16/02/2024
ਆਓ ਇਹਨਾਂ ਨੂੰ ਛਾਨਣਾ ਲਾਈਏ...ਤੇ ਫਿਰ ਲਾਸ਼ਾਂ ਉੱਤੇ ਤੁਰਾਂਗੇ,ਦੌੜਾਂਗੇ,ਨਚਾਂਗੇ,ਲੇਟਾਂਗੇ ਲਾਸ਼ਾਂ ਨੂੰ ਕੀ ਫ਼ਰਕ ਪੈਣਾ
ਆਗੂਆਂ ਦੇ ਇਰਾਦਿਆਂ ਨੂੰ ਤਹਿਸ ਨਹਿਸ ਕਰਕੇ ਜਦ ਤੁਸੀਂ ਸ਼ੰਭੂ ਤੋਂ ਸਿੰਘੂ ਪੁੱਜ ਕੇ ਉਹਨਾਂ ਨੂੰ ਕਮਾਨ ਦਿੱਤੀ,ਤਾਂ ਉਹਨਾਂ ਨੇ ਤੁਹਾਡੇ ਪੁਰਖਿਆਂ ਦੇ ਇਤਿਹਾਸ ਦਾ ਹਵਾਲਾ ਦੇ ਕੇ ਤੁਹਾਡੀ ਬਹਾਦਰੀ ਲਈ ਸਿਫਤਾਂ ਦੇ ਪੁਲ਼ ਬੰਨ੍ਹੇ, ਫ਼ਿਰ ਜਦ ਤੁਸੀਂ ਅਗਲੇ ਦਿਨ ਸਟੇਜ ਤੇ ਚੜ੍ਹਨ ਲੱਗੇ ਤਾਂ ਡਾਂਗਾਂ ਵਾਲ਼ੇ ਪਹਿਰੇਦਾਰਾਂ ਘੂਰ ਕੇ ਕਿਹਾ ਕਿਧਰ...? ਕਈ ਫ਼ਰਮੈਸ਼ਾਂ ਪਾ ਕੇ ਜਦ 3 ਘੰਟੇ ਕਤਾਰ 'ਚ ਲੱਗ ਕੇ ਮਾਈਕ ਤੁਹਾਡੇ ਹੱਥ ਆਇਆ ਤਾਂ ਤੁਸੀਂ ਦੱਸਣਾ ਚਾਹਿਆ ਕਿ ਅਸੀਂ ਕਿਸ ਤੋਂ ਪ੍ਰੇਰਨਾ ਲੈ ਕੇ ਬੁਛਾੜਾਂ ਅੱਗੇ ਹਿੱਕਾਂ ਡਾਹੀਆਂ ਤੇ ਉਹਨਾਂ ਝੱਟ ਮਾਈਕ ਖੋਹ ਕੇ ਤੁਹਾਨੂੰ ਜ਼ਲੀਲ ਕਰ ਕੇ ਸਟੇਜੋਂ ਲਾਹਤਾ, ਤੇ ਬਾਕੀਆਂ ਨੂੰ ਵੀ ਤਾੜਨਾ ਕੀਤੀ ਕਿ ਭੜਕਾਊ ਗੱਲਾਂ ਨਹੀਂ ਕਰਨੀਆਂ ਜਿਹੜਾ ਇਤਿਹਾਸ ਸਾਨੂੰ ਚੰਗਾ ਲੱਗੂ ਉਹੀ ਬੋਲਣਾ "ਏਕਤਾ ਬਣਾਈ ਰੱਖਣੀ ਹੈ ....ਤੁਸੀਂ ਥੱਲੇ ਬੈਠੇ ਆਪਸ ਵਿੱਚਦੀ ਘੁਸਰ ਮੁਸਰ ਕਰੀ ਗਏ....ਆਗੂਆਂ ਅੱਗੇ ਥੋੜਾ ਬੋਲਣਾ ਸੀ, ਉਹਨਾਂ ਨੇ ਤੁਹਾਡੀਆਂ ਜ਼ਮੀਨਾਂ ਜੋ ਬਚਾ ਕੇ ਦੇਣੀਆਂ ਸੀ
