24/10/2025
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰਅੰਦਾਜ਼ੀ (ਲੜਕੇ ਅਤੇ ਲੜਕੀਆਂ) ਚੈਂਪੀਅਨਸ਼ਿਪ 2025-26 ਦਾ ਸ਼ਾਨਦਾਰ ਆਗਾਜ਼
168 ਯੂਨੀਵਰਸਿਟੀਆਂ ਦੇ 1400 ਤੋਂ ਵੱਧ ਖਿਡਾਰੀ 99 ਤਗਮਿਆਂ ‘ਤੇ ਲਾਉਣਗੇ ਨਿਸ਼ਾਨਾ
ਬਠਿੰਡਾ (ਤਲਵੰਡੀ ਸਾਬੋ, 24 ਅਕਤੂਬਰ 2025) ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਨਵੇਂ ਖੇਡ ਕੰਪਲੈਕਸ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰ ਅੰਦਾਜ਼ੀ ਲੜਕੇ ਅਤੇ ਲੜਕੀਆਂ ਦੀ ਚੈਂਪੀਅਨਸ਼ਿਪ 2025-26 ਦਾ ਸ਼ਾਨਦਾਰ ਆਗਾਜ਼ ਮੁੱਖ ਮਹਿਮਾਨ ਪਦਮ ਸ਼੍ਰੀ, ਅਰਜੁਨ ਅਵਾਰਡੀ, ਓਲੰਪਿਕ ਸੋਨ ਤਗਮਾ ਜੇਤੂ ਹਰਵਿੰਦਰ ਸਿੰਘ ਧੰਜੂ ਵੱਲੋਂ ਕੀਤਾ ਗਿਆ। ਇਸ ਮੌਕੇ ਦਰੋਣਾਚਾਰਿਆ ਅਵਾਰਡੀ ਜੀਵਨਜੋਤ ਸਿੰਘ ਤੇਜਾ ਡਾਇਰੈਕਟਰ ਸਿਖਲਾਈ ਅਤੇ ਪਾਠਕ੍ਰਮ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਸਮਾਰੋਹ ਵਿੱਚ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ, ਡਾ. ਜਗਤਾਰ ਸਿੰਘ ਧੀਮਾਨ ਪਰੋ-ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ ਪਰੋ-ਵਾਈਸ ਚਾਂਸਲਰ, ਡਾ. ਹਰਜਸਪਾਲ ਸਿੰਘ ਡਾਇਰੈਕਟਰ ਕੈਂਪਸ, ‘ਵਰਸਿਟੀ ਦੇ ਅਧਿਕਾਰੀ, ਵੱਖ-ਵੱਖ ਫੈਕਲਟੀਆਂ ਦੇ ਡੀਨ ਤੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਧੰਜੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖਿਡਾਰੀਆਂ ਨੂੰ ਸਮਰਪਣ ਅਤੇ ਅਨੁਸ਼ਾਸਨ ਵਿੱਚ ਖੇਡਾਂ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉੱਚੀਆਂ ਪ੍ਰਾਪਤੀਆਂ ਲਈ ਸਿਹਤਮੰਦ ਹੋਣ ਦੀ ਲੋੜ ਹੈ। ਪੈਰਿਸ ਓਲੰਪਿਕ ਵਿੱਚ ਜਿੱਤੇ ਸੋਨ ਤਗਮੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਪੱਕਾ ਇਰਾਦਾ ਕਰ ਲਵੇ ਤਾਂ ਦੁਨੀਆਂ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜਨਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਤੇਜਾ ਨੇ ਖਿਡਾਰੀਆਂ ਨੂੰ ਆਪਣੇ ਕੋਚ, ਅਤੇ ਸੀਨੀਅਰ ਖਿਡਾਰੀਆਂ ਵੱਲੋਂ ਦਿੱਤੇ ਗਏ ਨੁਕਤਿਆਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਖਿਡਾਰੀਆਂ ਨੂੰ ਉੱਚੀਆਂ ਪ੍ਰਾਪਤੀਆਂ ਕਰਨ ਤੋਂ ਬਾਦ ਆਪਣੇ ਕੋਚ ਸਾਹਿਬਾਨਾਂ ਅਤੇ ਅਧਿਆਪਕਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ।
