03/02/2022
ਸਿਆਣਿਆਂ ਜੋ ਕਹੀਆਂ, ਆਪਾਂ ਲੜ ਬੰਨ੍ਹ ਲਈਆਂ --- ਅਵਤਾਰ ਸਿੰਘ ਸੰਧੂ
Please Visit:
www.sarokar.ca
ਮੇਰੀ ਮਾਂ ਦੇ ਦੱਸਣ ਅਨੁਸਾਰ ਜਦੋਂ ਮੈਂ ਛੇ ਮਹੀਨੇ ਦਾ ਹੋਇਆ ਤਾਂ ਮੇਰੇ ਨਾਨਾ ਜੀ ਮੇਰੇ ਲਈ ਰੰਗੀਨ ਗਡੀਰਨਾ ਲੈ ਕੇ ਆਏ। ਮੇਰੀ ਮਾਂ ਨੇ ਇਤਰਾਜ਼ ਕੀਤਾ, “ਭਾਈਆ ਜੀ! (ਮੇਰੀ ਮਾਂ ਆਪਣੇ ਪਿਤਾ ਜੀ ਨੂੰ ਭਾਈਆ ਜੀ ਕਰਕੇ ਬੁਲਾਉਂਦੇ ਸਨ) ਇਹਦੀ ਕੀ ਲੋੜ ਸੀ? ਸਾਡੇ ਘਰ ਕਿਸ ਚੀਜ਼ ਦੀ ਘਾਟ ਐ?”
ਨਾਨਾ ਜੀ ਹੱਸਕੇ ਬੋਲੇ, “ਬੰਸੋ! ਮੈਂ ਦੋਹਤੇ ਲਈ ਗਡੀਰਨਾ ਤਾਂ ਲੈ ਕੇ ਆਇਆਂ, ਇਹ ਬਿਨਾਂ ਕਿਸੇ ਦੇ ਸਹਾਰੇ ਤੁਰਨਾ ਸਿੱਖ ਜਾਵੇ।”
ਮਾਂ ਨੇ ਦੱਸਿਆ ਸੀ, “ਤੇਰੇ ਨਾਨਾ ਜੀ ਬੋਲਦੇ ਘੱਟ ਸੀ ਤੇ ਗੱਲ ਬੜੀ ਡੂੰਘੀ ਕਰਦੇ ਸੀ। ਤੂੰ ਦਸਵੇਂ ਮਹੀਨੇ ਤੁਰਨ ਲੱਗ ਪਿਆ ਸੀ।”
ਉਸ ਸਮੇਂ ਮੈਂਨੂੰ ਵੀ ਨਾਨਾ ਜੀ ਦੀ ਭਵਿੱਖਬਾਣੀ ਸਮਝ ਨਾ ਆਈ ਸੀ। ਹੁਣ ਇਸ ਉਮਰ ਵਿੱਚ ਮੈਂ ਜਦੋਂ ਬੀਤੇ ਦੀਆਂ ਘਟਨਾਵਾਂ ਯਾਦ ਕਰਦਾ ਹਾਂ ਤਾਂ ਨਾਨਾ ਜੀ ਲਈ ਸਤਿਕਾਰ ਵਜੋਂ ਸਿਰ ਝੁਕ ਜਾਂਦਾ ਹੈ। ਮੈਂ ਜ਼ਿੰਦਗੀ ਵਿੱਚ ਬੜਾ ਸੰਘਰਸ਼ ਕੀਤਾ ਤੇ ਕਾਮਯਾਬ ਵੀ ਹੋਇਆ। ਕਈ ਫੈਸਲੇ ਇੱਦਾਂ ਦੇ ਵੀ ਲਏ, ਰਿਸ਼ਤੇਦਾਰਾਂ ਮੈਂਨੂੰ ਮੂਰਖ, ਪਾਗਲ ਤਕ ਵੀ ਆਖਿਆ ਪਰ ਮੈਂ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਤੇ ਅੰਤ ਸਫਲਤਾ ਨੇ ਮੇਰੇ ਪੈਰ ਚੁੰਮੇ।