ਅਗਲਿਆਂ ਤੁਹਾਡੀ ਅਣਖ਼ ਨੂੰ ਥਰਮਾਮੀਟਰ ਲਾਉਣਾ ਜ਼ਾਰੀ ਰੱਖਿਆ,ਤੁਹਾਡੇ ਹਜ਼ਾਰਾਂ ਨੌਜਵਾਨਾਂ ਦੇ ਕਾਤਿਲ ਜਿਸ ਨੂੰ ਤੁਸੀਂ ਕਹਿ ਕੇ ਹੀ ਬੁੱਚੜ ਸੱਦਦੇ ਸੀ,ਉਸ ਦੇ ਪਾਪਾਂ ਦੀ ਸਜ਼ਾ ਨੂੰ ਕੁਰਬਾਨੀ ਦੱਸਿਆ,ਪਰ ਤੁਸੀਂ ਤਾਂ ਸ਼ਾਂਤੀ ਬਣਾਈ ਰੱਖਣੀ ਸੀ, ਕਿਓਂਕਿ ਤੁਹਾਨੂੰ ਤਾਂ ਜ਼ਮੀਨਾਂ ਖੁੱਸ ਜਾਣ ਦਾ ਡਰ ਸੀ,
ਜਦ ਤੁਸੀਂ ਦੜ ਵੱਟ ਛੱਡੀ ਤਾਂ ਉਹਨਾਂ ਹੋਰ ਪੁਲਾਂਘ ਪੁੱਟੀ ਤੇ ਤੁਹਾਨੂੰ ਕਿਹਾ ਕਿ ਤੁਹਾਡੇ ਕੇਸਰੀ ਨਿਸ਼ਾਨਾਂ ਕਰਕੇ ਸਰਕਾਰ ਤੁਹਾਨੂੰ ਖਾਲਿਸਤਾਨੀ ਦੱਸਦੀ ਤੇ ਤੁਸੀਂ ਤੇ ਕਿਸਾਨ ਉ ਖਾਲਿਸਤਾਨੀ ਤੇ ਨਹੀਂ ਨਾ ? ਤੁਸੀਂ ਦੋਵੇਂ ਬਾਹਵਾਂ ਖੜ੍ਹੀਆਂ ਕਰਤੀਆਂ ਬਈ ਅਹੀਂ ਤੇ ਕਿਸਾਨ ਆਂ.....ਫਿਰ ਓਹਨਾ ਕਿਹਾ ਕਿ ਫਿਰ ਜ਼ਰੂਰ ਖਾਲਿਸਤਾਨੀ ਅਖਵਾਉਣਾ ਨਿਸ਼ਾਨ ਸਾਹਿਬ ਹੀ ਲਾਹ ਦਿਓ,ਤੁਸੀਂ ਸਭ ਕੁਜ ਸਮਝ ਕੇ ਵੀ ਆਪਣੀ ਜ਼ਮੀਰ ਨੂੰ ਨੀਂਦ ਦੀ ਗੋਲ਼ੀ ਦੇ ਦਿੱਤੀ ਕਿ ਬਚਾਉਣ ਤਾਂ ਏਥੇ ਜ਼ਮੀਨਾਂ ਆਏ ਹਾਂ,ਜ਼ਮੀਰ ਥੋੜਾ...
