14/09/2023
ਅੰਗਰੇਜ਼ਾਂ ਨੇ ਕਿਵੇਂ ਸਿੱਖਾਂ ਦੇ ਧਾਰਮਿਕ ਮਸਲਿਆਂ ਚ ਦਖਲ ਦੇਣਾ ਸ਼ੁਰੂ ਕੀਤਾ ਮਹਾਰਾਜਾ ਰਣਜੀਤ ਤੋ ਬਾਦ - ਤਾਕਿ ਸਿੱਖ ਆਪਣੇ ਧਰਮ ਤੋਂ ਥਿੜਕ ਜਾਣ - ਪੜੋ
5 ਤੋਂ ਲੈ ਕੇ 12 ਸਤੰਬਰ,1869 ਤੱਕ ਸ੍ਰੀ ਅਕਾਲ ਬੁੰਗਾ ਦੇ ਸਰਬਰਾਹ ਸਿੰਘ ਸਾਹਿਬ ਭਾਈ ਜੋਧ ਸਿੰਘ ਰਾਮਗੜ੍ਹੀਆ ਦੀ ਪ੍ਰਧਾਨਗੀ ਹੇਠ ਲਗਾਤਾਰ ਮੀਟਿੰਗਾਂ ਹੋਈਆਂ।ਇਹ ਮੀਟਿੰਗਾਂ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਤਰਨ ਤਾਰਨ ਸਾਹਿਬ ਦੇ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਬਾਰੇ ਜ਼ਾਬਤਾ ਅਤੇ ਮਰਿਆਦਾ ਤਿਆਰ ਕਰਨ ਦੇ ਲਈ ਸਨ, ਜਿਨ੍ਹਾਂ ਵਿੱਚ ਸਰਕਾਰ ਵੱਲੋਂ ਬਕਾਇਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਵੀ ਸ਼ਮੂਲੀਅਤ ਕੀਤੀ। ਇਸ ਦੇ ਵਿੱਚ ਜਿਹੜਾ ਮਰਿਆਦਾ ਦੇ ਲਈ ਜ਼ਾਬਤਾ ਤਿਆਰ ਕੀਤਾ ਗਿਆ ਉਸ ਨੂੰ ਦਸਤੂਰ-ਉਲ-ਅਮਲ ਦਾ ਨਾਂ ਦਿੱਤਾ ਗਿਆ।*
ਇਸ ਦਸਤੂਰ-ਉਲ-ਅਮਲ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਸਰਬਰਾਹ ਜੋਧ ਸਿੰਘ ਰਾਮਗੜ੍ਹੀਆ ਅਤੇ ਕੁਝ ਉਸ ਵੇਲੇ ਦੇ ਹੋਰ ਸਿਰਕਢ ਸਿੱਖਾਂ ਅਤੇ ਗ੍ਰੰਥੀ ਸਾਹਿਬਾਨਾਂ ਵਲੋਂ ਵੀ ਦਸਤਖ਼ਤ ਕੀਤੇ ਗਏ। ਇਥੇ ਹੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਤਰਨ ਤਾਰਨ ਸਾਹਿਬ ਦੇ ਪ੍ਰੰਬਧ ਦੇ ਲਈ ਇੱਕ ਪ੍ਰਬੰਧਕ ਕਮੇਟੀ ਬਣਾਈ ਗਈ। ਜਿਸ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ, ਰਾਜਾ ਸੂਰਤ ਸਿੰਘ ਮਜੀਠੀਆ,ਸਰਦਾਰ ਭਗਵਾਨ ਸਿੰਘ,ਗਿਆਨੀ ਪ੍ਰਦੂਮਣ ਸਿੰਘ,ਸਰਦਾਰ ਗੁਲਾਬ ਸਿੰਘ ਭਾਗੋਵਾਲੀਆ,ਸਰਦਾਰ ਜੈਮਲ ਸਿੰਘ ਖੰਡਾਵਾਲੀਆ ਤੇ ਸਰਦਾਰ ਰਾਜ ਸਿੰਘ ਮਾਨ,ਰਾਏਮੂਲ ਸਿੰਘ ਤੇ ਸਰਦਾਰ ਹਰਦਿਤਾ ਸਿੰਘ ਪ੍ਰਧਾਨੀਆ ਦੇ ਨਾਂ ਬਤੌਰ ਕਮੇਟੀ ਮੈਂਬਰਾਂ ਵਜੋਂ ਸ਼ਾਮਿਲ ਕੀਤੇ ਗਏ।
ਭਾਵੇਂ ਇਸ ਮੀਟਿੰਗ ਵਿੱਚ ਸਰਕਾਰ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੀ ਸਹਿਮਤੀ ਸੀ, ਪਰ ਫੇਰ ਵੀ ਇਹ ਕਮੇਟੀ ਜਿਆਦਾ ਦੇਰ ਤੱਕ ਕਾਇਮ ਨਾ ਰਹਿ ਸਕੀ ਅਤੇ ਸਰਕਾਰ ਨੇ ਇਸ ਕਮੇਟੀ ਨੂੰ ਭੰਗ ਕਰ ਕੇ ਇਸ ਕਮੇਟੀ ਦੀ ਜਗ੍ਹਾ ਵਖਰੀ ਹੋਰ ਕਮੇਟੀ ਬਨਾਉਣ ਦਾ ਐਲਾਨ ਕਰ ਦਿੱਤਾ।
ਇਸ ਨਵੀਂ ਕਮੇਟੀ ਵਿੱਚ ਰਾਜਾ ਦਿਆਲ ਸਿੰਘ,ਸਰਦਾਰ ਠਾਕਰ ਸਿੰਘ ਸੰਧਾਵਾਲੀਆ,ਸਰਦਾਰ ਅਜੀਤ ਸਿੰਘ ਅਟਾਰੀਵਾਲਾ,ਸਰਦਾਰ ਅਰਜਨ ਸਿੰਘ ਚਾਹਲ,ਰਾਏ ਕਲਿਆਣ ਸਿੰਘ,ਸਰਦਾਰ ਅਤਰ ਸਿੰਘ ਭਦੌੜ,ਰਾਜਾ ਜਗਤ ਸਿੰਘ ਜੀਂਦ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ।
*ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਚੁੰਗੀ ਦੀ ਰੋਜ਼ਾਨਾਂ ਇੱਕਠੀ ਕੀਤੀ ਗਈ ਰਕਮ ਸ੍ਰੀ ਦਰਬਾਰ ਸਾਹਿਬ ਦੇ ਖਜਾਨੇ ਵਿੱਚ ਪਹੁੰਚਾਈ ਜਾਂਦੀ ਸੀ। ਪਰ ਅੰਗਰੇਜ਼ ਹਕੂਮਤ ਨੇ ਆਪਣੇ ਅਧਿਕਾਰ ਅਧੀਨ ਬਣਾਈ ਮਿਊਂਸਪਲ ਕਮੇਟੀ ਤੋਂ ਬਾਅਦ ਚੁੰਗੀ ਦੀ ਰਕਮ ਸ੍ਰੀ ਦਰਬਾਰ ਸਾਹਿਬ ਨਹੀਂ ਸਗੋਂ ਮਿਊਂਸਪਲ ਕਮੇਟੀ ਨੂੰ ਪਹੁੰਚਾਉਣ ਦਾ ਵਿਧਾਨ ਬਣਾ ਦਿੱਤਾ।*