ਜਦੋਂ ਮੈਂ ਤੇ ਮੇਰੀ ਵੱਡੀ ਭੈਣ ਨੌਂਵੀਂ ਵਿੱਚ ਪੜ੍ਹਦੇ ਸੀ, ਮੇਰੀ ਮਾਂ ਤੇ ਛੋਟੇ ਭੈਣ ਭਰਾਵਾਂ ਨੂੰ ਪਿਤਾ ਜੀ ਨੇ ਆਪਣੇ ਕੋਲ ਭੁਪਾਲ (ਮੱਧ ਪ੍ਰਦੇਸ਼) ਬੁਲਾ ਲਿਆ। ਉੱਥੇ ਉਹ ਕੱਪੜੇ ਦੀ ਦੁਕਾਨ ਕਰਦੇ ਸਨ। ਮੈਂ ਆਪਣੇ ਬਾਬਾ ਜੀ ਕੋਲ ਰਹਿਕੇ ਪੜ੍ਹਾਈ ਜਾਰੀ ਰੱਖੀ ਤੇ ਚੰਗੇ ਨੰਬਰਾਂ ਨਾਲ ਦਸਵੀਂ ਪਾਸ ਕੀਤੀ। ਉਸੇ ਸਾਲ ਪਿਤਾ ਜੀ ਨੇ ਮੈਂਨੂੰ ਵੀ ਆਪਣੇ ਕੋਲ ਬੁਲਾਕੇ, ਆਪਣੇ ਕੰਮ ਵਿੱਚ ਲਾ ਲਿਆ। ਉਹ ਅਕਸਰ ਮੈਂਨੂੰ ਕਹਿੰਦੇ, “ਹੁਣ ਆਪਾਂ ਸ਼ਰਾਬ ਦੀ ਠੇਕੇਦਾਰੀ ਜਾਂ ਟਰਾਂਸਪੋਰਟ ਵਿੱਚ ਪੈਰ ਰੱਖਣਾ। ਇੱਥੇ ਸਰਦਾਰ ਇਹੀ ਕੰਮ ਜ਼ਿਆਦਾ ਕਰਦੇ ਆ।” ਮੈਂ ਹੱਸਕੇ ਹੁੰਗਾਰਾ ਭਰ ਦਿੰਦਾ।
ਜਦੋਂ ਸੰਨ 1970 ਵਿੱਚ ਮੈਂ ਇੱਕ ਸ਼ਰਾਬ ਦੇ ਠੇਕੇ ਤੋਂ ਸ਼ੁਰੂਆਤ ਕੀਤੀ ਸੀ, ਉਦੋਂ ਅਜੇ ਮੇਰੇ ਦਾੜ੍ਹੀ ਵੀ ਨਹੀਂ ਆਈ ਸੀ। ਉਮਰ ਸਿਰਫ ਉੱਨੀ ਸਾਲ। ਅਗਲੇ ਸਾਲ ਠੇਕਿਆਂ ਦੀ ਗਿਣਤੀ ਵਧ ਗਈ। ਆੜ੍ਹਤ ਦਾ ਲਾਈਸੰਸ ਲੈ ਲਿਆ ਤੇ ਬੱਸ ਦੇ ਪਰਮਿਟ ਲਈ ਵੀ ਐਪਲੀਕੇਸ਼ਨ ਦੇ ਦਿੱਤੀ। ਪਿਤਾ ਜੀ ਦੀ ਉੱਪਰ ਤਕ ਪਹੁੰਚ ਸੀ ਪਰ ਵੱਡੇ ਟਰਾਂਸਪੋਟਰਾਂ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਕੱਪੜੇ ਦੀ ਦੁਕਾਨ ਦੇ ਨਾਲ ਮੈਂ ਕਰਿਆਨੇ ਦੀ ਦੁਕਾਨ ਵੀ ਪਾ ਲਈ। ਘਰ ਦਾ ਸਾਰਾ ਕੰਮ ਨੌਕਰ ਹੀ ਕਰਦੇ ਸਨ। ਪਿਤਾ ਜੀ ਨੇ ਹਫਤਾਵਾਰੀ ਹਾਟ (ਪਿੰਡਾਂ ਵਿੱਚ ਮੋਬਾਇਲ ਦੁਕਾਨਾਂ ਲੱਗਦੀਆਂ ਸਨ, ਜਿਹਨਾਂ ਨੂੰ ਹਾਟ ਕਹਿੰਦੇ ਸਨ) ਵਿੱਚ ਜਾਣਾ ਬੰਦ ਕਰ ਦਿੱਤਾ।