ਸਟੇਜ ਦੇ ਪਿੱਛੇ ਬਾਡਰ ਤੇ ਖੜ੍ਹੇ ਨਿਹੰਗ ਸਿੰਘਾਂ ਦੇ ਘੋੜੇ ਜਦ ਦਿੱਲੀ ਨੂੰ ਮੂੰਹ ਕਰਕੇ ਹਿਣਕਦੇ ਸੀ ਤਾਂ ਕਈਆਂ ਨੂੰ ਸਟੇਜ ਛੱਡ ਕੇ ਖਾਕੀ ਨਿੱਕਰਾਂ ਧੋਣ ਜਾਣਾ ਪੈਂਦਾ ਸੀ,ਹੁਣ ਸਟੇਜ ਛੱਡਣੀ ਕਿਤੇ ਸੌਖੀ, "ਖ਼ਾਲਸਾ ਗੱਜੇ ਲੰਡੀ ਬੁੱਚੀ ਭੱਜੇ" ਦੇ ਜੈਕਾਰੇ ਸੁਣ ਸੁਣ ਜਦ ਮਰੋੜ ਨਾ ਹਟੇ ਤਾਂ ਅਗਲਿਆਂ ਕਿਹਾ ਨਿਹੰਗ ਫੌਜ਼ਾਂ ਇਥੋਂ ਪਾਸੇ ਚਲੇ ਜਾਣ ਸਾਡੀ ਭੂਆ (ਦਿੱਲੀ) ਨੂੰ ਡਰ ਲੱਗਦਾ "ਸਾਡੀ ਜੰਗ ਤਾਂ ਸ਼ਾਂਤਮਈ ਏ, ਪਰ ਤੁਸੀਂ ਸਟੇਜ ਸਾਹਮਣੇ ਬੈਠੇ ਜੇ ਜ਼ਮੀਰ ਨੂੰ ਹਲੂਣ ਕੇ ਤਰਪਾਲ ਤੋਂ ਤਾਂਹ ਉਠਾਓਂਦੇ ਤਾਂ ਥੱਲਿਓਂ ਮੋਰਚਾ ਖਿਸਕ ਜਾਣਾ ਸੀ...ਫਿਰ ਜ਼ਮੀਨਾਂ ਦਾ ਕੀ ਬਣਦਾ ?
ਤੇ ਉਹ ਇੱਕ ਪੈਂਤੜਾ ਹੋਰ ਵਧੇ... ਉਹਨਾਂ ਨੇ ਜ਼ੇਰਾ ਜਿਹਾ ਕਰਕੇ ਦੰਦਾਂ 'ਚ ਜ਼ੁਬਾਨ ਦੇ ਕੇ ਕਿਹਾ ਕਿ ਇਹ ਜਿਹੜਾ ਬੋਲੇ ਸੋ ਨਿਹਾਲ ਦਾ ਨਾਹਰਾ ਲਾਓੰਦੇ ਜੇ ਨਾ.....ਇਹ ਸਿਰਫ ਇੱਕ ਧਰਮ ਦਾ ਏ ਤੇ ਏਥੇ ਤਾਂ ਕਈ ਵਾਰੀ 2-4 ਬੰਦੇ ਦੂਜੇ ਧਰਮ ਦੇ ਵੀ ਆ ਜਾਂਦੇ ਨੇ...ਇਸ ਲਈ ਸਾਂਝਾ ਨਾਹਰਾ ਲਾਇਆ ਕਰੋ...ਇੱਕੋ ਦਮ ਪੰਡਾਲ ਚੋਂ ਕੋਈ ਉੱਠਿਆ ਤਾਂ ਬੁਲਾਰਾ ਜੀ ਨੂੰ ਦੰਦਲ ਪੈ ਗਈ ਕਿ ਸ਼ਾਇਦ ਇਹਦੀ ਜ਼ਮੀਰ ਜਾਗ ਗਈ.... ਤੇ ਫਿਰ ਉੱਠਣ ਵਾਲ਼ੇ ਨੇ ਬਾਂਹ ਉੱਤੇ ਕਰਕੇ ਜ਼ੋਰ ਨਾਲ਼ ਕਿਹਾ "ਇਨਕਲਾਬ ਜ਼ਿੰਦਾਬਾਦ..... ਆਗੂਆਂ ਨੇ ਦੋਵੇਂ ਬਾਹਾਂ ਦੇ ਨਾਲ਼ ਅੱਡੀਆਂ ਚੁੱਕ ਕੇ "ਜ਼ਿੰਦਾਬਾਦ 'ਚ ਜਵਾਬ ਦਿੱਤਾ,