ਪਰ ਬਾਅਦ ਵਿੱਚ ਗੋਰੀ ਸਰਕਾਰ ਵੱਲੋਂ ਇਸ ਪੂਰੀ ਚੁੰਗੀ ਦੀ ਰਕਮ ਦਾ ਦੋ ਫੀਸਦੀ ਹਿੱਸਾ ਸ੍ਰੀ ਦਰਬਾਰ ਸਾਹਿਬ ਨੂੰ ਦਿੱਤਾ ਜਾਣ ਲਗ ਪਿਆ, ਜੋ ਕਿ ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਸਪਲਾਈ ਅਤੇ ਪਾਣੀ ਵਾਸਤੇ ਖਰਚੇ ਵਜੋਂ ਦਿੱਤਾ ਜਾਣਾ ਸ਼ੁਰੂ ਕੀਤਾ ਗਿਆ।
ਸੋ ਇੰਜ ਗੋਰੀ ਸਰਕਾਰ ਨੇ ਸਿੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆਪਣੀ ਦਖਲਦਾਜ਼ੀ ਸ਼ੁਰੂ ਕਰ ਦਿੱਤੀ ਸੀ।
ਅਸਲ ਵਿੱਚ 1849 ਤੋਂ 1947 ਦਾ ਸਮਾਂ ਅੰਗਰੇਜ਼ ਰਾਜ ਦਾ ਸਮਾਂ ਸੀ।ਅੰਗ੍ਰੇਜ਼ਾਂ ਨੇ ਪਹਿਲਾਂ-ਪਹਿਲਾਂ ਬੜੀ ਚਲਾਕੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਠੀਕ ਕਰਨ ਦੀ ਕੋਸ਼ਿਸ ਕਰਣ ਦੇ ਬਹਾਨੇ ਦੇ ਨਾਲ ਆਪਣੀ ਦਖਲਅੰਦਾਜ਼ੀ ਅਤੇ ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਸੀ।
ਦੋ ਵਾਰੀ ਪ੍ਰਬੰਧਕ ਕਮੇਟੀਆਂ ਬਣਾਈਆਂ ਗਈਆਂ ਅਤੇ ਉਹਨਾਂ ਨੂੰ ਪ੍ਰਬੰਧ ਚਲਾਉਣ ਦੀ ਸ਼ਕਤੀ ਦਿਤੀ ਗਈ,ਪਰ ਫੇਰ ਵੀ ਮੁੱਢਲੇ ਹੱਕ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਬੰਦੇ ਵੀ ਨਾਲੋ ਨਾਲ ਕਮੇਟੀਆਂ ਦੇ ਵਿੱਚ ਫਿੱਟ ਕਰਣ ਦੀ ਵੀ ਕੋਸ਼ਿਸ਼ ਕੀਤੀ ਗਈ।
ਪਹਿਲੀ ਕਮੇਟੀ 5 ਸਤੰਬਰ,1869 ਵਾਲੇ ਦਿਨ ਹੇਠ ਲਿਖੇ ਸਿੰਘਾਂ ਦੀ ਸਰਦਾਰੀ ਹੇਠ ਬਣਾਈ ਗਈ ਜਿਸ ਵਿੱਚ ਰਾਜਾ ਤੇਜਾ ਸਿੰਘ,ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ,ਸਰਦਾਰ ਦਿਆਲ ਸਿੰਘ ਮਜੀਠੀਆ, ਭਾਈ ਪ੍ਰਦੂਮਣ ਸਿੰਘ,ਸਰਦਾਰ ਜੈਮਲ ਸਿੰਘ ਖੰਡੇਵਾਲੀਆ,ਸਰਦਾਰ ਸਾਹਿਬ ਸਿੰਘ ਮਜੀਠੀਆ, ਰਾਏਮੂਲ ਸਿੰਘ,ਸਰਦਾਰ ਮੰਗਲ ਸਿੰਘ ਰਾਮਗੜੀਆ, ਸਰਦਾਰ ਲਾਭ ਸਿੰਘ ਤੇ ਸਰਦਾਰ ਹਰਦਿਤਾ ਸਿੰਘ ਪ੍ਰਧਾਨੀਆ ਨੂੰ ਸ਼ਾਮਲ ਕੀਤਾ ਗਿਆ।ਇਸ ਕਮੇਟੀ ਦਾ ਨਾਮ ਦਸਤੂਰ-ਉਲ-ਅਮਲ ਰੱਖਿਆ ਗਿਆ।