ਚੜ੍ਹਦੇ ਸਾਲ ਠੇਕਿਆਂ ਦੀ ਗਿਣਤੀ ਹੋਰ ਵਧ ਗਈ। ਆੜ੍ਹਤ ਦਾ ਕੰਮ ਵੀ ਚੱਲ ਨਿਕਲਿਆ। ਕਿਸਾਨ ਜਿਣਸ ਵੇਚਦਾ, ਸਾਥੋਂ ਕੱਪੜਾ, ਕਰਿਆਨਾ ਤੇ ਸ਼ਰਾਬ ਖਰੀਦ ਲੈਂਦਾ। ਦੋ ਮੁਨੀਮ, ਚਾਰ ਕਰਿੰਦੇ ਤੇ ਦੋ ਲੱਠਮਾਰ ਉਧਾਰ ਉਗਰਾਹੁਣ ਲਈ ਰੱਖ ਲਏ। ਪਿਤਾ ਜੀ ਕਿਸਾਨਾਂ ਨੂੰ ਦਿਲ ਖੋਲ੍ਹਕੇ ਉਧਾਰ ਦਿੰਦੇ। ਵਸੂਲੀ ਅਸੀਂ ਕਰ ਲੈਂਦੇ। ਉਸ ਇਲਾਕੇ ਵਿੱਚ ਸਰਦਾਰਾਂ ਦਾ ਕਾਫੀ ਰੋਹਬ ਸੀ।
ਕੰਮਕਾਰ ਚੰਗਾ ਸੀ। ਅਸੀਂ ਭੈਣ ਦੇ ਵਿਆਹ ’ਤੇ ਬੜਾ ਖਰਚ ਕੀਤਾ। ਸਾਡੇ ਕੁਝ ਦੋਸਤ ਵਿਆਹ ਦੇਖਣ ਸਾਡੇ ਨਾਲ ਪੰਜਾਬ ਵੀ ਆਏ। ਵਿਆਹ ਤੋਂ ਬਾਅਦ ਸਾਰਾ ਟੱਬਰ ਵਾਪਸ ਭੁਪਾਲ ਚਲਾ ਗਿਆ। ਨੌਕਰਾਂ ਨੇ ਵਫਾਦਾਰੀ ਦਿਖਾਈ, ਪੰਦਰਾਂ ਦਿਨ ਦਾ ਪੂਰਾ ਹਿਸਾਬ ਦਿੱਤਾ।
ਹੁਣ ਪੰਜਾਬ ਵਿੱਚੋਂ ਮੇਰੇ ਲਈ ਰਿਸ਼ਤਿਆਂ ਦੀਆਂ ਚਿੱਠੀਆਂ ਆਉਣ ਲੱਗੀਆਂ। ਆਖਰ ਮੇਰੀ ਦਾਦੀ ਨੇ ਇੱਕ ਰਿਸ਼ਤੇ ਨੂੰ ਹਾਂ ਕਰ ਦਿੱਤੀ। ਮੇਰਾ ਦਾਦੀ ਨਾਲ ਬਚਪਨ ਤੋਂ ਬੜਾ ਮੋਹ ਸੀ। ਮੈਂ ਵੀ ਮੰਨ ਗਿਆ।
ਸੰਨ 1975 ਵਿੱਚ ਜ਼ਹਿਰੀਲੀ ਸ਼ਰਾਬ ਨਾਲ ਇੰਦੌਰ ਵਿੱਚ 35 ਮੌਤਾਂ ਹੋ ਗਈਆਂ। ਇਸ ਖਬਰ ਨੇ ਮੈਂਨੂੰ ਹਿਲਾ ਕੇ ਰੱਖ ਦਿੱਤਾ। ਪੈਸੇ ਲਈ ਇਨਸਾਨ ਕਾਤਿਲ ਵੀ ਬਣ ਸਕਦਾ ਹੈ? ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਸਵੇਰੇ ਮੈਂ ਮਾਂ ਨੂੰ ਸਾਫ ਕਹਿ ਦਿੱਤਾ, ਮੈਂ ਸ਼ਰਾਬ ਦੀ ਠੇਕੇਦਾਰੀ ਨਹੀਂ ਕਰਨੀ। ਘਰ ਵਿੱਚ ਮਹਾਂਭਾਰਤ ਸ਼ੁਰੂ ਹੋ ਗਿਆ। ਪਿਓ ਪੁੱਤ ਦੀ ਰੋਜ਼ ਬਹਿਸ ਹੁੰਦੀ। ਮਾਂ ਸਾਡੇ ਦੋਹਾਂ ਵਿਚਕਾਰ ਸੁਲਾਹ ਕਰਾਉਂਦੀ ਰੋ ਪੈਂਦੀ। ਘਰ ਵਿੱਚ ਮੈਂ ਸਭ ਤੋਂ ਵੱਡਾ ਸੀ। ਸਾਰੇ ਕਾਰੋਬਾਰ ਦਾ ਮੈਂ ਧੁਰਾ ਸੀ। ਰੋਂਦੀ ਮਾਂ ਛੱਡਕੇ ਮੈਂ ਪੰਜਾਬ ਆ ਗਿਆ।