ਜਦ ਕੋਈ ਬੁਲਾਰਾ ਇਤਿਹਾਸ ਦੀ ਕੜੀ ਮਿਲਾਉਣ ਲਈ ਇਸ ਮੋਰਚੇ ਤੋਂ ਪਿਛਲੇ ਮੋਰਚੇ ਦੀ ਗੱਲ ਛੋਹਂਦਾ ਤੀਰ ਵਾਲ਼ੇ ਬਾਬੇ ਦਾ ਨਾਮ ਲੈਂਦਾ ਤਾਂ ਸਟੇਜ ਹਿੱਲ ਜਾਂਦੀ,ਝੱਟ ਕੋਈ ਆਗੂ ਕਲਪਦਾ ਮਾਈਕ ਖੋਹ ਕਿ ਉਹੀ ਰਾਗ ਅਲਾਪਦਾ ਕਿ ਇਸ ਮੋਰਚੇ ਨੂੰ ਧਾਰਮਿਕ ਰੰਗਤ ਨਾ ਦਿਓ, ਤੇ ਫਿਰ ਉਸੇ ਪਨਫਰਤ ਦੀ ਅੱਗ ਨੂੰ ਜੋਸ਼ ਵਿੱਚ ਬਦਲ ਕੇ "ਕਿਸਾਨ ਏਕਤਾ ਜ਼ਿੰਦਾਬਾਦ ਕਹਿੰਦਾ.... ਤੁਸੀਂ..... ਤੁਸੀਂ ਤਾਂ ਭਲਾਂ ਥੱਲੇ ਬੈਠੇ ਹੀ ਜ਼ਿੰਦਾਬਾਦ ਕਹਿਣ ਲਈ ਸੀ,
ਤੁਹਾਡੀ ਏਕਤਾ ਤੇ ਸ਼ਾਂਤੀ ਨੂੰ ਮੰਨਣਾ ਪਊ ਕਿ ਤੁਸੀਂ ਖ਼ੁਦ ਨੂੰ ਜਿਸ ਬਾਬਾ ਬਘੇਲ ਸਿੰਘ ਦੇ ਵਾਰਿਸ ਦੱਸਦੇ ਬੈਰੀਕੇਡ ਉਦੇੜ੍ਹਦੇ ਦਿੱਲੀ ਪੁੱਜੇ ਸੀ ਤੁਹਾਡੇ ਉਸੇ ਸੂਰਮੇਂ ਨੂੰ ਤੁਹਾਡੇ ਸਾਹਮਣੇ ਆਗੂਆਂ ਦਾ ਖਾਸ ਅਪਸ਼ਬਦ ਤੱਕ ਬੋਲ ਗਿਆ ਪਰ ਮਜ਼ਾਲ ਤੁਸੀਂ ਕੁਜ ਬੋਲ ਜਾਂਦੇ,ਕਿਓਂਕਿ ਕਿਸ ਦਾ ਵਿਰੋਧ ਕਰਨਾ ਤੇ ਕਿਸ ਨੂੰ ਜ਼ਲੀਲ ਕਰਕੇ ਸਟੇਜ ਤੋਂ ਲਾਹੁਣਾ ਇਹ ਕੰਮ ਤਾਂ ਤੁਹਾਡੇ ਆਗੂਆਂ ਦਾ ਏ ਨਾ....ਆਪਾਂ ਮੁੱਦੇ ਤੋਂ ਪਾਸੇ ਥੋੜਾ ਹਟ ਜਾਣਾ ਸੀ,ਕਿਓਂਕਿ ਆਪਾਂ ਤਾਂ ਜ਼ਮੀਨਾਂ ਬਚਾਉਣ ਆਏ ਆਂ