*ਇਸ ਕਮੇਟੀ ਦੇ ਨਿਯਮ ਸਨ 😗
1. ਸ੍ਰੀ ਦਰਬਾਰ ਸਾਹਿਬ ਜੀ ਦੀ ਸਾਰੀ ਜਾਇਦਾਦ ਚੋਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ।
2. ਪੁਜਾਰੀਆਂ ਅਤੇ ਗ੍ਰੰਥੀਆਂ ਸਾਹਿਬਾਨਾਂ ਦੇ ਖਰਚੇ ਸੰਗਤਾ ਦੇ ਚੜ੍ਹਾਵੇ ਵਿੱਚੋਂ ਦਿੱਤੇ ਜਾਣਗੇ।
3. ਬ੍ਰਤਾਨਵੀ ਸਰਕਾਰ ਦੀ ਸਲਾਹ ਦੇ ਨਾਲ ਹੀ ਸ੍ਰੀ ਆਕਾਲ ਬੁੰਗੇ ਦਾ ਸਰਬਰਾਹ ਚੁਣਿਆ ਜਾਵੇਗਾ।
4. ਚੜ੍ਹਾਵੇ ਦਾ ਪੂਰਾ ਲੇਖਾ ਜੋਖਾ ਹੋਇਆ ਕਰੇਗਾ।
5. ਭਵਨ ਉਸਾਰੀ ਦਾ ਕੰਮ ਸਰਦਾਰ ਸੰਤ ਸਿੰਘ ਨੂੰ ਸੌਂਪਿਆ ਗਿਆ।
6. ਕਸੂਰਵਾਰ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਬਰਖਾਸਤ ਕਰਨ ਦਾ ਅਧਿਕਾਰ ਕਮੇਟੀ ਕੋਲ ਹੋਵੇਗਾ।
7. ਸਰਬਰਾਹ ਦੀ ਇੱਕ ਅਲੱਗ ਕਮੇਟੀ ਹੋਵੇਗੀ।
ਬੇਸ਼ਕ ਗੋਰੀ ਸਰਕਾਰ ਵੱਲੋਂ ਇਹ ਕਮੇਟੀ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਠੀਕ ਠਾਕ ਕਰਨ ਲਈ ਬਣਾਈ ਗਈ ਸੀ, ਪਰ ਸਿੱਖ ਸਰਦਾਰਾਂ ਨੂੰ ਕਾਬੂ ਕਰਨ ਲਈ ਇਨ੍ਹਾਂ ਦੇ ਉਪਰ ਕੱਟੜ ਹਿੰਦੂ ਅਫਸਰਾਂ ਨੂੰ ਲਗਾ ਦਿਤਾ। ਉਤੋਂ ਆਲਮ ਇਹ ਰਿਹਾ ਕਿ ਪੁਜਾਰੀ ਅਤੇ ਗ੍ਰੰਥੀ ਅੰਗ੍ਰੇਜ਼ਾਂ ਦੇ ਚਾਪਲੂਸ ਹੋ ਕੇ ਉਨ੍ਹਾਂ ਦੀ ਚਮਚਾਗਿਰੀ ਕਰਣ ਲਗ ਪਏ।
ਕੁਝ ਸਾਲ ਇਸੇ ਤਰੀਕੇ ਦੇ ਨਾਲ ਕੰਮ ਚੱਲਦਾ ਰਿਹਾ ਪਰ ਸਰਬਰਾਹ,ਗ੍ਰੰਥੀ ਤੇ ਪੁਜਾਰੀਆਂ ਨੇ ਆਪੋ-ਆਪਣੀਆਂ ਚਲਾਉਂਣ ਦੇ ਚੱਕਰਾਂ ਵਿੱਚ ਅਤੇ ਚਮਚਾਗਿਰੀ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਸਭ ਕੁਝ ਗਵਾ ਲਿਆ।ਸਾਲ 1881 ਵਿੱਚ ਗੋਰਿਆਂ ਵਲੋਂ ਇਹ ਕਮੇਟੀਆਂ ਖਤਮ ਕਰ ਦਿੱਤੀਆਂ ਗਈਆਂ।