ਰਿਸ਼ਤੇਦਾਰਾਂ ਨੇ ਬੜਾ ਬੁਰਾ ਭਲਾ ਕਿਹਾ, ਮਿਹਣੇ ਮਾਰੇ, ਪਰ ਮੈਂ ਆਪਣਾ ਫੈਸਲਾ ਨਾ ਬਦਲਿਆ।
ਦੌੜ ਭੱਜ ਕਰਕੇ ਮੈਂ ਇੱਕ ਸਰਕਾਰੀ ਡੀਪੂ ਲੈ ਲਿਆ। ਪਿੰਡਾਂ ਵਿੱਚ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ। ਮੈਂ ਕਿਸੇ ਰਿਸ਼ਤੇਦਾਰ ਅੱਗੇ ਹੱਥ ਨਹੀਂ ਅੱਡੇ। ਉਸ ਸਮੇਂ ਮੇਰੀ ਮਾਤਾ ਜੀ ਦਾ ਸਕਾ ਚਾਚਾ ਜ਼ਿਲ੍ਹਾ ਸਿੱਖਿਆ ਅਫਸਰ ਸੀ। ਮੈਂਨੂੰ ਆਸਾਨੀ ਨਾਲ ਨੌਕਰੀ ਮਿਲ ਸਕਦੀ ਸੀ ਪਰ ਪਿਤਾ ਜੀ ਦੇ ਬੋਲ ਕੰਨਾਂ ਵਿੱਚ ਗੂੰਜਦੇ ਸਨ, ਜੋ ਉਹਨਾਂ ਭੁਪਾਲ ਤੋਂ ਤੁਰਨ ਵੇਲੇ ਮੈਂਨੂੰ ਕਹੇ ਸਨ, “ਜੇ ਮੇਰਾ ਪੁੱਤ ਏਂ ਤਾਂ ਮੇਰੇ ਕਿਸੇ ਰਿਸ਼ਤੇਦਾਰ ਅੱਗੇ ਹੱਥ ਨਾ ਅੱਡੀਂ, ਨਾ ਕਦੀ ਮੇਰਾ ਨਾਮ ਵਰਤੀਂ। ਆਪਣੇ ਪੈਰਾਂ ’ਤੇ ਖੜੋ ਕੇ ਦਿਖਾਵੀਂ। ਵੱਡਾ ਹਰੀਸ਼ ਚੰਦ ਬਣਿਆ ਫਿਰਦਾਂ।”
ਮੈਂ ਮੁੜ ਕਿਤਾਬਾਂ ਚੁੱਕ ਲਈਆਂ। ਦਿਨੇ ਫੇਰੀ ਤੇ ਡੀਪੂ ਦਾ ਕੰਮ, ਸਾਰੀ ਰਾਤ ਪੜ੍ਹਨਾ। ਮੇਰੀ ਮਾਸੀ ਬੜਾ ਮੋਹ ਕਰਦੀ ਸੀ। ਬਾਬਾ ਜੀ ਹੱਲਾਸ਼ੇਰੀ ਦਿੰਦੇ। ਚੰਗੇ ਨੰਬਰਾਂ ਨਾਲ ਦੋ ਮਹੀਨੇ ਵਿੱਚ ਮੈਂ ਗਿਆਨੀ ਕਰ ਲਈ। ਅਗਲੇ ਸਾਲ ਓ, ਟੀ ਪਾਸ। 28 ਅਕਤੂਬਰ 1978 ਨੂੰ ਬਤੌਰ ਪੰਜਾਬੀ ਅਧਿਆਪਕ ਸਰਕਾਰੀ ਨੌਕਰੀ ’ਤੇ ਨਿਯੁਕਤੀ ਹੋ ਗਈ।
ਭੁਪਾਲ ਦਾ ਸਾਰਾ ਕਾਰੋਬਾਰ ਤਬਾਹ ਹੋ ਚੁੱਕਾ ਸੀ। ਪਿਤਾ ਜੀ ਮੇਰੇ ਕਾਰਣ ਕਰਜ਼ਾਈ ਹੋ ਚੁੱਕੇ ਸਨ। ਸਾਰੇ ਟੱਬਰ ਨੂੰ ਮੈਂ ਪੰਜਾਬ ਬੁਲਾ ਲਿਆ।
