
16/08/2024
ਕੰਗਨਾਂ ਰਾਣਾਵਤ ਦੀ ਅਜ਼ਾਦੀ !
********************
ਸਿਨੇਮਾ ਹਮੇਸ਼ਾਂ ਹੀ ਬਹੁਤ ਵੱਡਾ ਹਥਿਆਰ ਰਿਹਾ ਹੈ ਇਸਨੂੰ ਤੁਸੀਂ ਕਿਸੇ ਦੇ ਵੀ ਵਿਰੋਧ 'ਤੇ ਕਿਸੇ ਦੇ ਵੀ ਹੱਕ 'ਚ ਵਰਤ ਸਕਦੇ ਹੋ , ਅੱਜ ਕੱਲ ਸਰਕਾਰ ਪੱਖੀ ਫਿਲਮਾਂ ਬਣ ਰਹੀਆਂ ਹਨ ਬੇਸ਼ੱਕ ਇਹ ਫਲਾਪ ਵੀ ਰਹੀਆਂ ਹਨ ਪਰ ਕੁੱਝ ਫਿਲਮਾਂ ਸਫ਼ਲ ਵੀ ਰਹੀਆਂ ਹਨ ਜਿੰਨਾਂ ਕਰਕੇ "ਪ੍ਰਚਾਰਵਾਦੀ " ਫਿਲਮਾਂ ਲਗਾਤਾਰ ਬਣ ਰਹੀਆਂ ਹਨ । ਇਸੇ ਲੜੀ ਦੀ ਫਿਲਮ ਹੈ "ਐਮਰਜੈਂਸੀ " , ਜਿਸਨੂੰ ਬਣਾਇਆ ਹੈ ਐਮ. ਪੀ. ਕੰਗਨਾਂ ਰਾਣਾਵਤ ਨੇ , ਉਸਨੇ ਹੀ ਫਿਲਮ 'ਚ ਇੰਦਰਾ ਗਾਂਧੀ ਦੀ ਕੇਂਦਰੀ ਭੂਮਿਕਾ ਨਿਭਾਈ ਹੈ । ਏਥੇ ਆਪ ਸਭ ਨੂੰ ਯਾਦ ਰਹੇ ਕਿ ਕੰਗਨਾਂ ਭਾਰਤੀ ਜਨਤਾ ਪਾਰਟੀ ਦੀ ਐਮ. ਪੀ. ਹੋਣ ਦੇ ਬਾਵਜ਼ੂਦ ਵੀ ਇੰਦਰਾ ਗਾਂਧੀ ਦੀ ਪ੍ਰਸ਼ੰਸਕ ਹੈ , ਕਿਸਾਨ ਅੰਦੋਲਨ ਵੇਲੇ ਉਸਦਾ ਬਿਆਨ ਯਾਦ ਕਰੋ ਜਦ ਉਸਨੇ ਸਾਡੇ ਕਿਸਾਨਾਂ ਅਤੇ ਸਿੱਖਾਂ ਬਾਰੇ ਕਿਹਾ ਸੀ ਕਿ ਮੋਦੀ ਜੀ ਇੰਨਾਂ ਨਾਲ ਇੰਦਰਾ ਜੀ ਵਾਲੀ ਕਰੋ , ਇੰਨਾਂ ਨੂੰ ਉਵੇਂ ਕੁਚੱਲ ਦਿਓ ਜਿਵੇਂ ਇੰਦਰਾ ਜੀ ਨੇ ਇੰਨਾਂ ਨੂੰ ਚੌਰਾਸੀ ਵੇਲੇ ਕੁਚੱਲਿਆ ਸੀ । ਹੁਣ " ਐਮਰਜੈਂਸੀ" ਫਿਲਮ ਦਾ ਟਰੇਲਰ ਵੇਖ ਕੇ ਮੇਰਾ ਮੱਥਾ ਠਣਕਿਆ ਜਦ ਮੈਂ ਟਰੇਲਰ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ " ਸਿੱਖ ਖਾੜਕੂਆਂ " ( ਕੰਗਨਾਂ ਅਨੁਸਾਰ " ਅੱਤਵਾਦੀ " ) ਦੀ ਝਲਕ ਦੇਖੀ ਅਤੇ ਭਿੰਡਰਾਂ ਵਾਲਿਆਂ ਦਾ ਡਾਇਲਾਗ ਸੁਣਿਆ ਕਿ "ਆਪ ਕੋ ਵੋਟ ਚਾਹੀਏ ਔਰ ਹਮੇਂ ਚਾਹੀਏ ਖਾਲਿਸਤਾਨ !" ਮੈਂ ਇਹ ਸੀਨ ਦੇਖ ਕੇ ਇੱਕ ਤਰਾਂ ਨਾਲ "ਡਰ" ਗਿਆ ਕਿ ਕੰਗਨਾਂ ਨੇ ਬਤੌਰ ਡਾਇਰੈਕਟਰ , ਪ੍ਰੋਡਿਊਸਰ ਅਤੇ ਐਕਟਰ ਕੀ "ਗੁਲ" ਖਿਲਾਏ ਹੋਣਗੇ ! ਉਸਦਾ ਪੰਜਾਬ , ਪੰਜਾਬੀ ਅਤੇ ਖਾਸ ਕਰਕੇ ਸਿੱਖ ਵਿਰੋਧੀ ਚਿਹਰਾ ਕਿਵੇਂ ਉੱਘੜ ਕੇ ਸਾਡੇ ਸਾਹਮਣੇ ਆਵੇਗਾ । ਉਹ ਕਾਂਗਰਸ ਦਾ ਵਿਰੋਧ ਕਰਦੀ ਕਰਦੀ ਅਤੇ ਬੀ. ਜੇ . ਪੀ. ਦੀ ਪ੍ਰਸ਼ੰਸਾ ਕਰਦੀ ਕਰਦੀ ਸਾਡੇ ਖ਼ਿਲਾਫ ਕਿੰਨਾਂ ਜ਼ਹਿਰ ਉੱਗਲੇਗੀ ਇਸ ਲਈ ਤਿਆਰ ਰਹੋ । ਕੰਗਨਾਂ ਨੇ ਟਰੇਲਰ 'ਚ ਉਹ ਸੀਨ ਵੀ ਦਿਖਾਇਆ ਹੈ ਜਦ ਇੰਦਰਾ ਗਾਂਧੀ ਅਟਲ ਬਿਹਾਰੀ ਵਾਜਪਾਈ ਦੀ ਪ੍ਰੰਸ਼ਸਾ ਕਰਦੀ ਹੋਈ ਉਸਨੂੰ " ਸੱਚਾ ਦੇਸ਼ ਭਗਤ " ਕਹਿੰਦੀ ਹੈ ... ਵਾਹ ਕੰਗਨਾ ਜੀ ਵਾਹ !
ਦੋਸਤੋ ਇਸ ਦੇਸ਼ ਦਾ ਸੈਂਸਰ ਬੋਰਡ ਵੀ 'ਜ਼ਿੰਦਾਬਾਦ' ਹੈ ਜੋ ਸ਼ਹੀਦ ਜਸਵੰਤ ਸਿੰਘ ਖਾਲੜਾ 'ਤੇ ਬਣੀ ਫਿਲਮ ਨੂੰ ਕਿਸੇ ਹਾਲਤ 'ਚ ਵੀ ਰਿਲੀਜ਼ ਨਹੀਂ ਹੋਣ ਦੇਣਾਂ ਚਾਹੁੰਦਾ ਉਹ ਕੰਗਨਾਂ ਦੀ ਇਸ ਫਿਲਮ ਦਾ " ਨਵੇਂ ਪੰਗੇ ਖੜੇ ਕਰੂ " ਟਰੇਲਰ ਨੂੰ ਆਰਾਮ ਨਾਲ ਪੰਦਰਾਂ ਅਗਸਤ ਵਾਲੇ ਦਿਨ ਰਿਲੀਜ਼ ਕਰਨ ਲਈ ਪਾਸ ਕਰ ਦਿੰਦਾ ਹੈ ... ਇਹ ਹੈ ਸਾਡੀ " ਆਜ਼ਾਦੀ " ... ਤੇ ਇਹ ਹੈ ਕੰਗਨਾ ਰਾਣਾਵਤ ਦੀ ਅਜ਼ਾਦੀ ! ... ਬਾਕੀ ਸਾਰਾ ਕੁੱਝ ਪੂਰੀ ਫਿਲਮ ਦੇ ਰਿਲੀਜ਼ ਹੋਣ 'ਤੇ ਸਭ ਦੇ ਸਾਹਮਣੇ ਆ ਜਾਵੇਗਾ , ਸੋ ਗ਼ੈਰਤਮੰਦ ਪੰਜਾਬੀਓ ਤਿਆਰ ਰਹੋ !
#ਐਮਰਜੰਸੀ #ਕੰਗਨਾਰਾਣਾਵਤ #ਪ੍ਰਚਾਰਵਾਦੀਸਿਨੇਮਾ #ਸੈਂਸਰਬੋਰਡ
- ਅਮਰਦੀਪ ਸਿੰਘ ਗਿੱਲ