ਇੰਝ ਜੋ ਅੰਗਰੇਜ਼ਾਂ ਨੇ ਚਾਹਿਆ ਸੀ,ਉਹ ਕਰ ਲਿਆ ਤੇ ਗੋਰੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦਾ ਇੰਤਜ਼ਾਮ ਪੂਰੀ ਤਰ੍ਹਾਂ ਆਪਣੇ ਹੱਥਾਂ ਵਿਚ ਕਰ ਲਿਆ।
ਹੁਣ ਸ੍ਰੀ ਅਕਾਲ ਬੁੰਗੇ ਦਾ ਸਰਬਰਾਹ ਸਿੱਧਾ ਗੋਰੀ ਸਰਕਾਰ ਦੇ ਅਧੀਨ ਅੰਗ੍ਰੇਜ਼ ਹਕੂਮਤ ਦੀ ਮਰਜ਼ੀ ਨਾਲ ਕੰਮ ਕਰਦਾ ਸੀ।ਇਨ੍ਹਾਂ ਨੂੰ ਨਾ ਸਿੱਖਾਂ ਦੀ ਕੋਈ ਪ੍ਰਵਾਹ ਸੀ ਅਤੇ ਨਾਂ ਹੀ ਗੁਰੂ ਸਤਿਕਾਰ ਦੀ ਕੋਈ ਚਿੰਤਾ ਹੀ ਸੀ।
ਸਿੰਘ ਸਭਾ ਲਹਿਰ ਦਾ ਸ਼ੁਰੂ ਹੋਣਾ ਸਿੱਖਾਂ ਲਈ ਚੰਗਾ ਸੁਨੇਹਾ ਸੀ।ਇਸ ਬਾਬਤ ਜਦੋਂ ਸਿੱਖ ਆਗੂਆਂ ਨੇ ਗੋਰੀ ਸਰਕਾਰ ਪਾਸ ਪਹੁੰਚ ਕਰ ਕੇ ਗੁਰਦੁਆਰਾ ਸਾਹਿਬਾਨਾਂ ਦਾ ਇੰਤਜ਼ਾਮ ਸਿੱਖਾਂ ਦੇ ਹਵਾਲੇ ਕਰਨ ਦੇ ਲਈ ਕਿਹਾ ਤਾਂ ਗੋਰਿਆਂ ਦੇ ਕੰਨ ਖੜੇ ਹੋ ਗਏ।
8 ਨਵੰਬਰ,1881 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਾ ਸਾਹਿਬਾਨਾਂ ਦੇ ਇੰਤਜ਼ਾਮ ਬਾਰੇ
ਲਾਰਡ ਰਿਪਨ ਨੇ ਲੈਫ਼ਟੀਨੈਂਟ ਗਵਰਨਰ ਆਰ.ਈ. ਈਜਰਟਨ ਨੂੰ ਲਿਖੇ ਆਪਣੇ ਖ਼ਤ ਵਿੱਚ ਲਿਖਿਆ ਸੀ, “ਮੇਰੇ ਖਿਆਲ ਵਿਚ ਸਿੱਖ ਗੁਰਦੁਆਰਾ ਅਸਥਾਨਾਂ ਦਾ ਪ੍ਰਬੰਧ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਕੇ ਸਿੱਖ ਕਮੇਟੀ ਦੇ ਹੱਥ ਦੇ ਦੇਣਾ ਸਾਡੇ ਲਈ, ਸਿਆਸੀ ਤੌਰ ਤੇ ਖ਼ਤਰਨਾਕ ਹੋਵੇਗਾ।"