ਵਾਈਸ ਚਾਂਸਲਰ ਡਾ. ਸਿੰਘ ਨੇ ਆਰਚਰੀ ਐਸੋਸਿਏਸ਼ਨ ਆਫ਼ ਇੰਡੀਆ ਦੇ ਅਧਿਕਾਰੀਆਂ, ਵਰਸਿਟੀ ਪ੍ਰਬੰਧਕਾਂ, ਡਾਇਰੈਕਟੋਰੇਟ ਆਫ਼ ਸਪੋਰਟਸ ਅਤੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੇਜ਼ਬਾਨ ਵਰਸਿਟੀ ਚੈਂਪੀਅਨਸ਼ਿਪ ਦੇ ਨਿਰਪੱਖ, ਸ਼ਾਨਦਾਰ ਅਤੇ ਸਮੇਂਬੱਧ ਆਯੋਜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਖੇਡਾਂ ਵਿੱਚ ਵਰਸਿਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਚੈਂਪੀਅਨਸ਼ਿਪ ਵਿੱਚ ਸਮੂਹ ਖਿਡਾਰੀ ਅਤੇ ਅਧਿਕਾਰੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਨਗੇ ।
ਡਾ. ਧੀਮਾਨ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਅਰਜੁਣ ਵਰਗੀ ਟੀਚਾ ਕੇਂਦਰਿਤ ਲਗਨ ਅਪਣਾਉਣ ਨਾਲ ਹਰ ਮੰਜ਼ਿਲ ਫਤਿਹ ਕੀਤੀ ਜਾ ਸਕਦੀ ਹੈ। ਉਨ੍ਹਾਂ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਸਮੂਹ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ 168 ਯੂਨੀਵਰਸਿਟੀਆਂ ਦੇ 1400 ਤੋਂ ਵੱਧ ਤੀਰਅੰਦਾਜ਼ ਆਪਣੀ ਕਿਸਮਤ ਅਜਮਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਠ ਦਿਨ ਚੱਲਣ ਵਾਲੀ ਚੈਂਪੀਅਨਸ਼ਿਪ ਵਿੱਚ ਕਈ ਓਲੰਪੀਅਨ, ਵਿਸ਼ਵ ਚੈਂਪੀਅਨਸ਼ਿਪ ਜੇਤੂ ਅਤੇ ਏਸ਼ੀਅਨ ਖੇਡਾਂ ਦੇ ਤਗਮਾ ਜੇਤੂ ਖਿਡਾਰੀ ਹਿੱਸਾ ਲੈ ਰਹੇ ਹਨ। ਚੈਂਪੀਅਨਸ਼ਿਪ ਦੇ ਆਗਾਜ਼ ਮੌਕੇ ਮਸ਼ਾਲ ਸਮਾਰੋਹ ਵਿੱਚ ਖੁਸ਼ਹਾਲ ਦਲਾਲ ਵਿਸ਼ਵ ਯੂਨੀਵਰਸਿਟੀ ਸੋਨ ਤਗਮਾ ਜੇਤੂ, ਅਦਿੱਤੀ ਗੋਪੀ ਚੰਦ ਸਵਾਮੀ ਅਰਜੁਨ ਅਵਾਰਡੀ, ਓਜਸ ਪਰਵੀਨ ਅਰਜੁਨ ਅਵਾਰਡੀ ਅਤੇ ਭਜਨ ਕੋਰ ਓਲੰਪਿਅਨ ਮਸ਼ਾਲ ਨੂੰ ਲੈ ਕੇ ਦੌੜੇ।
ਡਾ. ਕੰਵਲਜੀਤ ਕੌਰ ਡਾਇਰੈਕਟਰ ਯੂਥ ਅਫੇਅਰ ਅਤੇ ਕਲਚਰਲ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ ਪੰਜਾਬੀ ਲੋਕ ਨਾਚ ਭੰਗੜੇ ਅਤੇ ਗਿੱਧੇ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।