ਕੁਜ ਅਣਖਾਂ ਵਾਲਿਆਂ ਹਰ ਵਾਰ ਸਿਰ ਚੁੱਕੇ ਤਾਂ ਆਗੂਆਂ ਤੋਂ ਪਹਿਲਾਂ ਤੁਸੀਂ ਆਪ ਹੀ ਆਪਣਿਆਂ ਨੂੰ ਧੌਣੋ ਫੜ ਕੇ ਦਬੋਚ ਲੈਂਦੇ ਰਹੇ, ਤੁਹਾਨੂੰ ਤੁਹਾਡੇ ਪੁੱਤਾਂ ਭਰਾਵਾਂ ਸਮਝਾਇਆ ਕਿ ਅੱਜ ਨਾ ਬੋਲੇ ਤਾਂ ਇਹ ਹੋਰ ਅੱਗੇ ਵਧਣਗੇ ਪਰ ਤੁਸੀਂ ਆਪਣਿਆਂ ਦੀਆਂ ਗੱਲਾਂ ਤੇ ਯਕੀਨ ਕਿੰਜ ਕਰਦੇ ਸੱਚ ਤਾਂ ਉਹੀ ਸੀ ਜੋ ਸਟੇਜ ਤੋਂ ਬੋਲਿਆ ਜਾਂਦਾ ਸੀ,.....ਕਿ ਹੁਲੜਬਾਜ਼ੋ ਇੰਜ ਨਾ ਕਰੋ "ਏਕਾ ਤੇ ਸ਼ਾਂਤੀ ਬਣਾਈ ਰੱਖੋ, "ਮੋਰਚੇ ਨੂੰ ਖਰਾਬ ਨਾ ਕਰ ਦਿਓ , "ਕਿਸਾਨੀ ਦਾ ਮਸਲਾ ਏ ਇਹਨੂੰ ਧਾਰਮਿਕ ਰੰਗਤ ਨਾ ਦਿਓ.....
ਉਹਨਾਂ ਨੇ ਜਦ ਤੁਹਾਡੀਆਂ ਅੱਖਾਂ ਤੇ ਆਪਣੀ ਭਗਤੀ ਦੀ ਐਨਕ ਪੂਰੀ ਤਰਾਂ ਫਿੱਟ ਕਰ ਲਈ ਤੇ ਫਿਰ ਉਹਨਾਂ ਕਿਹਾ ਕਿ ਹੁਣ ਆਪਣੇ ਹੀ ਪੁੱਤਾਂ ਨੂੰ ਮੁਰਦਾਬਾਦ ਕਹੋ....ਤੇ ਤੁਸੀਂ ਦੇਰ ਥੋੜਾ ਕਰਨੀ ਸੀ.... ਤੁਸੀਂ ਡਟ ਕੇ ਮੁਰਦਾਬਾਦ ਕਿਹਾ,ਉਹਨਾਂ ਕਿਹਾ ਇਹ ਤਾਂ ਸਾਡੇ ਹੈ ਹੀ ਨਹੀਂ, ਇਹ ਗੱਦਾਰ ਨੇ, ਇਹ ਮੋਰਚੇ ਵਿੱਚ ਪਿਆ ਗੰਦ ਆਪਾਂ ਡਾਂਗਾਂ ਨਾਲ਼ ਹੂੰਝਣਾ ਏਂ....ਤੇ ਤੁਸੀਂ "ਕਿਸਾਨ ਏਕਤਾ ਜ਼ਿੰਦਾਬਾਦ" ਕਹਿ ਕੇ ਹੁੰਗਾਰਾ ਦਿੱਤਾ
"ਤਾਂ ਅਗਲਿਆਂ ਵੇਖਿਆ ਕਿ ਪੱਗਾਂ ਹੇਠਾਂ ਸਿਰ ਵਿਰਲਾ ਵਾਂਝਾ ਹੀ ਏ ਬਹੁਤੀਆਂ ਲਾਸ਼ਾਂ ਹੀ ਨੇ, ਆਓ ਇਹਨਾਂ ਨੂੰ ਛਾਨਣਾ ਲਾਈਏ...ਤੇ ਫਿਰ ਲਾਸ਼ਾਂ ਉੱਤੇ ਤੁਰਾਂਗੇ,ਦੌੜਾਂਗੇ,ਨਚਾਂਗੇ,ਲੇਟਾਂਗੇ ਲਾਸ਼ਾਂ ਨੂੰ ਕੀ ਫ਼ਰਕ ਪੈਣਾ
Singh Gurpreet...✍️