ਇੰਝ ਲਾਰਡ ਰਿਪਨ ਦੇ ਬਿਆਨ ਤੋਂ ਬਾਅਦ ਅੰਗਰੇਜ਼ਾਂ ਦੀਆਂ ਸਿੱਖਾਂ ਪ੍ਰਤੀ ਅਸਲ ਇੱਛਾਵਾਂ ਦਾ ਪਰਦਾਫਾਸ਼ ਹੋ ਗਿਆ ਸੀ।ਅੰਗ੍ਰੇਜ਼ ਕਦੇ ਵੀ ਨਹੀਂ ਸਨ ਚਾਹੁੰਦੇ ਕਿ ਸਿੱਖ ਆਪਣੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਖੁਦ ਸੰਭਾਲਣ।
ਅਸਲ ਵਿੱਚ ਗੋਰੀ ਹਕੂਮਤ ਦੀ ਇਹ ਇਕ ਕਿਸਮ ਦੀ ਮਾਨਸਿਕਤਾ ਬਣ ਗਈ ਸੀ ਕਿ ਭਾਰਤ ਦੇ ਲੋਕਾਂ ਨੂੰ ਡਰਾ ਕੇ ਰੱਖਿਆ ਜਾਵੇ।
ਅੰਗਰੇਜੀ ਹਕੂਮਤ ਹਿੰਦੁਸਤਾਨ' ਤੇ ਧਾਰਮਿਕ, ਸਮਾਜਿਕ,ਆਰਥਿਕ ਤੇ ਰਾਜਨੀਤਿਕ ਢਾਂਚੇ ਉਪਰ ਆਪਣੀ ਪਕੜ ਬਣਾ ਕੇ ਰੱਖਣਾ ਚਾਹੁੰਦੀ ਸੀ ਤਾਂ ਜੋ ਗ਼ੁਲਾਮ ਲੋਕ ਆਜ਼ਾਦੀ ਦੇ ਲਈ ਆਪਣਾ ਸਿਰ ਉਤਾਂਹ ਚੁੱਕ ਹੀ ਨਾ ਸਕਣ।
ਹੁਣ ਅੰਗ੍ਰੇਜ਼ਾਂ ਨੂੰ ਇਹ ਗਲ ਸਮਝ ਲੱਗ ਚੁੱਕੀ ਸੀ ਕੇ ਅਗਰ ਭਾਰਤ ਵਿੱਚ ਕੋਈ ਅਸਲ ਧਰਮ ਹੈ ਤਾਂ ਉਹ ਸਿੱਖ ਧਰਮ ਹੀ ਹੈ। ਇਹੋ ਵੱਡਾ ਕਾਰਨ ਸੀ ਕਿ *ਅੰਗਰੇਜੀ ਸਾਮਰਾਜ ਇਹ ਚਾਹੁੰਦਾ ਹੀ ਨਹੀਂ ਸੀ ਕਿ ਸਿੱਖ ਪੰਥ ਨੂੰ ਉਨ੍ਹਾਂ ਦੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ,ਸਿੱਖਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇ,ਕਿਉਂਕਿ ਇਹਨਾਂ ਨੂੰ ਡਰ ਸੀ ਕਿ ਸਿੱਖ ਪੰਥ ਇੰਝ ਆਪਣੀ ਧਾਰਮਿਕ ਸੋਚ ਦੇ ਅਧਾਰ ' ਤੇ ਇੱਕਠਾ ਹੋ ਜਾਵੇਗਾ ਅਤੇ ਇਕ ਸਮੂਹਕ ਤਾਕਤਵਰ ਸ਼ਕਤੀ ਬਣਕੇ ਸਾਰੇ ਹਿੰਦੁਸਤਾਨ ਨੂੰ ਅਜ਼ਾਦੀ ਦੇ ਪ੍ਰਤੀ ਜਾਗਰਤ ਕਰ ਦੇਵੇਗਾ।* ਇੰਝ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੂੰ ਲੈ ਕੇ ਜਦੋਂ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਵਾਇਸਰਾਏ ਲਾਰਡ ਰਿਪਨ ਤੱਕ ਪਹੁੰਚ ਕੀਤੀ ਤਾਂ ਉਸ ਦੇ ਵੀ ਕੰਨ ਖੜੇ ਹੋ ਗਏ।
