੂੰ ਬੰਨ੍ਹਦਾ ਆ ਰਿਹਾ ਹੈ।ਸ਼ਾਇਦ ਉਹ ਪੰਜਾਬੀ ਦਾ ਵਿਕਲੋਤਰਾ ਕਥਾਕਾਰ ਹੈ ਜਿਸ ਦੇ ਨਾਵਲਾਂ/ਕਹਾਣੀਆਂ ਦੇ ਫਿਕਰੇ/ਜੁਮਲੇ ਤੇ ਕਥਾ-ਧਾਗੇ ਮੰਟੋ ਦੇ ਅਫਸਾਨਿਆਂ ਵਾਂਗ ਉਸ ਦੇ ਪਾਠਕਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ।
………………
ਪੁਰਸਕਾਰਾਂ ਨਾਲ ਬਹੁੰ ਸ਼ਿੰਗਾਰੇ ਉਸ ਦੇ ਕਈ ਸਮਕਾਲੀਆਂ ਦੇ ਉਲਟ, ਦਹਾਕਿਆਂ ਪਿਛੋਂ ਵੀ, ਸ਼ਾਦ ਦੇ ਨਾਵਲਾਂ ‘ਚ ਬੁੱਢਾਪਾ ਤੇ ਕਹਾਣੀਆਂ ‘ਚ ਪੁਰਾਣ ਨਹੀਂ ਝਲਕਦਾ । ਉਸ ਦੀਆਂ ਰਚਨਾਵਾਂ ਦਾ ਕਥਾ ਰਸ, ਫਿਕਰਿਆਂ ‘ਚ ਨਿਰੰਤਰ ਗਿੱੜਦੀ ਊਰਜ਼ਾ ਤੇ ਗੱਲ ‘ਚ ਖੜਕਦਾ ਯਥਾਰਥ ਉਸ ਦੇ ਪਾਠਕਾਂ ਨੂੰ ਬੰਨ੍ਹਦਾ ਆ ਰਿਹਾ ਹੈ।ਉਹ ਪੰਜਾਬੀ ਦਾ ਵਿਕਲੋਤਰਾ ਕਥਾਕਾਰ ਹੈ ਜਿਸ ਦੇ ਨਾਵਲਾਂ/ਕਹਾਣੀਆਂ ਦੇ ਫਿਕਰੇ/ਜੁਮਲੇ ਤੇ ਕਥਾ-ਧਾਗੇ ਮੰਟੋ ਦੇ ਅਫਸਾਨਿਆਂ ਵਾਂਗ ਪਾਠਕਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ।
ਨਿਰਸੰਦੇਹ ਬੂਟਾ ਸਿੰਘ ਸ਼ਾਦ ਦੀਆਂ ਲਿਖਤਾਂ ਦੀ ਸਮਾਜਿਕ ਪ੍ਰਸੰਗਤਾ ਬਾਰੇ ਬਹਿਸ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਬੂਟਾ ਸਿਘ ਸ਼ਾਦ ਨੇ ਪੁਰਸਕਾਰ ਨਹੀਂ , ਪਾਠਕ ਕਮਾਏ ਹਨ। ਹਜ਼ਾਰਾਂ ਨਹੀ ਲੱਖਾਂ। ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਉਸ ਕੋਨੇ ਚੋਂ ਜਿਥੇ ਕਿਤੇ ਵੀ ਪੰਜਾਬੀ ਵੱਸਦੇ ਹਨ।
ਭਾਵੇਂ ਪੰਜਾਬੀ ਅਲੋਚਕਾਂ ਦਾ ਇਕ ਵਰਗ ਵਾਰ ਵਾਰ ਉਸ ਨੂੰ ‘ ਪੰਜਾਬੀ ਦਾ ਗੁਲਸ਼ਨ ਨੰਦਾ’ ਕਹਿ ਕੇ ਸੰਜੀਦਾ ਸਾਹਿਤਕਾਰਾਂ ਦੀ ਸ਼੍ਰੈਣੀ ‘ਚੋਂ ਬਾਹਰ ਰੱਖਣ ਦੀ ਕੋਸ਼ਿਸ ਕਰਦਾ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਆਪਣੀ ਪੀੜ੍ਹੀ ਵਿਚ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਪਿਛੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਤੇ ਵਿਕਣ ਵਾਲਾ ਨਾਵਲਕਾਰ ਹੈ ।
ਇਸੇ ਲਈ ਪੁਸਤਕਾਂ ਦੇ ਥੱਬਿਆਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਨੂੰ ‘ਭਾਰੀ ਕਰਨ’ ਦੇ ਦਾਅਵੇਦਾਰ ਸਾਹਿਤਕਾਰ ਤਾਂ ਪੰਜਾਬੀ ਸਾਹਿਤ ਸੰਸਾਰ ‘ਚ ਸੈਂਕੜੇ ਮਿਲ ਜਾਣਗੇ ਪਰ ਨਾਨਕ ਸਿੰਘ-ਕੰਵਲ ਦੀ ਪੀੜ੍ਹੀ ਪਿਛੋਂ ਇਸ ਨੂੰ ਲੱਖਾਂ ਪਾਠਕਾਂ ਨਾਲ ‘ਭਰਪੂਰ ਕਰਨ’ ਦਾ ਦਾਅਵਾ ਕੇਵਲ ਬੂਟਾ ਸਿੰਘ ਸ਼ਾਦ ਹੀ ਕਰ ਸਕਦਾ ਹੈ।ਇਸੇ ਲਈ ਕਿਹਾ ਜਾ ਸਕਦਾ ਹੈ ਕਿ ਗਿਆਨ-ਪੀਠ ਨਾ ਸਹੀ ਉਸ ਨੂੰ ਪੰਜਾਬੀ ਪਾਠਕ ਵਰਗ ਵਲੋਂ ‘ਪਾਠਕ ਪੀਠ’ ਪੁਰਸਕਾਰ ਤਾਂ ਦਿੱਤਾ ਹੀ ਜਾ ਚੁਕਾ ਹੈ।
ਮੁਲਾਕਾਤ ਲੰਬੀ ਹੋ ਜਾਣ ਕਾਰਨ ਸ਼ਾਦ ਦਾ ਬਿਮਾਰੀ ਖਾਧਾ ਸਰੀਰ ਥਕਾਵਟ ਮੰਨ ਰਿਹਾ ਲਗਦਾ ਸੀ।ਖੇਤਾਂ ‘ਚ ਚੁਫੇਰੇ ਚਲ ਰਹੀਆਂ ਹਾਰਵੈਸਟ ਕੰਬਾਇਨਾ ਦੀ ਧੂੜ ਤੇ ਸ਼ੋਰ ਫੈਲ ਰਿਹਾ ਸੀ।ਬਾਹਰ ਨਿਕਲ ਕੇ ਮੈਂ ਢਾਣੀ ‘ਚ ਚੁਫੇਰੇ ਨਿਗ੍ਹਾ ਮਾਰੀ ਤਾਂ ਵੇਖਿਆ ਘਰ ਦੇ ਜੀ ਆਪੋ-ਆਪਣੇ ਧੰਦੀ ਲਗ ਗਏ ਸਨ ਤੇ ਘਰ ਦੀ ਬਾਹਰਲੀ ਬੈਠਕ ਵਿਚੋਂ ਕੋਈ ਅਵਾਜ਼ ਨਹੀਂ ਆ ਰਹੀ ਸੀ….
ਸੰਪਰਕ: 9417013869