ਪਿਤਾ ਜੀ ਵਾਪਸ ਆਏ ਤਾਂ ਸ਼ਰੀਕਾਂ ਨੇ ਮੁਕੱਦਮਿਆਂ ਵਿੱਚ ਉਲਝਾ ਲਿਆ। ਪਿਤਾ ਜੀ ਮੈਂਨੂੰ ਹਦਾਇਤ ਕੀਤੀ, “ਪੁੱਤ ਤੂੰ ਸਰਕਾਰੀ ਨੌਕਰ ਏਂ, ਸਾਡਾ ਮੋਹ ਨਾ ਕਰ। ਪਿੰਡੋਂ ਦੂਰ ਹੀ ਨੌਕਰੀ ਕਰ, ਕਿਤੇ ਸ਼ਰੀਕ ਤੈਨੂੰ ਮੁਕੱਦਮਿਆਂ ਵਿੱਚ ਨਾ ਲਪੇਟ ਲੈਣ।”
ਪਿਤਾ ਜੀ ਭਰਾਵਾਂ ਦੀ ਰੜਕ ਕਾਰਣ 17 ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਜਾਂਦੇ। ਉਹਨਾਂ ਦੀ ਮੌਤ ਤੋਂ ਬਾਦ ਇਹ ਸੰਤਾਪ ਮੇਰੇ ਭਰਾਵਾਂ ਨੇ ਵੀ ਭੋਗਿਆ।
ਮੈਂ ਘਰੋਂ ਬਾਹਰ ਰਹਿ ਕੇ ਧੀਆਂ ਨੂੰ ਉੱਚ ਸਿੱਖਿਆ ਦਵਾਈ, ਜੋ ਹੁਣ ਸਰਕਾਰੀ ਨੌਕਰੀ ਵਿੱਚ ਹਨ। ਬੇਟਾ ਬਦੇਸ਼ ਵਿੱਚ ਪੂਰਾ ਸਫਲ ਹੈ। 32 ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ, ਤੰਦਰੁਸਤ ਸਿਹਤ ਨਾਲ ਸੇਵਾ ਮੁਕਤ ਹੋ ਗਿਆ ਹਾਂ। ਲਗਾਤਾਰ ਸਾਹਿਤ ਵੀ ਲਿਖ ਰਿਹਾ ਹਾਂ। 60 ਪੁਸਤਕਾਂ (ਬਾਲ ਸਾਹਿਤ), ਸਫਰਨਾਮਾ, ਕਾਵਿ ਸੰਗ੍ਰਹਿ “ਪੀੜਾਂ ਦੀ ਪੈੜ”, (ਜਿਸਦੇ ਦਸ ਐਡੀਸ਼ਨ) ਪ੍ਰਕਾਸ਼ਿਤ ਹੋ ਚੁੱਕੇ ਹਨ। ਕਲਮ ਨਿਰੰਤਰ ਚੱਲ ਰਹੀ ਹੈ।
ਨਾਨਾ ਜੀ ਦੀ ਸਿੱਖਿਆ ਵੀ ਲੜ ਬੰਨ੍ਹੀ ਹੋਈ ਹੈ, “ਪੁੱਤਰ ਜੀ! ਜਿਹੜਾ ਇਨਸਾਨ ਤੜਕੇ ਉੱਠਦਾ, ਉਹਦਾ ਦਿਨ ਵੱਡਾ ਹੋ ਜਾਂਦਾ, ਵੱਡੇ ਦਿਨ ਵਾਲਾ ਇਨਸਾਨ ਕਦੇ ਭੁੱਖਾ ਨਹੀਂ ਮਰਦਾ, ਉਹਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ।”
ਸਿਆਣਿਆਂ ਜੋ ਕਹੀਆਂ, ਆਪਾਂ ਲੜ ਬੰਨ੍ਹ ਲਈਆਂ।
*****
ਸਰੋਕਾਰ, ਸਰੋਕਾਰ ਪੰਜਾਬੀ ਮੈਗਜ਼ੀਨ