ਉਸ ਨੇ ਝੱਟ ਪੰਜਾਬ ਦੇ ਲੈਫਟੀਨੈਂਟ ਗਵਰਨਰ ਆਰ.ਈ. ਈਗਰਟਨ ਨੂੰ ਚਿੱਠੀ ਲਿਖ ਕੇ ਸੁਚੇਤ ਕੀਤਾ ਕਿ ਸਿੱਖ ਪੰਥ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਸੇ ਵੀ ਹਾਲਤ ਵਿਚ ਨਾ ਦਿੱਤਾ ਜਾਵੇ, ਕਿਉਂਕਿ ਇੰਝ ਉਨ੍ਹਾਂ ਦੀ ਸ਼ਕਤੀ ਇਤਨੀ ਵੱਧ ਜਾਵੇਗੀ ਤੇ ਉਹ ਅਜੇਹੀ ਕਮੇਟੀ ਬਣਾਉਣਗੇ ਜੋ ਆਪਣੇ ਆਪ ਵਿੱਚ ਅਜ਼ਾਦ ਹਸਤੀ ਹੋਵੇਗੀ ਅਤੇ ਸਾਡੇ ਲਈ ਉਹ ਖਤਰੇ ਦੀ ਘੰਟੀ ਹੈ।ਇਹ ਸਾਡੇ ਸਾਮਰਾਜੀ ਸਰਕਾਰ ਦੇ ਹਿੱਤਾਂ ਦੇ ਵੀ ਖਿਲਾਫ ਹੋਵੇਗੀ।
ਇਸ ਚਿੱਠੀ ਰਾਹੀਂ ਇਹ ਸਾਬਿਤ ਹੁੰਦਾ ਹੈ ਕਿ ਅੰਗ੍ਰੇਜ਼ ਹਕੂਮਤ ਕਦੇ ਵੀ ਨਹੀਂ ਚਾਹੁੰਦੀ ਸੀ ਕਿ ਸਿੱਖ ਪੰਥ ਕਦੇ ਕਿਸੇ ਵੀ ਮੁੱਦੇ ਤੇ ਇੱਕਠਾ ਹੋ ਸਕੇ।
ਉਸ ਸਮੇਂ ਗੁਰਦੁਆਰਿਆਂ ਸਾਹਿਬ ਵਿੱਚ ਮਹੰਤਾਂ ਵਲੋਂ ਕੀਤੀਆਂ ਜਾਂਦੀਆਂ ਅਨੇਕਾਂ ਰੀਤੀਆਂ,ਅੰਗ੍ਰੇਜ਼ਾਂ ਨੂੰ ਮਾਫ਼ਕ ਬੈਠਦੀਆਂ ਸਨ।
ਹੁਣ ਅੰਗ੍ਰੇਜ਼ ਚਾਹੁੰਦੇ ਸਨ ਕਿ ਉਹੀ ਕੁਰੀਤੀਆਂ ਜੇ ਸਿੱਖਾਂ ਵਿੱਚ ਆ ਜਾਣ ਤਾਂ ਇਹ ਵੀ ਸਾਡੇ ਅਧੀਨ ਹੋ ਕੇ ਚਲਣਗੇ।
*ਸੋ ਸਿੱਖਾਂ ਦੇ ਵਿੱਚ ਭ੍ਰਿਸ਼ਟਾਚਾਰ ਦੀ ਰੀਤ ਚਲਾਉਣ ਦੇ ਲਈ ਸਿੱਖ ਧਰਮ ਵਿੱਚ ਚੋਣ ਸਿਸਟਮ ਸ਼ੁਰੂ ਕਰ ਦਿਉ।ਇਕ ਪਾਸੇ ਇਹ ਤਸੱਲੀ ਵਿੱਚ ਆ ਜਾਣਗੇ ਕੇ ਗੋਰੇ ਸਾਡੇ ਨਾਲ ਇਨਸਾਫ ਕਰਣਾ ਚਾਹੁੰਦੇ ਹਨ ਪਰ ਸਿੱਖ ਕਦੇ ਇਹ ਨਹੀਂ ਜਾਣ ਸਕਣਗੇ, ਕੇ ਉਨ੍ਹਾਂ ਦੇ ਗੁਰਦੁਆਰਾ ਸਾਹਿਬ ਦੀਆਂ ਇਹ ਚੋਣਾਂ ਦਾ ਸਿਸਟਮ ਹੀ ਉਨ੍ਹਾਂ ਨੂੰ ਭ੍ਰਿਸ਼ਟ ਕਰਣ ਦੀ ਪਹਿਲੀ ਪੌੜੀ ਹੈ।*